Showing posts with label Lal Singh Dasuha. Show all posts
Showing posts with label Lal Singh Dasuha. Show all posts

7.3.12

ਚੀਕ-ਬੁਲਬਲੀ(ਪੰਜਾਬੀ ਕਹਾਣੀ)-ਲਾਲ ਸਿੰਘ ਦਸੂਹਾ



ਚੀਕ-ਬੁਲਬਲੀ(ਪੰਜਾਬੀ ਕਹਾਣੀ)
ਲਾਲ ਸਿੰਘ ਦਸੂਹਾ
ਲੈ , ਏਨ੍ਹਾਂ ਤੋਂ ਕੀ ਪੁੱਛਣਾ ! ਮੇਤੋਂ ਪੁੱਛ ! ਮੈਂ ਦਸਦੀ ਆਂ ਤੈਨੂੰ ਵਿਚਲੀ ਗੱਲ ! ਮੈਂ ਈ ਜ਼ੋਰ ਪਾ ਕੇ ਬੁਣਾਆਇਆ । ਸਾਡੇ ਏਹ ਤਾਂ ਮੰਨਦੇ ਈ ਨਈਂ ਸੀ । ਕਹਿੰਦੇ ਸੀ –  ਛੱਡ ਕਰ ਚਰਨ ਕੋਰੇ , ਏਹ ਕੇੜ੍ਹੇ ਕੰਮਾਂ ਚੋਂ ਕੰਮ ਆਂ । ਵਾਫ਼ਰ ਜਿਆ । ਵਾਧੂ ਦਾ ਖ਼ਰਚ-ਖ਼ਰਾਬਾ । ਏਹ ਕਹਿਣ-ਓਹੀਂ ਪੈਹੇ ਹੋਰ ਕਿਤੇ ਲਾਅ । ਟੈਲਾਂ ਲੁਆ ਗੁਰਦੁਆਰੇ ।ਵਾਗਲਾ ਕੁਰਆ ਸ਼ਹੀਦੀਂ । ਹੋਰ ਥਾਮਾਂ ਥੋੜੀਆਂ ਪਿੰਡ ਚ ਸੁਆਰਨ ਨੂੰ । ਮਸਾਣਾਂ ਆਂ , ਸਕੂਲ ਵੀ ਹੈਗਾ ਢੱਠਾ ਜਿਆ ! ਕਮਰਾ ਬੁਣਆ ਦੇ ਓਥੇ । ਦੇਖਣ ਆਲੇ ਦੇਖਣਗੇ , ਯਾਦ ਕਰਨਗੇ । ਪੁੰਨਦਾਨ ਹੋ ਜਾਊ , ਨਾਲੇ ਅੱਗਾ ਸੰਵਰੂੰ  । ਏਹ ਤਾਂ ਮੈਂ ਈ ਨੀਂ ਮੰਨੀ । ਮੈਂ ਈ ਅੜੀ ਰਈ । ਮੈਂ ਖਿਆ –  ਅੱਗਾ ਜਿਸਲੇ ਆਊ ਉਸਲੇ ਦੇਖੀ ਜਾਊ । ਪਹਿਲਾਂ ਆਹ ਜੂਨ ਤਾਂ ਸੁਧਰੇ ! ਮੈਨੂੰ ਤਾਂ ਜਾਣੋਂ ਜੀਣਾ ਹਰਾਮ ਲੱਗਣਾ ਸੀ ਓਦਣ ਦਾ । ਜਿੱਦਣ ਦੀ ਹਾਅ ਖੇਹ ਘੋਲੀ ਆ ਕੰਜਰ ਦੇ ਬੀਅ ਨੇ । ਹਾ ਜੇੜ੍ਹਾ ਵੜਾ-ਵਕੀਲ ਜਿਆ ਬਣਿਆ ਫਿਰਦਾ , ਪਾਲਾ ਘੜਾਲਾ ਜਿਆ । ਹੈਂਅ ਦੱਸ ! ਨੀ ਸਾਡੇ ਘਰੋਂ ਖਾਂਦਾ ਰਿਆ । ਐਥੇ ਈ ਸੌਂਦਾ –ਮਰਦਾ ਰਿਆ । ਹਜੇ ਕਲ੍ਹ ਦੀਆਂ ਗੱਲਾਂ । ਹੁਣ ਜੇ ਮਾੜੀ-ਮੋਟੀ ਸੁਰਤ ਆ ਈ ਗਈ ਆ , ਤਾਂ ਆਕੜ ਦੇਖ ਲਾਅ ਔਂਤ-ਜਾਣੇ ਦੀ । ਮੈਂ ਤਾਂ ਕਹਿੰਨੀ ਆਂ ਨਿੱਜ ਹੋਮੇਂ ਐਹਾ ਜਿਆ । ਮੈਂ ਤਾਂ ਪੱਛੋਤਾਓਨੀ ਆਂ ਓਸ ਘੜੀ ਨੂੰ ਜਿੱਦਣ ਹਾਂ ਕਰ ਬੈਠੀ । ਚੱਲ ਜੇ ਕਰ ਈ ਬੈਠੀਂ ਆਂ ਤਾਂ ਹੇਠਾ-ਉੱਤਾ ਵੀ ਮੈਂ ਕੀ ਕਰੂੰ । ਸੁਧਾਰੂੰ ਵੀ ਮੈਂ ਈ ! ਲੱਤ ਹੇਠੋਂ ਦੀ ਲੰਘਾਊ ਵੱਡੇ ਲਾਟ ਸਾਬ੍ਹ ਨੂੰ । ਮੈਨੂੰ ਤਾਂ ਹਜੇ ਅਗਲੀਓ ਈ ਨਈਂ ਭੁੱਲਦੀ ! ਮੈਂ ਤਾਂ ਓਦੋਂ ਮੀਂ ਕਹਿੰਦੀ ਸੀ , ਏਹ ਸਾਰੀ ਕਾਰਸਤਾਨੀ ਹੈ ਈ ਏਸੇ ਗੋਲੀ-ਲੱਗੜੇ

2.12.11

ਪਿੜੀਆਂ(ਪੰਜਾਬੀ ਕਹਾਣੀ) -ਲਾਲ ਸਿੰਘ ਦਸੂਹਾ

ਲਾਲ ਸਿੰਘ ਦਸੂਹਾ
ਹੱਟੀ ਦੇ ਬੰਦ ਦਰਵਾਜ਼ੇ ਅੰਦਰੋਂ ਬਾਹਰ ਤਕ ਪੁੱਜਦੇ ਉਸਨੂੰ ਤਲਖੀ ਭਰੇ ਬੋਲ ਸੁਣਾਈ ਦਿੱਤੇ । ਮੱਖਣ ਨੇ ਇਸ ਬਾਤ-ਚੀਤ ਨੂੰ ਦੁਰਗੇ ਦਾ ਘਰੈਲੂ ਮਸਲਾ ਸਮਝ ,ਦਰੋਂ ਬਾਹਰ ਰੁਕੇ ਰਹਿਣਾ ਠੀਕ ਨਾ ਸਮਝਿਆ । ਉਨ੍ਹੀਂ ਪੈਰੀਂ ਉਹ ਵਾਪਸ ਪਰਤਣ ਹੀ ਲੱਗਾ ਸੀ ਕਿ ਅੰਦਰੋਂ ਉਸਦੇ ਪੈਰਾਂ ਦੀ ਆਹਟ ਕਿਸ ਨੇ ਸੁਣ ਲਈ । ਪੈਂਦੀ ਸੱਟੇ ਪਿੱਛਿਉਂ ਮੱਖਣ ਨੂੰ ਜ਼ੋਰਦਾਰ ਗੜ੍ਹਕ ਸੁਣਾਈ ਦਿੱਤੀ । ਨਾਲ ਹੀ ਭਿੱਤ ਦੇ ਪੂਰਾ ਖੁੱਲ ਜਾਣ ਦਾ ਖੜਾਕ –  ਕ੍ਹੇੜਾ ਈ ਉਏ , ਕ੍ਹਾਦੀਆਂ ਸੂਹਾਂ ਲੈਨਾਂ ....। ਇਹ ਦੁਰਗਾ ਸੀ ,ਢੱਕਾਂ ਤੇ ਹੱਥ ਰੱਖੀ ਦਰਵਾਜ਼ੇ ਵਿਚ ਖੜ੍ਹਾ । ਮੱਖਣ ਨੇ ਪਰਤ ਕੇ ਉਸ ਵੱਲ ਦੇਖਿਆ । ਉਸਨੂੰ ਜ਼ੋਰਦਾਰ ਝਟਕਾ ਲੱਗਾ । ਦੁਰਗੇ ਤੋਂ ਉਸਨੂੰ ਇਸ ਤਰ੍ਹਾਂ ਦੀ ਕਦਾਚਿੱਤ ਵੀ ਆਸ-ਉਮੀਦ ਨਹੀਂ ਸੀ । ਉਹ ਤਾਂ ਪੀਪਿਆਂ ਡੱਬਿਆਂ ਦੀ ਪਾਲ ਲਾਗੇ ਵਿਛੀ ਬੋਰੀ ਤੋਂ ਉਠਦਾ ਉਡ ਕੇ ਆ ਮਿਲਦਾ ਸੀ ਉਸਨੂੰ । ਜੱਫੀ ਚ ਘੁੱਟੀ ਰੱਖਦਾ ਸੀ , ਕਿੰਨੇ ਸਾਰੇ ਨਿੱਘ ਸਨੇਹ ਨਾਲ । ਖੜ੍ਹੇ ਖੜੋਤੇ ਉਹ ਅੱਖਾਂ ਚ ਅੱਖਾਂ ਪਾ ਕੇ ਇਕ ਦੂਜੇ ਵੱਲ ਕਿੰਨਾ ਕਿੰਨਾ ਚਿਰ ਝਾਕਦੇ ਰਹਿੰਦੇ ਸਨ । ਬੀਤੇ ਕਈ ਵਰ੍ਹਿਆਂ ਵਿਚੋਂ ਦੀ ਲਾਂਘਾ ਬਣਾਉਂਦੇ ਉਹ ਕਦੀ ਹੱਟੀ ਦੇ ਅੰਦਰ ਜਾ ਬੈਠਦੇ ਸਨ , ਕਦੀ ਬਾਹਰ ਹੀ ਵਿਹੜੇ ਚ  ਡਿੱਠੀ ਮੰਜੀ ਤੇ  । ਉਨ੍ਹਾਂ ਦੀਆਂ ਬਹੁਤੀਆਂ ਗੱਲਾਂ ਸਕੂਲੀ ਦਿਨਾਂ ਦੁਆਲੇ ਘੁੰਮਦੀਆਂ । ਉਨ੍ਹਾਂ ਦਿਨ੍ਹਾਂ ਚ ਖੇਲ੍ਹੀ ਕੌਡ-ਕਬੱਡੀ , ਛੂਣ-ਛੁਹਾਈ , ਖਿੱਦੋ-ਖੂੰਟੀ ਦੁਆਲੇ । ਹਰ ਗੱਲੇ ਰੋਲ਼ ਮਾਰਨ ਵਾਲੇ ਦੁਰਗੇ ਨੂੰ ਨਾ ਸਕੂਲੇ ਕੋਈ ਆਪਣੇ ਨਾਲ ਖਿਡਾਉਂਦਾ , ਨਾ ਪਿੰਡ । ਦੂਜੇ ਚੌਥੇ ਉਹ ਕਿਸੇ ਨਾ ਕਿਸੇ ਨਾਲ ਗੁੱਥਮ ਗੁੱਥਾ ਹੋਇਆ ਹੁੰਦਾ । ਸਰੀਰੋਂ ਲਿੱਸਾ ਹੋਣ ਕਰਕੇ ਉਸਨੂੰ ਚੰਗੀ-ਚੋਖੀ ਮਾਰ-ਕੁੱਟ ਵੀ ਖਾਣੀ ਪੈਂਦੀ । ਰੋਂਦਾ –ਡੁਸਕਦਾ , ਮਿੱਟੀ-ਘੱਟੇ ਨਾਲ ਲਿਬੜਿਆ ਉਹ ਘਰੇ ਪੁੱਜ ਜਾਂਦਾ । ਉਸਦੀ ਮਾਂ ਬਿਮਲਾ ਦੇਵੀ ਆਏ ਦਿਨ ਕਿਸੇ ਨਾ ਕਿਸੇ ਘਰ ਉਲ੍ਹਾਮਾ ਦੇਣ ਤੁਰੀ ਹੁੰਦੀ । ਹਾਰ ਕੇ ਉਸਨੇ ਪੇਕੇ ਪਿੰਡ ਦੀ ਧੰਨਤੀ ਦੀ ਮਿੰਨਤ ਕੀਤੀ ਸੀ –  ਭੈਣ , ਤੂੰ ਆਪਣੇ ਮੱਖਣ ਨੂੰ ਆਖ ਮੇਰੇ ਦੁਰਗੇ ਨਾਲ ਖੇਲ੍ਹ ਲਿਆ ਕਰੇ , ਕੱਲਾ । ਤੇਰਾ ਮੱਖਣ ਬਓਤ ਬੀਬਾ ਰਾਣਾ , ਛਿੰਦਾ ਪੁੱਤ ਆ । ਉਹ ਨਈਂ ਕਿਸੇ ਨਾਲ ਲੜਾਈ –ਝਗੜਾ ਕਰਦਾ ...। ਮਾਵਾਂ ਮਾਸੀਆਂ ਦਾ ਆਖਾ ਮੰਨ ਕੇ ਉਹ ਦੋਨੋਂ ਅਗਲੇ ਦਿਨ ਤੋਂ ਹੀ ਵੱਖਰੇ ਹੁੰਦੇ ਬਣਾ ਕੇ ਖੇਲ੍ਹਣ ਲੱਗ ਪਏ ਹਨ । ਗਰਾਊਂਡ ਲਾਗਲੇ ਵੱਡੇ ਚੁਰਾਹੇ ਚ । ਕਦੀ ਕੋਡ-ਕਬੱਡੀ ,ਕਦੀ ਖਿੱਦੋ-ਖੂੰਟੀ । ਕੂੜੇ ਦਰਜ਼ੀ ਘਰੋਂ ਲਿਆਂਦੀਆਂ ਨਵੀਆਂ ਨਿਕੋਰ ਲੀਰਾਂ ਦੀ ਘੁੱਟ-ਲਿਪੇਟ ਕੇ ਬਣਾਈ ਖਿੱਦੋ , ਉਨ੍ਹਾਂ ਦੋਨਾਂ ਤੋਂ ਕਿੰਨਾ ਕਿੰਨਾ ਚਿਰ ਟੁੱਟਦੀ ਨਾ । ਇਨ੍ਹਾਂ ਉਤੇ ਮੱਖਣ ਦੀ ਮਾਂ ਧੰਨਤੀ ਨੇ ਸੂਤੀ ਧਾਗੇ ਨਾਲ ਪਾਈਆਂ ਮੋਟੀਆਂ ਪਿੜੀਆਂ ਉਤੇ ਦੁਰਗੇ ਦੀ ਮਾਂ ਬਿਮਲਾ ਦੇਵੀ ਨੇ ਰੇਸ਼ਮੀ ਧਾਗੇ ਨਾਲ ਦੋਹਰਾ ਤੀਹਰਾ ਵਾਰ ਦਿੱਤਾ ਹੁੰਦਾ ।ਹਰ ਵਾਰ ਨਵੀਂ ਖਿੱਦੋ ਬਣਾਉਣ ਤੇ ਉਹ ਕਿਹਾ ਕਰਦੀ ਸੀ –  ਭੈਣ ਧੰਨਤੀਏ ਆਹ ਪਿੜੀਆਂ –ਚਿੜੀਆਂ ਕਰਕੇ ਈ ਖਿੰਡੀਆਂ-ਪੰਡੀਆਂ ਲੀਰਾਂ-ਕੱਤਰਾਂ ਦੀ ਗੋਲ-ਮਟੋਲ ਖਿੱਦੋ ਬਣ ਜਾਂਦੀ ਆ ,ਨਈਂ ਤਾਂ ਖਸਮਾਂ-ਖਾਣੇ ਨਵੇਂ ਨਿਕੋਰ , ਅਣਲੱਗ ਕਪੜੇ ਦੀ ਕੋਈ  ਕੰਨੀ ਕਿਧਰੇ ਉਡੀ ਫਿਰਦੀ ਆਂ ,ਕੋਈ ਕਿਧਰੇ ।  ਨਿਆਣੇ ਤਾਂ ਵਰਚੇ ਰਹਿੰਦੇ ਆ , ਖੇਲ੍ਹਦੇ-ਮਲ੍ਹਦੇ ਰਹਿੰਦੇ ਆ ....ਆਹ ਤੜੋਪੇ –ਸੜੋਪੇ ਮਾਰਦੀਆਂ ਦਾ ਸਾਡਾ ਕੀ ਜਾਂਦਾ ...।
ਹਰ ਖਿੱਦੋ ਤੇ ਪਾਈਆਂ ਪਿੜੀਆਂ ਦੇ ਇਸ ਤੋਂ ਵੱਧ ਉਨ੍ਹਾਂ ਕਦੀ ਕੋਈ ਅਰਥ ਨਹੀਂ ਸਨ ਕੱਢੇ ।
ਇਹ ਉਨ੍ਹਾਂ ਦੇ ਪੇਕੇ ਪਿੰਡ ਦੀ ਸਾਂਝ ਸੀ ਜਾਂ ਦੋਨਾਂ ਘਰਾਂ ਵਿਚਕਾਰ ਹੱਥ-ਉਧਾਰ , ਵਰਤੋਂ-ਵਿਹਾਰ ਦਾ ਸਿਲਸਲਾ ਕਿ ਉਨ੍ਹਾਂ ਦੇ ਹਮ-ਉਮਰ ਪੁੱਤਰਾਂ ਦੀ ਆੜੀ ਹੁਣ ਤੱਕ ਨਿਰੰਤਰ ਨਿਭਦੀ ਆਈ ਸੀ । ਪਿਉ ਦੇ ਸਵਰਗ ਸਿਧਾਰਨ ਪਿੱਛੋਂ ਦੁਰਗੇ ਨੇ ਹੱਟੀ-ਭੱਠੀ ਦਾ ਕੰਮ-ਕਾਰ ਸੰਭਾਲ ਲਿਆ ਸੀ ਤੇ ਖੁੱਲੇ –ਮੋਕਲੇ ਹੱਡਾਂ –ਪੈਰਾਂ ਵਾਲਾ ਮੱਖਣ ਫੌਜ ਚ ਭਰਤੀ ਹੋ ਕੇ ਹੌਲਦਾਰੀ ਤਕ ਅੱਪੜ ਗਿਆ ਸੀ ।
ਹਰ ਵਾਰ ਛੁੱਟੀ ਆਇਆ ਮੱਖਣ ਸਭ ਤੋਂ ਪਹਿਲਾਂ ਦੁਰਗੇ ਨਾਲ ਜਾ ਕੇ ਵਗ਼ਲਗੀਰ ਹੁੰਦਾ । ਹਾਸਾ-ਠੱਠਾ ਕਰਦੇ, ਐਧਰ –ਉਧਰ ਦੀਆਂ ਗੱਲਾਂ-ਗੜੱਪਾਂ ਮਾਰਦੇ , ਉਹ ਹੱਟੀ ਸਾਹਮਣਲੇ ਵਿਹੜੇ ਚ ਇਕ-ਅੱਧ ਮੀਟੀ ਖਿੱਦੋ-ਖੂੰਟੀ ਜ਼ਰੂਰ ਖੇਲ੍ਹਦੇ । ਇਸ ਦੀ ਪਹਿਲ ਆਮ ਕਰਕੇ ਦੁਰਗੇ ਵੱਲੋਂ ਹੁੰਦੀ । ਹੱਟੀ ਅੰਦਰ ਸਾਂਭੀ ਰੱਖੀ ਕੋਈ ਨਵੀਂ-ਪੁਰਾਣੀ ਖਿੱਦੋ ਲਿਆ ਕੇ ਦੁਰਗਾ ਆਖਦਾ – ਚੱਲ ਹੁਣ ਕਰੀਏ ਹੱਡ-ਪੈਰ ਮੋਕਲੇ , ਆ ਲਾਈਏ ਇਕ ਮੀਟੀ ...।
ਪਰ ਇਸ ਵਾਰ ਅੱਧ-ਖੁੱਲੇ ਭਿੱਤ ਵਿਚਕਾਰ ਖੜ੍ਹੇ ਦੁਰਗੇ ਨੇ ਮੱਖਣ ਵੱਲ ਨੂੰ ਲਾਂਘ ਤਕ ਨਾ ਭਰੀ । ਉਸ ਵੱਲ ਨਿੱਠ ਕੇ ਦੇਖਿਆ ਤਕ ਨਾ । ਘੜੀ ਪਲ ਐਧਰ-ਉਧਰ ਝਾਕ ਕੇ ਉਹ ਮੁੜ ਆਪਣੀ ਥਾਂ ਜਾ ਬੈਠਾ ।
ਡੌਰ-ਭੌਰ ਹੋਇਆ ਮੱਖਣ ਆਪਣੇ ਘਰ ਵੱਲ ਨੂੰ ਪਰਤਨ ਹੀ ਲੱਗਾ ਸੀ ਕਿ ਅੰਦਰੋਂ ਇਕ ਜਾਣੀ –ਪਛਾਣੀ ਆਵਾਜ਼ ਉਸ ਦੇ ਕੰਨੀ ਆ ਪਈ ।  ਆ ਜਾ ਫੌਜੀਆ , ਆ ਜਾ ਲੰਘ ਆ ....ਅਸੀਂ ਈਆਂ । ਕੀ ਨਾਂ ਲਈ ਨਾ , ਊਈਂ ਬੈਠੇ ਆਂ ਬੱਸ ...।ਇਹ ਦੀਨ ਦਿਆਲ ਸੀ । ਵਿਹੜੇ ਚੋਂ ਦੁਰਗੇ ਦਾ ਤਾਇਆ ਲਗਦਾ , ਸ਼ੈੱਲਰ ਮਾਲਕ ਦੀਨ ਦਿਆਲ । ਉਸਦੇ ਬੋਲਾਂ ਅੰਦਰਲੀ ਹਲੀਮੀ , ਨਾ ਚਾਹੁੰਦਿਆਂ ਹੋਇਆ ਵੀ ਮੱਖਣ ਦੇ ਡੋਲਦੇ ਕਦਮਾਂ ਨੂੰ ਹੱਟੀ ਦੇ ਅੰਦਰ ਤਕ ਖਿੱਚ ਲਿਆਈ ।
ਅੰਦਰ ਕਈ ਜਣੇ ਹੋਰ ਵੀ ਸਨ , ਖੜ੍ ਬੈਠੇ । ਸਭ ਦੇ ਸਭ ਉਤੇਜਤ ਤੇ ਖਿਝੇ-ਖਪੇ । ਅੰਦਰੋਂ –ਬਾਹਰੋਂ ਭਰੇ ਪੀਤੇ । ਉਨ੍ਹਾਂ ਸਾਰਿਆਂ ਦੀ ਨਿਗਾਹ ਦੀਨ ਦਿਆਲ ਦੇ ਗੋਡਿਆਂ ਤੇ ਪਈ  ਅਖ਼ਬਾਰ ਤੇ ਟਿਕੀ ਪਈ ਸੀ । ਉਨ੍ਹਾਂ ਵਿਚੋਂ ਕਿਸੇ ਨੇ ਵੀ ਮੱਖਣ ਨੂੰ ਬਲਾਇਆ ਨਾ । ਕੇਵਲ ਇਕ ਨੇ ਥੋੜ੍ਹਾ ਕੁ ਹਟਵਾਂ ਖਾਲੀ ਪਿਆ ਸਟੂਲ ਉਸਦੇ ਲਾਗੇ ਲਿਆ ਰੱਖਿਆ ।
ਨਿੰਮੋਝਾਣ ਹੋਇਆ ਮੱਖਣ ਅਜੇ ਬੈਠਣ ਹੀ ਲੱਗਾ ਸੀ ਕਿ ਉਸਦੇ ਐਨ ਸਾਹਮਣੇ ਬੈਠੇ ਦੁਰਗੇ ਦੇ ਤਲਖ਼ ਬੋਲ ਫਿਰ ਉੱਭਰੇ –ਇਨ੍ਹਾਂ ਸਿੱਖੜਿਆਂ ਦੀ ਮੁਸਲਿਆਂ ਨਾਲ ਬੜੀ ਸੁਰ ਰਲ੍ਹਦੀ ਆਂ , ਏਨ੍ਹਾਂ ਦਾ ਵੀ ਇਕ ਵਾਰ ਫੇਅਰ ਲਾਜ .....।
 ਉਏ ਤੂੰ ਚੁੱਪ ਵੀ ਕਰਦਾਂ ਕਿ ਨਈਂ ਵੱਡਾ ਸਾਨ੍ਹ...। ਏਹ ਤੈਨੂੰ ਕ੍ਹੈਂਦਾ ਕੁਸ਼ ....। ਕੀ ਨਾਂ ਲਈ ਦਾ ,ਏਹ ਤਾਂ ਬੰਦਾ ਆਪਣਾ , ਊਂ ਵੀ ਆਪਣੇ ਵਿਚੋਂ ਈ ਨਿਕਲੇ ਆ ਸਿੱਖ , ਹਿੰਦੂਆਂ ਵਿਚੋਂ ...! ਕੀ ਨਾਂ ਲਈ ਦਾ , ਏਹ ਕੋਈ ਬਾਅਰਲੇ ਮੁਲਖੋਂ ਥੋੜ੍ਹਾ ਆਏ ਆ ਮੁਸਲਿਆਂ ਆਂਗੂ ...ਕਿਊਂ ਫੌਜੀਆਂ ਠੀਕ ਆਖਿਆ ਈ ਨਾ ਮੈਂ । 
ਦੀਨ ਦਿਆਲ ਨੇ ਠੀਕ ਆਖਿਆ ਸੀ ਜਾਂ ਗਲਤ, ਇਸ ਵੱਲ ਤਾਂ ਮੱਖਣ ਦਾ ਰਤੀ ਵੀ ਧਿਆਨ ਨਾ ਗਿਆ । ਉਹ ਤਾਂ ਦੁਰਗੇ ਮੂੰਹੋਂ , ਉਸਦੀ ਸ਼ਕਲ ਵਰਗੇ ਸਿੱਖਾਂ ਨੂੰ ਸਿੱਖੜੇ ਆਖੇ ਜਾਣ ਦਾ ਸੰਬੋਧਨ ਸੁਣ ਕੇ , ਇਸ ਵਾਰ ਜਿਵੇਂ ਸੜਦੀ-ਬਲ਼ਦੀ ਲਾਟ ਤੇ ਡਿੱਗ ਪਿਆ ਸੀ । ਦੁਰਗੇ ਨਾਲ ਹੁਣ ਤਕ ਉਸਦਾ ਹਰ ਕਿਸਮ ਦਾ ਹਾਸਾ-ਮਖੌਲ ਚਲਦਾ ਆਇਆ ਸੀ । ਇਕ ਦੂਜੇ ਨੂੰ ਟਾਂਚਾਂ-ਟਕੋਰਾਂ ਲਾਉਂਦੇ ਉਹ ਕਈ ਵਾਰ ਯੋਗ-ਅਯੋਗ ਸ਼ਬਦਾਂ-ਵਾਕਾਂ ਦੀ ਵਰਤੋਂ ਵੀ ਕਰ ਲਿਆ ਕਰਦੇ ਸਨ । ਉਨ੍ਹਾਂ ਕਦੀ ਇਕ ਦੂਜੇ ਦਾ ਗੁੱਸਾ ਨਹੀਂ ਸੀ ਕੀਤਾ । ਕਦੀ ਕਿਸੇ ਦੀ ਰੋਕ-ਟੋਕ ਨਹੀਂ ਸੀ ਕੀਤੀ । ਸਗੋਂ ਹੋਰ ਵੀ ਘੁੱਟਵੀ ਜੱਫੀ ਪਾ ਕੇ ਵਿਛੜਦੇ , ਆਉਂਣੀ ਛੁੱਟੀ ਦੀ ਉਡੀਕ ਕਰਦੇ ਰਹਿੰਦੇ ਸਨ । ਪਿਛਲੀ ਵਾਰ ਦੀ ਛੁੱਟੀ ਆਏ ਮੱਖਣ ਨੇ ਦੁਰਗੇ ਨਾਲ ਛੇੜ-ਛਾੜ ਕਰਦਿਆਂ ਤਾਂ ਇਕ ਹੱਦ ਹੋਰ ਵੀ ਟੱਪ ਲਈ । ...ਹਰ ਵਾਰ ਵਾਂਗ ਉਸ ਦਿਨ ਵੀ ਉਨ੍ਹਾਂ ਲਾਗੇ ਕਈ ਜਣੇ ਹੋਰ ਵੀ ਜੁੜੇ ਬੈਠੇ ਸਨ । ਕੋਈ ਭਾਬੀ ਦੇਰ ਖੇਲ੍ਹ ਰਿਹਾ ਸੀ , ਕੋਈ ਸਰਾਂ-ਮੱਲਣ । ਕੋਈ ਬਾਰਾਂ ਟਹਿਣੀ । ਉਨ੍ਹਾਂ ਸਭਨਾਂ ਦੀ ਹਰ ਮੀਟੀ ਮੁੱਕਣ ਲੱਗਿਆਂ ਕਿਸੇ ਨਾ ਕਿਸੇ ਲੁੱਚੇ ਰੰਗੀਲੇ ਟੋਣੇ ਨਾਲ ਜ਼ਰੂਰ ਜੁੜਦੀ ਸੀ  । ਹਰ ਕੋਈ ਖੁੱਲ੍ਹ ਕੇ ਹੱਸ ਰਿਹਾ ਸੀ  । ਪਰ ਉਪਰੋਂ ਉਪਰੋਂ । ਅੰਦਰੋਂ ਅੰਦਰ ਉਹ ਵਰ੍ਹਿਆਂ ਤੋਂ ਲੱਗੀ ਲਗਾਤਾਰ ਔੜ ਕਾਰਨ ਜਿਵੇਂ ਕਰੰਡੇ ਪਏ ਸਨ । ਭਿੰਤਾਂ-ਪਾਟੇ ਖੇਤਾਂ ਵਾਂਗ ਮੁਰਝਾਏ –ਕੁਮਲਾਏ ਪਏ ਸਨ । ਕਾਮੇ –ਕਿਸਾਨ ਆਪਦੀ ਥਾਂ, ਹੱਟੀਦਾਰ ਦਰਗਾ ਆਪਣੀ ਥਾਂ । ਉਸ ਦਿਨ ਹਾਸੇ ਠੱਠੇ ਚ ਵਾਰ ਵਾਰ ਆਏ ਔੜ-ਸੋਕੇ ਦਾ ਜ਼ਿਕਰ ਸੁਣ ਕੇ ਮੱਖਣ ਨੂੰ ਸਕੂਲੀ ਦਿਨਾਂ ਦੀ ਇੱਕ ਇਲੱਤ ਚੇਤੇ ਆ ਗਈ । ਦਰਗੇ ਦੀ ਲੰਮੀਂ ਬੋਦੀ ਦੀ ਗੰਢ ਖੋਲ੍ਹਦਿਆਂ , ਉਸਦੇ ਸਿਰ ਚ ਪਟਾਕੀ ਮਾਰਦੇ ਨੇ ਕਿਹਾ ਸੀ –  ਬਾਮ੍ਹਣਾਂ ਆਹ ਬੋਦੀ ਜੇਈ ਨੂੰ ਅਰਾਰੋਡ ਦ ਮਾਂਡੀ ਲੁਆ ਕੇ ਸਿੱਧੀ ਕਰ ਲਾ । ਏਦ੍ਹੀ ਨੋਕਦਾਰ ਮਜ਼ੈਲ ਬਣਾ ਕੇ ਛੱਡ ਦੇ ਉੱਪਰ ਨੂੰ । ਸਿੱਧੀ ਢਿੱਡ ਚ ਜਾ ਵੱਜੂ ਰੱਬ ਦੇ । ਫੇਅਰ  ਦੇਖ ਮੀਂਹ ਪੈਂਦਾ...। ਅੱਗੋਂ ਹਾਜ਼ਰ ਜਵਾਬ ਦੁਰਗੇ ਨੇ ਹੋਰ ਵੀ ਤਿੱਖਾ ਬਾਣ ਚਲਾਉਂਦਿਆਂ ਮੱਖਣ ਨੂੰ ਕਿਹਾ ਸੀ –  ਮੈਨੂੰ ਜੂ ਆਨਾਂ , ਤੂੰ ਆਪੂ ਵੀ ਕਰ ਲਾ ਕੁਸ਼ ....। ਮੇਰੀ ਬੋਦੀ ਨਾਲੋਂ ਤਾਂ ਤੇਰੇ ਕਛੈਰੇ ਅੰਦਰਲਾ ਝਾੜ-ਬੂਝ ਈ ਲੰਮਾ ਹੋਣਾਂ ਆਂ । ਏਦ੍ਹਾ ਕਰ ਕੋਈ ਇਸਤੇਮਾਲ । ਬਣਾ ਲਾ ਹੱਥ ਗੋਲ੍ਹਾ । ਦਿਆਂ ਉਸਤਰਾ...। ਇਕ ਤੇਰੇ ਚੱਡਿਆਂ ਦੀ ਖੁਰਕ ਜਾਂਦੀ ਰਹੂ , ਦੂਜਾ ਦੀਨ ਦੁਨੀਆਂ ਦਾ ਭਲਾ ਹੋ ਜਾਊ । ਦਾੜ੍ਹੀ-ਮੁੱਛ ਤਾਂ ਭਲਾ ਤੂੰ ਛੇੜਦਾ ਨਹੀਂ...ਪੱਕਾ ਸਿੱਖੜਾ ਆਂ ...। 
ਕਿਹਾ ਉਸ ਦਿਨ ਵੀ ਮੱਖਣ ਨੂੰ ਦਰਗੇ ਨੇ ਸਿੱਖੜਾ ਹੀ ਸੀ । ਉਸ ਦਿਨ ਤਾਂ ਉਹ ਦੁਰਗੇ ਦੇ ਪਰਤਵੇਂ ਵਾਰ ਤੋਂ ਹੋਰਨਾਂ ਵਾਂਕ ਆਪ ਵੀ ਖੁੱਲ੍ਹ ਕੇ ਹੱਸਿਆ ਸੀ । ਪਰ ਇਸ ਵਾਰ....ਇਸ ਵਾਰ ਉਸਦੇ ਆਖੇ ਇਸ ਸ਼ਬਦ ਨੇ ਜਿਵੇਂ ਮੱਖਣ ਦੀ ਦੇਹ-ਜਾਨ ਨੂੰ ਡੰਗ ਮਾਰ ਦਿੱਤਾ ਹੋਵੇ । ਉਸ ਨੂੰ ਅੰਦਰੋਂ –ਬਾਹਰੋਂ ਪੱਛ ਦਿੱਤਾ ਹੋਵੇ । ਉਸਦੇ ਹੋਸ਼-ਹਵਾਸ ਤਾਂ ਬੀਤੀ ਰਾਤ ਦੀ ਘਟਨਾ ਕਾਰਨ ਪਹਿਲੋਂ ਹੀ ਉੜੇ ਪਏ ਸਨ ।....ਕੱਲ੍ਹ ਸ਼ਾਮੀ ਉਹ ਲੰਬੜਾਂ ਦੀ ਹਵੇਲੀ ਯਾਰਾਂ ਮਿੱਤਰਾਂ ਦੀ ਮਹਿਫ਼ਲ ਚ ਦੇਰ ਤਕ ਬੈਠਾ ਰਿਹਾ ਸੀ । ਵਾਹਵਾ ਰੰਮ ਪਾਣੀ ਚਲਦਾ ਰਿਹਾ ਸੀ । ਕਰੀਬ ਅੱਧੀ ਕੁ ਰਾਤੀਂ ਘਰ ਮੁੜਿਆ । ਆਉਂਦਾ ਹੀ ਸੌ ਗਿਆ ਘੂਕ । ਬਿਨਾਂ ਕੁਝ ਖਾਧਿਆਂ-ਪੀਤਿਆਂ । ਹੈੱਡ-ਫੋਨ ਕੰਨਾਂ ਨੂੰ ਲਾ ਕੇ । ਹੈੱਡ-ਫੋਨ ਜਿਵੇਂ ਉਸਦੇ ਸੌਣੇ ਜਾਗਣੇ ਦਾ ਹਿੱਸਾ ਬਣ ਗਿਆ ਸੀ ।ਡਿਊਟੀ ਸਮੇਂ ਸੰਦੇਸ਼ ਸੁਣਨ ਲਈ ਲਾਈ ਰੱਖਦਾ , ਵਿਹਲ ਸਮੇਂ ਰੇਡੀਓ ਗਾਣੇ , ਵਿਚ ਵਾਰ ਖ਼ਬਰਾਂ ।
ਬੀਤੀ ਰਾਤ ਚਲਦੇ ਗਾਣੇ ਦੌਰਾਨ ਉਸਨੇ ਦੋ ਧਿਰਾਂ ਆਪੋ ਵਿਚ ਦੀ ਸ੍ਹਾਬ-ਸਲਾਮ ਕਰਦੀਆਂ ਸੁਣੀਆਂ ਸਨ । ...ਇਕ ਨੇ ਦੂਜੀ ਨੂੰ ਕਿਹਾ ਸੀ –ਤ੍ਰਿਸ਼ੂਲ ਸਾਬ੍ਹ ਜੀ , ਆਦਾਬ ਅਰਜ਼ ਐ , ਆਦਾਬ ਅਰਜ਼ ਐ...ਪਹਿਚਾਨ ਲੀਆਂ ?..ਹੱਮ...ਹੱਮ ।
ਅੱਗੋਂ ਤੁਰੰਤ ਉੱਤਰ ਦਿੱਤਾ ਆਇਆ ਸੀ ,- “ ਧੰਨਅ ਹੋਅ....ਧੰਨਅ ਹੋਅ ....ਧੰਨਅ ਹੋਅ, ਸ਼ੀਮਾਨ ਖੰਜਰ ਜੀ ਈ ਕੈਸੇ ਬਚਨ ਕਰਤੇ ਹੋਅ ....ਪਹਿਜਾਨੇਂਗੇ ਕੈਸੇ ਨਈਂ....ਨਮਸਕਾਰੱਮ ....। ਹੁਕਮ ਕੀਜੀਏ , ਹੁਕਮ ਕੈਸੇ ਯਾਦ ਆਈ ਹੱਮਰੀ...।
ਗੂੜੀ ਨੀਂਦ ਸੁੱਤੇ ਪਏ ਮੱਖਣ ਦੀ ਸਾਰੀ ਦੀ ਸਾਰੀ ਦੇਹ ਪੂਰੀ ਤਰ੍ਹਾਂ ਕੰਬ ਗਈ । ਉਸਨੇ ਹੁਣ ਤੱਕ ਸੈਂਕੜੇ ਸੰਦੇਸ਼ ਭੇਜੇ ਹਨ । ਹਜ਼ਾਰਾਂ ਸੁਣੇ ਸਨ । ਵਿੱਚ ਵਾਰ ਜਾਸੂਸੀ ਕਰਦੇ ਟੇਪ ਵੀ ਕੀਤੇ ਸਨ । ਉਨ੍ਹਾਂ ਸਭ ਦਾ ਸੰਬੋਧਨ ਫੌਜੀ ਰੰਗਤ ਦਾ ਹੁੰਦਾ ਸੀ ਜਾ ਜਾਸੂਸੀ ਰੰਗਤ ਦਾ । ਕਦੀ ਇਕ ਨੇ ਦੂਜੇ ਦਾ ਨਾਂ ਨਹੀਂ ਸੀ ਲਿਆ । ਨਾ ਕੋਈ  ਉਪਨਾਮ । ਸਿਰਫ ਰੈਂਕ ਸੰਬੋਧਨ ਹੁੰਦੇ ਸਨ ਜਾਂ ਕੋਡ ਨੰਬਰ । ਮੱਖਣ ਇਸ ਗੱਲੋਂ ਹੈਰਾਨ ਸੀ ,  ਏਹ ਤ੍ਰਿਸ਼ੂਲ ਸਾਬ੍ਹ , ਖੰਜਰ ਜੀ ਕੀ ਰੈਂਕ ਹੋਏ ।  ਉਹ ਅਜੇ  ਸ਼ਸ਼ੋਪੰਜ ਵਿਚ ਹੀ ਸੀ ਕਿ ਵਾਰਤਾਲਾਪ ਅੱਗੇ ਤੁਰ ਪਈ ਸੀ ।  ਹੁਕਮ ਨਈਂ ਕਬਲਾ ਗੁਜ਼ਾਰਸ਼ ਹੈਅ....ਗੁਜਾਰਸ਼ ...ਈਕੇਲੇ ਹੀ ਹੋ ਕੇਏ ...? 
ਪਹਿਲੀ ਆਵਾਜ਼ ਨੂੰ ਲੱਗਾ ਸੀ , ਕੋਈ ਤੀਜਾ ਜਣਾਂ ਉਨ੍ਹਾਂ ਵਿਚਕਾਰ ...।
ਮੱਖਣ ਦੇ ਸਾਹਾਂ ਨੂੰ ਚੜ੍ਹੀ ਹੌਂਕਣੀ ਆਪਣੇ ਆਪ ਪਤਾ ਨਹੀਂ ਕਿਵੇਂ ਥੋੜ੍ਹਾ ਕੁ ਸਹਿਜ ਹੋ ਗਈ ਸੀ । ਦੂਜੀ ਆਵਾਜ਼ ਨੇ ਕਾਫੀ ਸਾਰੀ ਘੋਖ-ਪੜਤਾਲ ਕਰਕੇ ਕਰੀਬ-ਕਰੀਬ ਤਸੱਲੀ ਕਰ ਲਈ –  ਜੀ ਈ ਹਾਂ , ਜੀਈ ਹਾਂ .... ਸਭ ਕੁਸ਼ਲ ਹੈਅ, ਸਮਾਨਯ ਹੈਅ ...ਕੈਸੇ ਯਾਦ ਆਈ ਹੱਮਰੀ ...ਹੁਕਮ ਕੀਜੀਏ ...ਹੁਕਮ ....।
 ਹੁਕਮ ਨਹੀਂ ਗੁਜ਼ਾਰਸ਼ ਹੈਅ , ਗੁਜਾਰਸ਼ ...,” ਪਲ ਕੁ ਭਰ ਰਹਿਣ ਪਿੱਛੋਂ ਮੱਖਣ ਨੂੰ ਪਹਿਲੀ ਆਵਾਜ਼ ਹੋਰ ਵਿਸਥਾਰ ਦਿੰਦੀ ਸੁਣੀ ਸੀ ।  ....ਗੁਜ਼ਾਰਸ਼ ਯੇਹ ਹੈਅ ਕਿ ਹਮਰੀ ਦਾਲ ਆਪਕੇ ਸਾਥ ਬਹੁਤ ਬਹਤਰ ਗਲ਼ਤੀ ਹੈ ... ਉਹ ਜਿਵੇਂ ਕੋਈ ਖਾਸ ਖ਼ਬਰ ਦੱਸਣ ਲਈ ਵਿਸ਼ੇਸ਼ ਭੂਮਿਕਾ ਬੰਨ੍ਹ ਰਹੀ ਹੋਵੇ ।
ਦੂਜੀ ਆਵਾਜ਼ ਆਪਣੀ ਉਸਤੱਤ ਸੁਣ ਕੇ ਕਾਫੀ ਸਾਰੀ ਗਦ ਜਦ ਹੋ ਗਈ ਸੀ – ਸੰਪੂਰਨ ਸੱਤਅ, ਸਪੂੰਰਨ ਸੱਤਅ , ਸ਼ਤ ਪ੍ਰਤੀਸ਼ਤ ਸੱਤਅ ਉਚਰਾ ਆਪਨੇ ਸ਼੍ਰੀਮਾਨ ਖੰਜਰ ਜੀ ਈ , ਆਪ , ਆਪ ਮਹਾਨ ਹੈਂਅ , ਉੱਤਮ ਹੈਂਅ....ਯਹ ਬੋਧੀ , ਜੈਨੀ , ਸਿੱਖ , ਇਸਾਈ ਸਭ ਗੁੰਦੜ ਸਾ ਮਾਲ ਹੈਂਅ , ਜੀ ਈ ....ਚੂੰਅ ਤਕ ਨਈਂ ਬੋਲਤੇ ਮੂੰਹ ਸੇਏ ...ਜਬ ਚਾਹੇਂ , ਜਿਤਨਾ ਚਾਹੇਂ ਸਾੜੋ-ਫੂਕੋ ਸੁਸਰੋਂ ਕੋਅ ...।
ਅਸਲ ਮੁੱਦੇ ਤਕ ਪੁੱਜ ਕੇ ਪਹਿਲੀ ਆਵਾਜ਼ ਨੇ ਪੂਰੀ ਚੜ੍ਹਤ ਨਾਲ ਸੂਚਨਾ ਦਿੱਤੀ ਸੀ –....ਤ੍ਰਿਸ਼ੂਲ ਸਾਬ੍ਹ ਜੀ , ਖ਼ਬਰ-ਸਾਰ ਯਹ ਹੈ ਕਿ ਹਮ ਨੇ ਏਕ ਔਰ ਕਾਮ ਸਰ-ਅੰਜ਼ਾਮ ਦੇ ਦੀਆਂ ਹੈਅ ...ਔਰ ਤਾਜ਼ਗੀ ਲਾ ਡਾਲੀ ਹੈਅ , ਨੀਰਸ ਸੇ ਬਨੇ ਮਾਹੌਲ ਮੇਂ ...ਹਮ ਨੇ ਰਾਮ –ਸੇਵਕ ਸਾੜ ਦੀਏ ਹੈਂਅ , ਪਚਾਸ ਸਾਠ  । ਅਬ ਅਪਕੀ ਵਾਰੀ ਕੀ ਇੰਤਜ਼ਾਰ ...।
ਦੂਜੀ ਆਵਾਜ਼ ਨੂੰ ਪੂਰਾ ਵਾਕ ਸੁਣਨ ਤੋਂ ਪਹਿਲਾਂ ਹੀ ਜਿਵੇਂ ਚਾਅ  ਚੜ੍ਹ ਗਿਆ ਹੋਵੇ –  ਤਥਾ ਅਸਤੂ ...ਤਥਾ ਅਸਤੂ ਸ਼੍ਰੀਮਾਨ ਖੰਜਰ ਜੀਈ , ਧੰਨਅ ਹੋਅ...ਧੰਨ ਹੋਅ...। ਇੰਤਜ਼ਾਰ ਕੈਸਾ...ਆਜ ਹੀ ਲੀਜੀਏ , ਅਭੀ ਲੀਜੀਏ ਹਮਰਾ ਐਕਸ਼ਨ ...। ਪਚਾਸ ਸਾਠ ਕਿਆ ਪਾਂਚ-ਛੀ ਹਜ਼ਾਰ ਕੀ ਪ੍ਰਾਗਰੱਸ ....।
ਇਸ ਤੋਂ ਅੱਗੇ ਮੱਖਣ ਤੋਂ ਉਨ੍ਹਾਂ ਦੀ ਬਾਤ-ਵਾਰਤਾ ਸੁਣੀ ਨਹੀਂ ਸੀ ਗਈ । ਪਸੀਨਾ-ਪਸੀਨਾ ਹੋਇਆ ਉਹ ਤ੍ਰਭਕ ਕੇ ਉਠ ਬੈਠਾ । ਉਸ ਨੂੰ ਥੋੜ੍ਹਾ ਕੁ ਚਿਰ ਪਹਿਲਾਂ ਆਈ ਨੀਂਦ ਜਿਵੇਂ ਪਰ ਲਾ ਕੇ ਉਡ ਗਈ ਸੀ । ਉਸਦੇ ਸਿੱਥਲ ਹੋਏ ਅੰਗ-ਪੈਰ ਆਪ-ਮੁਹਾਰੇ ਕੰਬੀ ਜਾ ਰਹੇ ਸਨ । ਨਾ ਉਸ ਨੂੰ ਉਠ ਕੇ ਬੈਠੇ ਨੂੰ ਚੈਨ ਆਉਂਦੀ ਸੀ ,ਨਾ ਲੰਮਾ ਪਿਆ ਜਾਂਦਾ ਸੀ ਬਿਸਤਰ ਤੇ । ਤਰਲੋਮੱਛੀ ਹੋਇਆ  ਉਹ ਕਦੀ ਬਾਹਰ ਵਿਹੜੇਚ ਘੁੰਮਣ ਲਗਦਾ , ਕਦੀ ਮੁੜ ਅੰਦਰ ਜਾ ਬੈਠਦਾ । ਬੇ-ਚੈਨ ਹੋਏ ਨੂੰ ਉਸਨੂੰ ਦਿਨ ਵੇਲੇ ਸਹਿਸੁਭਾ ਹੋਈ –ਕੀਤੀ ਗ਼ਲਤੀ ਵਾਰ ਵਾਰ ਚੇਤੇ ਆ ਰਹੀ ਸੀ । ਸੂਬੇਦਾਰ ਗਿਆਨ ਸਿੰਘ ਦੀ ਨਸੀਅਤ ਨੂੰ ਬੇਧਿਆਨ ਕਰਕੇ ਉਸਨੇ ਬੀਤੇ ਕਲ੍ਹ ਦੀ ਅਖ਼ਬਾਰ ਫਿਰ ਕਿੰਨੀ ਸਾਰੀ ਪੜ੍ਹ ਲਈ ਸੀ ।
ਉਹੀ ਅਖ਼ਬਾਰ ਦੀਨ ਦਿਆਲ ਸਾਹਮਣੇ ਖੁੱਲ੍ਹੀ ਪਈ ਦੇਖ ਕੇ ਮੱਖਣ ਰਹਿੰਦਾ ਵੀ ਬੌਂਦਲ ਗਿਆ । ਪੂਰਾ ਤਾਣ ਲਾ ਕੇ ਉਸਨੇ ਇਸ ਅਖ਼ਬਾਰ ਤੇ ਆ ਪਈ ਨਿਗਾਹ ਨੂੰ ਐਧਰ ਓਧਰ ਕਰਨ ਦਾ ਯਤਨ ਕੀਤਾ ਵੀ , ਪਰ ਇਹ ਮੁੜ ਘੜੀ ਇਹ ਉੱਤੇ ਛਪੀ ਵੱਡੀ ਸੁਰਖੀ ਤੇ ਆ ਟਿਕਦੀ ।
 ਏਸੇ ਵੱਡੀ ਸੁਰਖੀ ਨੇ ਉਸ ਨੂੰ ਕਲ੍ਹ ਸਾਰਾ ਦਿਨ ਜਿਵੇਂ ਸੂਲੀ ਟੰਗ ਰੱਖਿਆ ਸੀ । ਰਾਤ ਸੁਣੀ ਬਾਤ-ਚੀਤ ਨੇ ਉਸਦੇ ਸਾਹ-ਸਤ ਹੋਰ ਵੀ ਸੂਤ ਲਏ ਸਨ ।...ਇਵੇਂ ਦੀ ਬਾਤ-ਚੀਤ ਉਸਨੇ ਪਹਿਲੋਂ ਕਦੀ ਨਹੀਂ ਸੀ ਸੁਣੀ । ਲਿੱਪੀ-ਪੋਚੀ ਜਿਹੀ, ਸਹਿਜ ਜਾਪਦੀ , ਮੀਸਣੀ ਜਿਹੀ ਵਾਰਤਾਲਾਪ । ਹੁਣ ਤਕ ਉਸਨੇ ਬੜਾ ਕੁਝ ਖੌਫਨਾਕ ਹੁੰਦਾ-ਵਾਪਰਦਾ ਦੇਖਿਆ ਸੀ । ਇਕ ਤੋਂ ਇਕ ਡਰਾਉਣੀਆਂ ਦਰਦਨਾਕ ਆਵਾਜ਼ਾਂ ਵੀ ਸੁਣੀਆਂ ਸਨ ,ਬਹੁਤੀ ਵਾਰ ਸੁੱਤਿਆਂ ਪਿਆਂ ਰਾਤ ਸਮੇਂ ਜਾਣੇ ਪਛਾਣੇ ਸ਼ਹਿਰਾਂ-ਕਸਬਿਆਂ ਦੇ ਘਰ-ਬਾਜ਼ਾਰ ,ਗਲੀਆਂ-ਮੁਹੱਲੇ,ਝੁੱਗੀਆਂ-ਢਾਰੇ ਸ਼ਰ੍ਹੇਆਮ ਸਾੜੇ-ਫੂਕੇ ਜਾਂਦੇ ਦਿਸਦੇ  ਰਹੇ ਸਨ , ਉਸਨੂੰ । ਉਸਦੀ ਯੂਨਿਟ ਦੇ ਜੋਟੀਦਾਰ ਸਿਪਾਹੀ ਰਾਮ ਲਾਲ , ਲਾਂਸ-ਨੈਕ ਕਰਮਦੀਨ ਦੇ ਹਮਸ਼ਕਲ ਹਮਵਤਨੀ ਇਕ ਦੂਜੇ ਵਿਰੁੱਧ ਮੋਰਚਿਆਂ ਤੇ ਡਟੇ ਚੀਕਾਂ-ਚਾਂਗਰਾਂ ਮਾਰਦੇ , ਇਕ ਦੂਜੇ ਦੀ ਸਾੜ-ਫੂਕ , ਵੱਢ-ਟੁੱਕ ਕਰਦੇ ਵੀ ਕਈ ਵਾਰ ਦੇਖੇ ਸੁਣੇ ਸਨ ਉਸਨੇ ।
ਉਸ ਨੇ ਜਿੰਨੀ ਵਾਰ ਵੀ ਇਵੇਂ ਦੀ ਘਟਨਾ ਦੇਖੀ-ਪੜੀ , ਓਨੀ ਵਾਰ ਹੀ ਉਸ ਨੇ ਸੂਬੇਦਾਰ ਗਿਆਨ ਸਿੰਘ ਪਾਸ ਉਚੇਚ ਨਾਲ ਅੱਪੜ ਕੇ ,ਪੂਰੇ ਵੇਰਵੇ ਸਹਿਤ ਉਸਨੂੰ ਜਾ ਦੱਸੀ ਸੀ ।
ਇਕ ਵਾਰ ਤਾਂ ਉਸਨੇ ਤਲਖ਼ ਹੋਏ ਨੇ , ਦੰਗਾਕਾਰੀ –ਹੁਲੜਬਾਜ਼ਾਂ ਦੀਆਂ ਸਾਫ਼-ਸਾਫ਼  ਛਪੀਆਂ ਤਸਵੀਰਾਂ ਵਾਲੀ ਅਖ਼ਬਾਰ ਸ਼ਾਮੀਂ ਮੈੱਸ ਚ ਬੈਠੇ ਸੂਬੇਦਾਰ ਗਿਆਨ ਸਿੰਘ ਸਾਹਮਣੇ ਰੱਖਦਿਆਂ ਸਿੱਧਾ ਸਪਾਟ ਪੁੱਛ ਲਿਆ ਸੀ –  ਸਾਬ੍ਹ , ਜੀਈ , ਆਹ ਕੀ ਹੋਈ ਜਾਂਦਾ । ਏਹ ਹਿੰਦੂ ਮੁਸਲਮਾਨ ਆਪੋ ਵਿਚ ਹੀ ਕਾਤ੍ਹੋਂ ਲੜੀ ਜਾਂਦੇ ਆ । ਆਹ ਚਾਰ-ਚੁਫੇਰੇ ਹਰਲ-ਹਰਲ ਕਰਦੀ ਫੌਜ ਏਨ੍ਹਾਂ ਨੂੰ ਰੋਕਦੀ ਕਿਉਂ ਨਈਂ । ਦੌਂਹ-ਚੌਂਹ ਨੂੰ ਫੜ ਕੇ , ਚੌਂਕ ਚ ਖੜ੍ਹਾ ਕੇ ਗੋਲੀ ਕਿਉਂ ਨਈਂ ਮਾਰਦੀ ....? ਹੱਦਾਂ-ਸਰਹੱਦਾਂ ਤੇ ਇਹ ਹਰੋਜ਼ ਈ ਕੋਈ ਨਾ ਕੋਈ ਚਿੰਜੜੀ ਛੇੜੀ ਰੱਖਦੀ ਆ ...।
ਸੂਬੇਦਾਰ ਗਿਆਨ ਸਿੰਘ ਦੇ ਪੀਤੇ ਦੋ ਕੁ ਪੈੱਗ ਇਕ ਦਮ ਸਿਫ਼ਰ ਹੋ ਗਏ ਸਨ । ਕਾਫੀ ਸਾਰਾ ਹੈਰਾਨ-ਪ੍ਰੇਸ਼ਾਨ ਹੋਏ ਨੇ ਉਸਨੇ ਮੱਖਣ ਨੂੰ ਥੋੜ੍ਹਾ ਖਿਝ ਕੇ ਆਖਿਆ ਸੀ –  ਓਏ ਭਲਿਆ ਲੋਕਾ , ਅਕਲ ਕਰ ਅਕਲ ! ਐਥੋਂ ਦੀਆਂ ਕੰਧਾਂ ਤਾਂ ਕੀ ਮੇਜਾਂ-ਕੁਰਸੀਆਂ ਦੇ ਕੰਨ ਵੀ ਸਿੱਧੇ ਕਮਾਂਡ ਦਫ਼ਤਰ ਨਾਲ ਜੁੜਿਓ ਆ ...। ਤੂੰ ਮੁਰਆਏਂਗਾ ਮੈਨੂੰ ਵੀ ਤੇ ਆਪ ਨੂੰ ਵੀ ਤੈਨੂੰ ਪਿੱਠੂ ਲੱਗੂ .....। ਉਠ ਚੱਲ ਬਾਹਰ , ਬਾਅਰ ਚੱਲ ਕੇ ਦੱਸਦਾ ....।
ਮੈੱਸ ਅੰਦਰੋਂ ਬਾਹਰ ਖੁੱਲ੍ਹੀ ਲਾਅਨ ਚ ਬਣੇ ਸੀਮਿੰਟ ਦੇ ਬੈਂਚ ਤੇ ਬੈਠਕੇ ਉਸਨੇ ਮੱਖਣ ਨੂੰ ਝਿੜਕਦਿਆਂ ਸਮਝਾਇਆ  ਸੀ –  ਤੂੰ ਕ੍ਹਾਨੂੰ ਆਪਣੇ ਸਿਰ ਤੇ ਭਾਰ ਪਾਈ ਰੱਖਦਾਂ ,ਖਾਹ-ਮੁਖਾਹ ਦਾ ! ਤੂੰ ਆਪਣੇ ਕੰਮ ਨਾਲ ਵਾਸਤਾ ਰੱਖਿਆ ਕਰ । ਮੁਲਕ ਅੰਦਰਲੀ ਸੁਰੱਖਿਆ ਸਾਡਾ , ਸਾਡੀ ਫੌਜ ਦਾ ਕੰਮ ਨਈਂ । ਏਦੇ ਲਈ ਹੋਰ ਦਲ ਬਥੇਰੇ ਆ । ਸਾਨੂੰ ਫੌਜੀ ਲੋਕਾਂ ਨੂੰ ਤਾਂ ਇਕ ਤਰ੍ਹਾਂ ਨਾਲ ਪੱਕੀ  ਮਨਾਹੀ ਐ ਮੁਲਕ ਅੰਦਰਲੇ ਮਸਲਿਆਂ ਚ ਦਖ਼ਲ-ਅੰਦਾਜ਼ੀ ਕਰਨ ਦੀ , ਖਾਸ ਕਰ ਸਿਆਸੀ ਮਸਲਿਆਂ ਚ ...।
ਥੋੜ੍ਹੀ ਕੁ ਜਿੰਨੀ ਝਿੜਕ ਖਾ ਕੇ ਨਿੰਮੋਝਾਣ ਹੋਏ ਮੱਖਣ ਦਾ ਮੋਢਾ ਥਾਪੜਦਿਆਂ ਸੂਬੇਦਾਰ ਗਿਆਨ ਸਿੰਘ ਨੇ ਉਸਨੂੰ ਭਾਰ-ਮੁਕਤ ਕਰਨ ਦੀ ਮਨਸ਼ਾ ਨਾਲ ,ਉਸ ਨੂੰ ਪਹਿਲੋਂ ਕਈ ਵਾਰ ਦੱਸੇ ਬਿੰਦੂਆਂ ਨੂੰ ਮੁੜ ਵਿਸਥਾਰ ਦੇਂਦਿਆਂ ਕਿਹਾ ਸੀ –  ਮੱਖਣ ਸਿਆਂ , ਸਾਡੇ ਮੁਲਕ ਦੀ ਮਤਲਬ-ਪ੍ਰਸਤ ਰਾਜਨੀਤੀ , ਮੌਕਾ –ਪ੍ਰਸਤ ਡੇਰਾਦਾਰੀ , ਧਰਮਾਂ ਦੀ ਆੜ ਅੰਦਰ ਥੋੜ੍ਹੇ ਕੁ ਜਿੰਨੇ ਗੁੱਡਾ ਅਨਸਰਾਂ ਨੂੰ ਹੱਥ-ਠੋਕਾ ਬਣਾ ਕੇ ਐਹੋ ਜਿਹੇ ਕਾਰਨਾਮੇ ਕਰਦੀ ਈ ਰਹਿੰਦੀ ਆ ....। ਇਹ ਕਾਰਨਾਮੇ ਅੱਗੇ ਧੂਤਾ ਕਿਸਮ ਦੀਆਂ ਅਖ਼ਬਾਰਾਂ ਦੀਆਂ ਸੁਰਖੀਆਂ-ਇਬਾਰਤਾਂ ਬਣ ਕੇ , ਭਲੇ ਚੰਗੇ ਲੋਕਾਂ ਦੇ ਮਨਾਂ ਅੰਦਰ ਜ਼ਹਿਰ ਨਫ਼ਰਤ ਦੇ ਲਾਂਬੂ ਬਾਲ ਛੱਡਦੇ ਆ ....।
ਦੁਰਗੇ ਦੀ ਹੱਟੀ ਅੰਦਰ ਆ ਬੈਠੇ ਮੱਖਣ ਨੂੰ ਸੂਬੇਦਾਰ ਗਿਆਨ ਸਿੰਘ ਤੋਂ ਸੁਣੀ-ਸਮਝੀ , ਪੂਰੇ ਦਾ ਪੂਰਾ ਸੱਚ ਬਣ ਕੇ ਉਸਦੇ ਸਾਹਮਣੇ ਖੜ੍ਹੀ ਦਿੱਸੀ । ...ਬੀਤੇ ਕਲ੍ਰ ਦੀ  ਅਖ਼ਬਾਰ  ਆਪਣਾ ਸੁਰਖੀ-ਇਬਾਰਤੀ ਕਾਰਜ ਕਰ ਚੁੱਕੀ ਸੀ । ਮੱਖਣ ਨਾਲ ਹੱਸਣ-ਖੇਲ੍ਹਣ ਵਾਲੇ ਦੁਰਗੇ  ਦੇ ਭਰਾ-ਭਾਈ ਜ਼ਹਿਰ-ਨਫ਼ਰਤ ਨਾਲ ਡੰਗ ਹੋਏ, ਉਸ ਵੱਲ ਨੂੰ ਵੱਢ-ਖਾਣੀਆਂ ਨਜ਼ਰਾਂ ਨਾਲ ਦੇਖਦੇ, ਸੱਤ-ਪਰਾਇਆਂ ਨਾਲੋਂ ਵੀ ਵੱਧ ਓਪਰੇ ਬਣੇ ਬੈਠੇ ਸਨ । ਹੁਣ ਤਕ ਉਸਦੇ ਆਦਰ-ਸਤਿਕਾਰ ਦਾ ਪਾਤਰ ਰਿਹਾ ਤਾਇਆ ਦੀਨ ਦਿਆਲ ,ਮੌਕਾ-ਪ੍ਰਸਤ ਨੀਤੀਵਾਨਾਂ , ਮਤਲਬ-ਪ੍ਰਸਤ ਡੇਰਾਦਾਰਾਂ ਦੀ ਪਾਲ ਚ ਖੜ੍ਹਾ , ਅੰਦਰ ਜੁੜੀ ਢਾਣੀ ਨੂੰ ਅਗਲੇਰੀ ਕਾਰਵਾਈ ਕਰਨ ਦਾ ਪੌਂਖਾ ਦੇ ਰਿਹਾ ਸੀ ।
ਇਕ ਦਮ, ਰਾਤ ਸੁਣੀ , ਬਾਤ –ਵਾਰਤਾ ਮੱਖਣ ਦੇ ਕੰਨਾਂ ਚ ਫਿਰ ਤੋਂ ਗੂੰਜ ਉਠੀ । .....ਉਸਨੂੰ ਲੱਗਾ, ਪੰਜਾਹ ਸੱਠ ਰਾਮ-ਸੇਵਕਾਂ ਦੀ ਥਾਂ ਪੰਜ-ਛੇ ਹਜ਼ਾਰ ਦੀ ਪ੍ਰਾਗਰੈਸ ਦੇਣ ਦੀ ਗੱਲ ਦੂਜੀ ਆਵਾਜ਼ ਨੇ ਨਹੀਂ, ਦੀਨ ਦਿਆਲ ਨੇ ਆਖੀ ਹੈ ,ਸ਼ੈੱਲਰ ਮਾਲਕ ਦੀਨ ਦਿਆਲ ਨੇ । ਅਗਲੇ ਹੀ ਛਿਨ ਉਸਨੂੰ ਇਕ ਪਾਸੇ, ਰੇਲ-ਗੱਡੀ ਚ ਫਸੇ ਪੰਜਾਹ-ਸੱਠ ,ਜੀਉਂਦੇ-ਜਾਗਦੇ ਰਾਮ ਭਗਤ ਸੜਦੇ ਨਜ਼ਰ ਆਉਣ ਲੱਗ ਪਏ । ਦੂਜੇ ਪਾਸੇ , ਪੰਜ-ਛੇ ਹਜ਼ਾਰ ਦੀ ਗਿਣਤੀ ਚ ਗਰੀਬ-ਗੁਰਬੇ , ਬਾਲ-ਬੱਚੇ , ਬਿਰਧ-ਇਸਤਰੀਆਂ , ਘਰਾਂ-ਬਾਜ਼ਾਰਾਂ ਚ ਸਾੜੀਂਆਂ-ਫੂਕੀਆਂ ਢੇਰੀ ਹੋਈਆਂ ਦਿਸਣ ਲੱਗ ਪਈਆਂ । ਉਸਦੀ ਉਲਝੀ-ਬਿਗੜੀ ਹਾਲਤ ਹੋਰ ਵੀ ਬਿਗੜ ਗਈ । ਹੱਟੀ ਅੰਦਰ ਬੈਠਾ ਉਹ ਚਕਰਾ ਜਿਹਾ ਗਿਆ । ਡੌਰ-ਭੌਰ ਹੋਏ ਦੀ ਡਰੀ –ਸਹਿਮੀ ਨਿਗਾਹ , ਆਪ ਮੁਹਾਰੇ ਐਧਰ-ਉਧਰ ਘੁੰਮ ਗਈ । ....ਉਸਨੁੰ ਵੇਲੇ-ਕੁਵੇਲੇ ਢਾਰਸ ਦੇਣ ਵਾਲਾ ਇਥੇ ਨਾ ਸੂਬੇਦਾਰ ਗਿਆਨ ਸਿੰਘ ਸੀ , ਨਾ ਉਸਦੇ ਜੋਟੀਦਾਰ ਸਿਪਾਹੀ ਰਾਮ ਲਾਲ , ਲਾਂਸ-ਨੈਕ ਕਰਮਦੀਨ ।
ਥੋੜ੍ਹੇ ਕੁ ਚਿਰ ਤੋਂ ਉਸਨੇ  , ਵਿਚ-ਵਾਰ ਦਿਸਦੀਆਂ ਰਹਿੰਦੀਆਂ ਖੌਫ਼ਨਾਕ ਘਟਨਾਵਾਂ ,ਸੁਣਦੀਆਂ ਰਹਿੰਦੀਆਂ ਅਜੀਬੋ-ਗਰੀਬ ਆਵਾਜ਼ਾਂ ਦਾ ਜ਼ਿਕਰ ਸੂਬੇਦਾਰ ਗਿਆਨ ਸਿੰਘ ਤੋਂ ਇਲਾਵਾ ਇਨ੍ਹਾਂ ਯੂਨਿਟ ਜੋਟੀਦਾਰਾਂ ਕੋਲ ਵੀ ਕਰਨਾ ਸ਼ੁਰੂ ਕਰ ਦਿੱਤਾ ਸੀ ।
ਪਹਿਲੋਂ-ਪਹਿਲ ਤਾਂ ਸਿਪਾਹੀ ਰਾਮ ਲਾਲ , ਲਾਂਸ-ਨੈਕ ਕਰਮਦੀਨ ਮੱਖਣ ਦੇ ਆਖੇ-ਦੱਸੇ ਨੂੰ ਹਾਸੇ-ਹਾਸੇ ਚ ਟਾਲਦੇ ਰਹੇ , ਪਰ ਪਿੱਛੋਂ ਉਸਨੂੰ ਸੱਚ-ਮੁੱਚ ਹੀ ਡੌਰ-ਭੌਰ ਜਿਹਾ, ਉਦਾਸ-ਪ੍ਰੇਸ਼ਾਨ ਜਿਹਾ ਹੋਇਆ ਰਹਿੰਦਾ ਦੇਖ ਕੇ , ਉਸਨੂੰ ਆ ਚਿਮੜੇ ਅਵੱਲੇ ਕਿਸਮ ਦੇ ਰੋਗ ਦੀ ਆਪਣੀ ਢੰਗ ਨਾਲ ਜਾਂਚ –ਪੜਤਾਲ ਕਰਕੇ , ਉਨ੍ਹਾਂ ਬਣਦੇ-ਸਰਦੇ ਇਲਾਜ ਵੀ ਦੱਸੇ ਸਨ , ਉਸਨੂੰ । ਸਿਪਾਹੀ ਰਾਮ ਲਾਲ ਨੇ ਕਿਹਾ ਸੀ – ਭਾਈ ਜੀ , ਕਾਕਾ ਬੱਲੀ , ਤੇਰੇ ਤੇ ਕਿਸੇ ਓਪਰੀ ਸ਼ੈਅ ਦਾ ਪਹਿਰਾ ਆ , ਕਿਸੇ ਪਰੇਤ ਰੂਹ ਦਾ । ਓਹੀ ਤੈਨੂੰ ਡਰਾਉਂਦੀ ਆ  । ਸੁੱਤਿਆਂ-ਜਾਗਦਿਆਂ ਤੰਗ ਕਰਦੀ ਆ । ਮੇਰੀ ਜਾਚੇ ਉਹ ਤੈਤੋਂ ਬਲੀ ਮੰਗਦੀ ਆ ਕਾਸੇ ਦੀ । ਤੂੰ ਐਂ ਕਰ ,ਇੱਕ ਬੱਕਰਾ ਸੁੱਖ ਕਾਲੇ ਰੰਗ ਦਾ , ਦੂਜੇ ਹੱਥ ਹਉਲਾ ਕੁਰਆ ਕਿਸੇ ਸਿਆਣੇ ਤੋਂ ।....ਸਾਡੇ ਪਿੰਡ ਕੰਗਲੀ ਆਲੇ ਸਾਧਾਂ ਦਾ ਡੇਰਾ ਆ । ਬੜੀ ਕਰਨੀ ਆਲੇ ਸੰਤ ਆ । ਉਹ ਧਾਗਾ-ਤਬੀਤ ਵੀ ਕਰਦੇ ਆ । ਜਲ-ਭਬੂਤਾ ਵੀ ਦਿੰਦੇ ਆ । ਸੱਤ ਭਦਾੜੀਆਂ ਭਰਨੀਆਂ ਪੈਂਦੀਆਂ । ਐਨ ਠੀਕ ਹੋ ਜਾਏਂਗਾ , ਟੱਲੀ ਅਰਗਾ...। ਉਮਰੋਂ ਥੋੜ੍ਹਾ ਕੁ ਵੱਡਾ ਹੋਣ ਕਰਦੇ ਰਾਮ ਲਾਲ ਮੱਖਣ ਨੂੰ ਕਰਕੇ ਕਾਕਾ ਬੱਲੀ ਕਹਿ ਕੇ ਬੁਲਾਉਂਦਾ ਸੀ , ਵਿਚ-ਵਾਰ ਭਾਈ ਜੀ ਕਹਿ ਕੇ । ਰਹਿਤ ਮਰਯਾਦਾ ਰੱਖਦਾ ਹੋਣ ਕਰਕੇ ।
ੳਸਦੇ ਹਮ-ਉਮਰ ਕਰਮ ਦੀਨ ਨੇ ਆਪਣੇ ਵੱਡੇ-ਵਡੇਰਿਆਂ ਦੀ ਇਬਾਦਤ ਵਾਲੀ ਥਾਂ ਦੀ ਦੱਸ ਪਾਉਂਦਿਆਂ ਦੱਸਿਆ ਸੀ –  ਮੱਖਣ ਵੀਰੇ, ਤੈਤੋਂ ਕੋਈ ਭੁੱਲ ਹੋ ਗਈ ਆ । ਕਿਸੇ ਸਖ਼ਤੇ ਥਾਂ ਤੇ ਪੈਰ ਰੱਖਿਆ ਗਿਆ । ਕਿਸੇ ਸਾਈਂ-ਫ਼ਕੀਰ ਦੀ ਕਬਰ ਅਲ੍ਹ ਮੂੰਹ ਕਰਕੇ ਪਿਸ਼ਾਬ ਹੋ ਗਿਆ ਤੈਂਤੋਂ । ਤੂੰ ਐਂ ਕਰ , ਚੱਲ ਮੇਰੇ ਨਾਲ ਕਿਸੇ  ਦਿਨ । ਮੀਰਾਂ ਕੋਟ ਲਾਗੇ ਦਰਗਾਹ ਐਂ ਸਾਈਂ ਬੁੱਢਣ ਸ਼ਾਹ ਦੀ ।ਬੜੀ ਮਾਨਤ ਐ ਉਸ ਥਾਂ ਦੀ । ਕੀ ਹਿੰਦੂ , ਕੀ ਮੁਸਲਮਾਨ , ਕੀ ਸਿੱਖ , ਕੀ ਇਸਾਈ  , ਸਾਰੇ ਧਰਮਾਂ ਦੇ ਲੋਕੀਂ ਆਉਂਦੇ ਆ ਉਥੇ । ਸਾਰੇ ਇਕੋ ਥਾਂ ਬੈਠਕੇ ਪ੍ਰਸ਼ਾਦ ਲੈਂਦੇ ਆ । ਵੀਰਵਾਰ ਦੇ ਵੀਰਵਾਰ ਦੇਗਾਂ ਚੜ੍ਹਦੀਆਂ । ਖੀਰਾਂ-ਬਹੁਲਿਆਂ ਦਾ ਤਾਂ ਸਾਬ੍ਹ ਈ ਕੋਈ ਨਈਂ । ਓਥੇ , ਉਸ ਪਿੰਡ ਦੀ ਜੂਹ ਚ ਪੁਜਦਿਆਂ ਸਾਰ ਰਾਮ ਆਇਆ ਕਿ ਆਇਆ  । 
ਮੱਖਣ ਨੇ ਉਨ੍ਹਾਂ ਦੋਨਾਂ ਦੇ ਦੱਸੇ ਇਲਾਜ ਬੜੇ ਧਿਆਨ ਨਾਲ ਸੁਣੇ ਸਨ । ਸੁਣੇ ਹੀ ਨਹੀਂ , ਨਾਲ ਦੀ ਨਾਲ ਘੋਖਿਆ-ਪਰਖਿਆ ਵੀ ਸੀ ਅਪਣੀ ਸਮਝ ਮੁਤਾਬਕ । ...ਉਸਦੇ ਆਪਣੇ ਪਿੰਡ ਆਲਮਪੁਰ ਅੰਦਰ ਵੀ ਉਨ੍ਹਾਂ ਦੋਨਾਂ ਦੇ ਦੱਸੇ ,ਦੋਨੋਂ ਕਿਸਮ ਦੇ ਸਥਾਨ ਉਪਲਭਦ ਸਨ । ਪਿੰਡ ਦੀ ਚੜ੍ਹਦੀ ਬਾਹੀ ਭੂਰੇ ਸਾਧ ਦਾ ਡੇਰਾ ਸੀ । ਹਰ ਰੋਜ਼ ਹੀ ਉਥੇ ਕੋਈ ਨਾ ਕੋਈ ਓਪਰੀ ਕਸਰ ਵਾਲਾ ਆਇਆ ਹੁੰਦਾ । ਬਹੁਤਾ ਕਰਕੇ ਜੁਆਨ-ਜਹਾਨ ਕੁੜੀਆਂ । ਕਦੀ ਕਿਸੇ ਪਿੱਡੋਂ ਕਦੀ ਕਿਸੇ ਘਰੋਂ । ਵੱਡੇ ਘਰਾਂ ਤੋਂ ਘੱਟ , ਕੰਮੀਂ-ਕਮੀਣਾਂ ਵਿਹੜਿਓਂ ਬਹੁਤੀਆਂ । ਭੂਰੇ ਸਾਧ ਦਾ ਚਿਮਟਾ ਨੌਜਵਾਨ ਕੁੜੀਆਂ ਦੇ ਪਿੰਡੇ ਸੇਕਦਾ ਰਹਿੰਦਾ ।ਉਸਦੇ ਚੇਲੇ-ਚਾਟਕੇ ਕੁੜੀਆਂ ਦੇ ਖਿਲਰੇ ਵਾਲਾਂ ਨੂੰ ਜੂੜ ਦੇ ਕੇ ਉਨ੍ਹਾਂ ਨੂੰ ਸਿੱਧਾ ਬਿਠਾਈ ਰੱਖਦੇ । ਹਾਲੋਂ-ਬੇਹਾਲ ਹੋਈਆਂ ਡੋਲੀਆਂ ਚੀਕਾਂ-ਚਾਂਗਰਾਂ ਮਾਰਦੀਆਂ ਹਾਰ ਕੇ ਬੇ-ਹੋਸ਼ ਹੋ ਕੇ ਡਿੱਗ ਪੈਂਦੀਆਂ । ਸਾਧ ਧਾਗਾ-ਤਬੀਤ ਦੇ ਕੇ ਆਉਂਦੇ ਐਤਵਾਰ ਫਿਰ ਸੱਦ ਲੈਂਦਾ ।
ਉਸਦੇ ਪਿੰਡ ਦੀ ਲਹਿੰਦੀ ਬਾਹੀ ਪੀਰ ਆਲਮ ਸ਼ਾਹ ਦੀ ਦਰਗਾਹ ਸੀ । ਹਰ ਵੀਰਵਾਰ ਪੀਰ ਦੀ ਕਬਰ ਤੇ ਦੇਗ ਚੜ੍ਹਦੀ ਸੀ । ਜੋਤਾਂ ਜਗਦੀਆਂ । ਓਪਰੀਆਂ ਕਸਰਾਂ ਵਾਲੀਆਂ ਦੇ ਵਾਲੀ-ਵਾਰਸ ਸੁੱਖਣਾ ਸੁੱਖਦੇ । ਵਰ੍ਹੇ-ਛਿਮਾਹੀ ਚਾਦਰ –ਪੋਸ਼ੀ ਮੇਲਾ ਲਗਦਾ । ਦੁਧਾਰ-ਪਸ਼ੂਆਂ ਦੀ ਤੰਦਰੁਸਤੀ ਦੀ , ਨਗਰ-ਖੇੜੇ ਦੇ ਸੁੱਖੀ ਵਸਣ ਦੀ ਕਾਮਨਾ ਕੀਤੀ ਜਾਂਦੀ । ਪਿੰਡ ਦੀਆਂ ਸਾਰੀਆਂ ਪੱਤੀਆਂ ਸਮੇਤ ਆਸ-ਪਾਸ ਦੇ ਪਿਡਾਂ ਦੇ ਲੋਕੀਂ ਤਕੀਏ ਤੇ ਖੀਰ-ਦੁੱਧ ਚਾੜ੍ਹੇ ਬਿਨਾਂ , ਦੁੱਧ ਨੂੰ ਜਾਗ ਲਾਉਣਾ ਸ਼ੁਰੂ ਨਹੀਂ ਕਰ ਸਕਦੇ ।
ਇਨ੍ਹਾਂ ਦੋਨਾਂ ਥਾਵਾਂ ਤੇ ਆਉਂਦਾ ਰਿਹਾ ਕੋਈ ਬਾਹਰਲੀ ਕਸਰ ਵਾਲਾ ਰਾਜ਼ੀ ਹੁੰਦਾ ਮੱਖਣ ਨੇ ਸੁਣਿਆ-ਦੇਖਿਆ  ਹੋਵੇ , ਇਹ ਤਾਂ ਉਸਨੂੰ ਯਾਦ-ਚਿੱਤ ਨਹੀਂ ਸੀ ਰਿਹਾ , ਪਰ ਏਨਾ ਜ਼ਰੂਰ ਚੇਤੇ ਸੀ ਉਸਨੂੰ ਕਿ ਏਨ੍ਹਾਂ ਥਾਵਾਂ ਤੇ ਪੁਜਦੇ ਕਈ ਸਾਰੇ ਪਿੰਡਾਂ ਦੇ ਸਾਰੇ ਧਰਮਾਂ-ਮਜ਼ਹਬਾਂ , ਜਾਤਾਂ-ਗੋਤਾਂ ਦੇ ਲੋਕਾਂ ਚੋਂ ਕਿਸੇ ਇਕ ਨੇ ਦੂਜੇ ਨੂੰ ਓਪਰਾ ਨਹੀਂ ਸੀ ਸਮਝਿਆ  । ਕਿਸੇ ਨਾਲ ਖੁੰਦਕਬਾਜ਼ੀ ਨਹੀਂ ਸੀ ਕੀਤੀ । ਕਿਸੇ ਡੇਰਾਦਾਰ ਨੇ , ਕਿਸੇ ਨੀਤੀਵਾਨ ਨੇ ਕਿਸੇ ਵੀ ਤਰ੍ਹਾਂ ਦਾ ਲੜਾਈ-ਝਗੜਾ, ਦੰਗਾ-ਫਸਾਦ ਕਰਵਾਉਣ ਲਈ ਇਕ ਦੂਜੇ ਦੇ ਮੂੰਹਾਂ ਤੇ ਜਾਂ ਪਿੱਠ ਪਿੱਛੇ , ਉਵੇਂ ਦੀ ਬਾਤ-ਚੀਤ ਭੁੱਲ ਕੇ ਵੀ ਨਹੀਂ ਸੀ ਕੀਤੀ , ਜਿਵੇਂ ਦੀ ਮੱਖਣ ਨੇ ਇਸ ਵਾਰ ਸੁਣੀ ਸੀ , ਪਿੰਡ ਦੀ ਜੂਹ ਚ ਆਏ ਨੇ । ਸ਼ਹਿਰਾਂ-ਕਸਬਿਆਂ ਚ ਹੁੰਦੀ ਵਾਪਰਦੀ ਤਾਂ ਉਹ ਆਏ ਦਿਨ ਸੁਣਦਾ –ਦੇਖਦਾ ਰਹਿੰਦਾ ਸੀ , ਸੁੱਤਾ-ਜਾਗਦਾ 
ਉਹ ਨਾ ਤਾਂ ਸਿਪਾਹੀ ਰਾਮ ਲਾਲ ਦੇ ਪਿੰਡ ਲਾਗੇ ਦੇ ਡੇਰੇ ਤੇ ਜਾਣ ਲਈ ਰਾਜ਼ੀ ਹੋਇਆ ਸੀ , ਨਾ ਲਾਂਸ-ਨੈਕ ਕਰਮਦੀਨ ਦੇ ਦੱਸੇ ਤਕੀਏ ਤੇ । ਉਨ੍ਹਾਂ ਦੋਨਾਂ ਦੇ ਵਾਰ ਵਾਰ ਆਖਣ ਦੇ ਬਾਵਜੂਦ । ਉਹ ਦੋਨੋਂ , ਦਸੀਂ-ਪੰਦਰੀਂ ਦਿਨੀਂ ਮੱਖਣ ਮੂੰਹੋਂ ਮੁੜ-ਘੜੀ ਉਹੋ ਜਿਹੀ ਵਿਥਿਆ , ਉਹੋ ਜਿਹੀ ਵਾਰਤਾ ਸੁਣਦੇ ਹੋਰ ਤੋਂ ਹੋਰ ਫਿਕਰਮੰਦ ਹੁੰਦੇ ਗਏ ਹਨ । ਉਸ ਦਿਨ ...ਉਸ ਰਾਤ ਤਾਂ ਉਨ੍ਹਾਂ ਦੀ ਫਿਕਰਮੰਦੀ ਬਹੁਤ ਹੀ ਡੂੰਘੀ ਤਰ੍ਹਾਂ ਦੀ ਚਿੰਤਾ ਵਿਚ ਬਦਲ ਗਈ ਸੀ । ਉਨ੍ਹਾਂ ਲਾਗੇ ਸੁੱਤਾ ਪਿਆ ਮੱਖਣ ਤ੍ਰਭਕ ਕੇ ਉਠ ਬੈਠਾ ਸੀ । ਉਠਦਿਆਂ ਸਾਰ ਉੱਚੀ-ਉੱਚੀ ਰੌਲਾ ਪਾਉਣ ਲੱਗ ਪਿਆ ਸੀ , “ ਬੁਝਾਓ , ਬੁਝਾਓ ...ਬੁਝਾਉਂਦੇ ਕਿਉਂ ਨਹੀਂ ...ਤਮਾਸ਼ਾ ਕੀ ਦੇਖੀ ਜਾਨ ਓਂ...ਤੁਸੀ ਅੰਨ੍ਹੇ ਓਂ ਕਿ ਬੋਲੇ, ਤੁਸੀ ਬੰਦੇ ਓਂ ਕਿ ਜਾਨਵ ....।  ਉਸਦੇ ਨਾਲ ਦੇ ਬੈੱਡ ਤੇ ਸੁੱਤੇ ਪਏ ਕਰਮਦੀਨ ਦੀ ਜਾਗ ਰਾਮ ਲਾਲ ਨਾਲੋਂ ਪਹਿਲਾਂ ਖੁੱਲ੍ਹ ਗਈ ਸੀ । ਉਸਨੇ ਮੱਖਣ ਸਿੰਘ ਦਾ ਮੋਢਾ ਅੱਛਾ-ਖਾਸਾ ਹਿਲੂਣਦਿਆਂ ਪੁੱਛਿਆਂ ਸੀ – ਕੀ ਹੋਇਆ ਮੱਖਣਾ , ਕਿਦ੍ਹੇ ਨਾਲ ਝਗੜੀ ਜਾਨਾਂ ! ਕ੍ਹਿਨੂੰ ਤਲਖ਼ ਹੋਈ ਜਾਨਾਂ ...? ਕਾਫੀ ਸਾਰਾ ਹਿਲਾਉਂਦ-ਜੁਲਾਉਂਣ ਪਿੱਛੋਂ ਉਹ ਮਸਾਂ ਸੁਰਤ ਸਿਰ ਹੋਇਆ ਸੀ –  ...ਇੱਕ ਸਾਲੇ ਸੁਕੜੇ ਜੇਏ ਨੇ ਪਤਾ ਨਈਂ ਕੇਦ੍ਹੇ ਬੱਚੇ ਕਾਰ ਚ ਹੁੜ ਕੇ ਅੱਗ ਲਾ ਤੀ ....ਬੱਚੇ ਬਚਾਏ ਸੜਦੇ ਤੜਫਦੇ ਚੀਕਾਂ ...। ਇਸ ਤੋਂ ਅੱਗੇ ਉਸਤੋਂ ਕੁਝ ਵੀ ਨਹੀਂ ਸੀ ਦੱਸਿਆ ਗਿਆ । ਭਰ ਹੋਏ ਗਲੇ ਚੋਂ ਉਸਦੀ ਭੁੱਬ ਨਿਕਲ ਗਈ ਸੀ । ਪਰ ,ਝੱਟ ਹੀ ਆਪਣਾ ਆਪ ਸੰਭਾਲ , ਐਧਰ-ਓਧਰ ਦੇਖੇ ਬਿਨਾਂ , ਉਸ ਮੂੰਹ-ਸਿਰ ਲਪੇਟ ਕੇ ਪਿਆ , ਸਵੇਰ ਤਕ ਨਹੀਂ ਸੀ ਹਿੱਲਿਆ ।
ਅਗਲਾ ਸਾਰਾ ਦਿਨ ਵੀ ਉਹ ਡੌਰ-ਭੌਰ ਹੋਇਆ ਰਿਹਾ ।
ਉਸ ਦਿਨ ਡਿਊਟੀ ਤੋਂ ਫਾਰਗ ਹੋ ਕੇ , ਉਹ ਸ਼ਾਮੀਂ ਬੈਰਕ ਆਉਣ ਦੀ ਬਜਾਏ ਸਿੱਧਾ ਮੈੱਸ ਚਲੇ ਗਿਆ ਸੀ ਦੋ-ਚਾਰ ਪੈੱਗ ਉਪਰੋ –ਥਲੀ ਮਾਰੇ ਸਨ । ਪਰ , ਉਸਦੇ ਦਿਲ-ਦਿਮਾਗ ਤੇ ਪਿਆ ਭਾਰ ਹਲਕਾ ਹੋਣ ਦੀ ਥਾਂ ਹੋਰ ਬੋਝਲ ਹੁੰਦਾ ਗਿਆ ਸੀ ।
ਹਾਰ ਕੇ ਉਹ ਫਿਰ ਸੂਬੇਦਾਰ ਗਿਆਨ ਸਿੰਘ ਪਾਸ ਅੱਪੜ ਗਿਆ ਸੀ , ਉਸਦੇ ਕੁਆਟਰ ਚ । ਖੁੱਲ੍ਹਾ-ਖੁਲਾਸਾ ਆਉਣ-ਜਾਣ ਸੀ ਉਸ ਪਾਸ ਪਹਿਲੋਂ ਵੀ । ਘਰ- ਬਾਹਰ ਦੀਆਂ , ਦੇਸ਼-ਮੁਲਕ ਦੀਆਂ , ਐਧਰ-ਓਧਰ ਦੀਆਂ ਨਿੱਕੀਆਂ-ਵੱਡੀਆਂ ਬੇਝਿਜਕ ਕਰ ਲਿਆ ਕਰਦੇ ਸਨ ਦੋਨੋਂ । ਇਕੱਲਵੰਜੇ ਬੈਠ ਕੇ । ਗਿਆਨ ਸਿੰਘ ਨੇ ਉਸ ਦਿਨ ਉਸਦੇ ਦਿਮਾਗੀ ਤੰਤਰ ਚ ਬੱਝਦੀਆਂ ਜਾਂਦੀਆਂ ਗੰਢਾਂ ਦੀ ਚੰਗੀ ਤਰ੍ਹਾਂ ਛਾਣ-ਬੀਣ ਕਰਦਿਆਂ ਉਸਨੂੰ ਦੋ ਨਸੀਅਤਾਂ ਵਰਗੀਆਂ ਹਦਾਇਤਾਂ ਦਿੱਤੀਆਂ ਸਨ । ਉਸ ਨੇ ਕਿਹਾ ਸੀ –  ਛੋਟੇ ਭਾਈ , ਇਕ ਤਾਂ ਤੂੰ ਅਖਬਾਰ ਨਾ ਪੜ੍ਹਿਆ ਕਰ , ਦੂਜੇ ਵਿਆਹ ਕਰਵਾ ਲੈ ਛੇਤੀ...ਛੁੱਟੀ ਦੀ ਸਿਫਾਰਸ਼ ਮੈਂ ਕਰ ਦਿੰਨਾਂ , ਹੁਣੇ ਈਂ ....। ਇਸ ਵਾਰ ਵਿਆਹ ਕਰਵਾਉਣ ਲਈ ਮਿਲੀ ਸਪੈਸ਼ਲ ਲੀਵ ਤੇ ਪਿੰਡ ਆਏ ਨੇ ਉਸਨੇ ਅਖ਼ਬਾਰ ਪੜ੍ਹਨ ਤੋਂ ਕਾਫੀ ਪ੍ਰਹੇਜ਼ ਰੱਖਿਆ । ਹੁਣ ਉਸਦਾ ਸ਼ੌਕ ਰੇਡੀਓ ਗਾਣੇ ਸਨ , ਜਾਂ ਵਿਚ-ਵਾਰ ਖ਼ਬਰਾਂ । ਪਰ ਬੀਤੇ ਕਲ੍ਹ ਲੰਬੜਾਂ ਦੀ ਬੈਠਕੇ ਪਈ ਅਖ਼ਬਾਰ ਦੀ ਵੱਡੀ ਸੁਰਖੀ ਦੇਖ ਕੇ ਉਸਤੋਂ ਰਿਹਾ ਨਹੀਂ ਸੀ ਗਿਆ । ਨਾ ਚਾਹੁੰਦਿਆਂ ਹੋਇਆਂ ਵੀ ੳਸਤੋਂ ਇਸਤੋਂ ਇਸ ਹੇਠਲੀ ਇਬਾਰਤ ਸਾਰੀ ਦੀ ਸਾਰੀ ਪੜ੍ਹ ਹੋ ਗਈ ਸੀ । ਪੜ੍ਹਦਿਆਂ ਸਾਰ ਉਸ ਅੰਦਰ ਉਸੇ ਵੇਲੇ ਢੇਰ ਸਾਰੀ ਉੱਥਲ-ਪੁੱਥਲ ਸ਼ੁਰੂ ਹੋ ਗਈ । ਦੇਰ ਸ਼ਾਮ ਤੱਕ , ਰੰਮ-ਪਾਣੀ ਛਕਦਿਆਂ ਉਸਨੇ ਆਪਣੇ ਵੱਲੋਂ ਇਸ ਨੂੰ ਪੂਰੀ ਤਰ੍ਹਾਂ ਕਾਬੂ ਵੀ ਕੀਤੀ ਰੱਖਿਆ । ਅੱਧੀ ਕੁ ਰਾਤੀਂ ਘਰ ਚੰਗਾ-ਭਲਾ ਮੁੜ ਕੇ , ਠੀਕ-ਠਾਕ ਲੇਟ ਵੀ ਗਿਆ । ਤਾਂ ਵੀ ...ਬਾਕੀ ਬਚਦੀ ਰਾਤ ਉਸਨੂੰ ਜਿਵੇਂ ਕੰਡਿਆਂ ਸੂਲਾਂ ਤੇ ਤੁਰਦਿਆਂ ਕੱਟੀ ਹੋਵੇ । ...ਕਦੀ ਬਾਹਰ ਵਿਹੜੇ ਚ ਕਦੀ ਮੁੜ ਅੰਦਰੇ ਮੰਝੇ ਤੇ । ਉਸਦੇ ਪੈਰਾਂ ਦੀ ਬਿੜਕ ਸੁਣ ਕੇ ਜਾਗੀ , ਧੰਨਤੀ ਨੇ ਉਸਨੂੰ ਕਈ ਵਾਰ ਪੁੱਛਿਆ ਵੀ –   ਕੀ ਗੱਲ ਆ ਪੁੱਤ ਸੌਂਦਾ ਨਈਂ , ਦੁਖਦਾ ਕੁਸ਼ ....।
 ਨਈਂ ਮਾਂ ਕੁਸ਼ ਨਈਂ ਦੁੱਖਦਾ , ਐਮੇਂ ਜ਼ਰਾ ਨੀਂਦ ਉੱਖੜ ਗਈ ਸੀ ।  ਇਸ ਤੋਂ ਵੱਧ ਮੱਖਣ ਮਾਂ ਨੂੰ ਦੱਸਦਾ ਵੀ ਕੀ ...।
ਇਸੇ  ਐਮੇਂ ਜ਼ਰਾ ... ਨੇ ਉਸਦੀ ਬੁੱਢੀ ਮਾਂ ਨੂੰ ਹੋਰ ਵੀ ਫਿਕਰਮੰਦ ਕਰ ਦਿੱਤਾ ਸੀ । ਉਸਨੇ ਉਸੇ ਵੇਲੇ ਮੱਖਣ ਦੇ ਬਾਪੂ ਸਾਧੂ ਸਿੰਘ ਨੂੰ ਹਿਲੂਣ ਕੇ ਜਗਾਉਂਦਿਆਂ ਕਿਹਾ ਸੀ –  ਦੇਖ....ਦੇਖ ਤੂੰ ਲੰਮੀਆਂ ਤਾਣ ਕੇ ਸੁੱਤਾ ਪਿਆਂ , ਮੁੰਡੇ ਬਾਰੇ ਵੀ ਸੋਚ ਕੁਸ਼ ...ਸੁੱਤਾ ਨਈਂ ਰਾਤ ਸਾਰੀ ...ਕਲ੍ਹ ਨੂੰ ਜਾਹ ਵਿਚੋਲੇ ਕੋਅਲ ...। ਉਨੂੰ ਆਖ ਤਰੀਖ਼ ਪੱਕੀ ਕਰਨ, ਨਈਂ ਅਸੀਂ ਹੋਰ ਕੋਈ ਪਾਸਾ ਦੇਖੀਏ ....।
ਦੂਜੇ ਦਿਨ ਸਵੇਰੇ ਸਵਖ਼ਤੇ ਉਠ ਕੇ ਸਾਧੂ ਸਿੰਘ ਚਾਹ-ਪਾਣੀ ਪੀ ਕੇ ਵਿਚੋਲੇ ਵੱਲ ਚਲੇ ਗਿਆ ਸੀ , ਤੇ ਮੱਖਣ ਅੱਧੋਰਾਣਾ ਹੋਇਆ ,ਘੁੰਮਦਾ ਫਿਰਦਾ ਪਹਿਲਾਂ ਖੇਤ-ਬੰਨੇ ਵੱਲ ਨੂੰ ਨਿੱਕਲ ਗਿਆ ,ਫਿਰ ਦੁਪਹਿਰ ਕੁ ਵੇਲੇ ਪਿੰਡ ਦੀ ਚੜ੍ਹਦੀ ਬਾਹੀ ਆਪਣੇ ਨਿੱਘੇ ਜੁੱਟ , ਲੰਗੋਟੀਏ ਯਾਰ ਦੁਰਗੇ ਦੀ ਹੱਟੀ ਤੇ ਪੁੱਜ ਗਿਆ ਸੀ । ਆਪਣੀ ਵੱਲੋਂ ਚਿੱਤ ਹਲਕਾ ਕਰਨ ਲਈ । ਦੁਰਗੇ ਨਾਲ ਹਾਸਾ-ਠੱਠਾ ਕਰਕੇ , ਗੱਪ-ਸ਼ੱਪ ਮਾਰ ਕੇ । ਪਰ ਏਥੇ ਪੁੱਜ ਕੇ ਉਹ ਰਹਿੰਦਾ ਵੀ ਮਿੱਟੀ ਹੋ ਗਿਆ । ਇਕ ਤਾਂ ਉਸ ਨੂੰ ਉੱਡ ਕੇ ਮਿਲਣ ਵਾਲਾ ,ਉਸ ਨਾਲ ਕੌਡ-ਕਬੱਡੀ , ਖਿੱਦੋ-ਖੂੰਟੀ ਖੇਲ੍ਹਣ ਵਾਲਾ ਦੁਰਗਾ ਉਸ ਨੂੰ ਸੱਤ-ਪਰਾਇਆਂ ਨਾਲੋਂ ਵੀ ਵੱਧ ਰੁੱਖਾ ਹੋ ਕੇ ਟੱਕਰਿਆ ਸੀ , ਤੇ ਦੂਜੇ...ਦੂਜੇ ਹੱਟੀ ਅੰਦਰ ਖੜ੍ਹਾ-ਬੈਠਾ ਹਰ ਕੋਈ ਉਸ ਨੂੰ ਦੇਸ਼-ਦੁਸ਼ਮਣ , ਹੱਦੋਂ ਸਰਹੱਦੋਂ ਪਾਰ ਦਾ ਘੁਸਪੈਠੀਆਂ ,ਕੋਈ ਗੈਰ-ਮੁਲਕੀ ਬਾਸ਼ਿੰਦਾ ਮਿਥ ਕੇ ਉਸ ਵੱਲ ਨੂੰ ਕੌੜੀ ਅੱਖੇ ਦੇਖ ਰਿਹਾ ਸੀ । ਉਸਨੂੰ ਸਮਝ ਨਹੀਂ ਸੀ ਆਉਂਦੀ ਕਿ ਉਸ ਦੇ ਆਪਣੇ ਹੀ ਪਿੰਡ ਦੇ , ਉਸ ਦੇ ਜਾਣੇ –ਪਛਾਣੇ ਭਰਾ-ਭਾਈ , ਕਿਸ ਕਾਰਨ ਉਸ ਨੂੰ ਕੀ ਦਾ ਕੀ ਆਖਣ ਲੱਗੇ ਪਏ ਸਨ  । ਉਸ ਦਾ ਪੱਗ-ਵੱਟਾਂ ਨਾਲੋਂ ਵੀ ਨੇੜਤਾ ਦੁਰਗਾ ਕਿਉਂ ਉਸ ਉਤੇ ਸੂਹਾਂ ਲੈਣ ਵਰਗੀ ਇਲਜ਼ਾਮ-ਤਰਾਸ਼ੀ ਕਰਦਾ ,ਉਸ ਦੀ ਸ਼ਕਲ ਵਰਗੇ ਸਿੱਖਾਂ ਨੂੰ ਸਿੱਖੜੇ ਆਖ ਕੇ , ਉਨ੍ਹਾਂ ਦਾ ਇਕ ਵਾਰ ਫਿਰ 84 ਵਰਗਾ ਇਲਾਜ ਕਰਨ ਦੀ ਧਮਕੀ ਦੇ ਰਿਹਾ ਸੀ ।
ਇਹ ਬੀਤੀ ਰਾਤ ਹੈੱਡ-ਫੂਨ ਰਾਹੀਂ ਸੁਣੀ ਬਾਤ-ਵਾਰਤਾ ਦਾ ਭੈਅ ਸੀ , ਜਾਂ ਦੀਨ ਦਿਆਲ ਦੇ ਪੱਟਾਂ ਤੇ ਖੁੱਲੀ ਪਈ ਅਖ਼ਬਾਰ ਦੀ ਵੱਡੀ ਸੁਰਖੀ ਦਾ ਸਹਿਮ , ਕਿ ਦੁਰਗੇ ਦੀ ਹੱਟੀ ਅੰਦਰ ਬੈਠੇ ਮੱਖਣ ਨੇ ਆਪਣੇ ਆਪ ਨੂੰ ਅਜੀਬ ਕਿਸਮ ਦਾ ਦੁਸ਼ਮਣ-ਘੇਰੇ ਅੰਦਰ ਘਿਰਿਆ ਮਹਿਸੂਸ ਕੀਤਾ ।
ਤਾਂ ਵੀ , ਕਿੰਨਾ ਸਾਰਾ ਤਾਣ ਲਾ ਕੇ ਉਸਨੇ ਆਪਣਾ ਆਪ ਸੰਭਾਲਿਆ , ਜਿਵੇਂ ਚਾਣਚੱਕ ਹੋਈ ਬੰਬ-ਬਾਰੀ ,ਗੋਲਾ-ਬਾਰੀ ਵੇਲੇ ਸੰਭਲਿਆ ਕਰਦਾ ਸੀ , ਅਗਲੇ ਮੋਰਚਿਆਂ ਤੇ । ਉਸਨੇ ਤਰਵੀਂ ਤਰਵੀਂ ਨਿਗਾਹ ਹੱਟੀ ਅੰਦਰ ਖੜ੍ਹੇ-ਬੈਠੇ ਸਾਰੇ   ਹਮਲਾਅਵਰਾਂ ਤੇ ਸੁੱਟੀ । ਸਾਰੇ ਉਸਦੇ ਜਾਣ-ਪਛਾਣ ਜੀਅ ਸਨ । ਕੋਈ ਦੁਰਗੇ ਦਾ ਤਾਇਆ ਲਗਦਾ ਸੀ । ਕੋਈ ਚਾਚਾ , ਕੋਈ ਭਰਾ-ਭਾਈ । ਉਸਦੀ ਰੀਸੇ ਮੱਖਣ ਵੀ ਕਿਸੇ ਨੂੰ ਤਾਇਆ ਕਹਿ ਕੇ ਬਲਾਉਂਦਾ , ਕਿਸੇ ਨੂੰ ਚਾਚਾ , ਕਿਸੇ ਨੂੰ ਭਾਅ-ਭਰਾ ।
ਏਹ ਕੀ ਮਾਮਲਾ ਐ  ਤਾਇਆ ਜੀ ...ਕੇਦ੍ਹੀ ਚੁੱਕ ਚ ਆਏ ਬੈਠੇ ਓਂ ...। ਉਸਦੇ ਦੀਨ ਦਿਆਲ ਨੂੰ ਮੁਖਤਾਬ ਹੁੰਦਿਆਂ ਪੁੱਛਿਆ –  ਏਹ ਸਿੱਖ ਮੁਸਲਮਾਨ ਤੁਹਾਡੇ ਦੁਸ਼ਮਣ ਕਦ ਦੇ ਬਣ ਗਏ ...?
ਚੁੱਕ ਚੁਕਾ ਨਈਂ ਹੌਲਦਾਰਾ , ਸੱਚੀ ਗੱਲ ਆ ਏਹ ।ਦੁਸ਼ਮਣ ਹੋਰ ਕਿੱਦਾਂ ਦੇ ਹੁੰਦੇ ਆ । ਆਹ ਮੁੰਡਾ ਤਾਂ ਐਂਮੇ ਦੀ ਚਿੰਜੜੀ ਛੇੜ ਗਿਆ । ਕੀ ਨਾਂ ਲਈ ਦਾ , ਹੋਈ ਬੀਤੀ ਐਂਮੇਂ ਨਮੇਂ ਸਿਰਿਉਂ ਖੜ੍ਹੀ ਕਰ ਤੀ ਪਰ ਮੁਸਲਿਆਂ ਸੌਹਰੀ ਦਿਆ ਨੇ ਤਾਂ ਅੱਤ ਚੁੱਕੀ ਪਈ ਆ ।ਕਦੀ ਕਿਧਰੇ । ਕੀ ਨਾ ਲਈਦਾ ਆਹ ਹੁਣ ਕੀ ਕੀਤਾ । ਚਲਦੀ ਗੱਡੀ ਸਾਰੀ ਫੂਕ ਤੀ , ਰਾਮ ਸੇਵਕ ਜੀਉਂਦੇ ਸਾੜ ਤੇ  । ਆਹ ਦੇਖ , ਆਹ ਪੜ੍ਹ । ਹੱਦ ਹੋ ਗਈ । ਲੋੜ੍ਹਾ ਆ ਗਿਆ ਲੋੜ੍ਹਾ । ਕੀ ਨਾ ਲਈ ਦਾ , ਸਾਡੀ ਈ ਬਿੱਲੀ ਸਾਨੂੰ ਈ ਮਿਆਊਂ ! ਸਾਡੇ ਮੁਲਖ ਦਾ ਅੰਨ-ਪਾਣੀ ਖਾ ਕੇ ਸਾਨੂੰ ਈ ਅੱਖਾਂ ਦਿਖਾਉਂਦੇ ਆ , ਸਾਡੇ ਈ ਸਿਰ ਨੂੰ ਆਉਂਦੇ ਆ । ਕੀ ਨਾਂ ਲਈਦਾ , ਅਖੇ ਰਾਮ-ਮੰਦਰ ਨਈਂ ... ਸ਼ੈੱਲਰ ਮਾਲਕ ਦੀਨ ਦਿਆਲ ਚਾਹੁੰਦਾ ਹੋਇਆ ਵੀ ਆਪਣੇ ਆਪ  ਤੇ ਕਾਬੂ ਨਾ ਰੱਖ ਸਕਿਆ –  ਕੈਸੇ ਨਈਂ ਬਨਨੇ ਦੇਂਗੇ ...ਏਨ੍ਹਾਂ ਦੇ ਪੇਏ ਦਾ ਰਾਜ ਆ । ਅਬ ਦੇਂਗੇ ।ਈਂਟ ਕਾ ਜਵਾਬ ਪੱਥਰ ਸੇਏ ...ਅੱਬ ਦੇਖੋ ਬਣਦਾ ਕੀ ਆ ...ਪੁਸ਼ਤੋਂ ਭਰ ਯਾਦ ਕਰਨਗੇ ਸਾਲੇ ... ਤੈਸ਼ ਚ  ਆਇਆ ਦੀਨ ਦਿਆਲ ਹਿੰਦੀ ਪੰਜਾਬੀ ਦੀ ਖਿਚੜੀ ਕਰਦਾ ,ਝੱਟ ਬਿੰਦ ਲਈ ਚੁੱਪ ਹੋ ਗਿਆ । ਉਸਦੀ ਉੱਚੀ ਹੋਈ ਸੁਰ ਇਕ ਦਮ ਬੈਠਦੀ ਹੋ ਗਈ । ਇਉਂ ਉਸਨੂੰ ਸਾਹ ਚੜ੍ਹ ਜਾਣ ਕਾਰਨ ਹੋਇਆ ਸੀ ਜਾਂ ਹੁੱਥੂ ਆਉਣ ਕਾਰਨ । ਮੱਖਣ ਦਾ ਇਸ ਵੱਲ ਧਿਆਨ ਨਹੀਂ ਸੀ ਗਿਆ । ਉਸਨੇ ਦੀਨ ਦਿਆਲ ਨੂੰ ਕੁੜਤੀ ਦੀ ਅੰਦਰਲੀ ਜੇਬ ਚੋਂ ਰੰਗਦਾਰ ਡੱਬੀ ਕੱਢਕੇ ਜ਼ਰੂਰ ਦੇਖਿਆ । ਪੈਨਸਲ ਸੈੱਲ ਜਿੱਡੀ ਡੱਬੀ ਦਾ ਢੱਕਣ ਲਾਹ ਕੇ ਦੀਨ ਦਿਆਲ ਨੇ ਦੋਨਾਂ ਨਾਸਾਂ ਤੇ ਵਾਰੀ ਵਾਰੀ ਰੱਖ ਕੇ ਲੰਮੇ ਸਾਹ ਭਰੇ । ਘੜੀ ਪਲ ਪਿੱਛੋਂ ਉਹ ਫਿਰ ਤੰਦਰੁਸਤ ਸੀ –ਕੀ ਨਾਂ ਲਈਦਾ , ਹੌਲਦਾਰ ਮੱਖਣ ਸਿੰਆਂ ਹੈ ਤਾਂ ਮਾੜੀ ਗੱਲ ਏਹ , ਪਰ ਕਰੀਏ ਕੀਈ । ਆਹ ਮੁੰਡੇ ਹੁਣ ਵੱਸੋਂ ਬਾਅਰ ਹੋਏ ਪਏ ਆ । ਕੈਦ੍ਹੇ ਆ ਹੁਣ ਦੇਣਾ ਤਾਂ ਪੈਣਾ ਈ ਆ ਦਾਖੂ-ਦਾਣਾ , ਇਸ ਵਾਰ ਜ਼ਰਾ ਚੰਗੀ ਤਰ੍ਹਾਂ ...। ਉਸਦੀ ਗੱਲ ਵਿਚਕਾਰੋਂ ਟੋਕਦਾ ਦੁਰਗਾ ਫਿਰ ਭੜਕ ਉੱਠਿਆ –  ਜਿੱਦਾਂ ਦਾ ਸਿੱਖਾਂ ਨੂੰ ਦਿੱਤਾ ਸੀਈ ਚੁਰਾਸੀ ਚ ...।
ਓਏ ਤੂੰ ਚੁੱਪ ਵੀ ਕਰਦਾ ਕਿ ਨਈਂ ...! ਕੀ ਨਾਂ ਲਈ ਦਾ , ਗੱਲ ਕੋਈ ਹੋਰ ਹੋਣ ਡੇਈ ਆ , ਏਹ ਆਪਣੇ ਈ ਮਾਰੀ ਜਾਂਦਾ ਫੌੜ!....।
ਮੁੜ ਘੜੀ ਚੁਰਾਸੀ ਦਾ ਜ਼ਿਕਰ ਸੁਣ ਕੇ ਹੌਲਦਾਰ ਮੱਖਣ ਸਿੰਘ ਦੇ ਫੌਜੀ ਰੋਹ ਨੇ ਫਿਰ ਉਬਾਲਾ ਖਾਧਾ । ਥੋੜ੍ਹੀ ਕੁ ਜ਼ਰਬ ਇਸ ਨੂੰ ਉਸਦੇ ਸਿੱਖ ਹੋਣ ਨੇ ਦੇ ਦਿੱਤੀ । ਝੱਟ-ਪੱਟ ਉਸਨੇ ਜਵਾਬੀ ਕਾਰਵਾਈ ਕਰਨ ਲਈ ਕਮਰ ਕਸ ਲਈ । ਸੂਬੇਦਾਰ ਗਿਆਨ ਸਿੰਘ ਨਾਲ ਆਮ ਕਰਕੇ ਹੁੰਦੀ ਰਹਿੰਦੀ ਗਿਆਨ-ਗੋਸ਼ਟ ਰਾਹੀਂ ਸਿੱਖੇ ਸਮਝੇ ਬੋਲ ਉਸਨੇ ਸਿੱਧੇ ਦੀਨ ਦਿਆਲ ਵੱਧ ਨੂੰ ਸੇਧ ਦਿੱਤੇ । ਉਸਨੇ ਕਹਿਣਾ ਚਾਹਿਆ – ਤਾਇਆ ਦੀਨ ਦਿਆਲਾ , ਏਹ ਦੁਰਗਾ ਆਪਣੇ ਫੌੜ੍ਹ ਨਈਂ ਮਾਰਦਾ , ਤੇਰੀ ਸਿੱਖਮੱਤ ਦਾ ਈ ਚਰਬਾ ਕਰਦਾ ਆ , ਤੇਰੀ ਗੁਰਦੱਖ਼ਣਾ ਦਾ । ਤੇਰੇ ਅਰਗੇ ਘੜੰਮ-ਚੌਧਰੀਆਂ ਸਾਰਾ ਮੁਲਖ਼ ਲੀਰਾਂ ਕੀਤਾ ਪਿਆ , ਲੀਰਾਂ । ਕਿਧਰੇ ਧਰਮਾਂ-ਮਜ਼ਬ੍ਹਾਂ ਚ ਵੰਡ ਕੇ ,ਕਿਧਰੇ ਜਾਤਾਂ-ਫਿਰਕਿਆਂ ਦੀ ਕੂਚੀ ਫੇਰ ਕੇ । ਏਹ ਚੜੀ-ਚੁਰਾਸੀ  ਵੀ ਤੂੰ ਈ ਏਦ੍ਹੇ ਮੂੰਹ ਚ ਪਾਈ ਐ । ਹੁਣ ਮੰਦਰ ਮੁੱਦਾ ,ਮਸਜਦ ਮੁੱਦਾ , ਰੇਲ-ਗੱਡੀ ਦੀ ਸਾੜ-ਫੂਕ ਵੀ ਤੂੰ ਈਂ ਏਦ੍ਹੇ ਸਿਰ ਚ ਤੁੰਨੀ ਜਾਨਾਂ । ਨਈਂ ਮੇਰੇ ਲਈ ਕੇੜ੍ਹਾ ਏਹ ਓਪਰਾ ! ਮੈਂ ਕੇੜ੍ਹਾ ਜਾਣਦਾ ਨਈਂ ਏਨੂੰ , ਕਿੰਨੇ ਕੁ ਪਾਣੀਆਂ ਚ ਆ ਏਹ...।
ਇਹ ਦੀਨ ਦਿਆਲ ਦੀ ਬਜ਼ੁਰਗੀ ਦਾ ਆਲਮ ਸੀ ਜਾਂ ਹੌਲਦਾਰ ਮੱਖਣ ਸਿੰਘ ਅੰਦਰਲੇ ਫੌਜੀ ਅਨੁਸ਼ਾਸ਼ਨ ਦੀ ਰੋਕ ਟੋਕ ਕਿ ਜੀਭ ਤੱਕ ਖਿਸਕ  ਆਏ ਤਲਖੀ ਭਰ ਬੋਲ , ਉਸਨੇ ਆਪਣੇ ਬੁੱਲ੍ਹਾਂ ਤੋਂ ਬਾਹਰ ਨਾ ਕਿਰਨ ਦਿੱਤੇ ।
ਦੁਰਗੇ ਦੀ ਹੱਟੀ ਅੰਦਰਲੇ ਜੰਗ ਵਰਗੇ ਮਾਹੌਲ ਨੂੰ ਪੀਸ-ਏਰੀਆ  ਬਣਾਉਣ ਲਈ ਉਸਨੇ ਆਪਣੇ ਢੰਗ ਨਾਲ ਮੋੜਾ ਦੇ ਲਿਆ । ਆਪਣੇ ਅੰਦਰਲੀ ਸਾਰੀ ਹਲਚਲ ਨੂੰ ਪੂਰੀ ਤਰ੍ਹਾਂ ਕਾਬੂ ਕਰਕੇ , ਉਸਲੇ ਦੁਰਗੇ  ਵੱਲ ਸਿੱਧਾ ਝਾਕਦਿਆਂ ਮੁਸਕਰਾਉਂਦੇ ਨੇ ਪੁੱਛਿਆ –  ਕਿਉਂ ਦੁਰਗਿਆਂ ਤੂੰ ਕਿੰਨੇ ਕੁ ਸਿੱਖ ਮਾਰੇ ਸੀਈ ਚੁਰਾਸੀ ਚ ...? ਉਦੋਂ ਤਾਂ ਆਪਾਂ ਕੱਠੇ ਪੜ੍ਹਦੇ ਸੀ ਦਸੂਏ , ਅੰਠਮੀਂ ਚ ...। ਇਉਂ ਆਖਦਾ ਮੱਖਣ ਜਿਵੇਂ ਦੁਰਗੇ ਨੂੰ ਚੇਤੇ ਕਰਵਾ ਰਿਹਾ ਹੋਵੇ –  ਬੰਦਾ ਤਾਂ ਕੀ , ਤੈਤੋਂ ਤਾਂ ਇਕ ਸਿੱਖ ਦੇ ਚਪੇੜ ਨਈਂ ਸੀ ਮਾਰੀ ਗਈ ...। ਦੁਰਗੇ ਨੇ ਮੱਖਣ ਦੀ ਲਾਈ ਟਕੋਰ ਸਮਝ ਕੇ ਝੱਟ ਨੀਵੀਂ ਪਾ ਲਈ । ਉਸ ਨੂੰ ਬੇਦੀ ਮਾਸਟਰ ਦੀ ਸਮਾਜਿਕ ਦੀ ਘੰਟੀ ਸਮੇਂ ਹੋਈ ਵਾਪਰੀ ਅਜੇ ਕਲ੍ਹ ਵਾਪਰੀ ਘਟਨਾ ਵਾਂਗ ਚੇਤੇ ਆ ਗਈ । ...ਨਾ ਮੱਖਣ ਨੂੰ ਸਮਾਜਿਕ ਦਾ ਪਾਠ ਚੇਤੇ ਸੀ , ਨਾ ਦੁਰਗੇ ਨੂੰ । ਹੋਰ ਵੀ ਕਈ ਸਨ ਉਨ੍ਹਾਂ ਵਰਗੇ । ਸਾਰੇ ਕਮਰਿਉਂ ਬਾਹਰ ਖੜ੍ਹੇ ਸਨ ਲਾਇਨ ਬਣਾ ਕੇ । ਹੱਥਾਂ ਚ ਐੱਮ-ਬੀ-ਡੀਆਂ ਲਈ । ਜਿਹੜਾ ਜਿਹੜਾ ਕੋਈ  ਅਟਕਲ ਪੱਚੂ ਮਾਰੀ ਜਾਂਦਾ , ਉਸਨੂੰ ਅੰਦਰ ਬੈਠਣ ਦੀ ਆਗਿਆ ਮਿਲੀ ਜਾਂਦੀ । ਦੁਰਗੇ –ਮੱਖਣ ਤੋਂ ਏਨਾ ਵੀ ਨਾ ਹੋਇਆ । ਘੰਟੀ ਮੁੱਕਣ ਤੇ ਬੇਦੀ ਮਾਸਟਰ ਨੇ ਏਨ੍ਹਾਂ ਦੋਨਾਂ ਨੂੰ ਹਲਕੀ ਜਿਹੀ ਫਿਟਕਾਰ ਪਾਉਂਦਿਆਂ ਕਿਹਾ ਸੀ – ਤੁਸੀਂ ਆਲਮਪੁਰੀਓ ਢੀਠੋ , ਇਕੋ ਥਾਂ ਦਾ ਗੁੱਦੜ ਮਾਲ ! ਸ਼ਰਮ ਕਰੋ ਸ਼ਰਮ । ਚਲੋ ਮਾਰੋ ਇਕ ਇਕ ਚਪੇੜ ਇਕ ਦੂਜੇ ਦੇ ਮੂੰਹ ਤੇ .....। ਮੱਖਣ ਨੇ ਤਾਂ ਖੈਰ ਸਹਿੰਦੀ ਸਹਿੰਦੀ ਚੁਪੇੜ ਮਾਰ ਈ ਦਿੱਤੀ ਸੀ ਦੁਰਗੇ ਦੇ ,ਨਾ ਬਹੁਤੀ ਕੱਸਵੀਂ , ਨਾ ਬਹੁਤੀ ਪੋਲੀ । ਪਰ ,ਦੁਰਗੇ ਨੇ ਜਿਵੇਂ ਮੱਖਣ ਦੀ ਗੱਲ੍ਹਤੇ ਪੋਚਾ ਜਿਹਾ ਦਿੱਤਾ ਹੋਵੇ ਤਿਲਕਵਾਂ ਜਿਹਾ । ਪਿਆਰ ਜਿਹਾ ਦਿੱਤਾ ਹੋਵੇ ਖੁੱਲੇ ਹੱਥ ਨਾਲ । ਉਸਦੀ ਇਸ ਢਿੱਲ-ਮੱਠ ਤੇ ਬੇਦੀ ਮਾਸਟਰ ਦਾ ਗੁੱਸਾ ਪੂਰੇ ਸੌ ਨੰਬਰ ਤੇ ਪਹੁੰਚ ਗਿਆ ਸੀ । ਕਾੜ੍ਹ ਕਰਦੀ ਚੁਪੇੜ ਦੁਰਗੇ ਦੀ ਸੱਜੀ ਗੱਲ੍ਹ ਤੇ ਮਾਰਦੇ ਕਿਹਾ – ਹੈਦਾਂ ਨਈਂ ਐਦਾਂ ....।
ਚਾਣਚੱਕ ਵੱਜੇ ਲੱਫ਼ੜ ਨਾਲ ਬੌਂਦਲੇ ਦੁਰਗੇ ਨੇ ਉਸ ਦਿਨ ਛੁੱਟੀ ਵੇਲੇ ਤਕ ਨਿੰਮੋਝਾਣ ਹੋਏ ਨੇ , ਕਿਸੇ ਸਾਹਮਣੇ ਅੱਖ ਨਹੀਂ ਸੀ ਚੁੱਕੀ ।
...ਦੁਰਗੇ ਨੂੰ ਸਿਰ ਸੁੱਟੀ ਬੈਠਾ ਦੇਖ ਕੇ ਸ਼ੈੱਲਰ ਮਾਲਕ ਦੀਨ ਦਿਆਲ ਨੇ ਵਾਰਤਾ ਬਦਲ ਲਈ –ਹੋਰ ਸੁਣਾ ਫੇਏ ਮੱਖਣ ਸਿਆਂ ਕਦ ਆਇਆਂ, ਕਿੰਨੀ ਕੁ ਛੁੱਟੀ ਆ ...? ਕੀ ਨਾਂ ਲਈ ਦਾ , ਅੱਜ ਕੱਲ੍ਹ ਕਿਥੇ ਹੁੰਨਾਂ ...?
ਜੇ .ਕੇ. ਚ ਹੁੰਨਾਂ , ਕਾਰਗਿਲ ਬਾਡਰ ਤੇ ...ਕਲ੍ਹ ਈ ਆਇਆਂ , ਹੈਅ ਮੀਨ੍ਹੇ ਕੁ ਦੀ ਛੁੱਟੀ ... ਦੀਨ ਦਿਆਲ ਦੇ ਪੁੱਛੇ ਦੋ-ਤਿੰਨ ਇਕੱਠੇ ਪ੍ਰਸ਼ਨਾਂ ਦਾ ਉੱਤਰ ਤਾਂ ਉਸ ਨੇ ਇਹ ਦੇਣਾ ਸੀ । ਪਰ , ਉਸਦੀ ਜੀਭ ਤਕ ਆਏ ਬੋਲ ਉਸਦੇ ਬੁਲ੍ਹਾਂ ਅੰਦਰ ਹੀ ਕਿਧਰੇ ਠਾਕੇ ਗਏ । ਉਸਦਾ ਥੋੜ੍ਹਾ ਕੁ ਖੁਲ੍ਹਿਆ ਮੂੰਹ , ਖੁੱਲੇ ਦਾ ਖੁੱਲ੍ਹਾ ਰਹਿ ਗਿਆ ।
...ਬਾਤ-ਚੀਤ ਦੀ ਧੁਰੀ ਬਦਲ ਜਾਣ ਕਾਰਨ ਹੱਟੀ ਅੰਦਰ ਜੁੜੀ ਭੀੜ ਕਿਰਨਮ-ਕਿਰਨੀ ਪਿਛਲੇ ਦਰਵਾਜਿਉਂ ਖਿਸਕਣ ਲੱਗ ਪਈ ਸੀ । ਹਰ ਇਕ ਦੀ ਮੁੱਠ ਚ ਇਕ ਇਕ ਤ੍ਰਿਸ਼ੂਲ , ਤਿੱਖਾ ਨੋਕੀਲਾ । ਕੋਈ ਛੋਟਾ ਕੋਈ ਵੱਡਾ । ਇਨ੍ਹਾਂ ਵੱਲ ਵੇਖਦੇ ਮੱਖਣ ਦੀ ਸੁਰਤੀ-ਬਿਰਤੀ ਹੋਰ ਵੀ ਛੰਡੀ ਗਈ । ਦੇਹ-ਜਾਨ ਹੋਰ ਵੀ ਪੱਛੀ ਗਈ । ਓੜਕ-ਛੋਹਾ ਬੈਠਾ ਉਹ ਸਟੂਲ ਤੋਂ ਡਿਗਣ ਕੰਢੇ ਪੁੱਜ ਗਿਆ । ਉਸਨੂੰ ਲੱਗਾ , ਉਸਦੇ ਦਿਲ-ਦਿਮਾਗ਼ ਤੇ ਪਿਆ ਬੋਝ , ਉਸ ਉੱਤੇ ਹੋਰ ਵੀ ਦਾਬੂ ਹੋਣ ਲੱਗ ਪਿਆ ਹੈ । ਉਸ ਨੂੰ ਆਪਣਾ ਆਪ , ਆਪਣੇ ਅੰਗ ਪੈਰ ਜਿਵੇਂ ਕਾਬੂ ਤੋਂ ਬਾਹਰ ਹੁੰਦੇ ਲੱਗੇ ।ਰਾਤ ਸੁਣੀ ਬਾਤ-ਵਾਰਤਾ ਉਸਦੇ ਕੰਨਾਂ ਦੀ ਬਜਾਏ ਸਿਰ ਚ ਗੂੰਜਣ ਲੱਗ ਪਈ । ਉਸਦਾ ਅੰਦਰ ਮੱਲੀ ਬੈਠੇ ਬੋਲ ਆਪ-ਮੁਹਾਰੇ ਉਸਦੇ ਮੂੰਹੋ ਤਿਲਕ ਗਏ । ਬਿਲਕੁਲ ਉਸੇ ਢੰਗ ਨਾਲ ਜਿਵੇਂ ਸੁਣੇ ਸਨ ਰਾਤੀਂ –  ਤ੍ਰਿਸ਼ੂਲ ਸਾਬ੍ਹ ਜੀਈ , ਆਦਾਬ ਅਰਜ਼ ਐ....ਆਦਾਬ ਅਰਜ਼ ਐ ...। ਪਲ ਕੁ ਭਰ ਚੁੱਪ ਰਹਿ ਕੇ ਉਸਨੇ ਦੂਜੀ ਆਵਾਜ਼ ਦੀ ਸੁਰ ਕੱਢੀ –  ਸ੍ਰੀਮਾਨ ਖੰਜਰ ਜੀ , ਨਮਸਕਾਰੱਮ...ਨਮਸਕਾਰੱਮ ...। ਫਿਰ ਵਾਰੀ ਵਾਰੀ ਇਨ੍ਹਾਂ ਦੋਨਾਂ ਵਾਕਾਂ ਨੂੰ ਉਸਨੇ ਕਈ ਵਾਰ ਦੁਹਰਾਇਆ । ਬੋਲਦਾ-ਦੁਹਰਾਉਂਦਾ ਉਹ ਘੜੀ-ਪਲ ਪਿੱਛੋਂ ਰੋਣ-ਡੁਸਕਣ ਲੱਗ ਪਿਆ । ਉਸਦੀ ਭਲੀ ਚੰਗੀ ਆਵਾਜ਼ ਇਕ ਦਮ ਬੈਠਦੀ ਹੋ ਗਈ , ਉਸਦੀ ਬੱਝ ਗਈ ਘਿੱਗੀ ਚੋਂ ਥਰਕਦੇ ਬੋਲ ਫਿਰ ਵੀ ਵਾਰ ਵਾਰ ਆਖੀ ਜਾ ਰਹੇ ਸਨ-ਸ੍ਰੀਮਾਨ ਖੰਜਰ ਜੀ , ਤ੍ਰਿਸ਼ੂਲ ਸਾਬ੍ਹ ਜੀ , ਆ  ਪੁੱਜੇ ਓਂ ਐਥੇ ਤਕ ਵੀ , ...ਐਥੇ ਸਾਡੇ ਪਿੰਡ ,ਸਾਡੇ ਦੁਰਗੇ ਦੀ ਹੱਟੀ ਤਕ ਵੀ , ਹੁਣ ਨਈਂ ਬਚਦਾ ਦੁਰਗਾ ...ਹੁਣ ਨਈਂ ਬਚਦਾ ਮੱਖਣ ...ਹੁਣ ਨਈਂ ਬਚਦਾ ਮੁਲਕ ...ਹੁਣ ਹੋਣਗੀਆਂ ਲੀਰਾਂ ..ਹੁਣ ਬਣੂ ਚੁਰਾਸੀ ਹਰ ਥਾਂ..।
ਹੱਟੀ ਅੰਦਰੋਂ ਬਾਹਰ ਜਾਂਦੇ ਪੈਰਾਂ ਦੀ ਆਹਟ ਦੌਰਾਨ ਮੱਖਣ ਹੋਰ ਪਤਾ ਨਹੀਂ ਕੀ ਕੁਝ ਬੋਲਦਾ ਰਿਹਾ- ਕਦੀ ਉੱਚੀ ਸੁਰ ਚ ਕਦੀ ਧੀਮੀ ਆਵਾਜ਼ ਨਾਲ । ਇਸ ਵੱਲ ਨਾ ਦੁਰਗੇ ਦਾ ਧਿਆਨ ਗਿਆ ਸੀ , ਨਾ ਦੀਨ ਦਿਆਲ ਦਾ । ਉਹ ਦੋਵੇਂ ਤ੍ਰਿਸ਼ੂਲ-ਦੀਖਸ਼ਾ ਦੇ ਸ੍ਰੀ –ਗਨੇਸ਼ ਅੰਦਰ ਪੂਰੇ ਦੇ ਪੂਰੇ ਰੁੱਝੇ ਰਹੇ ਸਨ ।
ਪਿਛਲੇ ਦਰਵਾਜ਼ਿਉਂ ਕਰੀਬ ਕਰੀਬ ਸਭ ਦੇ ਚਲੇ ਜਾਣ ਪਿੱਛੋਂ ਦੀਨ ਦਿਆਲ ਨੇ ਮੱਖਣ ਵੱਲ ਨੂੰ ਬੇਹੱਦ ਕੌੜ ਜਿਹੀ ਨਾਲ ਦੇਖਿਆ । ਉਵੇਂ ਹੀ ਦੁਰਗੇ ਨੇ । ਨੀਵੀਂ ਪਾਈ ਬੈਠਾ ਮੱਖਣ ਉਨ੍ਹਾਂ ਨੂੰ ਨਾ ਹੁਣ ਕੁਝ ਬੋਲਦਾ ਲੱਗਾ , ਨਾ ਚੁੱਪ ਹੋਇਆ ਜਾਪਿਆ । ਉਸਦੇ ਹਿਲਦੇ-ਫਰਕਦੇ ਬੁਲ੍ਹ ਜਿਵੇਂ ਆਪਣੇ ਆਪ ਨਾਲ ਗੱਲਾਂ ਕਰ ਰਹੇ ਸਨ । ਉਹ ਵੀ  ਪਲ-ਛਿਣ ਪਿੱਛੋਂ ਹਿੱਲਣੇ ਬੰਦ ਹੋ ਗਏ ।ਝੱਟ ਹੀ ਉਸਦੀ ,ਤਿਲਮਲਾਏ ਜਿਹੇ ਬੈਠੇ ਦੀ ਨੀਵੀਂ ਪਈ ਧੌਣ , ਸਾਵਧਾਨ ਹੋਈ ਮੁੜ ਤੋਂ ਸਿੱਧੀ ਹੋ ਕੇ ਦੀਨ ਦਿਆਲ ਵੱਲ ਨੂੰ ਘੁੰਮ ਗਈ । ਸ਼ਾਇਦ ਉਸਨੂੰ ਚੇਤਾ ਆ ਗਿਆ ਸੀ , ਘੜੀ ਪਲ ਪਹਿਲਾਂ ਦੀਨ ਦਿਆਲ ਨੇ ਉਸਤੋਂ ਪੁਛਿਆ ਸੀ – ਮੱਖਣ ਸਿਆਂ ਕਦ ਆਇਆਂ , ਕਿੰਨੀ ਕੁ ਛੁੱਟੀ ਆ , ਕਿੱਥੇ ਹੁੰਨਾਂ ਅੱਜ ਕਲ੍ਹ...? ਇਸ ਦਾ ਉੱਤਰ ਦੇਣ ਲਈ ਕਹਿਣਾ ਤਾਂ ਉਸਨੇ ਇਹ ਸੀ –ਜੇ.ਕੇ. ਚ ਹੁੰਨਾਂ , ਕਾਰਗਿਲ ਬਾਡਰ ਤੇ , ਪਰਸੋਂ ਈ ਆਇਆਂ , ਹੈਅ ਮੀਨ੍ਹੇ ਕੁ ਦੀ ਛੁੱਟੀ...। ਪਰ , ਉਹਦੇ ਮੂੰਹੋ ਨਿਕਲਿਆ ਉਬੱਤਰ , ਉਸ ਅੰਦਰ ਜਮ੍ਹਾਂ ਹੋਏ ਗੁੱਭ-ਗੁਬਾਰ ਕਾਰਨ ਬਿਲਕੁਲ ਵੱਖਰੀ ਤਰ੍ਹਾਂ ਦੇ ਪ੍ਰਸ਼ਨ ਵਿਚ ਬਦਲ ਗਿਆ । ਵਿਹੜੇ ਚੋਂ ਸਭ ਤੋਂ ਸਿਆਣੇ ਗਿਣੇ ਜਾਂਦੇ , ਦੁਰਗੇ ਦੇ ਤਾਏ ਦੀਨ ਦਿਆਲ ਨੂੰ ਉਸ ਨੇ ਸਪਾਟ ਪੁੱਛ ਲਿਆ –  ਤਾਇਆ , ਆਹ ਅਸਤਰ-ਸ਼ਸ਼ਤਰ ਕਾਤ੍ਹੋਂ ਚੁੱਕੀ ਫਿਰਦੇ ਆ ਮੁੰਡੇ ..ਪਹਿਲੋਂ ਤਾਂ ਕਦੀ ਦੇਖੇ ਨਈਂ ਏਨ੍ਹਾਂ ਕੋਲ, ਹੁਣ ਕੀ ਲੋੜ ਪੈ ਗਈ ...?
ਥੋੜ੍ਹਾ ਕੁ ਸਹਿਜ ਹੋਇਆ ਦਿਸਦਾ ਦੀਨ ਦਿਆਲ ਇਕ ਦਮ ਤ੍ਰਭਕ ਗਿਆ । ਅੱਧੋਰਾਣੀ ਕੁਰਸੀ ਨਾਲ ਲਾਈ ਢੋਅ ਬਿਲਕੁਲ ਸਿੱਧੀ ਕਰ ਲਈ । ਸਿੱਧ-ਪੱਧਰੇ ਮੱਖਣ ਤੋਂ ਉਸਨੂੰ ਅਜਿਹੀ ਵਲੇਵੇਂਦਾਰ ਪੁੱਛ ਦੀ ਕਦਾਚਿੱਤ ਵੀ ਆਸ ਨਹੀਂ ਸੀ । ਉਸਦੀ ਸਮਝ ਸੀ ਕਿ ਹੱਦਾਂ-ਸਰਹੱਦਾਂ ਤੇ ਲੜਨ-ਮਰਨ ਵਾਲੇ ਅਮਲੇ ਨੂੰ ਮੁਲਕ ਅੰਦਰਲੀ ਰਾਜਨੀਤੀ,ਕੂਟਨੀਤੀ ਦਾ ਬਹੁਤਾ ਗਿਆਨ ਨਹੀਂ ਹੁੰਦਾ । ਉਹਦੇ ਲਈ ਤਾਂ ਸਭ ਕੁਝ ਦੇਸ਼ ਹੁੰਦਾ ਐ , ਜਾਂ ਫਿਰ ਦੁਸ਼ਮਣ । ਸਾਹਮਿਉਂ ਆਏ ਫਾਇਰ ਦਾ ਉੱਤਰ ਗੋਲੀ ਦਾਗ ਕੇ ਦਿੱਤਾ ਤੇ ਬੱਸ ...! ਉਸ ਤਰ੍ਹਾਂ ਦੇ ਕਿਆਸੇ ਮੱਖਣ ਦੀ ਸਪਾਟ ਪੁੱਛ ਪਿੱਛੇ ਉਸ ਨੂੰ ਕੋਈ ਡੂੰਘੀ ਰਮਜ਼ ਲੁਕੀ ਛਿਪੀ ਜਾਪੀ । ਸਾਵਧਾਨ ਹੋ ਕੇ ਬੈਠਦੇ ਨੇ ਉਸਨੇ ਚੁੰਨੀ ਕੀਤ ਨਿਗਾਹ ਸਿੱਧੀ ਮੱਖਣ ਦੇ ਚਿਹਰੇ ਤੇ ਗੱਡ ਦਿੱਤੀ । ਉਸ ਵੱਲ ਟਿਕਟਿਕੀ ਲਾਈ ਦੇਖਦਾ ਝੱਟ-ਪੱਟ ਕਹਿਣ ਹੀ ਲੱਗਾ ਸੀ –ਹਿੰਦੂਤਵ ਦੇ ਵਾਧੇ ਲਈ ...ਹਿੰਦੂ ਰਾਜ ਦੀ ਸਥਾਪਤੀ ਲਈ ...। ਪਰ , ਮੱਖਣ ਦੇ ਚਿਹਰੇ ਤੇ ਕਿਸੇ ਵੀ ਕਿਸਮ ਦਾ ਛਲ-ਕਪਟ ਨਾ ਦਿਸਣ ਤੇ ਉਸਨੇ ਇਵੇਂ ਦੀ ਉੱਤਰ ਬਣਤਰ ਥੋੜ੍ਹੀ ਕੁ ਬਦਲ ਲਈ । ਹੁਣ ਉਸਦੇ ਕਹਿਣਾ ਸੀ – ਹਿੰਦੂ ਧਰਮ ਦੀ ਰਾਖੀ ਕਰਨ ਲਈ , ਹੋਰ ਕਾਦ੍ਹੇ ਲਈ ....! ਝੱਟ ਉਸਨੂੰ ਇਹ ਵਾਰ ਵੀ ਸ਼ੱਕੀ ਜਿਹਾ ਜਾਪਿਆ । ਉਸਨੂੰ ਲੱਗਾ , ਉਸ ਵੱਲ ਨੂੰ ਨਿਰੰਤਰ ਦੇਖਦੇ ਮੱਖਣ ਨੇ ਫਿਰ ਉਸਨੂੰ ਆਗਊਂ ਵਗਲ਼ ਲਿਆ ਹੈ । ਉਸਨੂੰ ਬਿਨਾਂ ਝਿਜਕ ਆਖ ਦਿੱਤਾ ਹੈ –  ਹਿੰਦੂ ਧਰਮ ਦੀ ਰਾਖੀ ਕਰਨ ਲਈ ਜਾਂ ਗੈਰ-ਹਿੰਦੂ ਲੋਕਾਂ ਦਾ ਕਤਲੇਆਮ ਕਰਨ ਲਈ ....।
ਮੱਖਣ ਦੇ ਅਣਬੋਲੇ ਬੋਲਾਂ ਨੇ ਆਪਣੀ ਮਨੋਬਚਨੀ ਅੰਦਰ ਘਿਰੇ ਦੀਨ ਦਿਆਲ ਨੂੰ ਪਲ ਦੀ ਪਲ ਜਿਵੇਂ ਲਾਚਾਰ ਕਰ ਦਿੱਤਾ ਹੋਵੇ । ਉਸਦੀ ਹੋਂਦ ਸਾਹਮਣੇ ਉਸਨੂੰ ਆਪਣਾ ਆਪ ਹੀਣਾ-ਹੀਣਾ ,ਛੋਟਾ-ਛੋਟਾ ਲੱਗਣ ਲੱਗ ਪਿਆ । ਤਾਂ ਵੀ ਉਸ ਅੰਦਰਲਾ ਮਹੰਤੀ ਹੱਠ ਕਿਸੇ ਵੀ ਤਰ੍ਹਾਂ ਛਿੱਥਾ ਨਾ ਪਿਆ । ਸਗੋਂ ਮੱਖਣ ਵੱਲ ਨੂੰ ਹੋਰੂੰ-ਹੋਰੂੰ ਝਾਕਦਾ ਹੋਰ ਵੀ ਤਿੱਖੀ ਜ਼ਰਬ ਖਾ ਗਿਆ । ਉਸਦੀ ਭਲੀ-ਚੰਗੀ ਸੁਰ, ਪੂਰਾ ਤੈਸ਼ ਖਾ ਕੇ ਮੱਖਣ ਵੱਲ ਨੂੰ ਉੱਗਰੀ –  ਤੂੰ ਕੀ ਲੈਣਾ ਏਸ ਗੱਲ ‘ ਚੋਂ ...! ਏਹ ਤੇਰਾ ਨਈਂ ਸਾਡਾ ਮਸਲਾ ਐ , ਸਾਡੇ ਧਰਮ ਦਾ ...  ਕੀ ਨਾਂ ਲਈ ਦਾ, ਅਸੀਂ ਕਦੀ ਪੁੱਛਿਆ ਤੇਰਾ ਪੇਏ ਗਾਤਰਾ ਕਿਉਂ ਪਾਈ ਫਿਰਦਆ...! ਤ੍ਰਿਸ਼ੂਲ ਬੜੇ ਚੁਭੇ ਆ ਤੈਨੂੰ ...! ਤੂੰ ਆਪਣੀ ਛੁੱਟੀ ਕੱਟ ਤੇ ਵਗਦਾ ਹੋ । ਹੋਰ ਨਾ ਸ਼ਕੈਤ ਕੁਰਆ  ਬੈਂਈਂ ....। ਕੀ ਨਾਂ ਲਈ ਦਾ , ਭਲੀ ਚੰਗੀ ਨੌਕਰੀਉਂ ਵੀ ਜਾਂਦਾ ਲੱਗੇਂਗਾ ....।
ਦੀਨ ਦਿਆਲ ਦੀ ਬੇ-ਕਿਰਕ ਚੋਭ ,ਮੱਖਣ ਦੇ ਆਰ-ਪਾਰ ਲੰਘ ਗਈ । ਉਸਦਾ ਦਿਲ-ਸੀਨਾ , ਸਮਝ –ਸੂਝ ਸਭ ਕੁਝ ਜਿਵੇਂ ਜ਼ਖਮੀਂ ਹੋ ਗਏ ਹੋਣ । ਨਾ ਉਹ ਹੱਟੀ ਅੰਦਰ ਬੈਠਣ ਜੋਗਾ ਰਿਹਾ , ਨਾ ਉਠ ਕੇ ਚਲੇ ਜਾਣ ਦੀ ਹਿੰਮਤ ਬਚੀ । ਉਸਨੂੰ ਲੱਗਾ ਉਸ ਉੱਤੇ ਗਸ਼ਤ-ਡਿਊਟੀ ਕਰਦੇ ਤੇ ਕਿਸੇ ਘੁਸਪੈਠੀਏ ਨੇ ਚਾਣਚੱਕ ਫਾਇਰ ਖੋਲ੍ਹ ਦਿੱਤਾ ਹੈ । ਤੇ ...ਤੇ ਅੰਗੋਂ ਜਵਾਬੀ ਕਾਰਵਾਈ ਕਰਨ ਲਈ ਸਾਰੀ ਟੁਕੜੀ ਸਮੇਤ ਉਸਨੇ ਥਾਂ ਸਿਰ ਪੁਜ਼ੀਸ਼ਨ ਲੈ ਲਈ ਹੈ । ਕੰਨਾਂ ਨੂੰ ਲੱਗੇ ਹੈੱਡ ਫੋਨ ਨੂੰ ਰੁੱਕ-ਸਿਰ ਕਰਨ ਲਈ ਉਸਦੇ ਦੋਨੋਂ ਹੱਥ ਹਰਕਤ ਚ ਆਏ ਹਨ । ...ਹਰਕਤ ਚ ਆਏ ਦੋਨੋਂ ਹੱਥ ਪਹਿਲਾਂ ਸਿਰ ਤਕ ਪੁੱਜੇ ਹਨ,ਫਿਰ ਬਗਲ-ਮੋਢੇ ਤਕ । ਪਰ....ਪਰ ਉਸਦਾ ਮੋਢਾ, ਸਿਰ , ਬਗਲ ਸਭ ਤਾਂ ਖਾਲੀ ਸਨ । ਝੱਟ ਹੀ ਉਸਨੂੰ ਹੱਦ-ਸਰਹੱਦ ਦੀ ਥਾਂ ਆਪਣੇ ਪਿੰਡ ,ਆਪਣੇ ਜੋਟੀਦਾਰ ਦੁਰਗੇ ਦੀ ਹੱਟੀ ਚ ਬੈਠੇ ਹੋਣ ਦਾ ਅਹਿਸਾਸ ਪਰਤ ਆਇਆ । ਹੱਟੀ ਅੰਦਰ ਉਸ ਸਿਰਫ਼ ਤਿੰਨ ਜਣੇ ਬਾਕੀ ਸਨ –ਦੁਰਗਾ ਉਸਦੇ ਸਾਹਮਣੇ ਵਿਛੀ ਬੋਰੀ ਤੇ ਬੈਠਾ ਸੀ ਪੈਰਾਂ –ਭਾਰ ।ਦੀਨ ਦਿਆਲ , ਤਾਇਆ ਦੀਨ ਦਿਆਲ ਸੱਜੇ ਹੱਥ ਡਿੱਠੀ ਕੁਰਸੀ ਤੇ । ਸਾਰੇ ਆਪਣੀ ਆਪਣੀ ਚੁੱਪ ਚ ਡੂੰਘੇ , ਬਹੁਤੇ ਡੂੰਘੇ ਉਤਰ ਗਏ ਸਨ ।
ਤਿੰਨੋਂ ਦੂਜੇ ਦੇ ਵਾਕਫ਼ਕਾਰ ਹੁੰਦੇ ਹੋਏ ਵੀ ਅਜਨਬੀ ਬਣੇ ਬੈਠੇ ਸਨ । ਸਭ ਦੇ ਭਾਰੇ-ਭਰਵੇਂ ਸਾਹ ਜਿਵੇਂ ਇਕ ਦੂਜੇ ਨੂੰ ਟੋਹਣ-ਪਰਖ਼ਣ ਅੰਦਰ ਰੁੱਝੇ ਹੋਏ ਸਨ ।
ਮੱਖਣ ਨੂੰ ਇਵੇਂ ਦੀ ਸਾਹ-ਘੁੱਟਵੀਂ ਸਥਿਤੀ ਹੋਰ ਵੀ ਬੇ-ਚੈਨ ਕਰ ਗਈ । ਬੇ-ਚੈਨ ਤੇ ਉਦਾਸ । ਗੁੰਮ-ਸੁੰਮ ਹੋਇਆ ਉਹ ਹੱਟੀ ਅੰਦਰੋਂ ਉਠ ਕੇ ਬਾਹਰ ਆ ਗਿਆ ।  ਉਸਦੇ ਲੁੜ੍ਹਕਦੇ –ਡੋਲਦੇ ਕਦਮ ਲਹਿੰਦੀ ਬਾਹੀ ਆਪਣੇ ਘਰ ਵੱਲ ਨੂੰ ਹੋ ਤੁਰੇ । ਘਰ ਵੱਲ ਨੂੰ ਤੁਰਦੇ ਇਹ ਵੱਡੇ ਚੁਰਾਹੇ ਤੱਕ ਪੁੱਜ ਕੇ ਫਿਰ ਰੁੱਕ ਗਏ । ਰੁਕਿਆ ਖੜ੍ਹਾ ਮੱਖਣ ਜਿਵੇਂ ਚੁਰਾਹੇ ਦੀ ਜੂਹ ਚੋਂ , ਇਸ ਦੀ ਭੂੰਬਲ-ਮਿੱਟੀ ਚੋਂ ਦੁਰਗੇ ਦੇ ਪੈਰਾਂ ਤੇ ਆਪਣੇ ਪੈਰਾਂ ਦੇ ਨਿਸ਼ਾਨ ਲੱਭ ਰਿਹਾ ਹੋਵੇ । ਕੌਡ-ਕਬੱਡੀ , ਖਿੱਦੋ-ਖੂੰਟੀ ਖੇਡਣ ਲਈ ਬਣੇ ਰਹੇ ਹੁੰਦਿਆਂ ਦੀ ਭਾਲ ਕਰ ਰਿਹਾ ਹੋਵੇ । ਪਰ , ਵੱਡੇ ਚੁਰਾਹੇ ਚ ਹੁਣ ਨਾ ਮਿੱਟੀ ਸੀ , ਨਾ ਘੱਟਾ । ਇਹ ਥਾਂ ਵੀ  ਹੁਣ ਪੱਕੀ ਹੋ ਗਈ ਸੀ , ਬੰਦ –ਚਿਣਵੀਆਂ ਇੱਟਾਂ ਚਿਣ ਹੋ ਕੇ । ਪਿੰਡ ਦੀਆਂ ਸਾਰੀਆਂ ਗਲੀਆਂ ਵਾਂਗ ।
ਖੜ੍ਹੇ-ਖੜੋਤੇ ਉਸਦੀ ਨਿਗਾਹ ਚੁਰਾਹੇ ਦੇ ਇਕ ਪਾਸੇ ਲੱਗੀ ਕੂੜੇ ਦੀ ਢੇਰੀ ਵੱਲ ਨੂੰ ਘੁੱਮ ਗਈ । ਆਪਣੀ ਆਪ ਅੰਦਰ ਖੁੱਭਾ ਉਹ ਇਹ ਢੇਰੀ ਦੇ ਲਾਗੇ ਜਾ ਰੁਕਿਆ । ਇਸ ਦੇ ਕੱਖ-ਪੱਤ ਵਿਚ ਕਈ ਤਰ੍ਹਾਂ ਦਾ ਕੂੜ-ਕਬਾੜ ਪਿਆ ਸੀ । ਗੰਦੀਆਂ-ਮੰਦੀਆਂ ਲੀਰਾਂ-ਟਾਕੀਆਂ , ਮੋਮੀ-ਲਫਾਫੇ,ਫਟੀਆਂ ਰਬੜੀ-ਗੇਂਦਾਂ , ਟੁੱਟੇ ਪਲਾਸਟਕੀ ਖਿਡਾਉਣੇ । ਚਾਣਚੱਕ ਉਸਦੀ ਨਿਗਾਹ ਥੋੜ੍ਹਾ ਕੁ ਹੇਠਾਂ ਕਰਕੇ ਦੱਬੀ ਹੋਈ ਇਕ ਪੋਟਲੀ ਜਿਹੀ ਤੇ  ਪੈ ਗਈ । ਉੱਪਰਲਾ ਕੁਆੜ ਪੈਰ ਨਾਲ ਪਰ੍ਹਾਂ ਕਰਕੇ ਉਸਨੇ ਇਹ ਪੋਟਲੀ ਕੂੜੇ ਹੇਠੋਂ ਖਿੱਚ ਲਈ । ਇਹ ਖਿੱਦੋ ਸੀ – ਬਿਲਕੁਲ ਉਵੇਂ ਦੀ , ਜਿਸ ਨਾਲ ਦੁਰਗਾ ਤੇ ਉਹ ਖੇਡਿਆ ਕਰਦੇ ਸਨ । ਕੂੜੇ ਦਰਜ਼ੀ ਘਰੋਂ ਲਿਆਂਦੀਆਂ ਲੀਰਾਂ-ਟਾਕਾਂ ਘੁੱਟ-ਲਪੇਟ ਕੇ ਬਣਾਈ ਖਿੱਦੋ , ਜਿਸ ਉਤੇ ਮੱਖਣ ਦੀ ਮਾਂ ਧੰਨਤੀ ਨੇ ਸੂਤੀ ਧਾਗੇ ਨਾਲ ਮੋਟੀਆਂ ਪਿੜੀਆਂ ਦੀਆਂ ਹੁੰਦੀਆਂ ਸਨ ਤੇ ਦੁਰਗੇ ਦੀ ਮਾਂ ਬਿਮਲਾ ਦੇਵੀ ਨੇ ਰੇਸ਼ਮੀ ਧਾਗੇ ਨਾਲ ਸੰਘਣਾ ਬਾਰੀਕ ਦੋਹਰਾ –ਤਿਹਰਾ ਘੁੱਟਵਾਂ ਵਾਰ ਦਿੱਤਾ ਹੁੰਦਾ ਸੀ ।
ਕੂੜੇ ਦੀ ਢੇਰੀ ਚੋਂ ਲੱਭੀ ਖਿੱਦੋ ਬਿਲਕੁਲ ਉਵੇਂ ਦੀ ਸੀ , ਪਰ ਇਸ ਉਤੇ ਪਈਆਂ ਇਕਹਿਰੀਆਂ ਪਿੜੀਆਂ , ਅੱਧ-ਪਚੱਧ ਟੁੱਟੀਆਂ ਪਈਆਂ ਸਨ । ਇਸ ਅੰਦਰ ਘੁੱਟ ਹੋਈਆਂ ਲੀਰਾਂ ਬਾਹਰ ਵੱਲ ਨੂੰ ਲਮਕ ਗਈਆਂ ਸਨ । ਤਾਂ ਵੀ ਮੱਖਣ ਨੂੰ ਜਿਵੇਂ ਬਹੁਤ ਵੱਡਾ ਖਜ਼ਾਨਾ ਲੱਭ ਪਿਆ ਹੋਵੇ । ਉਸ ਦਾ ਗੁੰਮਣ-ਗੁਆਚਣ ਲੱਗਾ ਅਤੀਤ ਵਾਪਸ ਪਰਤ ਆਇਆ ਹੋਵੇ । ਇਸ ਨੂੰ ਝਾੜਦਾ –ਪੂੰਝਦਾ ਉਹ ਉਨ੍ਹੀਂ ਪੈਰੀਂ ਫਿਰ ਦੁਰਗੇ ਦੀ ਹੱਟੀ ਵੱਲ ਨੂੰ ਦੌੜ ਪਿਆ , ਦੁਰਗੇ ਨੂੰ ਉੱਚੀ-ਉੱਚੀ ਵਾਜ਼ਾ ਮਾਰਦਾ –  ਉਏ  ਦੁਰਗਿਆ ,ਦੁਰਗੇ ਉਏ ...ਆਹ ਦੇਖ , ਆਹ ਦੇਖ ਕੀ ਲੱਭਾ ...।
ਹੁਣ ਨਾ ਉਸਨੂੰ ਰਾਤੀਂ ਹੈੱਡ ਫੂਨ ਤੇ ਸੁਣੀਆਂ ਆਵਾਜ਼ਾਂ ਚੇਤੇ ਸਨ , ਨਾ ਥੋੜ੍ਹਾ ਕੁ ਚਿਰ ਪਹਿਲਾਂ ਹੋਈ ਆਪਣੀ ਹੇਠੀ । ਉੱਧੜੀ ਖਿੱਦੋ ਨਾਲ ਪਰਚਿਆ , ਉਹ ਮੁੜ ਹੱਟੀ ਦੇ ਬੰਦ ਹੋਏ ਭਿੱਤਾਂ ਅੱਗੇ ਜਾ ਖੜਾ ਹੋਇਆ । ਇਸ ਵਾਰ ਹੱਟੀ ਅੰਦਰੋਂ ਉਸ ਨੂੰ ਕੋਈ ਵੀ ਆਵਾਜ਼ ਬਾਹਰ ਆਉਂਦੀ ਸੁਣਾਈ ਨਾ ਦਿੱਤੀ ।ਇਸ ਵਾਰ ...ਇਸ ਵਾਰ ਉਸਦੀ ਆਵਾਜ਼ ਅੰਦਰ ਤੱਕ ਪੁੱਜਣ ਲਈ ਉੱਚੀ ਉੱਚੀ ਗੂੰਜ ਰਹੀ ਸੀ – ਉਏ ਦੁਰਗਿਆ ...ਉਏ  ਦੁਰਗੇ ਉਏ ...ਆਹ ਦੇਖ ਕੀਈ ਆ ...ਬਾਅਰ ਆ ਖੇਲ੍ਹੀਏ । ਹਾਅ ਬਾਅਰ ਲੈ ਆ ਅਪਣੇ ਹਿੱਸੇ ਦਾ ਤ੍ਰਿਸ਼ੂਲ ...ਲਿਆ ਖੂੰਟੀ ਬਣਾ ਲਈਏ ਇਦ੍ਹੀ ...ਮੈਂ ਦਿੰਨਾਂ ਮੀਟੀ , ਮੈਂ ਸੁੱਟਦਾਂ ਖਿੱਦੋ...ਤੂੰ...ਤੂੰ....।
ਪਰ ਕਈ ਸਾਰੀਆਂ ਆਵਾਜ਼ਾਂ ਮਾਰਨ ਤੇ ਵੀ ਉਸ ਨੂੰ ਹੱਟੀ ਅੰਦਰੋਂ ਕੋਈ ਹੁੰਗਾਰਾ ਨਾ ਮਿਲਿਆ । ਪਰਤਵੀਂ ਆਵਾਜ਼ ਤਾਂ ਕੀ ਬੰਦ ਹੋਏ ਭਿੱਤਾਂ ਪਿੱਛੇ ਕੋਈ ਹਿੱਲ-ਜੁਲ ਤਕ ਨਾ ਹੋਈ । ਦਰਵਾਜੇ ਦੇ ਦੋਨਾਂ ਪੱਲਿਆਂਚੋਂ ਇੱਕ ਵੀ ਖੁੱਲਿਆ ਨਾ ।
ਰੋਣ-ਹਾਕੇ ਹੋਏ ਦੀ ਉਸਦੀ ਭਟਕਦੀ ਨਿਗਾਹ ਦਰਵਾਜ਼ੇ ਦੇ ਉੱਪਰਲੇ ਸਰਦਲ ਵੱਲ ਨੂੰ ਘੁੰਮ ਗਈ । ਹੱਟੀ ਅੰਦਰੋਂ ਨਹੀਂ , ਬਾਹਰੋਂ ਬੰਦ ਸੀ । ਕੁੰਡਾ ਚੜ੍ਹਿਆ ਹੋਇਆ ਸੀ ਉੱਪਰਲੇ ਸ੍ਹੇਰ ਨੂੰ ।
ਦੁਰਗਾ , ਦੀਨ ਦਿਆਲ ਦੋਨੋਂ ਅੰਦਰੋਂ ਉੱਠ ਕੇ ਬਾਹਰ ਚਲੇ ਗਏ ਸਨ , ਕਿਧਰੇ ।
ਰੋਂਦਾ-ਡੁਸਕਦਾ , ਓਸੇ ਥਾਂ ਖੜ੍ਹਾ ਉਹ ਉੱਖੜੀ ਖਿੱਦੋਂ ਚੋਂ ਲਮਕਦੀਆਂ ਲੀਰਾਂ ਨੂੰ ਸਾਬਤ ਪਿੜੀਆਂ ਅੰਦਰ ਨੱਪਣ ਦੇ ਯਤਨ ਕਰਦਾ ਰਿਹਾ । ਇਹ , ਇਕ ਪਾਸਿਉਂ ਨੱਪ ਹੁੰਦੀਆਂ ਦੂਜੇ ਪਾਸਿਉਂ ਬਾਹਰ ਆ ਜਾਂਦੀਆਂ । ਦੂਜੇ ਪਾਸਿਉਂ ਨੱਪ ਹੁਬੰਦੀਆਂ ਪਹਿਲੇ ਪਾਸਿਉਂ ਬਾਹਰ ਆ ਜਾਂਦੀਆਂ । ਹਾਰ ਕੇ ਉਸਨੇ ਦੋਨਾਂ ਹੱਥਾਂ ਦੀਆਂ ਉਂਗਲੀਆਂ ਦੀ ਕਿੰਗੜੀ ਪਾ ਕੇ ਉੱਖੜੀ-ਖਿੰਡੀ ਖਿੱਦੋ ਦੋਨਾਂ ਤਲੀਆਂ ਵਿਚਕਾਰ ਘੁੱਟ ਲਈ । ਆਪਣੀ ਵੱਲੋਂ ਉਸਨੇ ਜਿਵੇਂ ਸਾਰੀ ਖਿੱਦੋ ਉੱਤੇ ਤਲੀਆਂ ਤੇ ਪਏ ਰੱਟਣਾਂ ਦੀਆਂ ਪਿੜੀਆਂ ਚਾੜ੍ਹ ਦਿੱਤੀਆਂ ਹੋਣ , ਖਿੱਲਰੀਆਂ –ਖਿੰਡੀਆਂ ਲੀਰਾਂ ਇਕ ਥਾਂ ਜੋੜ ਲਈਆਂ ਹੋਣ ।
ਉਸ ਦਾ ਬਾਪ ਸਾਧੂ ਸਿੰਘ , ਉਸਨੂੰ ਲੱਭਦਾ ਲੱਭਦਾ ਉਸਦੀ ਪਿੱਠ ਪਿੱਛੇ ਆ ਖੜ੍ਹਿਆ । ਉਹ ਆਖ ਰਿਹਾ ਸੀ –  ਕਾਕਾ , ਪੁੱਤ ਮੱਖਣ ਸਿਆਂ ...ਚੱਲ ਘਰ, ਪਰ੍ਹਾਉਣੇ ਆਏ ਆ , ਵਿਚੋਲਾ ਨਾਲ ਆ ...ਚੱਲ ਮੇਰਾ ਪੁੱਤ....।


ਕਹਾਣੀਕਾਰ ਲਾਲ ਸਿੰਘ ਦਸੂਹਾ,
ਨੇੜੇ ਐਸ.ਡੀ.ਐਮ. ਕੋਰਟ ਦਸੂਹਾ,
ਜਿਲਾ . ਹੁਸ਼ਿਆਰਪੁਰ ( ਪੰਜਾਬ )
(094655-74866)
E-mail : lalsinghdasuya@yahoo,com




Thank s for Reading this. Like us on Facebook and Subscribe to stay in touch.

10.11.11

ਥਰਸਟੀ ਕਰੋਅ(ਪੰਜਾਬੀ ਕਹਾਣੀ) -ਲਾਲ ਸਿੰਘ ਦਸੂਹਾ


ਥਰਸਟੀ ਕਰੋਅ(ਪੰਜਾਬੀ ਕਹਾਣੀ)
ਲਾਲ ਸਿੰਘ ਦਸੂਹਾ
 ਵਨਸ ਦੇਅਰ ਵਾਜ਼ ਏ ਕਰੋਅ । ਇੱਟ ਵਾਜ਼ ਥਰਸਟੀ । ਹੀ ਲਿਬਡ ਇੰਨ ਜੰਗਲ । ਹਿਜ਼ ਫਾਦਰ ਵਾਜ਼ ਏ ਰਿੱਚ ਮੈਨ । ਹੀ ਵਾਜ਼ ਬੋਰਨ ਇੰਨ ....।  ਅਗਲੇ ਹੀ ਛਿੰਨ ਅੰਗਰੇਜ਼ੀ ਮਾਸਟਰ ਦੀਨਾ ਨਾਥ ਦੀ ਖੂੰਟੀ ਮੇਰੇ ਮੌਰਾਂ ਤੇ ਆ ਵੱਜੀ । ਨਾਲ ਹੀ ਜ਼ੋਰਦਾਰ ਝਿੜਕ –  ਬੱਸ , ਬੱਸ ...ਖੜਾ ਰਹਿ ਤੂੰ ਵੱਡਿਆ ਤਾਨਸੈਨਾਂ ! ...ਤਾਨਾਂ ਤੂੰ ਹਰੋਜ਼ ਦੀਆਂ ਦਸ ਕੱਢਦਾਂ , ਸਟੋਰੀ ਤੇਤੋਂ ਇਕ ਨਈ ਯਾਦ ਹੋਈ , ਦਸਾਂ ਦਿਨਾਂ  ਚ....।
ਮੌਰਾਂ ਤੇ ਲੱਗੀ ਸੱਟ ਨੂੰ ਪਲੋਸਦਾ ਮੈਂ ਅਬੜਵਾਹੇ ਉੱਠ ਬੈਠਦਾ ਹਾਂ । ਆਸ-ਪਾਸ ਦੇਖਦਾ ਹਾਂ । ਨਾ ਅੱਠਵੀਂ ਜਮਾਤ ਦਾ ਕਮਰਾ , ਨਾ ਅੰਗਰੇਜ਼ੀ ਮਾਸਟਰ ਦੀਨਾ ਨਾਥ ,ਨਾ ਉਸਦੀ ਖੂੰਟੀ । ਧੜਕਦਾ ਦਿਲ ਕਾਬੂ ਕਰਕੇ ,ਮੈਂ ਐਨੇਂ ਵਰ੍ਹਿਆਂ ਪਿੱਛੋਂ ਇਸ ਘਟਨਾ ਦੇ ਮੁੜ ਵਾਪਰਨ ਦਾ ਪਿੱਛਾ ਕੀਤਾ ਹੈ । ਛੇਤੀ ਹੀ ਇਸਦੀ ਮੋਟੀ-ਠੁੱਲੀ ਤੰਦ ਮੇਰੇ ਹੱਥ ਆ ਗਈ ਹੈ –ਕਲ੍ਹ ਸ਼ਾਮੀਂ ਟੀ.ਵੀ . ਸਾਹਮਣੇ ਬੈਠੀ ਮੇਰੀ ਛੋਟੀ ਬੇਟੀ ਪਿੰਕੀ ਮੇਰੇ ਜ਼ਿਹਨ ਚ ਉੱਤਰ ਆਈ ਹੈ । ਉਹ ਥਰਸਟੀ-ਕਰੋਅ ਨੂੰ ਘੋਟਾ ਲਾ ਰਹੀ ਸੀ । ਨਿਗਾਹ ਉਸਦੀ ਸਕਰੀਨਤੇ ਗੱਡੀ ਪਈ ਸੀ । ਉਸਦੇ ਕਮਰੇ ਚ ਦਾਖਲ ਹੋ ਕੇ ਮੈਂ ਉਸਨੂੰ ਪੋਲਾ ਜਿਹਾ ਘੂਰਦਿਆਂ ਆਖਿਆ ਸੀ –  ਪਹਿਲਾਂ ਹੋਮਵਰਕ ਕਰ ਲੈਅ, ਫੇਏ ਟੀ.ਵੀ. ਦੇਖ ਲਈਂ । ਉਸ ਨੇ ਮੇਰੇ ਆਖੇ  ਵਲ੍ਹ ਰਤੀ ਭਰ ਵੀ ਧਿਆਨ ਨਹੀਂ ਸੀ ਦਿੱਤਾ । ਮੈਂ ਵੀ ਉਸ ਨੂੰ ਬਹੁਤਾ ਤਾੜ ਕੇ ਨਹੀਂ ਸੀ ਕਹਿ ਸਕਿਆ । ਆਪਣੀ ਧੁੰਨ ‘ਚ ਖੁੱਭੀ ਦੀਆਂ ਉਸਦੀਆਂ ਅੱਖਾਂ ਸਕਰੀਨ ਤੇ ਪ੍ਰਦਰਸ਼ਤ ਹੁੰਦੀਆਂ ਕੱਜੀਆਂ ਅੱਧ-ਕੱਜੀਆਂ ਕੁੜੀਆਂ ਦੇ ਤੋੜ-ਮਰੋੜ ਹੁੰਦੇ ਅੰਗਾਂ –ਪੈਰਾਂ ਤੇ ਟਿੱਕੀਆਂ ਰਹੀਆਂ । ਨਾਲ ਦੀ ਨਾਲ ਥਰਸਟੀ ਕਰੋਅ ਦਾ ਰਟਨ ਵੀ ਜਾਰੀ ਰਿਹਾ। ਮੈਂ ਉਸਨੂੰ ਦੋਬਾਰਾ ਰੋਕਣ-ਟੋਕਣ ਦਾ ਹੌਸਲਾ ਨਹੀਂ ਸੀ ਕਰ ਸਕਿਆ । ਮੇਰੇ ਸਾਹਮਣੇ ਮੇਰੇ ਆਪਣੇ ਸਕੂਲੀ ਦਿਨਾਂ ਨੇ ਪੈਰ ਪਸਾਰ ਲਏ ਸਨ । ...ਹਾਲ ਮੇਰਾ ਵੀਂ ਇਵੇਂ ਦਾ ਹੀ ਰਿਹਾ ਸੀ , ਪਿੰਕੀ ਵਰਗਾ । ਸੁਰਤੀ-ਬਿਰਤੀ ਮੇਰੀ ਵੀ ਇਵੇਂ ਹੀ ਵੰਡੀ-ਖਿੰਡੀ ਰਹਿੰਦੀ ਸੀ , ਕਈ ਪਾਸੇ । ਇਸ ਦਾ ਵੱਡਾ ਹਿੱਸਾ ਸੁਰਾਂ ਕੱਢਣ ਨਾਲ ਜੁੜਿਆ ਰਹਿੰਦਾ , ਥੋੜ੍ਹਾ ਕੁ ਪਾਠ-ਪ੍ਰਕਿਆ ਵਲ੍ਹ । ਬਾਕੀ ਬਚਦਾ ਐਧਰ-ਉਧਰ ਝਾਕਣ ਵਲ੍ਹ । ਜਮਾਤ
 ਚ ਪਿਛਲੇ ਬੈਂਚ ਤੇ ਬੈਠੇ ਦੀਆਂ ਉਂਗਲਾਂ ਵੇਲਾ ਤਾੜਦੀਆਂ ਰਹਿੰਦੀਆਂ –  ਕਦ ਘੰਟੀ ਮੁੱਕੇ , ਕਦ ਮਾਸਟਰ ਕਲਾਸ ਤੋਂ ਬਾਹਰ ਜਾਏ ,ਕਦ ਮੈਂ ਅਪਣੀ ਕਿਰਿਆ ਸ਼ੁਰੂ ਕਰਾਂ । ਤਾਲ ਕੱਢਣ ਦੀ ਕਿਰਿਆ। ਡੈਸਕ ਦਾ ਜਾਂ ਬੈਂਚ ਦਾ ਵੱਟਾ ਵਜਾ ਕੇ । ਪੜ੍ਹਨ-ਲਿਖਣ , ਸਵਾਲ ਕੱਢਣ , ਸਾਰੇ  ਸਾਰੇ ਵਿਸ਼ਿਆਂ ਦੀਆਂ ਐਮ.ਬੀ. ਡੀਆਂ ਤੇ ਹੱਲ ਹੋਏ ,ਕੁਲ-ਵਟਾ-ਕੁਲ ਪ੍ਰਸ਼ਨਾਂ ਚੋਂ ਘਰ ਦੇ ਕੰਮ ਲਈ ਦੱਸੇ ਦੋ-ਚਾਰ ਸਵਾਲਾਂ ਦੇ ਉੱਤਰਾਂ ਦਾ ਉੱਤਰ –ਕਾਪੀਆਂ ਤੇ ਉਤਾਰਾ ਕਰਨ ਦੀ ਵੀ ਮੈਂ ਕਦੀ ਬਹੁਤੀ ਚਿੰਤਾ ਨਹੀਂ ਸੀ ਕੀਤੀ । ਜੇ ਕਿਧਰੇ ਜੀਅ ਕੀਤਾ ਤਾਂ ਚਾਰ ਅੱਖਰ ਝਰੀਟ ਲਏ , ਨਹੀਂ ਤਾਂ ਖੈਰ ਸੱਲਾ !
ਉਸ ਵਾਰ .....ਉਸ ਦਿਨ ਐਉਂ ਨਹੀਂ ਸੀ ਹੋਈ । ਵੱਡੇ ਦਿਨਾਂ ਦੀਆਂ ਛੁੱਟੀਆਂ ਲਈ ਮਿਲਿਆ ਅੰਗਰੇਜ਼ੀ  ਕੰਮ ਮੈਂ ਅਪਣੀ ਵੱਲੋਂ ਮਨ-ਚਿੱਤ ਲਾ ਕੇ ਲਿਖ ਵੀ ਲਿਆ ਸੀ ਤੇ ਚੇਤੇ ਵੀ ਕਰ ਲਿਆ ਸੀ । ਨਵੇਂ ਸਾਲ ਦਾ ਦੂਜਾ ਦਿਨ ਸੀ ਜਾਂ ਤੀਜਾ । ਅੰਗਰੇਜ਼ੀ ਮਾਸਟਰ ਨੇ ਜਮਾਤ ਚ ਆਉਂਦਿਆਂ ਸਾਰ ਸਾਡਾ ਜਾਣਿਆਂ –ਪਛਾਣਿਆਂ ਹੋਕਰਾ ਮਾਰਿਆ – ਕਿਉਂ ਬਈ ਛੁੱਟੀਆਂ ਦਾ ਕੰਮ ਲੇਇੱਖ ਲਿਆਏ ਸਾਰੇ...? ਅੱਗੋਂ ਪੂਰੀ ਦੀ ਪੂਰੀ ਜਮਾਤ ਨੇ ਪੂਰੀ ਤਰ੍ਹਾਂ ਸੁਰ-ਬੱਧ  ਹੋ ਕੇ ਉੱਤਰ ਦਿੱਤਾ ਸੀ –  ਲਿਖ ਲਿਆਏ ਜੀਈ...। ਇਨ੍ਹਾਂ ਵਿੱਚ ਉਹ ਵੀ ਸ਼ਾਮਿਲ ਸਨ । ਜਿਨ੍ਹਾਂ ਨੇ ਅੱਖਰ ਤੱਕ ਨਹੀਂ ਸੀ ਝਰੀਟਿਆ । ਸੱਭਨਾਂ ਦੀ ਇੱਕ-ਸਾਰ ਹੇਕ ਤੋਂ ਉਤਾਸ਼ਾਹਤ ਹੋਏ ਮਾਸਟਰ ਜੀ ਹੋਰ ਅੱਗੇ ਤੁਰ ਸਨ –  ਸਟੋਰੀਆਂ , ਐਸਏ-ਲੈਟਰ ਚੇਤੇ ਕਰ ਲਿਆਂਦੇ ਜਿੰਨੈ ਦੱਸੇ ਸੀਈ ..?” ਜਮਾਤ ਨੇ ਪਹਿਲੀ ਨਾਲੋਂ ਵੀ ਉੱਚੀ –ਤਿੱਖੀ ਆਵਾਜ਼ ਚ ਤਰ੍ਹਾ-ਮਿਸਰਾ ਜੋੜਿਆ ਸੀ  - “ ਕਰ ਲਿਆਏ ਜੀਈ ।
ਇਸ ਦੋ-ਪਾਸੀ ਪ੍ਰਕਿਰਿਆ ਚ ਮੇਰੀ ਆਵਾਜ਼ ਸੱਭ ਤੋਂ ਤਿੱਖੀ ਉੱਭਰੀ ਸੀ ।
 ਚੱਲ ਉਠ ...ਪਹਿਲਾਂ ਤੂੰ ਉੱਠ , ਤਾਨਸੈਨਾਂ ! ਤੂੰ ...ਤੂੰ ਐਂ ਕਰ , ਸਟੋਰੀ ਸੁਣਾ ਥਰਸਟੀ ਕਰੋਅ ਆਲੀ ...। “ ਅੰਗਰੇਜ਼ੀ ਮਾਸਟਰ ਬਹੁਤੀ ਵਾਰ ਮੈਨੂੰ ਇਸੇ ਨਾਂ ਨਾਲ ਬਲਾਉਂਦਾ ।
ਅਪਣੀ ਵੱਲੋਂ ਤਿਆਰ-ਬਰ-ਤਿਆਰ ,ਮੈਂ ਉਸ ਦਿਨ ਜਿਵੇਂ ਛੜੱਪਾ ਮਾਰ ਕੇ ਉੱਠਿਆ ਸਾਂ । ਥਰਸਟੀ ਕਰੋਅ ਨੂੰ ਲਾਇਆ ਰੱਟਾ ਫ਼ਟਾ-ਫੱਟ ਉੱਗਲਣ ਲੱਗ ਪਿਆ ਸੀ , ਪਰ ਦੋ-ਤਿੰਨ ਵਾਕਾਂ ਪਿੱਛੋਂ ਚਾਚਾ ਨਹਿਰੂ ਦੇ ਪ੍ਰਸਤਾਵ ਦਾ ਮਸੌਦਾ ਪਤਾ ਨਹੀਂ ਕਿਵੇਂ ਸਟੋਰੀ ਦੀ ਅਬਾਰਤ ਵਿੱਚ ਆ ਫਸਿਆ । ਅਗਲੇ ਹੀ ਪਲ ਅੰਗਰੇਜ਼ੀ ਮਾਸਟਰ ਦੀਨਾ ਨਾਥ ਦੀ ਖੂੰਟੀ ਠਾਹ ਕਰਦੀ ਮੇਰੇ ਮੌਰਾਂ ਤੇ ਆ ਵੱਜੀ ਸੀ । ਨਾਲ ਹੀ ਜ਼ੋਰਦਾਰ ਝਿੜਕ – ਬੱਸ , ਬੱਸ ਖੜਾ ਰੈਹ ਤੂੰ ਵੱਡਿਆਂ ਤਾਨਸੈਨਾਂ ! ਤਾਨਾਂ ਤੂੰ ਹਰੋਜ਼ ਦੀਆਂ ਦਸ ਕੱਢਦਾਂ, ਸਟੋਰੀ ਤੇਤੋਂ ਦਸਾਂ ਦਿਨਾਂ ਚ ਇਕ ਨਈਂ ਯਾਦ ਹੋਈ ।  ਮੌਰਾਂ ਤੱਕ ਜਾ ਪੁੱਜੇ ਹੱਥ ਨੂੰ ਮੁੜ ਥਾਂ ਸਿਰ ਕਰਦਾ , ਮੈਂ ਸੁਪਨੇ ਦੀ ਜੱਦ ਚੋਂ ਬਾਹਰ ਆਉਂਦਾ ਹਾਂ । ਅਪਣਾ ਆਪ ਸੰਭਾਲਦਾ ਹਾਂ । ਪਰ ਅਗਲੇ ਹੀ ਛਿੰਨ , ਇਸ ਦੀ ਪਰਛਾਈ ਮੈਨੂੰ ਕਿੰਨੇ ਵਰ੍ਹੇ ਪਿਛਾਂਹ ਵਲ੍ਹ ਨੁੰ ਮੋੜ ਕੇ , ਮੈਨੂੰ ਬਾਲਪਨ ਦੇ ਅਤੀਤ ਨਾਲ ਜੋੜ ਦਿੰਦੀ ਹੈ ।
ਇੱਟ ਫਾਊਂਡ ਏ ਜੱਗ ਇੰਨ ਦਾ ਗਾਰਡਨ ......
ਮੇਰਾ ਬਾਪ ਅੰਬਾਂ ਦਾ ਬਾਗ ਮੁੱਲ ਲਿਆ ਕਰਦਾ ਸੀ । ਸਾਉਣ-ਭਾਦੋਂ ਦੇ ਦਿਨੀਂ ਅਸੀਂ ਬਾਹਰ ਹੀ ਰਹਿੰਦੇ ਸਾਂ ਬਾਗਾਂ ਚ । ਹੋਰ ਵੀ ਕਈ ਜਣੇ ਹੁੰਦੇ ਸਨ ਵਿਹੜੇ ਦੇ । ਭਾਗੂ ਚਾਚਾ , ਤਾਇਆ ਨਾਮਾਂ , ਮੀਕਾ , ਤਾਪੀ , ਤਾਰਾ ਅੱਤਰੀ ਦਾ , ਤਾਰੂ ਲੱਛੋ ਦਾ । ਸੱਭ ਦੀ ਅਪਣੀ ਅਪਣੀ ਕੁੱਲੀ ਹੁੰਦੀ , ਅਪਣਾ ਅਪਣਾ ਬਾਗ਼ । ਕਿਸੇ ਪਾਸ ਦਸ ਬੂਟੇ , ਕਿਸੇ ਕੋਲ ਬਾਰਾਂ ਪੰਦਰਾਂ । ਸੱਭ ਦਾ ਟੱਬਰ –ਟੀਰ , ਪਸ਼ੂ-ਡੰਗਰ ਬਾਹਰ  । ਪਿੰਡ ਵਾਲੇ ਕੱਚੇ-ਪੱਕੇ ਛੱਤੜੇ ਇਨ੍ਹੀਂ ਦਿਨੀਂ ਮੀਂਹ-ਪਾਣੀ ਹਵਾਲੇ । ਕਿਸੇ ਨੂੰ ਫੁਰਸਤ ਹੁੰਦੀ ਤਾਂ ਗੇੜਾ ਮਾਰ ਆਉਂਦਾ ਪਿੰਡ ,ਨਹੀਂ ਤਾਂ ਨਹੀਂ । ਸਾਰੇ ਜਣੇ ਦਿਨ ਵੇਲੇ ਕੱਚੇ-ਪੱਕੇ ਅੰਬ ਲੈ ਕੇ ਫੇਰੀ ਤੇ ਨਿਕਲ ਜਾਂਦੇ । ਬਾਪੂ ਇਕ ਲੱਤੋਂ ਲੰਙਾਂ ਹੋਣ ਕਰਕੇ ਦੂਰ ਪਾਰ ਨਹੀਂ ਸੀ ਜਾ ਸਕਦਾ । ਉਹ ਥੋੜ੍ਹਾ ਕੁ ਹਟਵੇਂ ਵੱਡੇ ਰਾਹ ਕੰਢੇ ਬੋਰੀਆਂ ਵਿਛਾ ਕੇ ਹੱਟੀ ਸਜ਼ਾ ਲੈਂਦਾ । ਇਕ ਟੋਕਰੀਚ ਅਚਾਰੀ ਅੰਬ , ਦੂਜੀ ਚ ਸੰਧੂਰੀ , ਤੀਜੀ ਚ ਛਾਂਟ , ਚੌਥੀ ‘  ਦੜਾ । ਉਹ ਕਰੀਬ-ਕਰੀਬ ਸਾਰਾ ਦਿਨ ਹੱਟੀ ਤੇ ਬੈਠਦਾ । ਬੀਬੀ ਰੋਟੀ-ਪਾਣੀ ਦਾ ਆਹਰ-ਪਾਹਰ ਵੀ ਕਰਦੀ , ਮੈਂਹ-ਗਾਂ ਲਈ ਘਾਅ-ਪੱਠਾ ਵੀ ਲਿਆਉਂਦੀ । ਅਸੀਂ ਤਿਨੋਂ ਭੈਣ-ਭਰਾ ਅੰਬਾਂ ਦੀ ਰਾਖੀ ਕਰਦੇ । ਹੋਕਰੇ ਮਾਰਦੇ , ਗੋਪੀਏ ਚਲਾਉਂਦੇ , ਪੀਪਾ ਖੜਕਾਉਂਦੇ ਵਾਰੀ ਸਿਰ । ਮੇਰੀ ਵਾਰੀ ਲੱਗਦੀ ਤਾਂ ਮੈਨੂੰ ਪੀਪੇ ਚ ਵੱਜਣ ਵਾਲੀ ਸੋਟੀ ਕਿਸੇ ਤਰਤੀਬ ਸਿਰ ਵੱਜਦੀ ਜਾਪਦੀ । ਇਸ ਤਰਤੀਬ ਅੰਦਰ ਕੋਈ ਸੁਰ ਸ਼ਾਮਿਲ ਸੀ , ਇਸ ਦੀ ਸਮਝ ਮੈਨੂੰ ਨਾਲ ਦੇ ਪਿੰਡ ਵੱਡੇ ਸਕੂਲੇ ਛੇਵੀਂ ਚ ਦਾਖਲ ਹੋਣ ਪਿੱਛੋਂ ਲੱਗੀ ।ਸਵੇਰੇ ਪ੍ਰਾਰਥਨਾ ਥੜ੍ਹੇ ਤੇ ਵੱਜਦਾ ਵੱਡਾ ਢੋਲ ਮੈਨੂੰ ਅੰਬਾਂ ਦਿਨੀਂ ਬਜਾਏ ਪੀਪੇ ਦੇ ਤਾਲ ਨਾਲ ਰਲ੍ਹਦਾ-ਮਿਲ੍ਹਦਾ ਲੱਗਦਾ । ਅਗਲੇ ਵਰ੍ਹੇ ਮੇਰਾ ਇਹ ਪੀਪਾ-ਤਾਲ ਸਕੂਲੇ , ਥੜ੍ਹੇ ਤੇ ਵੱਜਦੇ ਢੋਲ ਦੀ ਡਗਾ-ਗਿਣਤੀ ਨਾਲ ਸਹਿ –ਸੁਭਾ ਹੀ ਇਕ –ਸੁਰ ਹੋ ਗਿਆ –ਤਿੰਨ ਵਾਰ ਤਿੰਨ-ਤਿੰਨ ਡਗੇ , ਚੌਥੀ ਵਾਰ ਸੱਤ ,ਪੰਜਵੀਂ ਵਾਰ ਚੌਦਾਂ । ਪੰਜ ਵਾਰ ਚੌਂਦਾਂ-ਚੌਂਦਾਂ ਮਾਰ ਕੇ ਮੁੜਦੀ ਵਲ੍ਹ ਨੂੰ ਸੱਤ ,ਫਿਰ ਤਿੰਨ ਵਾਰ ਤਿੰਨ-ਤਿੰਨ । ਇਹ ਇਕ ਗੇੜ ਹੁੰਦਾ । ਦੂਜੇ ਗੇੜ ਦੀ ਫਿਰ ਉਹੀ ਗਿਣਤੀ ।
ਬਾਗ਼ ਦੀ ਰਾਖੀ ਕਰਦੇ ਦੀ ਇਹ ਡਗਾ-ਤਬਤੀਬ ਹੋਰ ਵੀ ਸੁਰ-ਬੱਧ ਹੁੰਦੀ ਗਈ ਸੀ , ਅਪਣੀ ਧੁੰਨ ਚ ਮਸਤ ਹੋਇਆ ਮੈਂ ਹੋਕਰਾਂ ਮਾਰਨਾ ਵੀ ਭੁੱਲ ਜਾਂਦਾ । ਕੱਚੇ-ਪੱਕੇ ਅੰਬਾਂ ਨੂੰ ਟੁੱਟਦੇ ਜਨੌਰ-ਤੋਤੇ , ਅਪਣੇ ਕੰਮ ਚ ਰੁੱਝੇ ਰਹਿੰਦੇ । ਬਾਪੂ ਨੂੰ ਮੇਰੇ ਛਿੱਤਰ-ਪੌਲਾ ਫੇਰਨ ਲਈ ਇਕ ਹੋਰ ਮੱਦ ਲੱਭ ਗਈ । ਉਸ ਨੇ ਕਿਸੇ ਵੀ ਹੱਥ ਲੱਗੀ  ਸੋਟੀ-ਪਰੈਣੀ ਨਾਲ ਮੇਰੇ ਮੌਰ-ਕੁੱਲ੍ਹੇ ਕਈ ਵਾਰ ਸੇਕੇ ਸਨ । ਕਈ ਵਾਰ ਤਾਂ ਉਸਦਾ ਗੰਦਾ-ਮੰਦਾ ਗਾਲ੍ਹੀ-ਗਲੋਚ ਮੇਰੀ ਪੀਪਾ-ਸੁਰ ਤੋਂ ਵੀ ਉੱਚੀ ਸੁਰ ਚ ਗੜ੍ਹਕਿਆ ਸੀ । ਮੈਨੁੰ ਸਮਝ ਨਹੀਂ ਸੀ ਲੱਗਦੀ ਕਿ ਬਾਪੂ ਮੇਰੀ ਝਾੜ-ਝੰਭ , ਕੁੱਟ-ਮਾਰ ਟੁੱਕੇ ਹੋਏ , ਨੁਕਸਾਨ ਗਏ ਅੰਬਾਂ ਕਾਰਨ ਕਰਦਾ ਸੀ ਜਾਂ ਛੁੱਟੀਆਂ ਤੋਂ ਅੱਗੋਂ-ਪਿੱਛੋਂ ਸਕੂਲ ਜਾਣ ਵੇਲੇ ਮੇਰੀ ਪੰਜੀ-ਦਸੀ ਮੰਗਣ ਦੀ ਹਰ – ਰੋਜ਼ ਦੀ ਆਦਤ ਨੂੰ ਸੁਧਾਰਨ ਦਾ ਹੀਲਾ-ਵਸੀਲਾ ਕਰਨ ਲਈ ।

ਦੀ ਵਾਟਰ ਵਾਜ਼ ਵੈਰੀ ਲੋਅ ਇੰਨ ਦੀ ਜੱਗ ......
ਦਸੀ ਪੰਜੀ ਮੰਗਣ ਦੀ ਇਲੱਕ ਮੈਨੂੰ ਉਸੇ ਵਰ੍ਹੇ ਲੱਗੀ ਸੀ , ਸੱਤਵੀਂ ਜਮਾਤੇ ਚੜ੍ਹਦਿਆਂ ਹਕੀਮਾਂ ਦੇ ਨੰਦੂ ਨਾਲ ਰਲ੍ਹ ਕੇ । ਪਿਛਲੇ ਬੈਂਚਤੇ ਬੈਠਦਾ ਦੁਆਰਕੇ ਹਕੀਮ ਦਾ ਮੁੰਡਾ ਨੰਦੂ ,ਅੱਧੀ ਛੁੱਟੀ ਹੁੰਦਿਆਂ ਸਾਰ ਛਾਬੜੀ ਵਾਲੇ ਤੀਰਥੇ ਕੋਲ ਅੱਪੜ ਜਾਂਦਾ , ਦੁੜੰਗੇ ਮਾਰਦਾ । ਘੜੀ ਕੁ ਪਿੱਛੋਂ ਮੁੜੇ ਆਉਂਦੇ ਦੇ ਉਸਦੇ ਹੱਥ ਚ ਕਦੀ ਗੁੜ ਦਾ ਮਰੂੰਡਾ ਹੁੰਦਾ , ਕਦੀ ਮਖਾਣੇ । ਕਦੀ ਉਸ ਦੀ ਮੁੱਠ ਚ ਸੀਲ੍ਹ ਦੇ ਲੱਡੂ ਹੁੰਦੇ ,ਕਦੀ ਸੀਰਨੀ  । ਉਸ ਨੂੰ ਹਪੜ-ਹਪੜ ਮੂੰਹ ਮਾਰਦੇ ਨੂੰ ਦੇਖਦੇ  ਮੈਂ ਅਕਾਰਨ ਹੀ ਪਚਾਕੇ ਮਾਰਨ ਲੱਗਦਾ । ਮੇਰੀ ਜੀਭ ਮੇਰੇ ਮੂੰਹ ਅੰਦਰ ਅੱਗੇ –ਪਿੱਛੇ ਅੱਗੇ-ਪਿੱਛੇ ਘੁੰਮਣ ਲੱਗਦੀ । ਮੈਨੂੰ ਅਪਣੀ ਵਲ੍ਹ ਲਗਾਤਾਰ ਝਾਕਦਾ ਦੇਖ ਕੇ ਉਸਦੀਆਂ ਵਾਰ-ਵਾਰ ਝੱਪਕ ਹੁੰਦੀਆਂ ਅੱਖਾਂ ,ਮੇਰੇ ਤੋਂ ਪੁੱਛਦੀਆਂ ਰਹਿੰਦੀਆਂ –  ਤੇਰੇ ਘਰ ਦੇ ਤੈਨੂੰ ਦਸੀ-ਪੰਜੀ ਵੀ ਨਈਂ ਦਿੰਦੇ ਖਰਚਣ ਨੂੰ ? “ ਵਿਚ-ਵਾਰ ਮੇਰੇ ਤੇ ਤਰਸ ਜਿਹਾ ਖਾ ਕੇ ਉਹ ਗੁੜ ਦੇ ਮਰੂੰਡੇ ਦੀ ਚੱਪਰ ਦਾ ਕੰਢਾ ਭੋਰ ਕੇ , ਜਾਂ ਸੀਲ੍ਹ ਦੀ ਪਿੰਨੀ ਦੰਦਾਂ ਨਾਲ ਟੁੱਕ ਕੇ ਮੈਨੂੰ ਖਾਣਨੂੰ ਦੇ ਦਿਆ ਕਰਦਾ । ਪਰ ਚਿੱਟੀ ਸੀਰਨੀ ਜਾਂ ਖੰਡ ਦੇ ਮਖਾਣੇ ਮੈਨੂੰ ਅਪਣੇ ਆਪ ਕਦੀ ਨਹੀਂ ਸੀ  ਦਿੱਤੇ । ਸਾਡੇ ਘਰ ਕਦੀ-ਕਦਾਈਂ ਬਣਦੀ , ਪਰ ਬਾਗ਼ ਅੰਦਰ ਕਰੀਬ ਕਰੀਬ ਹਰ ਰੋਜ਼ ਰਿੱਝਦੀ ਗੁੜ ਦੀ ਚਾਹ ਤਾਂ ਮੈਂ ਬਹੁਤ ਵਾਰ ਪੀਤੀ ਸੀ , ਚੀਨੀ ਪਾ ਕੇ ਬਣਾਈ ਚਿੱਟੀ ਚਾਹ ਕਦੇ ਨਹੀਂ ਸੀ ਪੀਤੀ । ਹਾਂ ,ਛੇਵੀਂ ਚ ਪੜ੍ਹਦਿਆਂ ਅੰਬਾਂ ਦਿਨੀਂ ਕਈ ਦਿਨ ਲਗਾਤਾਰ ਚੜ੍ਹਦੇ ਰਹੇ ਤਾਪ ਦੀ ਭਖ ਮੱਠੀ ਕਰਨ ਲਈ ਖੰਡ ਦਾ ਸ਼ਰਬਤ ਇਕ ਵਾਰ ਜ਼ਰੂਰ ਮਿਲਿਆ ਸੀ ਪੀਣ ਨੂੰ । ਉਸ ਦਿਨ ਦੁਆਰਕੇ ਹਕੀਮ ਤੋਂ ਪਿੱਤਲ ਦੀ ਕੌਲੀ ਚ ਚੁਅਰਕਾ ਪੁਆ ਕੇ ਲਿਆਏ ਬਾਪੂ ਨੇ ਦੂਜੇ ਹੱਥ ‘ਚ ਸਾਂਭ ਕੇ ਲਿਆਂਦੀ ਕਾਗਜ਼ ਦੀ ਪੁੜੀ , ਕੁੱਲੀ ਚ ਵਿਛੀ ਬੋਰੀ ਤੇ ਨਿਢਾਲ ਪਏ ਦੇ ਲਾਗੇ ਬੈਠੀ ਬੀਬੀ ਨੂੰ ਫੜਾਉਂਦਿਆਂ ਕਿਹਾ ਸੀ – ਹਕੀਮ ਆਂਦ੍ਹਾ ਸੀ ,ਦੁਆ  ਕੌੜੀ-ਫੋਕਲੀ ਬਓਤੀ ਆ । ਆਹ ਖੰਡ ਦਾ ਚਮਚਾ ਕੁ ਘੋਲ੍ਹ ਕੇ ਪਲਾ ਦਈਂ ਪਿਛੋਂ ,ਮੂੰਹ ਸੁਆਦ ਹੋ ਜਊ । 
ਉਸ ਦਿਨ ਪੀਤੇ ਚੀਨੀ ਦੇ ਸ਼ਰਬਤ ਦੀ ਮਿਠਾਸ ਮੈਨੂੰ ਕਈ ਚਿਰ ਚੇਤੇ ਰਹਿ ਕੇ ਫਿਰ ਜਿਵੇਂ ਭੁੱਲ-ਭਲਾ ਹੀ ਗਈ ਸੀ । ਸੱਤਵੀਂ ਚੋਂ ਫੇਲ੍ਹ ਨੰਦੂ ਨੇ ਪਿਛਲੇ ਬੈਂਚ ਤੇ ਮੇਰੇ ਨਾਲ ਢੁੱਕ ਕੇ ਬੈਠਦੇ ਨੇ ਇਕ ਦਿਨ ਫਿਰ ਚੇਤੇ ਕਰਵਾ ਦਿੱਤੀ । ...ਭਰ ਗਰਮੀਆਂ ਦੀ ਇਕ ਢੁੱਲਦੀ ਦੁਪਹਿਰ ਛੁੱਟੀ ਵੇਲੇ ਨੰਦੂ ਮੈਨੂੰ ਅਪਣੇ ਨਾਲ ਹੀ ਲੈ ਗਿਆ , ਅਪਣੀ ਹੱਟੀ ਤੇ । ਉਸਦਾ ਪਿਓ ਹੈ ਨਹੀਂ ਸੀ ਉਥੇ । ਗਿਆ ਹੋਇਆ ਸੀ ਕਿਧਰੇ ਦੂਰ-ਨੇੜੇ । ਨੰਦੂ ਦਾ ਜਾਣੋਂ ਹੋਰ ਦਾਅ ਲੱਗ ਗਿਆ । ਉਸ ਨੇ ਪਿਓ ਦੀ ਸੰਦੂਕੜੀ ਚੋਂ ਚੁਆਨੀ ਕੱਢੀ ਘਸਮੈਲੀ ਜਿਹੀ । ਮੈਨੂੰ ਕਿਹਾ –  ਜਾਅ ਜਾਗਰ ਦੀ ਹੱਟੀਓਂ ਖੰਡ ਲਿਆ  ਸ਼ਰਬਤ ਪੀਏ ।  ਮੈਨੂੰ ਸ਼ਰਬਤ ਦਾ ਨਾਂ ਸੁਣ ਕੇ ਚਾਅ ਚੜ੍ਹ ਗਿਆ । ਅਪਣਾ ਬਸਤਾ ਉਥੇ ਹੀ ਛੱਡ ਕੇ ਮੈਂ ਦੁੜਕੀ ਪਿਆ , ਜਾਗਰ ਦੀ ਹੱਟੀ ਜਾ ਪੁੱਜਾ ਸੀ , ਪਿੰਡ ਦੇ ਅੱਧ-ਵਿਚਕਾਰ । ਗਲੀਓ-ਗਲੀ ਹੁੰਦਾ , ਮੈਂ ਉਨ੍ਹੀਂ ਪੈਰੀਂ ਵਾਪਸ ਮੁੜ ਆਇਆ ਸੀ,ਛੋਟੇ ਜਿਹੇ ਲਿਫਾਫੇ ਚ ਲੱਪ ਭਰ ਚੀਨੀ ਸਾਂਭੀ । ਮੇਰੇ ਆਉਂਦੇ ਨੂੰ ਨੰਦੂ , ਪਿੱਤਲ ਦਾ ਵੱਡਾ ਕੰਗਣੀ ਵਾਲਾ ਗਿਲਾਸ ਪਾਣੀ ਦਾ ਭਰੀ ਬੈਠਾ ਸੀ , ਬੋਰੀ ਲਿੱਪਟੇ ਘੜੇ ਚੋਂ । ਉਸ ਨੇ ਝਬੂਟੀ ਜਿਹੀ ਮਾਰ ਕੇ ਮੇਰੇ ਤੋਂ ਫੜਿਆ ਲਿਫਾਫਾ ਇਕ ਦਮ ਗਲਾਸ ਚ ਉਲੱਟ ਦਿੱਤਾ ਸੀ ।ਅਰਕ ਕੱਢਣ ਵਾਲੀ ਤਾਂਬੇ ਦੀ ਪਤਲੀ ਜਿਹੀ ਨਾਲੀ ਪਾਣੀ ਚ ਘੁਮਾਉਂਦੇ ਨੇ ਉਸ ਨੇ ਮੇਰੀ ਵਲ੍ਹ ਦੇਖਿਆ ਵੀ ਸੀ ਚਲਾਵਾਂ ਜਿਹਾ । ਫਿਰ ਝੱਟ ਹੀ ਦੋਨਾਂ ਹੱਥਾਂ ਨਾਲ ਫੜੇ ਗਲਾਸ ਨੂੰ ਡੀਕ ਲਾ ਕੇ ਪੀਂਦਿਆਂ , ਉਸ ਨੇ ਮੇਰੀ ਵਲ੍ਹ ਇਕ ਵਾਰ ਵੀ ਨਿਗਾਹ ਨਹੀਂ ਸੀ ਘੁਮਾਈ । ਮੇਰੀ ਆਸ-ਉਮੀਦ ਦੇ ਉਲਟ ਮੇਰੇ ਲਈ ਉਸ ਨੇ ਦੋ ਘੁੱਟ ਵੀ ਨਹੀਂ ਸੀ ਬਚਾਏ । ਚਿੱਟਾ ਸ਼ਰਬਤ ਪੀਣ ਦੇ ਚਾਅ ਨਾਲ ਮੂੰਹ ਅੰਦਰ ਗੇੜੇ ਕੱਢਦੀ ਰਹੀ ਮੇਰੀ ਜੀਭ ,ਖਾਲੀ ਹੋਏ ਗਲਾਸ ਵਲ੍ਹ ਦੇਖ ਕੇ ਜਿਵੇਂ ਸੁੱਸਰੀ ਵਾਂਗ ਸੌਂ ਗਈ ਸੀ । ਨਿਮੋਝਾਣ ਹੋਇਆ ਮੈਂ ਬਸਤਾ ਚੁੱਕ ਅਪਣੇ ਘਰ ਵਲ੍ਹ ਨੂੰ ਨਿਕਲ ਤੁਰਿਆ ਸੀ, ਪੈਰ ਘਸੀਟਦਾ । ਲਾਚਾਰ ਜਿਹਾ ਹੋਇਆ ਮੈਂ ਸ਼ਰਬਤ ਨਾ ਮਿਲਣ ਕਾਰਨ ਅੰਦਰੋਂ – ਬਾਹਰੋਂ ਹਾਰਿਆ-ਹੰਭਿਆ ਮਹਿਸੂਸ ਕਰਦਾ ਰਿਹਾ ਸੀ । ਇਵੇਂ ਦੀ ਹੇਠੀ ਮੇਰੀ ਖਾਲੀ-ਖਾਲੀ ਰਹਿੰਦੀ ਜੇਬ ਕਾਰਨ ਹੋਈ ਸੀ ਜਾਂ ਪੱਕੇ ਮਿੱਠੇ ਲਈ ਵਧੀ ਲਾਲਸਾ ਕਾਰਨ ,ਉਸ ਦਿਨ ਮੈਨੂੰ ਇਸ ਦੀ ਸਮਝ ਨਹੀਂ ਸੀ ਲੱਗੀ ।
ਉਸ ਦਿਨ ਘਰ ਵਲ੍ਹ ਨੂੰ ਤੁਰੇ ਜਾਂਦੇ ਦੇ ਇਕ-ਅੱਧ ਵਾਰ ਮੇਰੇ ਚਿੱਤ ਚ ਆਈ ਵੀ ਕਿ ਅੱਧਾ ਕੁ ਸ਼ਰਬਤ ਰਹਿੰਦੇ ਤੇ ਨੰਦੂ ਹੱਥੋਂ ਗਲਾਸ ਫੜਿਆ ਕਿਉਂ ਨਾ । ਅੱਧੀ ਛੁੱਟੀ ਵੇਲੇ ਵੀ ਤਾਂ ਟੋਟਾ ਕੁ ਸੀਲ੍ਹ ਦੀ ਪਿੰਨੀ , ਖੰਡ ਦੇ ਮਖਾਣੇ ਜਾਂ ਦੋ ਕੁ ਦਾਣੇ ਚਿੱਟੀ ਸੀਰਨੀ ਉਸ ਹੱਥੋਂ ਖੋਹਣ ਵਾਂਗ ਮੰਗ ਹੀ ਲਿਆ ਕਰਦਾ ਸੀ । ਨਾਂਹ-ਨੁੱਕਰ ਕਰਦਾ-ਕਰਦਾ ਵੀ ਉਹ ਅੜੀ ਛੱਡ ਕੇ ਮੇਰੀ ਮੰਗ ਦੀ ਪੂਰਤੀ ਕਰ ਦਿੰਦਾ । ਉਸ ਨੂੰ ਡਰ ਹੁੰਦਾ ਕਿ ਸਾਡੇ ਵਿਚਕਾਰ ਬਣਿਆ ਚੁੱਪ ਦਾ ਅਹਿਦਨਾਮਾਂ ਕਿਧਰੇ ਟੁੱਟ ਨਾ ਜਾਏ । ਲਿੱਖਣ-ਪੜ੍ਹਨ ਪੱਖੋਂ ਉਹ ਮੇਰੇ ਤੋਂ ਵੀ ਦੋ ਰੱਤੀਆਂ ਹੇਠਾਂ ਸੀ । ਉਸ ਨੂੰ ਮੇਰੇ ਤੋਂ ਵੀ ਵੱਧ ਮਾਰ ਪੈਂਦੀ । ਮੇਰੇ ਨਾਲ ਤਾਂ ਥੋੜ੍ਹੀ ਬਹੁਤ ਲਿਹਾਜ਼ਦਾਰੀ  ਹੋ ਵੀ ਜਾਂਦੀ , ਪ੍ਰਾਰਥਨਾ ਵੇਲੇ ਨੌਂਵੀ ਦੇ ਸੁਰਜੀਤ ਨੂੰ ਵੱਡਾ ਢੋਲ ਬਜਾਉਣ ਦੀ ਵਾਰੀ ਦਵਾਉਣ ਕਰਕੇ । ਨੰਦੂ ‘ਤੇ ਕੋਈ  ਵੀ ਅਧਿਆਪਕ ਤਰਸ ਨਹੀਂ ਸੀ ਕਰਦਾ । ਮੇਰੇ ਜੇ ਦੋ ਵੱਜਦੀਆਂ ਤਾਂ ਉਸਦੇ  ਚਾਰ । ਇਹ ਭਾਣਾ ਦੂਜੇ ਚੌਥੇ ਵਰਤਿਆ ਹੀ ਰਹਿੰਦਾ । ਤਾਂ ਵੀ ਅਸੀਂ ਇਕ ਦੂਜੇ ਨੂੰ ਪਈ ਕੁੱਟ-ਮਾਰ , ਇਕ ਦੂਜੇ ਦੇ ਘਰ ਨਹੀਂ ਸੀ ਦੱਸਦੇ । ਸਗੋਂ ਹੋਰਨਾਂ ਦਿਨਾਂ ਨਾਲੋਂ ਵੀ ਵੱਧ ਗੁੱਟਕਦੇ । ਨੱਚਦੇ-ਟੱਪਦੇ । ਉਸ ਦਿਨ ਤਾਂ ਸਾਡੀ ਸੋਟੀ-ਸੇਵਾ ਦੋ ਵਾਰੀ ਹੋਈ ਸੀ ਦੋਨਾਂ ਦੀ । ਇਕ ਵਾਰ ਹਿਸਾਬ ਦੀ ਘੰਟੀ ,ਦੂਜੀ ਵਾਰ ਅੰਗਰੇਜ਼ੀ ਪੜ੍ਹਦਿਆਂ । ਤਾਂ ਵੀ ਮੇਰੇ ਤੋਂ ਨਾ ਨੱਚ-ਟੱਪ ਹੋਇਆ ਰਿਹਾ ਸੀ ,ਨਾ ਗੁੱਟਕਿਆ ਗਿਆ ਸੀ ਨੰਦੂ ਵਾਂਗ, ਤਰਕਾਰਾਂ ਤੱਕ ਮੈਂ ਸੁੰਨ-ਵੱਟਾ ਹੋਇਆ ਰਿਹਾ ਸੀ , ਬੁਝਿਆ-ਬੁਝਿਆ । ਲੋਢੇ ਵੇਲੇ ਤੋਤੇ-ਕਾਂ ਉਡਾਉਦੇ ਦੀ ਵੀ ਮੇਰੀ ਸੁਰਤੀ ਖੰਡ ਦੇ ਸ਼ਰਬਤ ਨੇ ਹੀ ਮੱਲੀ ਰੱਖੀ । ਨਾ ਮੇਰੇ ਤੋਂ ਠੀਕ ਤਰ੍ਹਾਂ ਪੀਪਾ ਬਜਾਇਆ ਗਿਆ , ਨਾ ਗੋਪੀਆ ਚਲਾਇਆ ਗਿਆ ।
ਸੂਰਜ ਡੁੱਬਦੇ ਕਰਦੇ ਨੂੰ ਬਾਪੂ ਬਾਗ਼ ਚ ਪੁੱਜਾ ਤਾਂ ਪੱਕੇ , ਅੱਧੇ –ਪੱਕੇ ਅੰਬਾਂ ਦੇ ਹੋਏ ਨੁਕਸਾਨ ਨੇ ਉਸਦਾ ਪਾਰਾ ਫਿਰ ਸਤਵੇਂ ਅਸਮਾਨੇ ਚਾੜ੍ਹ ਦਿੱਤਾ । ਉਸਨੇ ਚੁਪੇੜਾਂ-ਚਾਂਟਾਂ ਮਾਰ ਮਾਰ ਕੇ ਮੇਰਾ ਜਿਵੇਂ ਮੂੰਹ ਭੰਨ ਦਿੱਤਾ । ਪਰ ,ਉਸ ਦਿਨ ਮੈਨੂੰ ਬਾਪੂ ਵੱਲੋਂ ਪਈ ਮਾਰ-ਕੁੱਟ ਦੀ ਪੀੜ-ਚੀਸ ਰਤੀ ਭਰ ਵੀ ਨਹੀਂ ਸੀ  ਰੜਕੀ । ਨਾ ਮੈਂ ਰੋਇਆ-ਚੀਕਿਆ ਸੀ,ਨਾ ਅੱਖਾਂ ਚੋਂ ਹੰਝੂ ਨਿਕਲੇ ਸਨ । ਮੇਰੀਆਂ ਅੱਖਾਂ ਅੰਦਰ ਤਾਂ ਜਿਵੇਂ ਨੰਦੂ ਲਈ ਜਾਗਰ ਦੀ ਹੱਟੀਉਂ ਲਿਆਂਦੀ ਚੀਨੀ ਦੀ ਮਿਠਾਸ ਘਰ ਬਣਾ ਕੇ ਬੈਠ ਗਈ ਸੀ । ਮੇਰਾ ਤਾਂ ਸਾਰੇ ਦ ਸਾਰਾ ਵਜੂਦ ਇਕ ਤਰ੍ਹਾਂ ਤੇ ਪਰਛਾਵੇਂ ਨੇ ਜਿਵੇਂ ਘੇਰ ਹੀ ਲਿਆ ਸੀ । ਅਪਣੇ ਆਪ ਨੂੰ ਮੈਂ ਵਾਰ-ਵਾਰ ਕੋਸੀ ਜਾਂਦਾ ਸੀ – ਕਿਉਂ ਭਲਾ ਮੈਂ ਲੱਪ ਭਰ ਚੀਨੀ ਸਾਰੀ ਦੀ ਸਾਰੀ ਨੰਦੂ ਤੱਕ ਅੱਪੜਦੀ ਕਰ ਦਿੱਤੀ ? ਕਿਉਂ ਨਾ ਮੈਂ ਇਸ ਵਿੱਚੋਂ ਇਕ ਦੋ ਫੱਕੇ ਗਲੀਓ-ਗਲੀ ਆਉਂਦੇ ਨੇ ਰਾਹ ਵਿਚ ਹੀ ਮਾਰ ਲਏ ?
ਇਵੇਂ ਦੀ ,ਏਨੀ ਕੁ ਚੋਰੀ ਕਰਨ ਦਾ ਵਿਚਾਰ ਮੇਰੇ ਮਨ ਚ  ਪਹਿਲੋਂ ਕਦੀ ਨਹੀਂ ਸੀ ਆਇਆ । ਹੁਣ ਜਦ ਆਇਆ ਹੀ ਆਇਆ ਸੀ ਤਾਂ ਇਹ ਮੇਰਾ ਖਹਿੜਾ ਨਹੀਂ ਸੀ ਛੱਡਦਾ ।
ਅਗਲੇ ਦਿਨ ਸਵੇਰੇ ਸਕੂਲ ਜਾਣ ਲੱਗੇ ਨੇ ਮੈਂ ਬੀਬੀ ਤੋਂ ਦਸੀ –ਪੰਜੀ ਮੰਗਣ ਦੀ ਜ਼ਿਦ ਨਹੀਂ ਸੀ ਕੀਤੀ । ਬਾਪੂ ਦੀ ਝਾੜ – ਝੰਭ ਸਹਿਣ ਦੀ ਲੋੜ ਵੀ ਨਹੀਂ ਸੀ ਪਈ । ਉਨ੍ਹਾਂ ਦੋਨਾਂ ਤੋਂ ਅੱਖਾਂ ਬਚਾ ਕੇ ਮੈਂ ਰਾਤੀਂ ਸੌਣ ਲੱਗਿਆਂ , ਕੁੱਲੀ ਦੀ ਛੱਤ ਚ ਖਭੋ ਕੇ ਰੱਖੀ ਪੈਸਿਆਂ ਵਾਲੀ ਗੁੱਥਲੀ ਵਿਚੋਂ ਚਿੱਟੀ ਚਮਕਦਾਰ ਚੁਆਨੀ ਅਛੋਪਲੇ  ਜਿਹੇ ਕੱਢ ਕੇ ਜਮੈਟਰੀ ਬਕਸ ਵਿੱਚ ਲਕੋ ਲਈ ਸੀ । ਚੀਨੀ ਦਾ ਚਿੱਟਾ ਸ਼ਰਬਤ ਪੀਣ ਲਈ । ਨੰਦੂ ਦੇ ਸਾਹਮਣੇ ਬੈਠ ਕੇ 
ਅਪਣੀ ਇਸ ਪ੍ਰਾਪਤੀ ਤੇ ਉਸ ਰਾਤ ਮੈ ਕਿੰਨਾ ਚਿਰ ਸੁੱਤਾ ਸਾਂ ਕਿੰਨਾ ਚਿਰ ਜਾਗਿਆ , ਇਸ ਦੀ ਮੈਨੂੰ ਬਿਲਕੁਲ ਸੁਰਤ ਨਹੀਂ ਸੀ ਰਹੀ ।
ਇੱਟ ਹਿੱਟ ਅਪਾਉਨ ਏ ਪਲੈਨ .....
ਸੌਣ-ਜਾਗਣ ਦਾ ਹਿਸਾਬ –ਕਿਤਾਬ ਤਾਂ ਮੇਰਾ ਹੁਣ ਵੀ ਐਸਾ-ਵੈਸਾ ਹੀ ਐਂ । ਦਸ ਸਾਢੇ-ਦਸ ਵਜੇ ਤਾਂ ਮਸਾਂ ਘਰ ਹੀ ਪੁੱਜਿਆ ਜਾਂਦਾ । ਫਿਰ ਗਈ ਰਾਤ ਤੱਕ ਮੈਂ ਅਪਣੇ ਕਮਰੇ ਚ ਕੁਝ ਨਾ ਕੁਝ ਕਰਨ ਚ ਰੁਝਿਆ ਹੁੰਨਾਂ । ਥੋੜ੍ਹੀ ਕੁ ਬੀਤੀ ਸ਼ਾਮ ਦੀ ਸਮੀਖਿਆ ਕਰਨੀ ਹੁੰਦੀ , ਤੇ ਬਹੁਤਾ ਅਗਲੇ ਦਿਨ ਦਾ ਲੈਸਨ ਤਿਆਰ ਕਰਨਾ ਹੁੰਦਾ । ਵੱਖ-ਵੱਖ ਚੈਨਲਾਂ ਤੇ ਚਲਦੇ ਰੀਮਿਕਸ਼ ਸ਼ਾਟ ਦੇਖਣੇ ਹੁੰਦੇ । ਅੱਛੀਆਂ-ਅੱਛੀਆਂ ਮੁਦਰਾਵਾਂ ਦੀ ਚੋਣ ਕਰਨੀ ਹੁੰਦੀ , ਯੰਗਸਟਰਜ਼ ਦੇ ਐਪਟੀਚੂਡ ਅਨੁਸਾਰ  । ਅੱਜ ਕਲ੍ਹ ਮੈਂ ਇਕ ਸੰਗੀਤ ਅਕਾਦਮੀ ਨਾਲ ਜੁੜਿਆ ਹੋਇਆਂ  । ਇਹ ਅਕਾਦਮੀ ਸਿੱਖਿਆਰਥੀਆਂ ਦੀ ਲੈਸਨਿੰਗ ਵੀ ਕਰਦੀ ਐ ਤੇ ਮਨੋਰੰਜਨ ਵੀ । ਹਰ ਤਰ੍ਹਾਂ ਦਾ ਮਨੋਰੰਜਨ । ਬੜਾ ਖੁੱਲ੍ਹਾ-ਡੁੱਲ੍ਹਾ ਮਾਹੌਲ ਐ ਇਸ ਦਾ । ਡਾਂਸ , ਕੈਬਰੇ , ਆਰਕੈਸਟਰਾ , ਰੀਹਰਸਲ-ਰੂਮ, ਮੇਕ-ਅੱਪ ਰੂਮ ‘ ਚ , ਕਿਸੇ ਨੂੰ ਵੀ ਜਾਣ-ਆਉਣ ਦੀ ਮਨਾਹੀ ਨਹੀਂ । ਸਾਰੇ ਦੇ ਸਾਰੇ ਟਿਊਟਰ ਅਪਣੇ-ਅਪਣੇ ਕਾਰ-ਕਿੱਤੇ ਚ ਨਿਪੁੰਨ ਨੇ । ਨਿਰਮਾਤਾ –ਨਿਰਦੇਸ਼ਕ ਤਾਂ ਸੱਭ ਦੀ ਉਸਤਾਦ ਸਮਝੋ  । ਮੈਂ ਆਰਕੈਸਟਰਾ ਨਾਲ ਜੁੜਿਆ ਹੋਣ ਕਰਕੇ ਢੋਲਕ , ਤਬਲਾ , ਡਰੱਮ ਤੇ ਵਿਚ ਵਾਰ ਡਿਸਕਾਂ ਵਜਾਉਣਾ , ਮੇਰੇ ਪਾਰਟ –ਟਾਇਮ ਜਾਬ ਦਾ ਹਿੱਸਾ ਨੇ ।ਉਂਝ ਤਾਂ ਮੈਂ ਅਪਣੇ ਕਾਲਜ ਦੇ ਹੋਰਨਾਂ ਸਟਾਫ਼ ਮੈਂਬਰਾਂ ਵਾਂਗ ਹਲਫਿਆ ਬਿਆਨ ਵੀ ਦਿੱਤਾ ਹੋਇਆ ਪ੍ਰਿੰਸੀਪਲ ਸਰ ਨੂੰ ਕਿ ਮੈਨਿਜਮੈਂਟ ਵੱਲੋਂ ਮਿਲਦੀ ਤਨਖਾਹ ਤੋਂ ਬਿਨਾਂ ਮੈਨੂੰ ਹੋਰ ਕਿਸੇ ਤਰ੍ਹਾਂ ਦੀ ਆਮਦਨ ਨਹੀਂ । ਮੈਂ ਕਿਸੇ ਵੀ ਕਿਸਮ ਦਾ ਟਿਊਸ਼ਨ-ਵਰਕ ਨਹੀਂ ਕਰਦਾ । ਪਰ ਮੈਡਮ ਦੀ ਮਿਸ਼ਨ-ਨੁਮਾ ਅਕਾਡਮੀ ਚ ਇਵੇਂ ਦਾ ਮਨੋਰੰਜਨ ਕਰਨਾ-ਕਰਾਉਣਾ ਕੋਈ ਟਿਊਸ਼ਨ ਵਰਕ ਥੋੜ੍ਹਾ । ਇਹ ਤਾਂ ਇਕ ਤਰ੍ਹਾਂ ਨਾਲ ਨੌਜਵਾਨ ਪੀੜ੍ਹੀ ਅੰਦਰਲੇ ਨਾਚ-ਟੇਲੈਂਟ ਨੂੰ ਉੱਤਰ-ਆਧੁਨਿਕ ਡਾਈਮੈਨਸ਼ਨ ਦੇਣ ਦਾ ਬਹਾਨਾ ਐ ਬਹਾਨਾ । ਇਸ ਬਹਾਨੇ ਮੇਰੀ ਤਜ਼ਰਬਾਕਾਰੀ ਵੀ ਅੱਪ-ਡੇਟ ਹੋਣ ਲੱਗ ਪਈ । ਕੀ ਪਤਾ , ਆਉਂਦੇ ਕਲ੍ਹ ਨੁੰ ਮੇਰੇ ਕਾਲਜ ਦਾ ਸੰਗੀਤ ਵਿਭਾਗ ਹੀ ਵੋਕਲ-ਕਲਾਸੀਕਲ ਨਾਚ-ਗਾਇਨ ਦੇ ਨਾਲ ਨਾਲ ਰੀਮਿਕਸਿੰਗ ਨੂੰ ਵੀ ਇਲੈਕਟਿੱਵ ਜਾਂਆਪਸ਼ਨਲ ਵਿਸ਼ੇ ਵਜੋਂ ਸ਼ੁਰੂ ਕਰ ਲਵੇ । ਪ੍ਰਾਈਵੇਟ ਸੰਸਥਾਵਾਂ ਤਾਂ ਅਜਿਹੇ ਲਾਭਕਾਰੀ ਕੋਰਸਾਂ ਦੀ ਸਗੋਂ ਭਾਲ ਚ ਰਹਿੰਦੀਆਂ । ਇਸ ਉਦੇਸ਼ ਦੇ ਮੱਦੇ -ਨਜ਼ਰ ਮੈਂ ਕਾਲਜ ਪ੍ਰਿੰਸੀਪਲ ਨਾਲ ਅੰਦਰੋਂ-ਅੰਦਰ ਬਾਤ-ਚੀਤ ਵੀ ਕਰ ਦੇਖੀ । ਉਨ੍ਹਾਂ ਵੱਲੋਂ ਮੇਰੀ ਇਸ ਦੂਰ-ਦਰਸ਼ਤਾ ਨੂੰ ਕਾਫੀ ਸਾਰਾ ਸਮਰਥਨ ਵੀ ਮਿਲਿਆ । ਕੱਲਾ ਸਮਰਥਨ ਹੀ ਨਹੀਂ ਅੱਛਾ-ਖਾਸਾ ਹੁੰਗਾਰਾ ਵੀ ਮਿਲਿਆ । ਮੈਂ ਵੀ ਉਨ੍ਹਾਂ ਦੇ ਹੁੰਗਾਰੇ ਨੂੰ ਰਿਸਪੌਂਸ ਦਿੰਦਾਂ ਹੋਰਨਾਂ ਵਾਂਗ । ਹੋਰ ਵੀ ਕਿੰਨੇ ਸਾਰੇ ਅਧਿਆਪਕ ਇਵੇਂ ਦਾ ਰਿਸਪੌਂਸ ਦਿੰਦੇ ਆ , ਪ੍ਰਿੰਸੀਪਲ ਸਾਹਿਬ ਨੂੰ , ਪ੍ਰੋਫੈਸਰ ਸ਼ਰਮੇ ਦੀ ਆਟੋ-ਏਜੈਂਸੀ ਐ ਗਾਂਧੀ ਚੌਕ ਚ । ਸੇਖੋਂ ਸਾਬ੍ਹ ਦਾ ਟਰਾਂਸਪੋਰਟ ਬਿਜਨੈਸ ਐ । ਪੰਜ-ਛੇ ਸੋਮੋਂ ਚਲਦੀਆਂ , ਵੱਖ-ਵੱਖ ਟੈਕਸੀ ਸਟੈਂਡਾਂ ਤੇ । ਚੌਹਾਨ ਸਾਬ੍ਹ ਨੇ ਮਾਡਲ ਸਕੂਲ ਖੋਲ੍ਹ ਰੱਖੇ ਐ  ਦੋ । ਮਲੋਹਤਰਾ ਭਰਾਵਾਂ ਨੂੰ ਸ਼ੇਅਰ –ਮਾਰਕਿਟ ਦੇ ਡਾਨ ਗਿਣਦੇ ਐ ਸਾਰੇ । ਅੰਗਰੇਜ਼ੀ , ਹਿਸਾਬ , ਸਾਇੰਸ ਵਾਲੇ ਖਾਲੀ ਘੰਟੀਆਂ ਦਾ ਵੀ ਪੂਰਾ ਲਾਹਾ ਲੈਂਦੇ ਆਂ ਟਿਊਸ਼ਨ ਵਰਕ ਲਈ । ਲੱਖਾਂ ਕਮਾਉਂਦੇ ਐ ਸਾਰੇ ਸੀਜ਼ਨ ਚ। ਪਤਾ ਸੱਭ ਨੂੰ ਐ  ਇਕ ਦੂਜੇ ਦਾ  , ਦੱਸਦਾ ਕੋਈ ਨਹੀਂ । ਸ਼ਕਾਇਤ ਕੋਈ ਨਹੀਂ ਕਰਦਾ । ਬੜੀ ਏਕਤਾ , ਇਸ ਪੱਖੋਂ ।
ਅਜਿਹੀ ਨਿਰਵਿਵਾਦ ਸਥਿਤੀ ਚ ਮੈਂ ਵੀ ਸੰਗੀਤ-ਅਕਾਡਮੀ ਦੀ ਪਾਰਟ-ਟਾਇਮ ਜਾਬ ਦੌੜ-ਭੱਜ ਕੇ ਲੱਭ ਲਈ  । ਇਸ ਨਾਲ ਕਲਾਸ ਵਰਕ ਚ ਥੋੜ੍ਹੀ ਬਹੁਤ ਢਿੱਲ-ਮੱਠ ਤਾਂ ਪੈਣੀ ਹੀ ਪੈਣੀ ਸੀ, ਪਰ ਪੁੱਛਿਆ ਕਿਸੇ ਨਾ । ਨਾ ਹੀ ਕੋਈ ਖਾਸ ਫ਼ਰਕ ਪਿਆ ਸੰਗੀਤ ਵਿਦਿਆਰਥੀਆਂ ਨੂੰ । ਉਹ ਕਿਹੜਾ ਸੱਚ-ਮੁੱਚ ਸੰਗੀਤ ਸਿੱਖਣ ਆਉਂਦੇ ਨੇ । ਨਾ ਮੁੰਡੇ,ਨਾ ਕੁੜੀਆਂ । ਉਹ ਤਾਂ ਮੌਜ-ਮਸਤੀ ਕਰਨ ਆਉਂਦੇ ਹੋਣ ਜਾਂ ਟਾਇਮ ਪਾਸ ਕਰਨ । ਦੂਜੇ ਪਾਸੇ ਅਕਾਡਮੀ ਚ ਆਉਂਦੇ ਮੁੰਡੇ-ਕੁੜੀਆਂ ਬਹੁਤ ਜਾਨਮਾਰੀ ਕਰਦੇ ਲੱਗੇ ਮੈਨੂੰ । ਅੰਗ-ਅੰਗ,ਤੋੜ-ਮਰੋੜ ਛੱਡਦੇ ਉਹ ਅਪਣੇ । ਕਿੰਨੇ –ਕਿੰਨੇ ਵਲ੍ਹ ਖਾ ਜਾਂਦੇ , ਪੌਪ ਤੇ ਨੱਚਦੇ । ਤਾਂ ਕਿਧਰੇ ਜਾ ਕੇ ਪੁਰਾਣੀ ਕਿਸੇ ਫਿਲਮ ਦਾ ਗੀਤ ਨਵੀਂ ਨਾਚ-ਸ਼ੈਲੀ ਚ ਢੱਲਦਾ ।ਮੈਂ ਵੀ ਇਸ ਸ਼ੈਲੀ ਨਾਲ ਬਾਬੱਸਤਾ ਹੋਣ ਲਈ  ਕਿੰਨੇ ਸਾਰੇ ਚੈਨਲ ਦੇਖਦਾਂ । ਇਕੱਲੇ ਚੈਨਲ ਹੀ ਨਹੀਂ ਡਿਸਕਾਂ ਵੀ ਦੇਖਣੀਆਂ ਪੈਂਦੀਆਂ ਕੰਪਿਊਟਰ ਸਕਰੀਨ ਤੇ ਗਈ ਰਾਤ ਤੱਕ ।ਮੇਰੇ ਇਸ ਗਹਿ-ਗੱਚ ਰੁਝੇਂਵੇ ਤੋਂ ਅੱਕੀ-ਥੱਕੀ ਪਤਨੀ, ਸੌਣ-ਕਮਰੇ ਚੋਂ ਉੱਠ ਕੇ ਬੇਟੀਆਂ ਦੇ ਕਮਰੇ ਚ ਚਲੇ ਜਾਂਦੀ । ਉਥੇ ਵੀ ਉਸ ਨੂੰ ਚੈਨ ਨਾ ਮਿਲਦਾ । ਬੇਟੀਆਂ ਦੇ ਕਮਰੇ ਦਾ ਸ਼ੋਰ-ਸੰਗੀਤ ਤਾਂ ਭਾਵੇਂ ਕਾਫੀ ਸਾਰਾ ਮੱਧਮ ਹੁੰਦਾ , ਪਰ ਟੀ.ਵੀ. ਸਕਰੀਨ ਤੇ ਦ੍ਰਿਸ਼-ਚਿੱਤਰ ਉਸ ਨੂੰ ਉਸੇ ਤਰ੍ਹਾਂ ਦੇ ਦੇਖਣ ਨੂੰ ਮਿਲਦੇ ਜਿਹੋ ਜਿਹੇ ਮੇਰੇ ਕਮਰੇ ਦੇ ਟੀ.ਵੀ. ਸਕਰੀਨ ਤੇ । ਉਸ ਤੋਂ ਨਾ ਜਾਗਿਆ ਜਾਂਦਾ , ਨਾ ਸੌ ਹੁੰਦਾ । ਖਿਝੀ-ਖਪੀ ਉਸ ਅਕਸਰ ਮੇਰੇ ਤੇ ਵਰ੍ਹਦੀ-  ਤੁਆਡੇ ਐਸ ਕੰਜਰਖਾਨੇ ਨੇ ਕੁੜੀਆਂ ਦਾ ਫੱਕਾ ਨਈਂ ਛੱਡਣਾ । ਓਧਰ ਜਾਨੀ ਆਂ , ਓਧਰ ਵੀ ਆਹੀ ਲੁੱਚਪੁਣਾ ਲੱਗਾ ਹੁੰਦਾ , ਐਧਰ ਆਉਨੀ ਆ ਐਧਰ ਵੀ ਉਹੀ । ਉਹ ਖ਼ਸਮਾਂ ਪਿੱਟੀਆਂ ਹੱਥਾਂ ਚ  ਪੇਏ ਆਲੀਆਂ ਪੋਥੀਆਂ ਖੋਲ੍ਹੀ ਬੈਠੀਆਂ ਹੁੰਦੀਆਂ ਤੇ ਆਪੂੰ ...! ਮੈਂ ਦੱਸ ਕੇੜ੍ਹੇ ਖੂਹ ‘ ਚ ਡਿੱਗਾਂ ? ਇਸ ਤੋਂ ਅੱਗੇ ਉਸ ਤੋਂ ਕੁਝ ਨਾ ਬੋਲਿਆ ਜਾਂਦਾ ।
ਗੁੱਸੇ –ਰੋਸੇ ‘ ਚ ਹਫੀ-ਖ਼ਫੀ ਉਹ ਕਦੀ ਸੋਫੇਂ ਤੇ ਢੇਰੀ ਹੋ ਜਾਂਦੀ , ਕਦੀ ਹੇਠਾਂ ਹੀ ਫ਼ਰਸ਼ ਤੇ ਵਿਛੀ ਕਾਰਪੈਂਟ ਤੇ ।
ਅਜਿਹੇ ਸਮੇਂ ਉਸਦਾ ਦਰਜਾ-ਹਰਾਰਤ ਨਾਰਮਲ ਕਰਨ ਲਈ ਮੇਰਾ ਸਾਹਮਣੇ ਦੋ ਵਿਕਲਪ ਹੁੰਦੇ । ਇਨ੍ਹਾਂ ਦੋਨ੍ਹਾਂ ਨੂੰ  ਮੈਂ ਇਕ ਸਾਰ ਲਾਗੂ ਕਰ ਦਿੰਦਾ । ਪਹਿਲਾਂ , ਬੇਟੀਆਂ ਨੂੰ ਅੱਛਾ –ਖਾਸਾ ਝਿੜਕ ਕੇ ਉਨ੍ਹਾਂ ਦਾ ਟੀ.ਵੀ. ਬੰਦ ਕਰਕੇ ,ਧਿਆਨ ਨਾਲ ਪੜ੍ਹਨ ਦੀ ਹਿਦਾਇਤ ਕਰ ਆਉਂਦਾ ਤੇ ਫਿਰ ..ਫਿਰ ਅਪਣੇ ਕਰਮੇ ਦੀ ਕੰਪਿਊਟਰ ਕਰੀਨ ਤੇ ਮੈਂ ਰੀਮਿੱਕਸ ਦੀ ਥਾਂ ਤੇ ਪੋਰਨੋ-ਦ੍ਰਿਸ਼ ਪ੍ਰਦਰਸ਼ਤ ਕਰਨ ਲੱਗਦਾ ।
ਪਹਿਲੋਂ-ਪਹਿਲ ਤਾਂ ਪਤਨੀ ਲੁੱਚੇ ਲੁੱਤਫ਼ਕਾਰੀ ਕਾਰਜ ,ਪ੍ਰਤੀਕਾਰਜ ਦੇਖਦੀ ,ਸੰਗਦੀ-ਸੰਗਦੀ ਵਾਹਵਾ ਚਿਰ ਪਰਚੀ ਵੀ ਰਹੀ । ਡਿਸਕ ਬੰਦ ਹੋਣ ਪਿਛੋਂ ਉਹ ਕਮਰੇ ਦੀ ਡਿੰਮ-ਲਾਇਟ ਅੰਦਰ ਸਕਰੀਨ ਤੇ ਦੇਖੇ ਜਾਚੇ ਐਕਸ਼ਨਾਂ ਨੂੰ ਸੱਚ-ਮੁੱਚ ਦੀ ਕਿਰਿਆ ਚ ਬਦਲਣ ਦਾ ਅਨੰਦ ਵੀ ਲੈਂਦੀ ਰਹੀ । ਪਰ ਛੇਤੀ ਹੀ ਉਹ ਜਿਵੇਂ ਉਂਕਤਾ ਜਿਹੀ ਗਈ । ਗੱਲਾਂ-ਗੱਲਾਂ ਵਿਚ ਪੋਰਨੋਗਰਾਫਿਕ ਸਮੂਹਾਂਚ ਸ਼ਾਮਿਲ ਹੁੰਦੇ ਨੰਗ-ਧੜੰਗੇ ਜੋੜਿਆਂ ਨੂੰ ਸਿਰੇ ਦੇ ਬੇ-ਸ਼ਰਮ, ਪਰਲੇ ਦਰਜੇ ਦੇ ਕੰਜਰ ਆਦਿ ਵਿਸ਼ੇਸ਼ਣਾਂ ਨਾਲ ਨਿਵਾਜਣ ਲੱਗ ਪਈ । ਆਖਿਰ , ਉਸਨੇ ਐਹੋ ਜਿਹੀ ਕੋਈ ਵੀ ਰੀਲ੍ਹ-ਡਿਸਕ ਘਰ ਚ ਲਿਆਉਂਣੋਂ-ਰੱਖਣੋਂ ਮੈਨੁੰ ਪੱਕਾ-ਠੱਕਾ ਰੋਕ ਦਿੱਤਾ । ਮੈਂ ਅਕਾਦਮੀ ਦੇ ਕੰਮ-ਕਾਰ ਦੀ ਮਜਬੂਰੀ ਦੱਸ ਕੇ ਥੋੜ੍ਹੀ ਆਨਾ-ਕਾਨੀ ਕੀਤੀ ਤਾਂ ਉਹ ਕਈ ਦਿਨ ਮੇਰੇ ਨਾਲ ਬੋਲੀ ਤੱਕ ਨਾ ।
ਦੋਨਾਂ ਬੇਟੀਆਂ ਦੇ ਪੜ੍ਹਨ-ਲਿਖਣ ਵੱਲੋਂ ਵਧੀ ਜਾਂਦੇ ਅਵੇਸਲੇਪਨ ਨੂੰ ਉਹ ਮੇਰੇ ਨਾਲੋਂ ਵੱਧ ਮੇਰੀ ਨਾਚ-ਅਕਾਡਮੀ ਨੂੰ ਕਸੂਰਵਾਰ ਮੰਨਣ ਲੱਗ ਪਈ ਸੀ । ਉਸਦੇ ਸੁਚੇਤ-ਅਚੇਤ ਮਨ ਚ ਇਹ ਸੰਸਾ ਜਿਵੇਂ ਘਰ ਬਣਾ ਕੇ ਬੈਠ ਗਿਆ ਕਿ ਅਕਾਦਮੀ ਲੈਸਨਾਂ ਬਹਾਨੇ , ਸਾਡੇ ਸੌਣ-ਕਮਰੇ ਅੰਦਰ ਚਲਦੇ ਸਾਰੇ ਦੇ ਸਾਰੇ ਅਮਲ-ਕਰਮ ਦੋ-ਤਿੰਨ ਕੰਧਾਂ ਚੀਰ ਕੇ ਦੋਨਾਂ ਬੇਟੀਆਂ ਦੇ ਕਮਰੇ ਤੱਕ ਹੂ-ਬ-ਹੂ ਅੱਪੜਦੇ ਨੇ ।
ਉਸ ਦੇ ਇਹ ਤੌਖਲੇ ਨੂੰ ਧਿਆਨ-ਗੋਚਰੇ ਰੱਖਦਾ ਮੈਂ ਵਿਚਕਾਰ ਜਿਹੇ ਫਸ ਗਿਆ । ਇਕ ਪਾਸੇ ਅਕਾਦਮੀ ਦਾ ਵਧੀ ਜਾਂਦਾ ਕਾਰੋਬਾਰ । ਦੂਜੇ ਪਾਸੇ ਬੇਟੀਆਂ । ਦੋਨਾਂ ਵਿਚੋਂ ਕਿਸੇ ਨੂੰ ਅਣਗੌਲਿਆਂ ਨਹੀਂ ਸੀ ਕੀਤਾ ਜਾ ਸਕਦਾ ।
ਥੋੜ੍ਹਾ ਕੁ ਚਿਰ ਹੋਰ , ਮੈਂ ਪਤਨੀ ਤੋਂ ਓਹਲਾ ਰੱਖ ਕੇ , ਉਸ ਦੇ ਸੌ ਜਾਣ ਪਿਛੋਂ ਰੀਮਿੱਕਸ-ਲੈਸਨ ਤਿਆਰ ਕਰਦਾ ਰਿਹਾ ਤੇ ਵਿਚਕਾਰ ਐਵੇਂ ਝੱਸ ਪੂਰਾ ਕਰਨ ਲਈ ਪੋਰਨੋ ਦ੍ਰਿਸ਼ ਵੀ ਦੇਖਦਾ ਰਿਹਾ । ਪਰ ਉਸ ਦਿਨ...ਉਸ ਰਾਤ ਕੰਪਿਊਟਰ ਸਕਰੀਨ ਤੇ ਚਲਦੀ ਡਿਸਕ ਏਨੀ ਕਮਾਨ ਦੀ ਲੱਗੀ ਕਿ , ਏਨੀ ਦਿਲਕਸ਼ ਨਿਕਲੀ ਕਿ ਪਤਨੀ ਤੇ ਜਾਗ ਪੈਣ ਦੇ ਡਰ ਦੇ ਬਾਵਜੂਦ ਵੀ ਬੰਦ ਨਹੀਂ ਸੀ ਹੋਈ ਮੇਰੇ ਤੋਂ । ਮੈਂ ਤਾਂ ਸਗੋਂ ਸਾਹਮਣੇ ਚਲਦੇ ਦ੍ਰਿਸ਼ਾਂ ਵਰਗੇ ਵਰਗੇ ਐਕਸ਼ਨ ਕਰਨ ਲਈ ਤਿਆਰ ਹੋਇਆ ਪਿਆ ਸੀ ,ਤਨ-ਬਦਨ ਨੰਗਾ ਕਰਕੇ । ...ਫਿਰ ਉਹੀ ਗੱਲ ਹੋਈ ਜਿਸਦਾ ਮੈਨੂੰ ਤੌਖਲਾ ਸੀ । ਪਤਨੀ ਅਬੜਬਾਹੇ ਉੱਠ ਕੇ ਬੈਠ ਗਈ , ਡਰੀ –ਘਾਬਰੀ । ਡਰੀ-ਘਾਬਰੀ ਨੇ ਉਸ ਨੇ ਐਧਰ-ਓਧਰ ਦੇਖਿਆ । ਉਸਨੂੰ ਜਿਵੇਂ ਕੋਈ  ਬਹੁਤ ਭਿਆਨਕ ਸੁਪਨਾ ਆਇਆ ਹੋਵੇ । ਝੱਟ ਹੀ ਉਸਨੇ ਸਰ੍ਹਾਣੇ ਲਾਗੇ ਲੱਗਾ ਟਿਊਬ-ਲਾਈਟ ਦਾ ਸਵਿੱਚ ਆਨ ਕਰ ਦਿੱਤਾ । ਝੱਟ ਹੀ ਉਸਦੀ ਡੌਰ-ਭੌਰ ਹੋਈ ਨਿਗਾਹ ਮੇਰੇ ਅਲਫ਼-ਨੰਗੇ ਬਦਨ ਤੋਂ ਲੰਘਦੀ ਕੰਪਿਊਟਰ-ਸਕਰੀਨ ਤੱਕ ਅੱਪੜ ਗਈ । ਉਸਨੂੰ ਜਿਵੇਂ ਇਕ ਤਰ੍ਹਾਂ ਦਾ ਝੱਲ ਜਿਹਾ ਚਿੱਮੜ ਗਿਆ ਹੋਵੇ । ਪਾਗਲਪਨ ਵਰਗਾ ਦੌਰਾ ਪੈ ਗਿਆ । ਡਿੱਕੋ-ਡੋਲੇ ਖਾਂਦੀ ਉੱਠੀ ਨੇ ਪਹਿਲਾਂ ਉਸ ਨੇ ਮੇਜ਼ ਤੇ ਪਿਆ ਮੋਨੀਟਰ ਵਗਾਹ ਕੇ ਪਰ੍ਹਾਂ ਸੁੱਟ ਦਿੱਤਾ ਫ਼ਰਸ਼ ਤੇ , ਫਿਰ ਧੈਅ ਕਰਦਾ , ਦੋਨਾਂ ਜੁੜਵੇਂ ਹੱਥਾਂ ਦਾ ਧੱਫਾ ਮੇਰੀ ਨੰਗੀ ਪਿੱਠ ਤੇ ਜੜਕੇ ਅਵਾ-ਤਵਾ ਬੋਲਦੀ ਕਮਰਿਉਂ ਬਾਹਰ ਨਿਕਲ ਗਈ ।
ਸੱਮ ਪੇਬਲਜ਼ ਵਰ ਲਾਇੰਗ ਹੇਅਰ ਐਂਡ ਦੇਅਰ ...........
ਇਵੇਂ ਦੀ ਦੋ-ਹੱਥੜ ਮੇਰੀ ਬੀਬੀ ਨੇ ਵੀ ਮੇਰੀ ਅੱਧ-ਨੰਗੀ ਪਿੱਠ ਤੇ ਕਈ ਵਰ੍ਹੇ ਪਹਿਲਾਂ ਮਾਰੀ ਸੀ , ਅੰਬਾਂ ਦਿਨੀਂ । ਹਰੀ ਸੂੰਹ ਬਾਬੇ ਦੀ ਹਾਜ਼ਰੀ ਚ । ਉਸ ਦੀ ਘਟੀ ਰਕਮ ਕਾਰਨ , ਉਸ ਤੋਂ ਸ਼ਰਮਸ਼ਾਰ ਹੁੰਦਿਆਂ । ....ਦੂਜੇ ਚੌਥੇ ਬਾਪੂ ਦੀ ਗੁੱਥਲੀ ਵਿਚੋਂ ਕੱਢ ਹੁੰਦੀ ਚੁਆਨੀ-ਅਠਿਆਨੀ ਥੋੜ੍ਹੇ ਕੁ ਦਿਨੀਂ ਫੜੀ ਗਈ । ਕਿੱਡੀ ਕੁ ਹਜ਼ਾਰਾਂ ਦੀ ਰੋਕੜ ਸੀ ਜਿਦ੍ਹੇਂ ਚੋਂ ਘੱਟਦੀ ਪੌਲੀ-ਧੇਲੀ ਦਾ ਪਤਾ ਨਹੀਂ ਸੀ ਲੱਗਣ । ਲੈ ਦੇ ਕੇ ਅਠਾਰਾਂ ਵੀਹ, ਹੱਦ ਬਾਈ –ਪੰਜੀ ਤਾਂ ਰੁਪਈਏ ਜੁੜਦੇ ਸਨ ਬਾਪੂ ਨੂੰ ਸਾਰਾ ਦਿਨ ਬੈਠ-ਬੈਠ ਕੇ ਰਾਹ ਕੰਢੇ । ਘਰ ਦਾ ਥੋੜ੍ਹਾ ਕੁ ਜਿੰਨਾ ਖਰਚ ਕੱਢ ਕੇ ਉਸ ਨੇ ਬਚਦੇ ਪੈਸੇ ਗਿਣ-ਚੁਣ ਕੇ ਨਾਲ ਦੀ ਨਾਲ ਗੁੱਥਲੀ ਚ ਸਾਂਭ ਰੱਖੇ ਸਨ , ਨਾਲ ਦੀ ਨਾਲ ਬਾਗ਼ ਦੀ ਰਕਮ ਚੁੱਕਤੀ ਕਰਨ ਲਈ । ਪੰਦਰੀਂ-ਵੀਹੀਂ ਦਿਨੀਂ ਹਰੀ ਸੂੰਹ ਬਾਬਾ , ਬਾਪੂ ਨਾਲ ਹੋਏ ਮੂੰਹ-ਜ਼ੁਬਾਨੀ ਦੇ ਇੱਕਰਾਰਨਾਮੇਂ ਮੁਤਾਬਿਕ ਬਾਗ਼ ਚ ਆ ਪੁੱਜਦਾ , ਪੈਸੇ ਲੈਣ । ਬਾਬਾ , ਲੈਣ-ਦੇਣ ਕਰਨ ਚ ਸੀ ਤਾਂ ਕੋਰਾ-ਕੱਕਰਾ ਪਰ ਲੀਚੜ ਜਿਹਾ ਨਹੀਂ ਸੀ ਬਹੁਤਾ । ਉਸਨੇ ਕਦੀ ਵਾਧੂ ਦੀ ਚੂੰ-ਚੜਿਕ ਜਿਹਾ ਨਹੀਂ ਸੀ ਕੀਤੀ ਹੋਰਨਾਂ ਜੱਟਾਂ- ਜ਼ੀਮੀਦਾਰਾਂ ਵਾਂਗ । ਖੂੰਗਿਆਂ ਦਾ ਟੱਬਰ ਤਾਂ ਪੇਸ਼ਗੀ ਲੈਣ ਤੋਂ ਬਿਨਾਂ ਕਿਸੇ ਨੂੰ ਬਾਗ਼ ਦੇ ਲਾਗੇ ਖੰਘਣ ਵੀ ਨਹੀਂ ਸੀ ਦਿੰਦਾ । ਵੈਣੀਆਂ ਦੇ ਜੀਅ  ਉਨ੍ਹਾਂ ਤੋਂ ਵੀ ਦੋ ਰੱਤੀਆਂ ਉੱਪਰ ਸਨ । ਅੱਧ-ਖਚੱਧੇ ਅੰਬ ਉਹ ਆਪੂ ਈ ਤੋੜ ਲੈ ਜਾਂਦੇ , ਸੌਦਾ ਹੋਣ ਤੋ ਪਿਛੋਂ ਵੀ । ਕਦੀ ਕਿਸੇ ਬਹਾਨੇ ਕਦੀ ਕਿਸੇ । ਅੰਬਰਸਰੀਏ ਸਾਰਿਆਂ ਦਾ ਹੀ ਸਿਰਾ । ਉਨ੍ਹਾਂ ਕਿਸੇ ਦੀ ਰੈਅ ਤਾਂ ਕੀ ਕਰਨੀ , ਉਹ ਤਾਂ ਵੱਢੀ ਉਂਗਲੀ ਤੇ ਪਿਸ਼ਾਬ ਦਾ ਵੀ ਮੁੱਲ ਮੰਗ ਲਿਆ ਕਰਦੇ ਸਨ ।ਲੈ ਦੇ ਕੇ ਬਚਦੇ ਸਨ ਦੋ ਟੱਬਰ । ਇਕ ਸ਼ਾਹੀਆਂ ਦਾ , ਦੂਜਾ ਘੁੰਮਣਾ ਦਾ  । ਉਹਨਾਂ ਪਾਸ ਬੂਟੇ ਤਾਂ ਗਿਣਤੀ-ਮਿਣਤੀ ਦੇ ਹੀ ਸਨ । ਸ਼ਾਹੀਆਂ ਪਾਸ ਅੱਠ ਬੂਟੇ , ਘੁੰਮਣਾਂ ਕੋਲ ਪੰਜ । ਉਂਝ ਬੂਟੇ ਭਾਰੇ ਸਨ । ਹਰ ਕੋਈ ਇਨ੍ਹਾਂ ਦੇ ਬਾਗ਼ ਖ਼ਰੀਦਣ ਨੂੰ ਪਹਿਲ ਦਿੰਦਾ । ਸੀਗੇ ਤਾਂ ਇਹ ਟੱਬਰ ਵੀ ਪੂਰੇ ਹਿਸਾਬੀ-ਕਿਤਾਬੀ , ਪਰ ਝੱਖੜ-ਸਾਂਜੇ ਕਾਰਨ ਹੋਏ ਨੁਕਸਾਨ ਦੇ ਉਹ ਭਾਈਵਾਲ ਜ਼ਰੂਰ ਬਣ ਜਾਂਦੇ । ਅਗਲੇ ਦੇ ਨੁਕਸਾਨ ਨੂੰ ਆਪਣਾ ਨੁਕਸਾਨ ਸਮਝਦੇ । ਲੱਗਦੀ ਵਾਹ ਥੋੜ੍ਹੀ ਬਹੁਤ ਛੋਟ ਵੀ ਕਰ ਦਿਆ ਕਰਦੇ ਸਨ ਮਿਥੇ ਮੁੱਲ ਚੋਂ । ਘੁੰਮਣ ਬਾਬਾ ਸ਼ਾਹੀਆਂ ਤੋਂ ਵੀ ਉੱਪਰ ਸੀ । ਉਸਨੇ ਕਦੀ ਬਾਪੂ ਤੋਂ ਬਹੁਤਾ ਮਿੰਨਤ-ਤਰਲਾ ਨਹੀਂ ਸੀ ਕਰਵਾਇਆ । ਬਾਪੂ ਹਰ ਵਾਰ ਵਿਹੜੇ ਦੇ ਹੋਰਨਾਂ ਘਰਾਂ ਨੂੰ ਝਕਾਨੀ ਦੇ ਕੇ ਬਾਬੇ ਕੋਲ ਪਹਿਲੋਂ ਪਹੁੰਚ ਜਾਂਦਾ । ਉਸ ਵਾਰ ਵੀ ਬਾਪੂ , ਕਣਕ ਦੀ ਵਾਢੀ-ਟੋਕੀ ਚੋਂ ਵਿਹਲ ਕੱਢ ਕੇ ਹਰੀ ਸੂੰਹ ਬਾਬੇ ਨੂੰ ਜਾ ਮਿਲਿਆ ਸੀ । ਹਰ ਵਾਰ-ਵਾਂਗ ਬਾਬੇ ਨੇ ਪਿਛਲੇ ਸਾਲ ਨਾਲੋਂ ਵਧਾ ਕੇ ਨਿਰਧਾਰਤ ਕੀਤਾ ਮੁੱਲ ਬਾਪੂ ਨੂੰ ਦੋ-ਟੁੱਕ ਨਹੀਂ ਸੀ ਸੁਣਾਇਆ । ਸਗੋਂ ਉਸ ਨੂੰ ਲਾਗੇ ਬਿਠਾ ਕੇ ਬੜੇ ਸਹਿਜ-ਧੀਰਜ ਨਾਲ ਗੱਲ ਤੋਰੀ ਸੀ –  ਦੇਖ ਲਾਅ ਚਾਨਣਾ , ਮੈਂਗਭਾਈ ਕਿੱਦਾਂ ਸਿਰ ਨੂੰ ਚੜ੍ਹੀ ਆਉਂਦੀ ਆ ।ਕਿਸੇ ਵੀ ਸ਼ੈਅ ਨੂੰ ਹੱਥ ਨਈਂ ਲੱਗਦਾ । ਤੂੰ...ਤੂੰ ਮੇਰਾ ਵੀਰ ਐਂ ਕਰ ਬਹੁਤੇ ਨਈਂ ਤਾਂ ਇਕ –ਇਕ ਸੈਂਕੜਾ ਹਰੇਕ ਬੂਟੇ ਪਿੱਛੇ ਵਧਾ ਲੈ ਐਂਤਕੀਂ ਦੀ ਵਾਰੀ , ਅੱਗੇ ਤੂੰ ਆਪੂੰ ਸਿਆਣਾਂ ...।
ਪੰਜਾਂ ਬੂਟਿਆਂ ਪਿੱਛੇ ਪੰਜ ਸੌ ਦਾ ਵਾਧਾ ਸੁਣ ਕੇ ਤਾਂ ਬਾਪੂ ਜਿਵੇਂ ਸਿਰ ਤੋਂ ਲੈ ਕੇ ਪੈਰਾਂ ਤੱਕ ਸੁੰਨ ਹੋ ਗਿਆ ਸੀ । ਉਹ ਨਾ ਹਾਂ ਕਰਨ ਜੋਗਾ ਰਿਹਾ ਸੀ , ਨਾ ਨਾਂਹ । ਅਪਣੇ ਅੰਦਰ ਦੀ ਉਦੇੜ-ਬੁਣ ਚ ਘਿਰਿਆ ਉਹ ਥੋੜ੍ਹਾ ਕੁ ਚਿਰ ਉਵੇਂ  ਦਾ ਉਵੇਂ ਬੈਠਾ ਰਿਹਾ ਸੀ ਚੁੱਪ ਦਾ ਚੁੱਪ । ਉਸਨੂੰ ਪੱਕਾ ਪਤਾ ਸੀ ਕਿ ਪੰਜ ਸੌ ਦੀ ਰੋਕੜ ਤਾਂ ਉਸਨੂੰ ਸਾਰੇ ਸੀਜ਼ਨ ਚ ਆਪੂੰ ਨੂੰ ਨਹੀਂ ਸੀ ਬਚਣੀ । ਹੋਰ ਕਿਸੇ ਜੱਟ-ਜੀਮੀਂਦਾਰ ਦਾ ਬਾਗ਼ ਉਹ ਲੈਣਾ ਨਹੀਂ ਸੀ ਚਾਹੁੰਦਾ । ਹਾਰ ਕੇ ਉਸ ਪਾਸ ਇਕੋ-ਇਕ ਚਾਰਾ ਬਚਿਆ ਸੀ ,ਮਿੰਨਤ –ਤਰਲਾ ਕਰਨ ਦਾ । ਉਸਨੇ ਲੇਲ੍ਹੜੀਆਂ ਕੱਢਣ ਵਾਂਗ ਹਰੀ ਸੂੰਹ ਬਾਬੇ ਨੂੰ ਕਿਹਾ ਸੀ –“ ਐਨੀ ਗਰੀਬ ਮਾਰ ਨਾ ਕਰੋ ਬਾਬਾ ਜੀਈ ! ਸਾਡਾ ਕੀ ਲੁਕਿਆ ਆ ਤੁਆਡੇ ਤੋਂ ? ਅਸੀਂ ਪੰਜਾਂ ਜੀਆਂ ਨੇ ਰਾਤ-ਪੁਰ –ਦਿਨੇ ਟੁੱਟ-ਟੁੱਟ ਕੇ ਮਰਨਾ ਦੋ ਮੀਨ੍ਹੇ । ਫੇਅਰ ਕਿਤੇ ਜਾ ਕੇ ਟੁੱਟਕ-ਪਾਣੀ ਜੁੜਨਾ । ਉਹ ਵੀ ਤਾਂ ਜੇ ਉੱਪਰ ਆਲਾ ਖੈਰ-ਮੇਰ੍ਹ ਈ ਰੱਖੇ । ਇਕ ਝੱਖੜ-ਝਾਂਜੇ ਤੋਂ ਬਚਾ ਹੋਇਆ ਰਏ , ਦੂਜਾ ਸਾਡੇ ਚੋਂ ਕੋਈ ਜੀਅ ਬਮਾਰ-ਠਮਾਰ ਨਾ ਹੋ ਜਏ । ਅਪਣੀ ਅਲੋਂ ਤਾਂ ਬੰਦਾ ਸੌ ਤਰ੍ਹਾਂ ਦੇ ਓੜ੍ਹ-ਪੌੜ ਕਰਦਾ , ਪਰ ਕੁਜਰਤ ਅੱਗੇ ਕੋਈ ਵਾਹ ਪੇਸ਼ ਨੀਂ ਜਾਂਦੀ । ਮੀਂਹ-ਕਣੀ ਦੇ ਮੀਨ੍ਹੀਂ ਨਿੱਕੇ-ਨਿਆਣੇ ਆਹਟੇ ਡਗਾਹ ਹੁੰਦੇ ਆ । ਕਿਸੇ ਨੂੰ ਭੱਬੂ ਨਿਕਲ ਆਉਂਦੇ ਆ ,ਕਿਸੇ ਨੂੰ ਤਾਪ-ਤੂਪ ਘੇਰੀ ਰੱਖਦਾ । ਪਿਛਲੀ ਵੇਰਾਂ ਤੁਆਨੂੰ ਪਤਾ ਈ ਆ ਗੱਭਲੀ ਕੁੜੀ ਕਿੰਨੀ ਬਾਮਾਰ ਹੋ ਗਈ ਸੀ । ਤੱਈਆ-ਤਾਪ ਈ ਨਈਂ ਸੀ ਟੁੱਟਦਾ । ਸਾਰੀ ਬਚਤ ਉਹ ਤੇ ਲੱਗ ਗਈ ਸੀ । ਡੱਕਦਰਾਂ-ਹਕੀਮਾਂ ਨੇ ਤੁਆਨੂੰ ਪਤਆ ਈ ਆ ਕਿੱਡੇ-ਕਿੱਡੇ ਮੂੰਹ ਅੱਡਿਓ ਆ ....!
ਓ-ਓ ਭਲਿਆ ਲੋਕਾ , ਮੈਂ ਵੀ ਤਾਂ ਹਾਅ ਈ ਰੋਣੇ ਰੋਨਾਂ !ਹੁਣ ਤਾਂ ਚੁੱਲਾ-ਚੌਂਕਾ ਵੀ ਰੇੜ੍ਹਨਾ ਔਖਾ ਹੁੰਦਾ ਜਾਂਦਾ । ਸ਼ੈਅਰ ਜਾਓ ਤਾਂ ਪਤਆ ਲੱਗਦਾ ਕੀ ਭਾਅ ਵਿਕਦੀ ਆ । ਲੂਣ-ਤੇਲ ,ਕੱਪੜਾ-ਲੱਤਾ,ਰੇਆਂ – ਖਾਦਾਂ ਇਕ ਦਿਨ ਇਕ ਭਾਅ ਹੁੰਦੀਆਂ ,ਦੂਜੇ ਦਿਨ ਕਿਤੇ ਪੁੱਜੀਆਂ ਹੁੰਦੀਆਂ । ਪਤਆ ਨਈਂ ਕੀਈ ਹੋ ਜਾਂਦਾ ਰਾਤੋ-ਰਾਤ ! ਹੱਟੀਆਂ ਆਲੇ ਤਾਂ ਜਾਣੋਂ ਕੱਪੜੇ ਲਾਹੁਣ ਨੂੰ ਫਿਰਦੇ ਹੁੰਦੇ ਆ ਸਾਡੇ ਲੋਕਾਂ ਦੇ ! ...ਓਦਾਂ ਮੇਰਾ ਵੀ ਕੇੜ੍ਹਾ ਚਿੱਤ ਕਰਦਾ ਆ ਤੈਨੂੰ ਤੰਗੀ ਦੇਣ ਨੂੰ ! ਐਨੀ ਪੁਰਾਣੀ ਸਾਂਝ ਆ ਆਪਾਂ ਦੀ । ਪਰ ਹਾਅ ਮਜਬੂਰੀ ਆ ਮੇਰੀ ਵੀ । ਬਣਦਾ-ਸਰਦਾ ਕੁਸ਼ ਨੀ । 
ਬਾਪੂ ਉਸਦੀ ਸੱਚ ਜਿੱਡੀ ਦਲੀਲ ਸੁਣ ਕੇ ਚੱਪ ਜਿਹਾ ਹੋਇਆ ਰਿਹਾ ਸੀ ਥੋੜ੍ਹਾ ਕੁ ਚਿਰ । ਫਿਰ , ਡੂੰਘਾ –ਭਾਰਾ ਹਓਕਾ ਭਰਦੇ ਨੇ ,ਪੰਜ ਸੌ ਦੀ ਥਾਂ ਦੋ ਸੈਂਕੜੇ ਵਾਧੇ ਦੀ ਤਜ਼ਵੀਜ ਅਪਣੇ ਆਪ ਮਨਜ਼ੂਰ ਕਰਦਿਆਂ , ਬਾਬਾ ਜੀ ਦੇ ਜਿਵੇਂ ਪੈਰ ਈ ਫੜ ਲਏ ਸਨ । ਅੱਗੋਂ ਘੰਮਣ ਬਾਬੇ ਨੇ ਵੀ ਅਪਣੇ ਸੁਭਾ ਮੁਤਾਬਿਕ ਕੋਈ ਬਹੁਤੀ ਅੜੀ ਨਹੀਂ ਸੀ ਕੀਤੀ । ਸੌਦੇ ਦੀਆਂ ਬਾਕੀ ਸ਼ਰਤਾਂ ਪਹਿਲਾਂ ਵਾਲੀਆਂ ਮਨਜ਼ੂਰ ਹੀ ਮਨਜ਼ੂਰ ਸਨ ਦੋਨਾਂ ਧਿਰਾਂ ਨੂੰ । ਢਾਈ ਮਣ ਪੱਕੇ ਅੰਬ , ਵੀਹ ਸੇਰ ਅਚਾਰੀ ਤੇ ਟੁੱਕੀ ਰਕਮ ਨਾਲ ਦੀ ਨਾਲ , ਪੰਦਰੀਂ ਵੀਹੀਂ ਦਿਨੀਂ ।
ਹਰੀ ਸੂੰਹ ਬਾਬੇ ਲਈ ਗਿਣ-ਚੁਣ ਕੇ ਸਾਂਭੀ ਪੈਸਿਆਂ ਵਾਲੀ ਗੁੱਥਲੀ , ਬਾਪੂ ਨੇ ਕੁੱਲੀ ਦੀ ਛੱਤ ਚੋਂ ਧੂਹ ਕੇ ਉਸ ਦੇ ਸਾਹਮਣੇ ਢੇਰੀ ਕਰਦਿਆਂ ਕਿਹਾ ਸੀ –  ਲਓ ਬਾਬਾ ਜੀਈ , ਢਾਈ ਸੈਂਕੜੇ ਆ ।  ਵੱਖਰੀ-ਵੱਖਰੀ ਵੰਨਗੀ ਦੇ ਨੋਟਾਂ ਦੇ ਸਿੱਕਿਆਂ ਦਾ ਕੁਲ ਜੋੜ ,ਵੱਖ-ਵੱਖ ਗਿਣ ਕੇ ਕੀਤੇ ਜੋੜਾਂ ਨੂੰ ਜੋੜ ਕੇ ਉਸਨੇ ਇਕ ਵਾਰ ਕੀਤਾ ਸੀ , ਦੂਜੀ ਵਾਰ ਫਿਰ । ਪੂਰੇ ਨੌ ਰੁਪਏ ਘੱਟ ਸਨ ।ਹਰੀ ਸੂੰਹ ਬਾਬੇ ਦੇ ਚਿਹਰੇ ਤੇ ਥੋੜ੍ਹੀ ਕੁ ਜਿੰਨੀ ਤਲਖੀ ਉੱਕਰੀ ਗਈ । ਉਸ ਨਾਲ ਪਹਿਲੋਂ ਕਦੀ ਇਵੇਂ ਨਹੀਂ ਸੀ ਹੋਈ । ਜਿੰਨੇ ਪੈਸੇ ਬਾਪੂ ਦੱਸਦਾ ਹੁੰਦਾ , ਪੂਰੇ ਦੇ ਪੂਰੇ ਨਿਕਲਦੇ ਸਨ ।ਬਾਬੇ ਸਾਹਮਣੇ ਹੋਈ ਬਾਪੂ ਦੀ ਹੇਠੀ ਇਕ-ਦਮ ਪੰਜ ਪਹਾੜ ਗੁੱਸੇ ਚ ਬਦਲ ਗਈ । ਉਸਦਾ ਸਿੱਧਾ ਸ਼ੱਕ ਮੇਰੇ ਤੇ ਟਿੱਕ ਗਿਆ । ਮੇਰੇ ਅੰਦਰ ਦਾ ਚੋਰ ਵੀ ਮੇਰੇ ਅੰਗਾਂ-ਪੈਰਾਂ ਤੇ ਸਾਫ਼-ਸਾਫ਼ ਪੱਸਰ ਗਿਆ ਸੀ । ਬਾਪੂ ਵਿਚਲੀ ਗੱਲ ਫੱਟ ਤਾੜ ਗਿਆ । ਅਪਣੇ ਆਪ ਦਾ ਬਚਾ ਕਰਨ ਲਈ ਮੈਂ ਕੁੱਲੀਉਂ ਬਾਹਰ ਖਿਸਕਣ ਹੀ ਲੱਗਾ ਸੀ ਕਿ ਇਕ ਜ਼ੋਰਦਾਰ ਥੱਪੜ ਪਹਿਲਾਂ ਮੇਰੀ ਇਕ ਗਲ੍ਹ ਤੇ ਵੱਜਾ ,ਦੂਜਾ ਦੂਜੀ ਤੇ । ਨਾਲ ਹੀ ਬਾਪੂ ਦੇ ਤਲਖੀ ਭਰੇ ਬੋਲ ,ਮੇਰੇ ਕੰਨਾਂ ਨੂੰ ਜਿਵੇਂ ਸੁੰਨ ਹੀ ਕਰ ਗਏ – ਮੈਂ ਨਾ ਕਹਾਂ ਏਸ ਕੁੱਤੇ ਦੀ ਪੂਛ ਨੇ ਪੰਜੀ-ਦਸੀ ਕਾਤੋਂ ਨਈਂ ਮੰਗੀ ਐਨੇ ਦਿਨਾਂ ਤੋਂ ...।
ਇਹ ਸ਼ਾਇਦ ਬਾਬਾ ਹਰੀ ਸੂੰਹ ਦੇ ਕੁੱਲੀ ਚ ਬੈਠਾ ਹੋਣ ਕਰਕੇ ਸੀ ਕਿ ਬਾਪੂ ਨੇ ਮੈਨੂੰ ਇਸ ਤੋਂ ਵੱਧ ਕੁਝ ਨਹੀਂ ਸੀ ਕਿਹਾ । ਨਾ ਸੋਟੀ –ਪਰੈਣੀ ਦੀ ਮਾਰ ਮਾਰੀ ਸੀ , ਨਾ ਲੱਤਾਂ-ਠੁੱਡਿਆਂ ਦੇ ਹੁੱਝੇ । ...ਤਾਂ ਵੀ , ਬਾਪੂ ਦੀ ਸੋਟੀ ਪਰੈਣੀ ਤੋਂ ਵੱਧ ਦੁੱਖਦਾਈ ਮਾਰ ਦਾ ਸੰਤਾਪ ਉਸ ਦਿਨ ਮੈਨੁੰ ਸਹਿਨ ਕਰਨ ਪਿਆ ਸੀ । ਉਸ ਦਿਨ ...ਗੁੱਥਲੀ ਤੋਂ ਘਟੇ ਪੈਸਿਆਂ ਦੀ ਅੱਪਰਾਧ ਭਾਵਨਾ ਨਾਲ ਡੰਗ ਹੋਇਆ ਮੈਂ ਕੁੱਲੀ ਦੇ ਅੰਦਰ-ਬਾਹਰ ਸੁੰਨ-ਵੱਟਾ ਹੋਇਆ ਖੜਾ ਸੀ । ਬਾਹਰ ਇੱਟਾਂ ਦੇ ਚੁੱਲੇ ਤੇ ਚਾਹ ਧਰੀ ਬੈਠੀ ਬੀਬੀ ਪਤਾ ਨਹੀਂ ਕਦੋਂ ਉੱਠਦੇ ਮੇਰੀ ਪਿੱਠ ਪਿੱਛੇ ਆ ਪੁੱਜੀ ਸੀ । ਬੱਝਵੇਂ ਹੱਥਾਂ ਦਾ ਦੋ-ਹੱਥੜ ਵਰਗਾ ਧੱਫਾ ਮੇਰੇ ਅੱਧ-ਨੰਗੇ ਪਿੰਡੇ ਤੇ ਪੂਰੇ ਜ਼ੋਰ ਦੀ ਮਾਰ ਕੇ ਉਹ ਮੁੜ ਚੁੱਲੇ ਅੱਗੇ ਜਾ ਬੈਠੀ ਸੀ । ਬਿਨਾਂ ਬੋਲੇ –ਚਾਲੇ  । ਉਸਦੀ ਇਸ ਚੁੱਪ ਚ ਕਿੰਨਾ ਵੱਡਾ ਗਿਲਾ ਸੀ , ਕਿੰਨਾ ਭਾਰਾ ਸ਼ਿਕਵਾ ਸੀ ਮੇਰੇਤੇ । ਕਿੰਨੀ ਵੱਡੀ ਨਿਮੋਸ਼ੀ , ਕਿੰਨੀ ਤਿੱਖੀ ਪੀੜ-ਚੀਸ ਬਰਦਾਸ਼ਤ ਕਰਨੀ ਪਈ ਸੀ ਉਸ ਨੂੰ ਆਪ ਨੂੰ ? ਇਸ ਦੀ ਪੂਰੀ ਸਮਝ ਮੈਨੂੰ ਕਈ ਵਰ੍ਹੇ ਪਿੱਛੋਂ ਉਸ ਦਿਨ ਲੱਗੀ ਜਿਸ ਦਿਨ ਬਿਲਕੁਲ ਉਸੇ ਤਰ੍ਹਾਂ ਦਾ ਧੱਫਾ ਮੇਰੀ ਪਤਨੀ ਨੇ ਕਰੀਬ-ਕਰੀਬ ਉਸੇ ਥਾਂ ਅਰਸਾਲ ਕੀਤਾ , ਜਿਸ ਤਰ੍ਹਾਂ ਦਾ ਬੀਬੀ ਨੇ ਏਸੇ ਥਾਂ ਜੜਿਆ ਸੀ , ਕਈ ਵਰ੍ਹੇ ਪਹਿਲਾਂ ।
ਇੱਟ ਥਰਿਊ ਦੀਜ਼ ਪੇਬਲਜ਼ ਇੰਨਟੂ ਦੀ ਜੱਗ .....
ਰਾਤ ਅੱਧੀਉਂ ਵੱਧ ਟੱਪ ਚੁੱਕੀ ਹੈ । ਅੰਗਰੇਜ਼ੀ ਮਾਸਟਰ ਦੀਨਾ ਨਾਥ ਦੀ ਮੇਰੇ ਮੌਰਾਂ ਚ ਵੱਜੀ ਖੂੰਟੀ ਨਾਲ ਉੱਖੜੀ ਨੀਂਦ ਜਿਵੇਂ ਪਰ ਲਾ ਕੇ ਉੱਪਰ ਅਕਾਸ਼ ਵਲ੍ਹ ਨੂੰ ਉੱਡ ਗਈ ਹੈ । ਜਿਵੇਂ-ਜਿਵੇਂ ਮੈਂ ਸੁਪਨੇ ਦੀ ਕਾਰ –ਵਲ੍ਹਗਣ ਚ ਬਾਹਰ ਆਉਣ ਦਾ ਯਤਨ ਕਰਦਾ ਹਾਂ ਉਵੇਂ-ਉਵੇਂ ਇਸ ਦਾ ਘੇਰਾ ਤੰਗ , ਹੋਰ ਤੰਗ ਹੋਈ ਜਾਂਦਾ ਹੈ । ਇਸ ਦੀ ਜਕੜ ਹੋਰ ਕੱਸ ਹੋਈ ਜਾਂਦੀ ਹੈ । ਮੁੜ ਘੜੀ ਮੇਰਾ ਇਕ ਜਾਂ ਦੂਜਾ ਹੱਥ ,ਇਕ ਜਾਂ ਦੂਜੇ ਮੋਢੇ ਤੇ ਉੱਪਰ ਦੀ ਹੋ ਕੇ ਇਕ ਜਾਂ ਦੂਜੇ ਮੌਰ ਨੂੰ ਪਲੋਸਣ ਲੱਗਦਾ ਹੈ । ਇਉਂ ਲੱਗਦਾ ਜਿਵੇਂ ਮੇਰੇ ਤਬਲਾ-ਵਾਦਕ ਪੋਟੇ ਮਾਸਟਰ ਦੀਨਾ ਨਾਥ ਦੀ ਖੂੰਟੀ ਵਾਲੀ ਥਾਂ ਦੇ ਨਾਲ-ਨਾਲ ਬੀਬੀ ਦੀ ਧੌਲ ਵੱਜਣ ਵਾਲੀ ਥਾਂ ਅਤੇ ਪਤਨੀ ਦ ਜੁੜਵੇਂ ਹੱਥਾਂ ਦਾ ਧੱਫਾ ਵੱਜਣ ਵਾਲੀ ਥਾਂ ਦੀ ਠੀਕ-ਠੀਕ ਨਿਸ਼ਾਨਦੇਹੀ ਕਰ ਰਹੇ ਹੋਣ । ਇਨ੍ਹਾਂ ਥਾਵਾਂ ਤੋਂ ਨਿਕਲਦੀਆਂ ਪੀੜ-ਤਰੰਗਾਂ ਦਾ ਸਹੀ-ਸਹੀ ਨਾਪ-ਤੋਲ ਕਰ ਰਹੇ ਹੋਣ । ਇਕੱਲਾ ਨਾਪ-ਤੋਲ ਹੀ ਨਹੀਂ ਸਗੋਂ ਮੇਰੀ ਪਿੱਠ ਤੇ ਉੱਕਰ ਹੋਈਆਂ ਇਨ੍ਹਾਂ ਸਜ਼ਾਵਾਂ ਰਾਹੀਂ ਹੁਣ ਤਾਈਂ ਮੇਰੇ ਤੱਕ ਸੰਚਾਰ ਹੋਈ ਸਿੱਖਿਆ-ਸਿੱਖਸ਼ਾ ਦਾ ਵੀ ਜਾਇਜ਼ਾ ਲੈ ਰਹੇ ਹੋਣ ।
...ਅੰਗਰੇਜ਼ੀ ਮਾਸਟਰ ਦੀਨਾ ਨਾਥ ਦੀ ਖੂੰਟੀ ਦਾ ਮੇਰੇ ਹੱਥਾਂ ਮੌਰਾਂ ਨਾਲ ਬਣਿਆ ਰਿਸ਼ਤਾ , ਨਾ ਤਾਂ ਹਕੀਮਾਂ ਦੇ ਨੰਦੂ ਨਾਲੋਂ ਮੇਰਾ ਇਲੱਤ-ਨੁਮਾ ਗੱਠ-ਜੋੜ ਹੀ ਤੋੜ ਸਕਿਆ ਸੀ , ਤੇ ਨਾ  ਹੀ ਥਰਸਟੀ ਕਰੋਅ ਦੀ ਅਬਾਰਤ ਚਾਚਾ ਨਹਿਰੂ ਜਾਂ ਮਹਾਤਮਾ ਗਾਂਧੀ ਦੇ ਪ੍ਰਸਤਾਵਾਂ ਚ ਮਿਕਸ ਹੋਣੋਂ ਹਟੀ ਸੀ । ਸਕੂਲੀ ਪੜ੍ਹਾਈ ਪੂਰੀ ਹੋਣ ਤੱਕ ਮੇਰਾ ਇਹੋ ਹਾਲ ਰਿਹਾ । ਕਲਾਸ ਕਮਰਿਆਂ ਚ ਪਏ , ਹਿਲਦੇ , ਝੋਲੇ ਮਾਰਦੇ ਡੈਸਕਾਂ-ਬੈਂਚਾਂ ਉੱਤੇ ਠੱਕ-ਠੱਕ ਵੱਜਦੀਆਂ ਉਂਗਲਾਂ ਤਾਂ ਸਗੋਂ ਹੋਰ ਵੀ ਤੇਜ਼-ਤਰਾਰ ਹੁੰਦੀਆਂ ਗਈਆਂ । ਇਹ ਤਾਂ ਹੋਰ ਵੀ ਕਈ ਤਰ੍ਹਾਂ ਦੀਆਂ ਸੁਰਾਂ , ਕਈ ਤਰ੍ਹਾਂ ਦੀਆਂ ਤਾਨਾਂ ਕੱਢਣ ਲੱਗ ਪਈਆਂ ਸਨ । ਪ੍ਰਾਰਥਨਾ ਥੜ੍ਹੇ ਉੱਤੋਂ ਸ਼ਬਦ-ਗੀਤ ਗਾਉਂਦੇ ਕਿਸੇ ਵੀ ਕੁੜੀ-ਮੁੰਡੇ ਦੀ ਹੇਕ-ਸੁਰ ਨਾਲ ਸੁਰ –ਬੱਧ ਹੋਇਆ ਤਬਲਾ-ਤਾਲ ,ਮੈਂ ਵੱਡਾ ਢੋਲ ਰੱਖਣ ਵਾਲਾ ਮੇਜ਼ ਵਜਾ ਕੇ ਹੀ ਕੱਢ ਲਿਆ ਕਰਦਾ । ਪਿੰਡ, ਮੇਰੇ ਇਸ ਅਭਿਆਸ ਨੂੰ ਹੋਰ  ਪ੍ਰਚੰਡ ਕਰਨ ਲਈ ਸੂਬੇਦਾਰ ਖੇਮਸੂੰਹ ਦੀ ਹਵੇਲੀ ਪਏ ਨਕਾਰਾ ਹੋਏ ਗੱਡੇ ਦੇ ਫੱਟੇ ਸਨ , ਜਾਂ ਦਿਨੀਂ-ਤਿਉਹਾਰੀਂ ਗੁਰਦੁਆਰੇ ਵੱਜਣ ਵਾਲੀ ਢੋਲਕੀ । ਸੂਰਮ ਸਿੰਘ ਰਾਗੀ ਮੈਨੂੰ ਉਚੇਚ ਨਾਲ ਘਰੋਂ ਸੱਦ ਲਿਆਉਂਦਾ । ਉਸਦੀ ਸ਼ਬਦ-ਗਾਇਕੀ ਕਾਫੀ ਸਾਰੀ ਰਸ –ਭਰਪੂਰ ਹੋ ਗਈ ਸੀ । ਕੀਰਤਨ ਭੇਂਟ ਬਹੁਤ ਸਾਰੀ ਵੱਧਣ ਲੱਗ ਪਈ ਸੀ , ਮੇਰੇ ਢੋਲਕ-ਵਾਦਨ ਨਾਲ  ।  ਉਸਦੇ ਹਾਰਮੋਨੀਅਮ ਤੇ ਢੇਰ ਹੁੰਦੇ ਕਿੰਨੇ ਸਾਰੇ ਨੋਟ ਦੇਖ ਕੇ ਪਹਿਲੋਂ ਪਹਿਲ ਮੇਰਾ ਚਿੱਤ ਵੀ ਅੱਛਾ ਖਾਸਾ ਆਨੰਦ –ਪ੍ਰਸੰਨ ਹੁੰਦਾ ਰਿਹਾ । ਫਿਰ ਇਸ ਅੰਦਰ ਸੱਚੀ ਗੱਲ ਆ ਇਕ ਤਰ੍ਹਾਂ ਦੀ ਖੁਤਖਤੀ ਜਿਹੀ ਹੋਣ ਲੱਗ ਪਈ । ਇਕ ਤਰ੍ਹਾਂ ਦੀ ਅੱਚੋਆਈ ਲੱਗਣ ਲੱਗ ਪਈ ਮੈਨੂੰ । ਇਸ ਅਚੋਆਈ ਕਾਰਨ ਮੈਂ ਸੂਰਮ ਸਿੰਘ ਦੀ ਕਥਾ-ਵਾਚਨ ,ਸ਼ਬਦ-ਗਾਇਨ ਨੂੰ ਹੁੰਦੀਆਂ ਅਰਦਾਸਾਂ ਦਾ ਜਮਾਂ-ਜੋੜ ਅਗਲਵਾਂਡੀ ਹੋ ਕੇ ਆਪੂੰ ਕਰਨ ਲੱਗ ਪਿਆ , ਆਨੀ-ਬਹਾਨੀਂ । ਅਰਦਾਸ ਹੋਈ ਮਾਇਆ ਚ ਬਹੁਤਾ ਕਰਕੇ ਇਕ-ਇਕ ਰੁਪੇਏ ਦੇ ਨੋਟ ਹੁੰਦੇ ਸਨ । ਕਿਸੇ ਕਿਸੇ ਸ਼ਰਧਾਵਾਨ ਨੇ ਦੋ-ਦੋ ਦੇ ਨੋਟ ਦੀ ਚੜ੍ਹਤ ਵੀ ਚਾੜ੍ਹੀ ਹੁੰਦੀ । ਪੰਜਾਂ ਦਾ ਨੋਟ ਤਾਂ ਕਿਧਰੇ ਵਰ੍ਹੇ ਛਿਮਾਹੀ ਹੀ ਦੇਖਣ ਨੂੰ ਮਿਲਦਾ , ਕਿਸੇ ਵੱਡੇ ਘਰੋਂ ਆਇਆ । ਸੂਰਮ ਸਿੰਘ ਨਾਂ ਦਾ ਵੀ ਸੂਰਮ ਸਿੰਘ ਸੀ ਤੇ ਅੱਖਾਂ ਤੋਂ ਵੀ ਸੂਰਮਾ ਸਿੰਘ । ਪਰ ,ਉਸਨੇ ਵਾਜੇ ਤੱਕ ਪੁੱਜੇ ਪੈਰਾਂ ਦੀ ਆਹਟ ਨੂੰ ਨੋਟਾਂ ਦੀ ਗਿਣਤੀ ਨਾਲ ਇਕ-ਬਰਾਬਰ ਕਰਨ ਵਿਚ ਕਦੀ ਭੁਲੇਖਾ ਨਹੀਂ ਸੀ ਖਾਧਾ । ਉਸਦੇ ਇਸ ਤੀਜੇ ਨੇਤਰ ਸਾਹਮਣੇ ਮੇਰੇ ਪਾਸ ਇਕੋ-ਇਕ ਢੰਗ –ਤਰੀਕਾ ਬਚਦਾ ਸੀ , ਚੁਸਤੀ ਮਾਰਨ ਲਈ । ਮੈਂ ਸੂਰਮ ਸਿੰਘ ਤੋਂ ਲੈਣ ਵਾਲੀ ਬਖ਼ਸ਼ੀਸ਼ ਇਕ-ਇਕ ਰੁਪੇਏ ਦੀ ਥਾਂ ਦੋ-ਦੋ ਰੁਪੇਏ ਵਾਲੇ ਨੋਟਾਂ ਰਾਹੀਂ ਪ੍ਰਾਪਤ ਕਰਦਾ । ਉਸਦੇ ਹੱਥੀਂ ਗਿਣਵਾ ਕੇ । ਇਹ  ਨੋਟ ਜੇ ਗਿਣਤੀ ਚ ਚਾਰ ਹੁੰਦੇ ਤਾਂ ਮੇਰੇ ਸਕੂਲ-ਖ਼ਰਚ ਲਈ ਇਨ੍ਹਾਂ ਦਾ ਮੁੱਲ ਅੱਠ ਰੁਪੇਏ ਹੁੰਦਾ । ਜੇ ਇਹ ਪੰਜ ਹੁੰਦੇ ਤਾਂ ਇਨ੍ਹਾਂ ਦੀ ਕੀਮਤ ਦਸ ਹੋ ਜਾਂਦੀ । ਸਕੂਲੇ ,ਹੱਥ-ਰੇੜੀਆਂ , ਛਾਬੜੀਆਂ ਤੇ ਵਿਕਣ ਵਾਲੀ ਹਰ ਮਿੱਠੀ-ਨਮਕੀਨ  ਸ਼ੈਅ , ਮੇਰੀ ਜੇਬ ਦੀ ਪਕੜ ਵਿਚ ਆਉਣ ਲੱਗ ਪਈ ਸੀ । ਬੀਬੀ ਤੋਂ ਪੰਜੀ-ਦਸੀ ਮੰਗਣ ਜਾਂ ਬਾਪੂ ਦੀ ਗੁੱਥਲੀ ਵਿਚੋਂ ਚੁਆਨੀ-ਅਠਿਆਨੀ ਚੋਰੀ ਕਰਨ ਦੀ ਹੁਣ ਕਦੀ ਨੌਬਤ ਹੀ ਨਹੀਂ ਸੀ ਆਈ । ਬਾਪੂ ਤਾਂ ਗੁਰਦੁਆਰੇ ਆਇਆ ਨਹੀਂ ਸੀ ਕਦੀ । ਬੀਬੀ ਨੂੰ ਮੈਂ ਇੱਥੋਂ ਕੀਤੀ ਕਮਾਈ ਦਾ ਅੱਧ-ਪਚੱਧ ਹੀ ਪਤਾ ਲੱਗਣ ਦਿੱਤਾ । ਉਂਝ ਵੀ ਉਹ ਗੁਰਦੁਆਰੇ ਦੇ ਹਾਲ ਕਮਰੇ ਚ ਕਦੀ ਅੰਦਰ ਨਹੀਂ ਆਈ । ਬਾਹਰੋਂ , ਬਰਾਂਡੇ ਚੋਂ ਨਿੰਮ ਕੇ ਮੱਥਾ ਟੇਕ , ਉਹ ਪਿੱਛੇ ਜਾ ਬੈਠਦੀ ਸੀ ਧੁੱਪੇ ਜਾਂ ਛਾਵੇਂ । ਵਿਹੜੇ ਦੇ ਹੋਰਨਾਂ ਤੀਵੀਆਂ –ਮਰਦਾਂ ਲਾਗੇ । ਸਾਨੂੰ ਕਮੀਂ-ਕਮੀਨਾਂ ਨੂੰ ਗੁਰਦਵਾਰੇ ਅੰਦਰ ਵੜਨ-ਬੈਠਣ ਦੀ ਪੱਕੀ-ਠੱਕੀ ਰੋਕ-ਰੁਕਵਾਟ ਤਾਂ ਕੋਈ ਨਹੀਂ ਸੀ ਕਿਸੇ ਵੱਲੋਂ ,ਤਾਂ ਵੀ ਸਾਡੇ ਵਿਹੜੇ ਦੇ ਸਾਰੇ ਜੀਅ ਜੱਟਾਂ-ਜੀਮੀਂਦਾਰਾਂ ,ਤਖਾਣਾਂ-ਲੁਹਾਰਾਂ , ਪੁਣਛੀਆਂ –ਕਰਾੜਾਂ ਦੇ ਨਿੱਕੇ ਨਿਆਣਿਆਂ , ਮਰਦਾਂ-ਇਸਤਰੀਆਂ ਤੋਂ ਕਾਫੀ ਸਾਰਾ ਹਟਵਾਂ ਬੈਠਦੇ ਸਨ । ਇਵੇਂ ਦਾ ਵੱਖਰੇਵਾਂ ਉਨ੍ਹਾਂ ਗਲੀਂ ਪਏ ਮਿੱਟੀ-ਲਿਬੜੇ,ਅਣਧੋਤੇ ,ਗੰਦੇ-ਮੰਦੇ ਕੱਪੜਿਆਂ ਕਾਰਨ ਵੀ ਹੁੰਦਾ ਸੀ ਤੇ ਉਨ੍ਹਾਂ ਦੇ ਦਿਲਾਂ ਦਿਮਾਗਾਂ ਉੱਤੇ ਛਾਈ ਰਹਿੰਦੀ ਇਕ ਤਰ੍ਹਾਂ ਦੀ ਹੀਣ-ਭਾਵਨਾ ਕਾਰਨ ਵੀ । ਮੇਰੇ ਉੱਤੇ ਇਹ ਦੋਨੋਂ ਲਾਗੂ ਨਹੀਂ ਸਨ ਹੁੰਦੀਆਂ । ਮੈਂ ਸਕੂਲੇ ਜਾਣ ਲਈ ਧੋ-ਬਣਾ ਕੇ ਰੱਖੀ ਸਾਫ਼ ਸੁਥਰੀ ਨਿੱਕਰ –ਕਮੀਜ਼ ਪਾ ਕੇ ਗੁਰਦਵਾਰੇ ਆਉਂਦਾ ਸਾਂ । ਦੂਜੇ , ਰਾਗੀ ਸੂਰਮ ਸਿੰਘ ਲਾਗੇ ਬੈਠਦਿਆਂ ਮੇਰੇ ਅੰਦਰਲੀ ਝਿਜਕ ਸਾਰੀ ਦੀ ਸਾਰੀ ਉੱਡ-ਪੁੱਡ ਗਈ ਸੀ । ਪਹਿਲੋਂ ਇਹ ਝਾਕਾ ਕਲਾਸ ਕਮਰੇ ਚ ਹਕੀਮਾਂ ਦੇ ਨੰਦੂ ਨਾਲ ਜੁੜ ਕੇ ਬੈਠਦਿਆਂ ਲੱਥਾ, ਫਿਰ ਸਕੂਲ ਦੇ ਪ੍ਰਾਰਥਨਾ ਥੜੇ ਤੇ ਵੱਡਾ ਢੋਲ ਵਜਾਉਂਦਿਆਂ । ਸੂਰਮ ਸਿੰਘ ਰਾਗੀ ਦੀਆਂ ਹਾਰਮੋਨੀਅਮ ਸੁਰਾਂ ਨਾਲ ਢੋਲਕ –ਤਾਲ ਇਕ –ਸੁਰ ਕਰਦਿਆਂ ਮੈਨੂੰ ਇਉਂ ਲੱਗਣ ਲੱਗ ਪਿਆ ਸੀ ਕਿ ਉਸਦੀ ਸ਼ਬਦ ਗਾਇਕੀ ਮੇਰੇ ਢੋਲਕ ਤਾਲ ਤੋਂ ਬਿਨਾਂ ਬਿਲਕੁਲ ਐਵੇਂ-ਕਿਵੇਂ ਦੀ ਐ ਫਿੱਕੀ ਜਿਹੀ । ਉਸ ਨੂੰ ਵੀ ਇਹ ਗੱਲ ਇਵੇਂ ਹੀ ਜਾਪਦੀ ਸੀ । ਨਹੀਂ ਤਾਂ ਪੈਰਾਂ ਦੀ ਆਹਟ ਨਾਲ ਚੜ੍ਹਾਵੇ ਦੀ ਗਿਣਤੀ ਨੂੰ ਇੱਕ ਬਰਾਬਰ ਕਰਨ ਵਾਲੇ ਸੂਰਮਾਂ ਸਿੰਘ ਤੋਂ ਛੋਟੇ-ਵੱਡੇ ਨੋਟਾਂ ਦਾ ਫੁਰਕ ਕਿਵੇਂ ਗੁੱਝਾਂ ਰਹਿ ਸਕਦਾ ਸੀ । ਮੈਨੁੰ ਇਸ ਗੱਲ ਦੀ ਛੇਤੀ ਹੀ ਸਮਝ ਪੈ ਗਈ ਕਿ ਮੇਰੀ ਦੋ-ਰੁਪੇਏ ਦੇ ਨੋਟਾਂ ਵਾਲੀ ਚਲਾਕੀ ਨੂੰ ਉਸਨੇ ਜਾਣ-ਬੁੱਝ ਕੇ ਹਊ-ਪਰ੍ਹੇ ਕੀਤੀ ਰੱਖਿਆ ਸੀ । ਵਿਚ ਵਾਰ ਮੈਂ ਉਹ ਵਿਚਾਰੇ ,ਲਾਚਾਰ ,ਜੋਤ –ਹੀਣ ਰਾਗੀ ਸਿੰਘ ਨਾਲ ਇਵੇਂ ਦਾ ਛੱਲ-ਫ਼ਰੇਬ ਕਰਨ ਤੋਂ ਰੋਕਿਆ ਵੀ ਅਪਣੇ ਆਪ ਨੂੰ । ਗੁਰੂ-ਘਰ ਦਾ ਭੈਅ –ਡਰ ਮੰਨਦਿਆਂ ,ਜਾਂ ਬੀਬੀ ਦੇ ਜੁੜਵੇਂ ਹੱਥਾਂ ਦੇ ਵੱਜੇ ਧੱਫੇ ਦੀ ਸੱਟ ਅੰਦਰਲੇ ਸੁਨੇਹੇ ਨੂੰ ਸਮਝਦਿਆਂ । ਪਰ...ਪਰ ਅੱਧੀ ਛੁੱਟੀ ਵੇਲੇ ਨੰਦੂ ਵਾਂਗ ਚੱਟ-ਪਟੀਆਂ ਚੀਜ਼ਾ-ਵਸਤਾਂ ਖਾਣ ਦੀ ਮੇਰੀ ਹਿਰਸ ਨੇ ਮੇਰੇ ਅੰਦਰ ਦੀ ਇਸ ਆਵਾਜ਼ ਦੀ ਪੇਸ਼ ਨਹੀਂ ਸੀ ਜਾਣ ਦਿੱਤੀ ।
ਦੀ ਵਾਟਰ ਰੋਜ਼ ਅੱਪ ..ਇੱਟ ਡਰੈਂਕ,ਐਂਡ ਡਰੈਂਕ ,ਐਂਡ ਡਰੈਂਕ .....
ਇਹ ਅੰਦਰਲੀ ਆਵਾਜ਼ ਇਨ੍ਹੀਂ ਦਿਨੀਂ ਵੀ ਕਈ ਵਾਰ ਮੇਰੀ ਰੋਕ-ਟੋਕ ਕਰ ਚੁੱਕੀ ਹੈ । ਰੀਮਿੱਕਸ ਅਕਾਡਮੀ ਚ ਹੁੰਦੇ ਉੱਤਰ-ਆਧੁਨਿਕ ਕਾਰ-ਵਿਹਾਰ ਤੋਂ ਆਪਣਾ ਆਪ ਬਚਦਾ ਰੱਖਣ ਲਈ ਆਖ ਚੁੱਕੀ ਹੈ  । ਪਲ ਦੋ ਪਲ ਲਈ ਮੇਰੇ ਸੁਰਾਂ ਦੀ ਥਾਂ ਸ਼ੋਰ-ਕੁਬਾੜ ਉੱਗਲਦੇ ਪੋਟੇ , ਮੇਰੀ ਵਰ੍ਹਿਆਂ ਭਰ ਦੀ ਸੰਗੀਤ ਸਾਧਨਾ ਸਾਹਮਣੇ ਸ਼ਰਮਸ਼ਾਰ ਹੋਏ , ਝੂਠੇ ਪੈਣ ਲੱਗਦੇ ਹਨ । ਪਰ ਅਗਲੇ ਹੀ ਛਿੰਨ ਮੇਰੇ ਸਾਥੀ ਸਾਜਿੰਦਿਆਂ ਦਾ, ਮੇਰੇ ਕਾਲਜ ਕੁਲੀਗਜ਼ ਦਾ ਸ਼ਾਹੀ ਠਾਠ-ਬਾਠ ਮੇਰੀਆਂ ਅੱਖਾਂ ਅੱਗੇ ਜਾ ਖਲੋਂਦਾ ਹੈ । ਮੈਂ ਸੋਚਣ ਲੱਗਦਾਂ – ਇਨ੍ਹਾਂ ਸੁਰ-ਸੰਗੀਤ ਮਾਹਿਰਾਂ ਨੇ ਵੀ ਤਾਂ ਰਾਗਾਂ-ਸਾਜ਼ਾਂ ਦੀ ਸੌਂਹ-ਕਸਮ ਖਾਧੀ ਹੋਵੇਗੀ ਕਦੀ । ਕਾਲਜ ਅਧਿਆਪਕਾਂ ਨੇ ਵੀ  ਕਿਸੇ ਇਸ਼ਟ-ਉਸਤਾਦ ਅੱਗੇ , ਕਿਸੇ ਨੌਕਰੀ –ਦਾਤਾ ਸਾਹਮਣੇ ਹਲਫ਼ ਲਿਆ ਹੀ ਹੋਵੇਗਾ । ਫਿਰ ਉਹ ਕਿੰਨਾ ਕੁ ਮਾਣ-ਤਾਣ ਦਿੰਦੇ ਐ ਐਹੋ ਜਿਹੀਆਂ ਸੌਹਾਂ-ਕਸਮਾਂ ਨੂੰ , ਹਲਫ਼-ਨਾਮਿਆਂ ਨੂੰ ਜਾਂ ਅਪਣੇ ਅੰਦਰ ਦੀਆਂ ਆਵਾਜ਼ਾਂ ਨੂੰ ? ਕਈ ਵਾਰ ਮੈਨੂੰ ਲੱਗਦਾ ਕਿ ਉਨ੍ਹਾਂ ਵਾਂਗ ਅੰਦਰਲੀਆਂ ਆਵਾਜ਼ਾਂ ਤੋਂ ਭੈਅ –ਮੁਕਤ ਹੋ ਕੇ ਹੀ ਮੈਂ ਐਥੋਂ ਤੱਕ ਦਾ ਸਫ਼ਰ ਕੀਤਾ ਹੈ । ਹਰੀ ਸੂੰਹ ਬਾਬੇ ਦੇ ਬਾਗ਼ ਚ ਹਰ ਸਾਲ ਬਣਦੀ ਕੱਖਾਂ ਦੀ ਕੁਲੀ ਵਰਗੇ ਪਿੰਡ ਦੇ ਢਾਰਾ-ਨੁਮਾ ਘਰ ਚੋਂ ਨਿਕਲ ਕੇ ਇਸ ਆਲੀਸ਼ਾਨ ਕੋਠੀ ਤੱਕ ਅੱਪੜਿਆਂ । ਇਨ੍ਹਾਂ ਸਾਰੇ ਵਰ੍ਹਿਆਂ ਮੇਰੀ ਢੋਲਕ-ਤਬਲਾ ਵਿੱਦਿਆ ਵੀ ਮੇਰੇ ਅੰਗ-ਸੰਗ ਰਹੀ ਐ ਤੇ ਵੇਲਾ ਸੰਭਾਲਣ ਦੀਆਂ ਜੁਗਤਾਂ ਵੀ । ਇਹ ਜੁਗਤਾਂ ਮੈਂ ਕਾਲਜ ਦੀ ਪੜ੍ਹਾਈ ਤੋਂ ਲੈ ਕੇ ਕਾਲਜ ਚ ਪੜ੍ਹਾਉਂਦਿਆਂ ਤੇ ਹੁਣ ਰੀਮਿੱਕਸ ਆਕਡਮੀ ਦੀ ਖੱਟੀ-ਕਮਾਈ ਕਰਦਿਆਂ ਲਗਾਤਾਰ ਵਰਤੀਆਂ । ਪਤਾ ਨਈ ਮੇਰੀ ਇਹ ਜੁਗਤ-ਖੇਲ ਮੇਰੇ ਮਾਂ-ਪਿਓ , ਮੇਰੀ ਪਤਨੀ ਨੂੰ ਪਸੰਦ ਕਿਉਂ ਨਹੀਂ ? ਵਿਰਧ ਮਾਂ-ਪਿਓ ਮੇਰੇ ਇਸ ਕਾਰ –ਵਿਹਾਰ ਤੋਂ ਅੱਕ-ਚਿੜ੍ਹ ਕੇ ਪਿੰਡ ਚਲੇ ਗਏ , ਮੁੜ ਕੇ ਨਹੀਂ ਪਰਤੇ । ਪਤਨੀ ਹਰ ਰੋਜ਼ ਕਲਾ ਕਰਦੀ ਐ , ਉਸਦੇ ਗੁੱਸੇ ਦਾ ਹੱਦ-ਬੰਨਾ ਹੀ ਕੋਈ ਨਹੀਂ । ਦੋਨਾਂ ਬੇਟੀਆਂ ਦੇ ਆਪ-ਹੁੱਦਰੀਆਂ ਹੋ ਜਾਣ ਦਾ ਸਾਰਾ ਦੋਸ਼ ਉਹ ਮੇਰੇ ਸਿਰ ਤੇ ਮੜ੍ਹਦੀ ਐ । ਉਸਨੂੰ ਮੇਰੀ ਕਿਸੇ ਵੀ ਗੱਲ ਤੇ ਯਕੀਨ ਨਹੀਂ ਰਿਹਾ । ਉਸਦਾ ਪਾਰਾ ਦਿਨ-ਪ੍ਰਤੀ-ਦਿਨ ਉੱਪਰ ਵਲ੍ਹ ਨੂੰ ਚੜਦਾ ਜਾਂਦਾ । ਮੈਨੂੰ ਉਹ ਅਗਲੇ ਦਿਨ ਦਾ ਲੈਸਨ ਤੱਕ ਵੀ ਤਿਆਰ ਨਹੀਂ ਕਰਨ ਦਿੰਦੀ । ਅੰਤਾਂ ਦੀ ਖ਼ਫਾ ਹੁੰਦੀ ਐ ਮੇਰੇ  ਤੇ । ਅਜਿਹੇ ਮੌਕੇ, ਮੇਰੇ ਪਾਸ ਦੋ ਹੀ ਵਿਕਲੱਪ ਬਚੇ ਹੁੰਦੇ  ਐ । ਮੈਂ ਪੂਰੀ ਤਨਦੇਹੀ ਨਾਲ ਇਨ੍ਹਾਂ ਨੂੰ ਇਕੱਠਿਆਂ ਲਾਗੂ ਕਰਨ ਦਾ ਯਤਨ ਵੀ ਕਰਦਾਂ । ਪਰ , ਇਹ ਦੋਨੋਂ ਤਾਂ ਹੁਣ ਜਿਵੇਂ ਮੁੱਢੋਂ-ਸੁੱਢੋਂ ਹੀ ਠੁੱਸ ਹੋ ਕੇ ਰਹਿ ਗਏ ਹੋਣ । ਨਾ ਤਾਂ ਬੇਟੀਆਂ ਤੇ ਮੇਰੀ ਝਾੜ-ਝੰਭ ਦਾ ਕੋਈ ਅਸਰ ਹੁੰਦਾ ਤੇ ਨਾ ਪਤਨੀ ਹੀ ਪੋਰਨੋ ਦ੍ਰਿਸ਼ ਦੇਖਣ ਲਈ ਰਾਜ਼ੀ ਹੁੰਦੀ ਐ । ਦੇਖਣੇ ਤਾਂ ਇਕ ਪਾਸੇ ਰਹੇ ਉਸ ਨੇ ਤਾਂ ਇਨ੍ਹਾਂ ਦੀਆਂ ਰੀਲਾਂ-ਸੀਡੀਆਂ ਨੂੰ ਚੁੱਲੇ ਚ ਸੁੱਟ ਦੇ ਫੂਕਣ ਤੱਕ ਦਾ ਅਲੀਮੇਟਮ ਦੇ ਦਿੱਤਾ ਹੋਇਆ । ਇਹੋ ਜਿਹਾ ਅਲਟੀਮੇਟਮ ਉਹ ਮੈਨੂੰ ਅਕਾਡਮੀ ਦਾ ਪਾਰਟ-ਟਾਇਮ ਜਾਬ ਬੰਦ ਕਰਨ ਲਈ ਕਈ ਵਾਰ ਦੇ ਚੁੱਕੀ  । ਪਰ ...ਇਹ ਮੈਂ ਹੀ ਆਂ ਕਿ ਅਜੇ ਤੱਕ ਅਪਣੀ ਥਾਂ ਡਟਿਆ ਖੜਾਂ । ਖੜਾ ਹੀ ਨਹੀਂ ਸਗੋਂ ਅੱਗੇ ਤੋਂ ਅੱਗੇ ...ਹੋਰ ਤੋਂ ਹੋਰ .....। ਮੇਰੀ ਇਹ ਹਿਰਸ –ਪਿਆਸ ਬੁਝਣ ਦਾ ਨਾਂ ਹੀ ਨਹੀਂ ਲੈਂਦੀ । ਮੇਰੀ ਇਸ ਦੌੜ ਨੂੰ ਕੋਈ ਤਣ-ਪੱਤਣ ਹੀ ਨਹੀਂ ਥਿਆਉਂਦਾ ...!!
ਮੌਰਲ- !?.....!?.....!!??.....!!??
ਲਾਲ ਸਿੰਘ ਦਸੂਹਾ
ਨੇੜੇ ਐਸ.ਡੀ.ਐਮ ਕੋਰਟ ,
ਜੀ.ਟੀ .ਰੋਡ,ਦਸੂਹਾ,ਜ਼ਿਲਾ : ਹੁਸ਼ਿਆਰਪੁਰ (ਪੰਜਾਬ )
094655-74866