18.3.11

ਤੂੰ ਵਿਦਾ ਹੋਇਓਂ, ਮੇਰੇ ਦਿਲ ਤੇ ਉਦਾਸੀ ਛਾ ਗਈ





ਤੂੰ ਵਿਦਾ ਹੋਇਓਂ, ਮੇਰੇ ਦਿਲ ਤੇ ਉਦਾਸੀ ਛਾ ਗਈ
ਪੀੜ ਦਿਲ ਦੀ ਬੂੰਦ ਬਣਕੇ ਅੱਖੀਆਂ ਦੇ ਵਿੱਚ ਆ ਗਈ
ਦੂਰ ਤਕ ਮੇਰੇ ਨੈਣ ਤੇਰੀ ਪੈੜ ਨੂੰ ਚੁੰਮਦੇ ਰਹੇ
ਫ਼ੇਰ ਤੇਰੀ ਪੈੜ ਨੂੰ ਰਾਹਾਂ ਦੀ ਮਿੱਟੀ ਖਾ ਗਈ
ਤੁਰਨ ਤੋਂ ਪਹਿਲਾ ਸੀ ਤੇਰੇ, ਪੂਰੇ ਜੋਬਨ ਤੇ ਬਹਾਰ
ਤੁਰਨ ਮਗਰੋਂ ਵੇਖਿਆ ਕਿ ਹਰ ਕਲੀ ਮੁਰਝਾ ਗਈ
ਓਸ ਦਿਨ ਪਿਛੋਂ ਅਸਾਂ ਨਾ ਬੋਲਿਆ ਨਾ ਵੇਖਿਆ
ਇਹ ਜ਼ੁਬਾਨ ਖਾਮੋਸ਼ ਤੇ ਨਜ਼ਰ ਪਥਰਾ ਗਈ
ਇਸ਼ਕ ਨਾਲ ਸੌਗਾਤ ਜਹਿੜੀ ਪੀੜ ਸੈਂ ਤੂੰ ਦੇ ਗਇਓਂ
ਅੰਤ ਓਹਿਓ ਪੀੜ, ਸ਼ਿਵ ਨੂੰ ਖਾਂਦੀ ਖਾਂਦੀ ਖਾ ਗਈ
ਤੂੰ ਵਿਦਾ ਹੋਇਓਂ ਮੇਰੇ ਦਿਲ ਤੇ ਉਦਾਸੀ ਛਾ ਗਈ
ਪੀੜ ਦਿਲ ਦੀ ਬੂੰਦ ਬਣਕੇ ਅੱਖੀਆਂ ਦੇ ਵਿੱਚ ਆ ਗਈ
Shiv Kumar Batalvi

No comments: