4.4.20

“ਸੂਰਜਾ ਵੇ ਸੂਰਜਾ"

“ਸੂਰਜਾ ਵੇ ਸੂਰਜਾ"
ਅਦੀਬ ਦੋਸਤੋ - ਆਪਣੀ ਆਉਣ ਵਾਲੀ ਦੂਸਰੀ ਕਾਵਿ ਪੁਸਤਕ "ਸੂਰਜਾ ਵੇ ਸੂਰਜਾ " ਬਾਰੇ ਚੰਦ ਸ਼ਬਦ -
ਕਵਿਤਾ ਬਾਰੇ ਲਿਖਣ ਵੇਲੇ ਕੁਝ ਜ਼ਿਆਦਾ ਨਹੀਂ ਸੋਚਦਾ ਮੈਂ ਕਿਉਂ ਕਿ ਇਹ ਸਾਰੀ ਜਿੰਮੇਵਾਰੀ ਮੈਂ ਕਵਿਤਾ ਸਿਰ ਪਾਈ ਹੋਈ ਹੈ।
ਮੁੱਖ ਬੰਦ ਦਾ ਕਾਰਜ ਭੁਪਿੰਦਰ ਦੁਲੇ ਭਾਜੀ ਨੇ ਸੰਭਾਲਿਆ ,ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿਉਂ ਕਿ ਉਹ ਮੈਂਨੂੰ ਜ਼ਾਤੀ ਤੌਰ ਤੇ , ਪਰਿਵਾਰਿਕ ਤੌਰ ਤੇ
ਕਵੀ ਦੇ ਤੌਰ ਤੇ ਬਾਖੂਬੀ ਜਾਣਦੇ ਹਨ ਤੇ ਉਹਨਾਂ ਨੇ ਬਿਲਕੁਲ ਬਣਦਾ ਇਨਸਾਫ ਕੀਤਾ ਹੈ ਇਸ ਨਾਲ, ਸ਼ੁਕਰਾਨਾ।
ਗੁਰਤੇਜ ਕੋਹਾਰਵਾਲਾ ਭਾਜੀ ਦਾ ਸ਼ੁਕਰਾਨਾ , ਸਰਵਰਕ ਲਈ ਦੋ -ਸ਼ਬਦਾਂ ਦਾ , ਇੱਕ ਗੱਲ ਜ਼ਰੂਰ ਕਹਾਂਗਾ ਕਿ ਮੇਰੀ ਕਵਿਤਾ ਸੱਚੀ ਉਦਰੇਵੇਂ ਚੋਂ ਹੀ ਜਨਮਦੀ ਹੈ , ਆਪਣੀ ਮਿੱਟੀ ਤੋਂ , ਆਪਣੇ ਪਿੰਡ ਤੋਂ , ਆਪਣੇ ਮਾਂ ਪਿਓ ਤੇ ਆਪਣੇ ਲੋਕਾਂ ਤੋਂ ਦੂਰ ਰਹਿ ਕੇ ਉਦਰੇਵਾਂ ਉਪਜਦਾ ਹੈ ਤੇ ਇਸ ਗੱਲ ਦੀ ਖੁਸ਼ੀ ਹੈ ਓਹੀਓ ਉਦਰੇਵਾਂ ਜਦੋਂ ਸ਼ਬਦਾਂ ਦਾ ਰੂਪ ਅਖ਼ਤਿਆਰ ਕਰਦਾ ਹੈ ਤਾਂ ਮੈਂ ਦੁਬਾਰੇ ਆਪਣੀ ਮਿੱਟੀ ਨਾਲ ਜੁੜ ਜਾਂਦਾ ਹਾਂ। ਸ਼ਿਵ ਵਾਲੀ ਗੱਲ ਇਸ ਤੋਂ ਪਹਿਲਾਂ ਮਨਜੀਤ ਕੰਗ ਜੀ ਨੇ ਵੈਨਕੂਵਰ ਪੰਜਾਬੀ ਭਵਨ ਪ੍ਰੋਗਰਾਮ ਤੇ ਕਹੀ ਸੀ , ਸ਼ੁਕਰਾਨਾ ਤੁਹਾਡਾ ਸਿੱਖਣ ਦੀ ਚਾਹਤ ਹੈ ਤੇ ਤੁਹਾਡੀ ਹੋਂਸਲਾ ਅਫ਼ਜ਼ਾਈ ਬਲ ਬਖ਼ਸ਼ਦੀ ਹੈ।
ਕਵਿਤਾ ਕਿਉਂ ਲਿਖਦੀ ਹੈ ਮੈਨੂੰ , ਇਸ ਸਵਾਲ ਦਾ ਜਵਾਬ ਮੇਰੇ ਤੋਂ ਵਧੀਆ ਕਵਿਤਾ ਦੇ ਸਕਦੀ ਹੈ ,ਕਿਉਂ ਕਿ ਕੁਦਰਤ ਚੋਣ ਕਰਦੀ ਹੈ , ਸ਼ਬਦਾਂ ਦੀ , ਅਹਿਸਾਸਾਂ ਦੀ ਤੇ
ਕਵੀ ਤਾਂ ਇੱਕ ਜ਼ਰੀਆ ਬਣਦਾ ਹੈ ਉਹਨਾਂ ਅਹਿਸਾਸਾਂ ਨੂੰ ਅੱਗੇ ਪਹੁੰਚਾਉਣ ਤੱਕ। ਤੁਸੀਂ ਨੋਟ ਕਰ ਰਹੇ ਹੋਵੋਗੇ ਮੈਂ ਕੰਨਾ ਜਿੱਥੇ ਵੀ ਮਨ ਕਰਦਾ ਓਥੇ ਹੀ ਪਾ ਰਿਹਾ ਹਾਂ।
ਸ਼ਾਇਦ ਜਦੋਂ ਤੁਸੀਂ ਮਨ ਤੋਂ ਲਿਖਦੇ ਹੋ ਅਹਿਸਾਸਾਂ ਅੱਗੇ ਕਈ ਵਾਰੀ ਮਾਤਰਾਵਾਂ ਹੋ ਸਕਦਾ ਇਧਰ ਉਧਰ ਹੋ ਜਾਣ ਪਰ ਖਿਆਲ ਪਾਠਕ ਤੀਕ ਬਾਖੂਬੀ ਪਹੁੰਚ ਜਾਂਦਾ ਹੈ ਜੋ ਕਿ ਬਹੁਤ ਜਰੂਰੀ ਹੈ।
ਮੇਰੀ ਇਹ ਦੂਸਰੀ ਪੁਸਤਕ ਹੈ ਪਹਿਲੀ ਕਿਤਾਬ "ਲਾਲੀ " ਜੋ ਕਿ ਗਜ਼ਲ ਸੰਗ੍ਰਿਹ ਸੀ ਨੂੰ ਮੇਰੇ ਵਿਦੇਸ਼ ਵਿਚ ਹੋਣ ਦੇ ਬਾਵਜੂਦ ਇੱਕ ਵਧੀਆ ਹੁੰਗਾਰਾ ਮਿਲਿਆ , ਤੁਹਾਡੇ ਸਰਿਆਂ ਦੇ
ਇਸ ਪਿਆਰ ਦਾ ਰਿਣੀ ਰਹਾਂਗਾ।
ਮੈਨੂੰ ਵੈਸੇ ਇਹ ਜ਼ਰੂਰ ਲਗਦਾ ਕਿ ਅਸੀਂ ਪਰਦੇਸ ਵਿੱਚ ਰਹਿ ਕੇ ਵੀ ਆਪਣੇ ਵਤਨ ਨਾਲ ਜੁੜੇ ਰਹਿੰਦੇ ਹਾਂ ਸ਼ਬਦਾਂ ਰਾਹੀਂ , ਇੰਨੇ ਪਿਆਰੇ ਦੋਸਤ ਮਿਲੇ ਹਨ ,ਸਭ ਸ਼ਬਦ ਦੀ ਬਦੌਲਤ ਹੀ ਹਨ। ਕਵਿਤਾ ਦਾ ਤੇ ਹਉਮੈ ਦਾ ਕੋਈ ਵੀ ਤਾਲ ਮੇਲ ਨਹੀਂ ਹਾਂ ਇਹ ਗੱਲ ਕਵੀ ਤੇ ਸ਼ਾਇਦ ਨਹੀਂ ਢੁਕਵੀਂ ਹੋ ਸਕਦੀ।
ਕਵਿਤਾ ਤਾਂ ਕਦੇ ਵੀ ਕਿਸੇ ਮਾਣ ਸਨਮਾਨ ਦੀ ਮੁਹਥਾਜ ਨਹੀਂ , ਇਹ ਇੱਕ ਕੁਦਰਤੀ ਵਰਤਾਰਾ ਹੈ ਜੋ ਸਹਿਜ ਚੋਂ ਉਪਜਦਾ ਹੈ ਤੇ ਕਵਿਤਾ ਪਾਠਕਾਂ ਤੀਕ ਪਹੁੰਚਣ ਲਈ ਆਪਣਾ ਰਸਤਾ ਆਪ ਤਲਾਸ਼ ਕਰ ਲੈਂਦੀ ਹੈ ,ਕਵੀਆਂ ਦੀ ਮਿਲੀ ਭੁਗਤ ਇਸ ਦਾ ਕੁਝ ਸੰਵਾਰਦੀ ਨਹੀਂ ਸਗੋਂ ਵਿਗਾੜਦੀ ਹੈ ਕਿਉਂ ਕਿ ਇਹ ਕਵਿਤਾ ਹੈ ਜੋ ਸਹਿਜ ਚੋਂ ਉਪਜਦੀ ਹੈ।
ਸ਼ੁਕਰਾਨਾ ਕਰਨਾ ਚਹਾਗਾਂ ਸਾਰੇ ਹੀ ਸਾਹਿਤਿਕ ਦੋਸਤਾਂ ਦਾ ਜੋ ਮੇਰੇ ਨਾਲ ਸੋਸ਼ਲ ਮੀਡੀਆ ਤੇ , ਜ਼ਾਤੀ ਤੌਰ ਤੇ , ਪਰਿਵਾਰਿਕ ਤੌਰ ਤੇ ਜਾਂ ਵਿਦਿਆਰਥੀ ਦੌਰ ਵਿਚ ਜੁੜੇ ਨੇ , ਸ਼ੁਕਰਾਨਾ ਵਿਦਿਅਕ ਸੰਸ਼ਥਾਵਾਂ ਮਲਕਵਾਲ ਸਕੂਲ ਦਾ , ਕਾਲੇ ਅਫਗਾਨੇ ਸਕੂਲ ਦਾ , ਪੀ ਏ ਯੂ ਲੁਧਿਆਣਾ ਦਾ ਜਿਥੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਪਿੰਡ ਮਲਕਵਾਲ ਦਾ ਤੇ ਸ਼ਹਿਰ ਬਟਾਲੇ ਦਾ ਜਿਥੇ ਇਨੇ ਪਿਆਰੇ ਲੋਕ ਤੇ ਸਨੇਹੀ ਮਿਲੇ।
ਸ਼ੁਕਰਾਨਾ ਮਾਪਿਆਂ ਦਾ ਜਿੰਨਾਂ ਦੀ ਅਣਥੱਕ ਮਿਹਨਤ ਸਦਕਾ ਜੀਵਨ ਵਿਚ ਆਪਣੇ ਪੈਰਾਂ ਤੇ ਖੜਾ ਹੋ ਸਕਿਆ , ਸ਼ੁਕਰਾਨਾ ਜੀਵਨ ਸਾਥਣ ਰਾਗਿਨੀ ਦਾ ਹਮੇਸ਼ਾਂ ਹੀ ਉਤਸ਼ਾਹਿਤ ਕਰਨ ਵਾਸਤੇ , ਸ਼ੁਕਰਾਨਾ ਸਾਰੇ ਪਰਿਵਾਰ ਦਾ ਜੋ ਹਮੇਸ਼ਾਂ ਮੇਰੇ ਨਾਲ ਰਹੇ।
ਵਰਲਡ ਕੈਫ਼ੇ ਸੁਖਰਾਜ ਵੀਰ ਤੇ ਜਤਿੰਦਰ ਵੀਰ ਦਾ ਖਾਸ ਸ਼ੁਕਰਾਨਾ ਇਸ ਕਾਰਜ ਨੂੰ ਬਾਖੂਬੀ ਨੇਪਰੇ ਚਾੜ੍ਹਨ ਵਾਸਤੇ , ਉਹਨਾਂ ਦੀ ਅਣਥੱਕ ਮਿਹਨਤ ਤੇ ਲਗਨ ਕਾਬਿਲ-ਏ-ਤਾਰੀਫ਼ ਹੈ। ਪਰੂਫ਼ ਰੀਡਿੰਗ ਲਈ ਰੀਤ ਕਮਲ ਜੀ ਦਾ ਤਹਿ ਦਿਲੋਂ ਸ਼ੁਕਰਾਨਾ , ਗੱਲ ਕੀ , ਪੂਰੀ ਟੀਮ ਇੱਕ ਮੁਕੰਮਲ ਟੀਮ ਹੈ ਜੋ ਪੂਰੀ ਰੀਝ ਤੇ ਸ਼ਿੱਦਤ ਨਾਲ ਕੰਮ ਸਿਰੇ ਚਾੜ੍ਹਦੀ ਹੈ ! 
ਸੂਰਜਾ ਵੇ ਸੂਰਜਾ ਤੁਹਾਡੇ ਹੱਥਾਂ ਵਿੱਚ ਜਲਦੀ ਹੀ ਹੋਵੇਗੀ , ਇਹ ਹੁਣ ਤੁਹਾਡੀ ਹੋ ਗਈ ਹੈ , ਤੁਹਾਡੀ ਰਾਇ ਅਨਮੋਲ ਹੈ ਜਰੂਰ ਸਾਂਝੇ ਕਰਿਓ , ਕਵਿਤਾ ਨੂੰ ਖੁਸ਼ੀ ਤੇ ਬਲ ਮਿਲੇਗਾ।
ਇਸ ਤੋਂ ਅੱਗੇ ਦੀ ਜ਼ਿੰਮੇਵਾਰੀ ਤੁਹਾਡੀ।
ਸਫ਼ਰ ਚਲਦਾ ਰਹੇ , ਹਮੇਸ਼ਾਂ ਕੁਝ ਸਿੱਖਣ ਨੂੰ ਮਿਲਦਾ ਹੈ ਤੇ ਇਹੀ ਕੋਸ਼ਿਸ ਰਹੇਗੀ।
"ਜਿਸ ਰਸਤੇ ਵਿੱਚ ਔਕੜ ਤੇ ਕਠਿਨਾਈ ਨਾ
ਉਸ ਰਸਤੇ ਵੱਲ ਜਾਣਾ ਮੇਰਾ ਸ਼ੌਂਕ ਨਹੀਂ | "
ਅਦਬ ਸਹਿਤ
ਤੁਹਾਡਾ ਆਪਣਾ
ਰਾਜ ਲਾਲੀ "ਬਟਾਲਾ "
M. Tech ( PAU , Ludhiana ,India)
MS ( Mechanical Engineering , UIC ,Chicago )
ਯੂ ਐੱਸ ਏ।



ਸਾਡੇ ਨਾਲ ਜੁੜਨ ਲਈ ਸ਼ੁਕਰੀਆ ! ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ I ਤੁਸੀਂ ਆਪਣੀ ਜਾਂ ਆਪਣੀ ਮਨ ਪਸੰਦ ਰਚਨਾ ਸਾਨੂੰ ਭੇਜ ਸਕਦੇ ਹੋ - rajlallysharma@gmail.com ਸ਼ੁਕਰੀਆ

No comments: