ਥਰਸਟੀ ਕਰੋਅ(ਪੰਜਾਬੀ ਕਹਾਣੀ)
ਲਾਲ ਸਿੰਘ ਦਸੂਹਾ
“ ਵਨਸ ਦੇਅਰ ਵਾਜ਼ ਏ ਕਰੋਅ । ਇੱਟ ਵਾਜ਼ ਥਰਸਟੀ । ਹੀ ਲਿਬਡ ਇੰਨ ਜੰਗਲ । ਹਿਜ਼ ਫਾਦਰ ਵਾਜ਼ ਏ ਰਿੱਚ ਮੈਨ । ਹੀ ਵਾਜ਼ ਬੋਰਨ ਇੰਨ ....। “ ਅਗਲੇ ਹੀ ਛਿੰਨ ਅੰਗਰੇਜ਼ੀ ਮਾਸਟਰ ਦੀਨਾ ਨਾਥ ਦੀ ਖੂੰਟੀ ਮੇਰੇ ਮੌਰਾਂ ‘ਤੇ ਆ ਵੱਜੀ । ਨਾਲ ਹੀ ਜ਼ੋਰਦਾਰ ਝਿੜਕ – “ ਬੱਸ , ਬੱਸ ...ਖੜਾ ਰਹਿ ਤੂੰ ਵੱਡਿਆ ਤਾਨਸੈਨਾਂ ! ...ਤਾਨਾਂ ਤੂੰ ਹਰੋਜ਼ ਦੀਆਂ ਦਸ ਕੱਢਦਾਂ , ਸਟੋਰੀ ਤੇਤੋਂ ਇਕ ਨਈ ਯਾਦ ਹੋਈ , ਦਸਾਂ ਦਿਨਾਂ ‘ਚ....।“
ਮੌਰਾਂ ‘ਤੇ ਲੱਗੀ ਸੱਟ ਨੂੰ ਪਲੋਸਦਾ ਮੈਂ ਅਬੜਵਾਹੇ ਉੱਠ ਬੈਠਦਾ ਹਾਂ । ਆਸ-ਪਾਸ ਦੇਖਦਾ ਹਾਂ । ਨਾ ਅੱਠਵੀਂ ਜਮਾਤ ਦਾ ਕਮਰਾ , ਨਾ ਅੰਗਰੇਜ਼ੀ ਮਾਸਟਰ ਦੀਨਾ ਨਾਥ ,ਨਾ ਉਸਦੀ ਖੂੰਟੀ । ਧੜਕਦਾ ਦਿਲ ਕਾਬੂ ਕਰਕੇ ,ਮੈਂ ਐਨੇਂ ਵਰ੍ਹਿਆਂ ਪਿੱਛੋਂ ਇਸ ਘਟਨਾ ਦੇ ਮੁੜ ਵਾਪਰਨ ਦਾ ਪਿੱਛਾ ਕੀਤਾ ਹੈ । ਛੇਤੀ ਹੀ ਇਸਦੀ ਮੋਟੀ-ਠੁੱਲੀ ਤੰਦ ਮੇਰੇ ਹੱਥ ਆ ਗਈ ਹੈ –ਕਲ੍ਹ ਸ਼ਾਮੀਂ ਟੀ.ਵੀ . ਸਾਹਮਣੇ ਬੈਠੀ ਮੇਰੀ ਛੋਟੀ ਬੇਟੀ ਪਿੰਕੀ ਮੇਰੇ ਜ਼ਿਹਨ ‘ਚ ਉੱਤਰ ਆਈ ਹੈ । ਉਹ ਥਰਸਟੀ-ਕਰੋਅ ਨੂੰ ਘੋਟਾ ਲਾ ਰਹੀ ਸੀ । ਨਿਗਾਹ ਉਸਦੀ ਸਕਰੀਨ‘ਤੇ ਗੱਡੀ ਪਈ ਸੀ । ਉਸਦੇ ਕਮਰੇ ‘ਚ ਦਾਖਲ ਹੋ ਕੇ ਮੈਂ ਉਸਨੂੰ ਪੋਲਾ ਜਿਹਾ ਘੂਰਦਿਆਂ ਆਖਿਆ ਸੀ – “ ਪਹਿਲਾਂ ਹੋਮਵਰਕ ਕਰ ਲੈਅ, ਫੇਏ ਟੀ.ਵੀ. ਦੇਖ ਲਈਂ ।“ ਉਸ ਨੇ ਮੇਰੇ ਆਖੇ ਵਲ੍ਹ ਰਤੀ ਭਰ ਵੀ ਧਿਆਨ ਨਹੀਂ ਸੀ ਦਿੱਤਾ । ਮੈਂ ਵੀ ਉਸ ਨੂੰ ਬਹੁਤਾ ਤਾੜ ਕੇ ਨਹੀਂ ਸੀ ਕਹਿ ਸਕਿਆ । ਆਪਣੀ ਧੁੰਨ ‘ਚ ਖੁੱਭੀ ਦੀਆਂ ਉਸਦੀਆਂ ਅੱਖਾਂ ਸਕਰੀਨ ‘ਤੇ ਪ੍ਰਦਰਸ਼ਤ ਹੁੰਦੀਆਂ ਕੱਜੀਆਂ ਅੱਧ-ਕੱਜੀਆਂ ਕੁੜੀਆਂ ਦੇ ਤੋੜ-ਮਰੋੜ ਹੁੰਦੇ ਅੰਗਾਂ –ਪੈਰਾਂ ‘ਤੇ ਟਿੱਕੀਆਂ ਰਹੀਆਂ । ਨਾਲ ਦੀ ਨਾਲ ਥਰਸਟੀ ਕਰੋਅ ਦਾ ਰਟਨ ਵੀ ਜਾਰੀ ਰਿਹਾ। ਮੈਂ ਉਸਨੂੰ ਦੋਬਾਰਾ ਰੋਕਣ-ਟੋਕਣ ਦਾ ਹੌਸਲਾ ਨਹੀਂ ਸੀ ਕਰ ਸਕਿਆ । ਮੇਰੇ ਸਾਹਮਣੇ ਮੇਰੇ ਆਪਣੇ ਸਕੂਲੀ ਦਿਨਾਂ ਨੇ ਪੈਰ ਪਸਾਰ ਲਏ ਸਨ । ...ਹਾਲ ਮੇਰਾ ਵੀਂ ਇਵੇਂ ਦਾ ਹੀ ਰਿਹਾ ਸੀ , ਪਿੰਕੀ ਵਰਗਾ । ਸੁਰਤੀ-ਬਿਰਤੀ ਮੇਰੀ ਵੀ ਇਵੇਂ ਹੀ ਵੰਡੀ-ਖਿੰਡੀ ਰਹਿੰਦੀ ਸੀ , ਕਈ ਪਾਸੇ । ਇਸ ਦਾ ਵੱਡਾ ਹਿੱਸਾ ਸੁਰਾਂ ਕੱਢਣ ਨਾਲ ਜੁੜਿਆ ਰਹਿੰਦਾ , ਥੋੜ੍ਹਾ ਕੁ ਪਾਠ-ਪ੍ਰਕਿਆ ਵਲ੍ਹ । ਬਾਕੀ ਬਚਦਾ ਐਧਰ-ਉਧਰ ਝਾਕਣ ਵਲ੍ਹ । ਜਮਾਤ
‘ ਚ ਪਿਛਲੇ ਬੈਂਚ ‘ਤੇ ਬੈਠੇ ਦੀਆਂ ਉਂਗਲਾਂ ਵੇਲਾ ਤਾੜਦੀਆਂ ਰਹਿੰਦੀਆਂ – ‘ ਕਦ ਘੰਟੀ ਮੁੱਕੇ , ਕਦ ਮਾਸਟਰ ਕਲਾਸ ਤੋਂ ਬਾਹਰ ਜਾਏ ,ਕਦ ਮੈਂ ਅਪਣੀ ਕਿਰਿਆ ਸ਼ੁਰੂ ਕਰਾਂ ।‘ ਤਾਲ ਕੱਢਣ ਦੀ ਕਿਰਿਆ। ਡੈਸਕ ਦਾ ਜਾਂ ਬੈਂਚ ਦਾ ਵੱਟਾ ਵਜਾ ਕੇ । ਪੜ੍ਹਨ-ਲਿਖਣ , ਸਵਾਲ ਕੱਢਣ , ਸਾਰੇ ਸਾਰੇ ਵਿਸ਼ਿਆਂ ਦੀਆਂ ਐਮ.ਬੀ. ਡੀਆਂ ਤੇ ਹੱਲ ਹੋਏ ,ਕੁਲ-ਵਟਾ-ਕੁਲ ਪ੍ਰਸ਼ਨਾਂ ‘ਚੋਂ ਘਰ ਦੇ ਕੰਮ ਲਈ ਦੱਸੇ ਦੋ-ਚਾਰ ਸਵਾਲਾਂ ਦੇ ਉੱਤਰਾਂ ਦਾ ਉੱਤਰ –ਕਾਪੀਆਂ ‘ਤੇ ਉਤਾਰਾ ਕਰਨ ਦੀ ਵੀ ਮੈਂ ਕਦੀ ਬਹੁਤੀ ਚਿੰਤਾ ਨਹੀਂ ਸੀ ਕੀਤੀ । ਜੇ ਕਿਧਰੇ ਜੀਅ ਕੀਤਾ ਤਾਂ ਚਾਰ ਅੱਖਰ ਝਰੀਟ ਲਏ , ਨਹੀਂ ਤਾਂ ਖੈਰ ਸੱਲਾ !
ਉਸ ਵਾਰ .....ਉਸ ਦਿਨ ਐਉਂ ਨਹੀਂ ਸੀ ਹੋਈ । ਵੱਡੇ ਦਿਨਾਂ ਦੀਆਂ ਛੁੱਟੀਆਂ ਲਈ ਮਿਲਿਆ ਅੰਗਰੇਜ਼ੀ ਕੰਮ ਮੈਂ ਅਪਣੀ ਵੱਲੋਂ ਮਨ-ਚਿੱਤ ਲਾ ਕੇ ਲਿਖ ਵੀ ਲਿਆ ਸੀ ਤੇ ਚੇਤੇ ਵੀ ਕਰ ਲਿਆ ਸੀ । ਨਵੇਂ ਸਾਲ ਦਾ ਦੂਜਾ ਦਿਨ ਸੀ ਜਾਂ ਤੀਜਾ । ਅੰਗਰੇਜ਼ੀ ਮਾਸਟਰ ਨੇ ਜਮਾਤ ‘ਚ ਆਉਂਦਿਆਂ ਸਾਰ ਸਾਡਾ ਜਾਣਿਆਂ –ਪਛਾਣਿਆਂ ਹੋਕਰਾ ਮਾਰਿਆ – “ਕਿਉਂ ਬਈ ਛੁੱਟੀਆਂ ਦਾ ਕੰਮ ਲੇਇੱਖ ਲਿਆਏ ਸਾਰੇ...?” ਅੱਗੋਂ ਪੂਰੀ ਦੀ ਪੂਰੀ ਜਮਾਤ ਨੇ ਪੂਰੀ ਤਰ੍ਹਾਂ ਸੁਰ-ਬੱਧ ਹੋ ਕੇ ਉੱਤਰ ਦਿੱਤਾ ਸੀ – “ ਲਿਖ ਲਿਆਏ ਜੀਈ...।“ ਇਨ੍ਹਾਂ ਵਿੱਚ ਉਹ ਵੀ ਸ਼ਾਮਿਲ ਸਨ । ਜਿਨ੍ਹਾਂ ਨੇ ਅੱਖਰ ਤੱਕ ਨਹੀਂ ਸੀ ਝਰੀਟਿਆ । ਸੱਭਨਾਂ ਦੀ ਇੱਕ-ਸਾਰ ਹੇਕ ਤੋਂ ਉਤਾਸ਼ਾਹਤ ਹੋਏ ਮਾਸਟਰ ਜੀ ਹੋਰ ਅੱਗੇ ਤੁਰ ਸਨ – “ ਸਟੋਰੀਆਂ , ਐਸਏ-ਲੈਟਰ ਚੇਤੇ ਕਰ ਲਿਆਂਦੇ ਜਿੰਨੈ ਦੱਸੇ ਸੀਈ ..?” ਜਮਾਤ ਨੇ ਪਹਿਲੀ ਨਾਲੋਂ ਵੀ ਉੱਚੀ –ਤਿੱਖੀ ਆਵਾਜ਼ ‘ਚ ਤਰ੍ਹਾ-ਮਿਸਰਾ ਜੋੜਿਆ ਸੀ - “ ਕਰ ਲਿਆਏ ਜੀਈ ।“
ਇਸ ਦੋ-ਪਾਸੀ ਪ੍ਰਕਿਰਿਆ ‘ਚ ਮੇਰੀ ਆਵਾਜ਼ ਸੱਭ ਤੋਂ ਤਿੱਖੀ ਉੱਭਰੀ ਸੀ ।
“ ਚੱਲ ਉਠ ...ਪਹਿਲਾਂ ਤੂੰ ਉੱਠ , ਤਾਨਸੈਨਾਂ ! ਤੂੰ ...ਤੂੰ ਐਂ ਕਰ , ਸਟੋਰੀ ਸੁਣਾ ਥਰਸਟੀ ਕਰੋਅ ਆਲੀ ...। “ ਅੰਗਰੇਜ਼ੀ ਮਾਸਟਰ ਬਹੁਤੀ ਵਾਰ ਮੈਨੂੰ ਇਸੇ ਨਾਂ ਨਾਲ ਬਲਾਉਂਦਾ ।
ਅਪਣੀ ਵੱਲੋਂ ਤਿਆਰ-ਬਰ-ਤਿਆਰ ,ਮੈਂ ਉਸ ਦਿਨ ਜਿਵੇਂ ਛੜੱਪਾ ਮਾਰ ਕੇ ਉੱਠਿਆ ਸਾਂ । ਥਰਸਟੀ ਕਰੋਅ ਨੂੰ ਲਾਇਆ ਰੱਟਾ ਫ਼ਟਾ-ਫੱਟ ਉੱਗਲਣ ਲੱਗ ਪਿਆ ਸੀ , ਪਰ ਦੋ-ਤਿੰਨ ਵਾਕਾਂ ਪਿੱਛੋਂ ਚਾਚਾ ਨਹਿਰੂ ਦੇ ਪ੍ਰਸਤਾਵ ਦਾ ਮਸੌਦਾ ਪਤਾ ਨਹੀਂ ਕਿਵੇਂ ਸਟੋਰੀ ਦੀ ਅਬਾਰਤ ਵਿੱਚ ਆ ਫਸਿਆ । ਅਗਲੇ ਹੀ ਪਲ ਅੰਗਰੇਜ਼ੀ ਮਾਸਟਰ ਦੀਨਾ ਨਾਥ ਦੀ ਖੂੰਟੀ ਠਾਹ ਕਰਦੀ ਮੇਰੇ ਮੌਰਾਂ ‘ਤੇ ਆ ਵੱਜੀ ਸੀ । ਨਾਲ ਹੀ ਜ਼ੋਰਦਾਰ ਝਿੜਕ –“ ਬੱਸ , ਬੱਸ ਖੜਾ ਰੈਹ ਤੂੰ ਵੱਡਿਆਂ ਤਾਨਸੈਨਾਂ ! ਤਾਨਾਂ ਤੂੰ ਹਰੋਜ਼ ਦੀਆਂ ਦਸ ਕੱਢਦਾਂ, ਸਟੋਰੀ ਤੇਤੋਂ ਦਸਾਂ ਦਿਨਾਂ ‘ਚ ਇਕ ਨਈਂ ਯਾਦ ਹੋਈ । “ ਮੌਰਾਂ ਤੱਕ ਜਾ ਪੁੱਜੇ ਹੱਥ ਨੂੰ ਮੁੜ ਥਾਂ ਸਿਰ ਕਰਦਾ , ਮੈਂ ਸੁਪਨੇ ਦੀ ਜੱਦ ‘ਚੋਂ ਬਾਹਰ ਆਉਂਦਾ ਹਾਂ । ਅਪਣਾ ਆਪ ਸੰਭਾਲਦਾ ਹਾਂ । ਪਰ ਅਗਲੇ ਹੀ ਛਿੰਨ , ਇਸ ਦੀ ਪਰਛਾਈ ਮੈਨੂੰ ਕਿੰਨੇ ਵਰ੍ਹੇ ਪਿਛਾਂਹ ਵਲ੍ਹ ਨੁੰ ਮੋੜ ਕੇ , ਮੈਨੂੰ ਬਾਲਪਨ ਦੇ ਅਤੀਤ ਨਾਲ ਜੋੜ ਦਿੰਦੀ ਹੈ ।
ਇੱਟ ਫਾਊਂਡ ਏ ਜੱਗ ਇੰਨ ਦਾ ਗਾਰਡਨ ......
ਮੇਰਾ ਬਾਪ ਅੰਬਾਂ ਦਾ ਬਾਗ ‘ਮੁੱਲ ’ਲਿਆ ਕਰਦਾ ਸੀ । ਸਾਉਣ-ਭਾਦੋਂ ਦੇ ਦਿਨੀਂ ਅਸੀਂ ਬਾਹਰ ਹੀ ਰਹਿੰਦੇ ਸਾਂ , ਬਾਗਾਂ ‘ਚ । ਹੋਰ ਵੀ ਕਈ ਜਣੇ ਹੁੰਦੇ ਸਨ ਵਿਹੜੇ ਦੇ । ਭਾਗੂ ਚਾਚਾ , ਤਾਇਆ ਨਾਮਾਂ , ਮੀਕਾ , ਤਾਪੀ , ਤਾਰਾ ਅੱਤਰੀ ਦਾ , ਤਾਰੂ ਲੱਛੋ ਦਾ । ਸੱਭ ਦੀ ਅਪਣੀ ਅਪਣੀ ਕੁੱਲੀ ਹੁੰਦੀ , ਅਪਣਾ ਅਪਣਾ ਬਾਗ਼ । ਕਿਸੇ ਪਾਸ ਦਸ ਬੂਟੇ , ਕਿਸੇ ਕੋਲ ਬਾਰਾਂ ਪੰਦਰਾਂ । ਸੱਭ ਦਾ ਟੱਬਰ –ਟੀਰ , ਪਸ਼ੂ-ਡੰਗਰ ਬਾਹਰ । ਪਿੰਡ ਵਾਲੇ ਕੱਚੇ-ਪੱਕੇ ਛੱਤੜੇ ਇਨ੍ਹੀਂ ਦਿਨੀਂ ਮੀਂਹ-ਪਾਣੀ ਹਵਾਲੇ । ਕਿਸੇ ਨੂੰ ਫੁਰਸਤ ਹੁੰਦੀ ਤਾਂ ਗੇੜਾ ਮਾਰ ਆਉਂਦਾ ਪਿੰਡ ,ਨਹੀਂ ਤਾਂ ਨਹੀਂ । ਸਾਰੇ ਜਣੇ ਦਿਨ ਵੇਲੇ ਕੱਚੇ-ਪੱਕੇ ਅੰਬ ਲੈ ਕੇ ਫੇਰੀ ‘ਤੇ ਨਿਕਲ ਜਾਂਦੇ । ਬਾਪੂ ਇਕ ਲੱਤੋਂ ਲੰਙਾਂ ਹੋਣ ਕਰਕੇ ਦੂਰ ਪਾਰ ਨਹੀਂ ਸੀ ਜਾ ਸਕਦਾ । ਉਹ ਥੋੜ੍ਹਾ ਕੁ ਹਟਵੇਂ ਵੱਡੇ ਰਾਹ ਕੰਢੇ ਬੋਰੀਆਂ ਵਿਛਾ ਕੇ ‘ਹੱਟੀ’ ਸਜ਼ਾ ਲੈਂਦਾ । ਇਕ ਟੋਕਰੀ‘ਚ ਅਚਾਰੀ ਅੰਬ , ਦੂਜੀ ‘ਚ ਸੰਧੂਰੀ , ਤੀਜੀ ‘ਚ ਛਾਂਟ , ਚੌਥੀ ‘ ਚ ਦੜਾ । ਉਹ ਕਰੀਬ-ਕਰੀਬ ਸਾਰਾ ਦਿਨ ਹੱਟੀ ‘ਤੇ ਬੈਠਦਾ । ਬੀਬੀ ਰੋਟੀ-ਪਾਣੀ ਦਾ ਆਹਰ-ਪਾਹਰ ਵੀ ਕਰਦੀ , ਮੈਂਹ-ਗਾਂ ਲਈ ਘਾਅ-ਪੱਠਾ ਵੀ ਲਿਆਉਂਦੀ । ਅਸੀਂ ਤਿਨੋਂ ਭੈਣ-ਭਰਾ ਅੰਬਾਂ ਦੀ ਰਾਖੀ ਕਰਦੇ । ਹੋਕਰੇ ਮਾਰਦੇ , ਗੋਪੀਏ ਚਲਾਉਂਦੇ , ਪੀਪਾ ਖੜਕਾਉਂਦੇ ਵਾਰੀ ਸਿਰ । ਮੇਰੀ ਵਾਰੀ ਲੱਗਦੀ ਤਾਂ ਮੈਨੂੰ ਪੀਪੇ ‘ਚ ਵੱਜਣ ਵਾਲੀ ਸੋਟੀ ਕਿਸੇ ਤਰਤੀਬ ਸਿਰ ਵੱਜਦੀ ਜਾਪਦੀ । ਇਸ ਤਰਤੀਬ ਅੰਦਰ ਕੋਈ ਸੁਰ ਸ਼ਾਮਿਲ ਸੀ , ਇਸ ਦੀ ਸਮਝ ਮੈਨੂੰ ਨਾਲ ਦੇ ਪਿੰਡ ਵੱਡੇ ਸਕੂਲੇ ਛੇਵੀਂ ‘ਚ ਦਾਖਲ ਹੋਣ ਪਿੱਛੋਂ ਲੱਗੀ ।ਸਵੇਰੇ ਪ੍ਰਾਰਥਨਾ ਥੜ੍ਹੇ ‘ਤੇ ਵੱਜਦਾ ਵੱਡਾ ਢੋਲ ਮੈਨੂੰ ਅੰਬਾਂ ਦਿਨੀਂ ਬਜਾਏ ਪੀਪੇ ਦੇ ਤਾਲ ਨਾਲ ਰਲ੍ਹਦਾ-ਮਿਲ੍ਹਦਾ ਲੱਗਦਾ । ਅਗਲੇ ਵਰ੍ਹੇ ਮੇਰਾ ਇਹ ਪੀਪਾ-ਤਾਲ ਸਕੂਲੇ , ਥੜ੍ਹੇ ‘ਤੇ ਵੱਜਦੇ ਢੋਲ ਦੀ ਡਗਾ-ਗਿਣਤੀ ਨਾਲ ਸਹਿ –ਸੁਭਾ ਹੀ ਇਕ –ਸੁਰ ਹੋ ਗਿਆ –ਤਿੰਨ ਵਾਰ ਤਿੰਨ-ਤਿੰਨ ਡਗੇ , ਚੌਥੀ ਵਾਰ ਸੱਤ ,ਪੰਜਵੀਂ ਵਾਰ ਚੌਦਾਂ । ਪੰਜ ਵਾਰ ਚੌਂਦਾਂ-ਚੌਂਦਾਂ ਮਾਰ ਕੇ ਮੁੜਦੀ ਵਲ੍ਹ ਨੂੰ ਸੱਤ ,ਫਿਰ ਤਿੰਨ ਵਾਰ ਤਿੰਨ-ਤਿੰਨ । ਇਹ ਇਕ ਗੇੜ ਹੁੰਦਾ । ਦੂਜੇ ਗੇੜ ਦੀ ਫਿਰ ਉਹੀ ਗਿਣਤੀ ।
ਬਾਗ਼ ਦੀ ਰਾਖੀ ਕਰਦੇ ਦੀ ਇਹ ਡਗਾ-ਤਬਤੀਬ ਹੋਰ ਵੀ ਸੁਰ-ਬੱਧ ਹੁੰਦੀ ਗਈ ਸੀ , ਅਪਣੀ ਧੁੰਨ ‘ਚ ਮਸਤ ਹੋਇਆ ਮੈਂ ਹੋਕਰਾਂ ਮਾਰਨਾ ਵੀ ਭੁੱਲ ਜਾਂਦਾ । ਕੱਚੇ-ਪੱਕੇ ਅੰਬਾਂ ਨੂੰ ਟੁੱਟਦੇ ਜਨੌਰ-ਤੋਤੇ , ਅਪਣੇ ਕੰਮ ‘ਚ ਰੁੱਝੇ ਰਹਿੰਦੇ । ਬਾਪੂ ਨੂੰ ਮੇਰੇ ਛਿੱਤਰ-ਪੌਲਾ ਫੇਰਨ ਲਈ ਇਕ ਹੋਰ ਮੱਦ ਲੱਭ ਗਈ । ਉਸ ਨੇ ਕਿਸੇ ਵੀ ਹੱਥ ਲੱਗੀ ਸੋਟੀ-ਪਰੈਣੀ ਨਾਲ ਮੇਰੇ ਮੌਰ-ਕੁੱਲ੍ਹੇ ਕਈ ਵਾਰ ਸੇਕੇ ਸਨ । ਕਈ ਵਾਰ ਤਾਂ ਉਸਦਾ ਗੰਦਾ-ਮੰਦਾ ਗਾਲ੍ਹੀ-ਗਲੋਚ ਮੇਰੀ ਪੀਪਾ-ਸੁਰ ਤੋਂ ਵੀ ਉੱਚੀ ਸੁਰ ‘ਚ ਗੜ੍ਹਕਿਆ ਸੀ । ਮੈਨੁੰ ਸਮਝ ਨਹੀਂ ਸੀ ਲੱਗਦੀ ਕਿ ਬਾਪੂ ਮੇਰੀ ਝਾੜ-ਝੰਭ , ਕੁੱਟ-ਮਾਰ ਟੁੱਕੇ ਹੋਏ , ਨੁਕਸਾਨ ਗਏ ਅੰਬਾਂ ਕਾਰਨ ਕਰਦਾ ਸੀ ਜਾਂ ਛੁੱਟੀਆਂ ਤੋਂ ਅੱਗੋਂ-ਪਿੱਛੋਂ ਸਕੂਲ ਜਾਣ ਵੇਲੇ ਮੇਰੀ ਪੰਜੀ-ਦਸੀ ਮੰਗਣ ਦੀ ਹਰ – ਰੋਜ਼ ਦੀ ਆਦਤ ਨੂੰ ਸੁਧਾਰਨ ਦਾ ਹੀਲਾ-ਵਸੀਲਾ ਕਰਨ ਲਈ ।
ਦੀ ਵਾਟਰ ਵਾਜ਼ ਵੈਰੀ ਲੋਅ ਇੰਨ ਦੀ ਜੱਗ ......
ਦਸੀ ਪੰਜੀ ਮੰਗਣ ਦੀ ਇਲੱਕ ਮੈਨੂੰ ਉਸੇ ਵਰ੍ਹੇ ਲੱਗੀ ਸੀ , ਸੱਤਵੀਂ ਜਮਾਤੇ ਚੜ੍ਹਦਿਆਂ ਹਕੀਮਾਂ ਦੇ ਨੰਦੂ ਨਾਲ ਰਲ੍ਹ ਕੇ । ਪਿਛਲੇ ਬੈਂਚ‘ਤੇ ਬੈਠਦਾ ਦੁਆਰਕੇ ਹਕੀਮ ਦਾ ਮੁੰਡਾ ਨੰਦੂ ,ਅੱਧੀ ਛੁੱਟੀ ਹੁੰਦਿਆਂ ਸਾਰ ਛਾਬੜੀ ਵਾਲੇ ਤੀਰਥੇ ਕੋਲ ਅੱਪੜ ਜਾਂਦਾ , ਦੁੜੰਗੇ ਮਾਰਦਾ । ਘੜੀ ਕੁ ਪਿੱਛੋਂ ਮੁੜੇ ਆਉਂਦੇ ਦੇ ਉਸਦੇ ਹੱਥ ‘ਚ ਕਦੀ ਗੁੜ ਦਾ ਮਰੂੰਡਾ ਹੁੰਦਾ , ਕਦੀ ਮਖਾਣੇ । ਕਦੀ ਉਸ ਦੀ ਮੁੱਠ ‘ਚ ਸੀਲ੍ਹ ਦੇ ਲੱਡੂ ਹੁੰਦੇ ,ਕਦੀ ਸੀਰਨੀ । ਉਸ ਨੂੰ ਹਪੜ-ਹਪੜ ਮੂੰਹ ਮਾਰਦੇ ਨੂੰ ਦੇਖਦੇ ਮੈਂ ਅਕਾਰਨ ਹੀ ਪਚਾਕੇ ਮਾਰਨ ਲੱਗਦਾ । ਮੇਰੀ ਜੀਭ ਮੇਰੇ ਮੂੰਹ ਅੰਦਰ ਅੱਗੇ –ਪਿੱਛੇ ਅੱਗੇ-ਪਿੱਛੇ ਘੁੰਮਣ ਲੱਗਦੀ । ਮੈਨੂੰ ਅਪਣੀ ਵਲ੍ਹ ਲਗਾਤਾਰ ਝਾਕਦਾ ਦੇਖ ਕੇ ਉਸਦੀਆਂ ਵਾਰ-ਵਾਰ ਝੱਪਕ ਹੁੰਦੀਆਂ ਅੱਖਾਂ ,ਮੇਰੇ ਤੋਂ ਪੁੱਛਦੀਆਂ ਰਹਿੰਦੀਆਂ – “ ਤੇਰੇ ਘਰ ਦੇ ਤੈਨੂੰ ਦਸੀ-ਪੰਜੀ ਵੀ ਨਈਂ ਦਿੰਦੇ ਖਰਚਣ ਨੂੰ ? “ ਵਿਚ-ਵਾਰ ਮੇਰੇ ‘ਤੇ ਤਰਸ ਜਿਹਾ ਖਾ ਕੇ ਉਹ ਗੁੜ ਦੇ ਮਰੂੰਡੇ ਦੀ ਚੱਪਰ ਦਾ ਕੰਢਾ ਭੋਰ ਕੇ , ਜਾਂ ਸੀਲ੍ਹ ਦੀ ਪਿੰਨੀ ਦੰਦਾਂ ਨਾਲ ਟੁੱਕ ਕੇ ਮੈਨੂੰ ‘ਖਾਣ’ਨੂੰ ਦੇ ਦਿਆ ਕਰਦਾ । ਪਰ ਚਿੱਟੀ ਸੀਰਨੀ ਜਾਂ ਖੰਡ ਦੇ ਮਖਾਣੇ ਮੈਨੂੰ ਅਪਣੇ ਆਪ ਕਦੀ ਨਹੀਂ ਸੀ ਦਿੱਤੇ । ਸਾਡੇ ਘਰ ਕਦੀ-ਕਦਾਈਂ ਬਣਦੀ , ਪਰ ਬਾਗ਼ ਅੰਦਰ ਕਰੀਬ ਕਰੀਬ ਹਰ ਰੋਜ਼ ਰਿੱਝਦੀ ਗੁੜ ਦੀ ਚਾਹ ਤਾਂ ਮੈਂ ਬਹੁਤ ਵਾਰ ਪੀਤੀ ਸੀ , ਚੀਨੀ ਪਾ ਕੇ ਬਣਾਈ ਚਿੱਟੀ ਚਾਹ ਕਦੇ ਨਹੀਂ ਸੀ ਪੀਤੀ । ਹਾਂ ,ਛੇਵੀਂ ‘ਚ ਪੜ੍ਹਦਿਆਂ ਅੰਬਾਂ ਦਿਨੀਂ ਕਈ ਦਿਨ ਲਗਾਤਾਰ ਚੜ੍ਹਦੇ ਰਹੇ ਤਾਪ ਦੀ ਭਖ ਮੱਠੀ ਕਰਨ ਲਈ ਖੰਡ ਦਾ ਸ਼ਰਬਤ ਇਕ ਵਾਰ ਜ਼ਰੂਰ ਮਿਲਿਆ ਸੀ ਪੀਣ ਨੂੰ । ਉਸ ਦਿਨ ਦੁਆਰਕੇ ਹਕੀਮ ਤੋਂ ਪਿੱਤਲ ਦੀ ਕੌਲੀ ‘ਚ ਚੁਅਰਕਾ ਪੁਆ ਕੇ ਲਿਆਏ ਬਾਪੂ ਨੇ ਦੂਜੇ ਹੱਥ ‘ਚ ਸਾਂਭ ਕੇ ਲਿਆਂਦੀ ਕਾਗਜ਼ ਦੀ ਪੁੜੀ , ਕੁੱਲੀ ‘ਚ ਵਿਛੀ ਬੋਰੀ ‘ਤੇ ਨਿਢਾਲ ਪਏ ਦੇ ਲਾਗੇ ਬੈਠੀ ਬੀਬੀ ਨੂੰ ਫੜਾਉਂਦਿਆਂ ਕਿਹਾ ਸੀ – “ਹਕੀਮ ਆਂਦ੍ਹਾ ਸੀ ,ਦੁਆ ਕੌੜੀ-ਫੋਕਲੀ ਬਓਤੀ ਆ । ਆਹ ਖੰਡ ਦਾ ਚਮਚਾ ਕੁ ਘੋਲ੍ਹ ਕੇ ਪਲਾ ਦਈਂ ਪਿਛੋਂ ,ਮੂੰਹ ਸੁਆਦ ਹੋ ਜਊ । “
ਉਸ ਦਿਨ ਪੀਤੇ ਚੀਨੀ ਦੇ ਸ਼ਰਬਤ ਦੀ ਮਿਠਾਸ ਮੈਨੂੰ ਕਈ ਚਿਰ ਚੇਤੇ ਰਹਿ ਕੇ ਫਿਰ ਜਿਵੇਂ ਭੁੱਲ-ਭਲਾ ਹੀ ਗਈ ਸੀ । ਸੱਤਵੀਂ ‘ਚੋਂ ਫੇਲ੍ਹ ਨੰਦੂ ਨੇ ਪਿਛਲੇ ਬੈਂਚ ‘ਤੇ ਮੇਰੇ ਨਾਲ ਢੁੱਕ ਕੇ ਬੈਠਦੇ ਨੇ ਇਕ ਦਿਨ ਫਿਰ ਚੇਤੇ ਕਰਵਾ ਦਿੱਤੀ । ...ਭਰ ਗਰਮੀਆਂ ਦੀ ਇਕ ਢੁੱਲਦੀ ਦੁਪਹਿਰ ਛੁੱਟੀ ਵੇਲੇ ਨੰਦੂ ਮੈਨੂੰ ਅਪਣੇ ਨਾਲ ਹੀ ਲੈ ਗਿਆ , ਅਪਣੀ ਹੱਟੀ ‘ਤੇ । ਉਸਦਾ ਪਿਓ ਹੈ ਨਹੀਂ ਸੀ ਉਥੇ । ਗਿਆ ਹੋਇਆ ਸੀ ਕਿਧਰੇ ਦੂਰ-ਨੇੜੇ । ਨੰਦੂ ਦਾ ਜਾਣੋਂ ਹੋਰ ਦਾਅ ਲੱਗ ਗਿਆ । ਉਸ ਨੇ ਪਿਓ ਦੀ ਸੰਦੂਕੜੀ ‘ਚੋਂ ਚੁਆਨੀ ਕੱਢੀ ਘਸਮੈਲੀ ਜਿਹੀ । ਮੈਨੂੰ ਕਿਹਾ – “ ਜਾਅ ਜਾਗਰ ਦੀ ਹੱਟੀਓਂ ਖੰਡ ਲਿਆ ਸ਼ਰਬਤ ਪੀਏ । “ ਮੈਨੂੰ ਸ਼ਰਬਤ ਦਾ ਨਾਂ ਸੁਣ ਕੇ ਚਾਅ ਚੜ੍ਹ ਗਿਆ । ਅਪਣਾ ਬਸਤਾ ਉਥੇ ਹੀ ਛੱਡ ਕੇ ਮੈਂ ਦੁੜਕੀ ਪਿਆ , ਜਾਗਰ ਦੀ ਹੱਟੀ ਜਾ ਪੁੱਜਾ ਸੀ , ਪਿੰਡ ਦੇ ਅੱਧ-ਵਿਚਕਾਰ । ਗਲੀਓ-ਗਲੀ ਹੁੰਦਾ , ਮੈਂ ਉਨ੍ਹੀਂ ਪੈਰੀਂ ਵਾਪਸ ਮੁੜ ਆਇਆ ਸੀ,ਛੋਟੇ ਜਿਹੇ ਲਿਫਾਫੇ ‘ਚ ਲੱਪ ਭਰ ਚੀਨੀ ਸਾਂਭੀ । ਮੇਰੇ ਆਉਂਦੇ ਨੂੰ ਨੰਦੂ , ਪਿੱਤਲ ਦਾ ਵੱਡਾ ਕੰਗਣੀ ਵਾਲਾ ਗਿਲਾਸ ਪਾਣੀ ਦਾ ਭਰੀ ਬੈਠਾ ਸੀ , ਬੋਰੀ ਲਿੱਪਟੇ ਘੜੇ ‘ਚੋਂ । ਉਸ ਨੇ ਝਬੂਟੀ ਜਿਹੀ ਮਾਰ ਕੇ ਮੇਰੇ ਤੋਂ ਫੜਿਆ ਲਿਫਾਫਾ ਇਕ ਦਮ ਗਲਾਸ ‘ਚ ਉਲੱਟ ਦਿੱਤਾ ਸੀ ।ਅਰਕ ਕੱਢਣ ਵਾਲੀ ਤਾਂਬੇ ਦੀ ਪਤਲੀ ਜਿਹੀ ਨਾਲੀ ਪਾਣੀ ‘ਚ ਘੁਮਾਉਂਦੇ ਨੇ ਉਸ ਨੇ ਮੇਰੀ ਵਲ੍ਹ ਦੇਖਿਆ ਵੀ ਸੀ ਚਲਾਵਾਂ ਜਿਹਾ । ਫਿਰ ਝੱਟ ਹੀ ਦੋਨਾਂ ਹੱਥਾਂ ਨਾਲ ਫੜੇ ਗਲਾਸ ਨੂੰ ਡੀਕ ਲਾ ਕੇ ਪੀਂਦਿਆਂ , ਉਸ ਨੇ ਮੇਰੀ ਵਲ੍ਹ ਇਕ ਵਾਰ ਵੀ ਨਿਗਾਹ ਨਹੀਂ ਸੀ ਘੁਮਾਈ । ਮੇਰੀ ਆਸ-ਉਮੀਦ ਦੇ ਉਲਟ ਮੇਰੇ ਲਈ ਉਸ ਨੇ ਦੋ ਘੁੱਟ ਵੀ ਨਹੀਂ ਸੀ ਬਚਾਏ । ਚਿੱਟਾ ਸ਼ਰਬਤ ਪੀਣ ਦੇ ਚਾਅ ਨਾਲ ਮੂੰਹ ਅੰਦਰ ਗੇੜੇ ਕੱਢਦੀ ਰਹੀ ਮੇਰੀ ਜੀਭ ,ਖਾਲੀ ਹੋਏ ਗਲਾਸ ਵਲ੍ਹ ਦੇਖ ਕੇ ਜਿਵੇਂ ਸੁੱਸਰੀ ਵਾਂਗ ਸੌਂ ਗਈ ਸੀ । ਨਿਮੋਝਾਣ ਹੋਇਆ ਮੈਂ ਬਸਤਾ ਚੁੱਕ ਅਪਣੇ ਘਰ ਵਲ੍ਹ ਨੂੰ ਨਿਕਲ ਤੁਰਿਆ ਸੀ, ਪੈਰ ਘਸੀਟਦਾ । ਲਾਚਾਰ ਜਿਹਾ ਹੋਇਆ ਮੈਂ ਸ਼ਰਬਤ ਨਾ ਮਿਲਣ ਕਾਰਨ ਅੰਦਰੋਂ – ਬਾਹਰੋਂ ਹਾਰਿਆ-ਹੰਭਿਆ ਮਹਿਸੂਸ ਕਰਦਾ ਰਿਹਾ ਸੀ । ਇਵੇਂ ਦੀ ਹੇਠੀ ਮੇਰੀ ਖਾਲੀ-ਖਾਲੀ ਰਹਿੰਦੀ ਜੇਬ ਕਾਰਨ ਹੋਈ ਸੀ ਜਾਂ ਪੱਕੇ ਮਿੱਠੇ ਲਈ ਵਧੀ ਲਾਲਸਾ ਕਾਰਨ ,ਉਸ ਦਿਨ ਮੈਨੂੰ ਇਸ ਦੀ ਸਮਝ ਨਹੀਂ ਸੀ ਲੱਗੀ ।
ਉਸ ਦਿਨ ਘਰ ਵਲ੍ਹ ਨੂੰ ਤੁਰੇ ਜਾਂਦੇ ਦੇ ਇਕ-ਅੱਧ ਵਾਰ ਮੇਰੇ ਚਿੱਤ ‘ਚ ਆਈ ਵੀ ਕਿ ਅੱਧਾ ਕੁ ਸ਼ਰਬਤ ਰਹਿੰਦੇ ‘ਤੇ ਨੰਦੂ ਹੱਥੋਂ ਗਲਾਸ ਫੜਿਆ ਕਿਉਂ ਨਾ । ਅੱਧੀ ਛੁੱਟੀ ਵੇਲੇ ਵੀ ਤਾਂ ਟੋਟਾ ਕੁ ਸੀਲ੍ਹ ਦੀ ਪਿੰਨੀ , ਖੰਡ ਦੇ ਮਖਾਣੇ ਜਾਂ ਦੋ ਕੁ ਦਾਣੇ ਚਿੱਟੀ ਸੀਰਨੀ ਉਸ ਹੱਥੋਂ ਖੋਹਣ ਵਾਂਗ ਮੰਗ ਹੀ ਲਿਆ ਕਰਦਾ ਸੀ । ਨਾਂਹ-ਨੁੱਕਰ ਕਰਦਾ-ਕਰਦਾ ਵੀ ਉਹ ਅੜੀ ਛੱਡ ਕੇ ਮੇਰੀ ਮੰਗ ਦੀ ਪੂਰਤੀ ਕਰ ਦਿੰਦਾ । ਉਸ ਨੂੰ ਡਰ ਹੁੰਦਾ ਕਿ ਸਾਡੇ ਵਿਚਕਾਰ ਬਣਿਆ ਚੁੱਪ ਦਾ ਅਹਿਦਨਾਮਾਂ ਕਿਧਰੇ ਟੁੱਟ ਨਾ ਜਾਏ । ਲਿੱਖਣ-ਪੜ੍ਹਨ ਪੱਖੋਂ ਉਹ ਮੇਰੇ ਤੋਂ ਵੀ ਦੋ ਰੱਤੀਆਂ ਹੇਠਾਂ ਸੀ । ਉਸ ਨੂੰ ਮੇਰੇ ਤੋਂ ਵੀ ਵੱਧ ਮਾਰ ਪੈਂਦੀ । ਮੇਰੇ ਨਾਲ ਤਾਂ ਥੋੜ੍ਹੀ ਬਹੁਤ ਲਿਹਾਜ਼ਦਾਰੀ ਹੋ ਵੀ ਜਾਂਦੀ , ਪ੍ਰਾਰਥਨਾ ਵੇਲੇ ਨੌਂਵੀ ਦੇ ਸੁਰਜੀਤ ਨੂੰ ਵੱਡਾ ਢੋਲ ਬਜਾਉਣ ਦੀ ਵਾਰੀ ਦਵਾਉਣ ਕਰਕੇ । ਨੰਦੂ ‘ਤੇ ਕੋਈ ਵੀ ਅਧਿਆਪਕ ਤਰਸ ਨਹੀਂ ਸੀ ਕਰਦਾ । ਮੇਰੇ ਜੇ ਦੋ ਵੱਜਦੀਆਂ ਤਾਂ ਉਸਦੇ ਚਾਰ । ਇਹ ਭਾਣਾ ਦੂਜੇ ਚੌਥੇ ਵਰਤਿਆ ਹੀ ਰਹਿੰਦਾ । ਤਾਂ ਵੀ ਅਸੀਂ ਇਕ ਦੂਜੇ ਨੂੰ ਪਈ ਕੁੱਟ-ਮਾਰ , ਇਕ ਦੂਜੇ ਦੇ ਘਰ ਨਹੀਂ ਸੀ ਦੱਸਦੇ । ਸਗੋਂ ਹੋਰਨਾਂ ਦਿਨਾਂ ਨਾਲੋਂ ਵੀ ਵੱਧ ਗੁੱਟਕਦੇ । ਨੱਚਦੇ-ਟੱਪਦੇ । ਉਸ ਦਿਨ ਤਾਂ ਸਾਡੀ ਸੋਟੀ-ਸੇਵਾ ਦੋ ਵਾਰੀ ਹੋਈ ਸੀ ਦੋਨਾਂ ਦੀ । ਇਕ ਵਾਰ ਹਿਸਾਬ ਦੀ ਘੰਟੀ ,ਦੂਜੀ ਵਾਰ ਅੰਗਰੇਜ਼ੀ ਪੜ੍ਹਦਿਆਂ । ਤਾਂ ਵੀ ਮੇਰੇ ਤੋਂ ਨਾ ਨੱਚ-ਟੱਪ ਹੋਇਆ ਰਿਹਾ ਸੀ ,ਨਾ ਗੁੱਟਕਿਆ ਗਿਆ ਸੀ ਨੰਦੂ ਵਾਂਗ, ਤਰਕਾਰਾਂ ਤੱਕ ਮੈਂ ਸੁੰਨ-ਵੱਟਾ ਹੋਇਆ ਰਿਹਾ ਸੀ , ਬੁਝਿਆ-ਬੁਝਿਆ । ਲੋਢੇ ਵੇਲੇ ਤੋਤੇ-ਕਾਂ ਉਡਾਉਦੇ ਦੀ ਵੀ ਮੇਰੀ ਸੁਰਤੀ ਖੰਡ ਦੇ ਸ਼ਰਬਤ ਨੇ ਹੀ ਮੱਲੀ ਰੱਖੀ । ਨਾ ਮੇਰੇ ਤੋਂ ਠੀਕ ਤਰ੍ਹਾਂ ਪੀਪਾ ਬਜਾਇਆ ਗਿਆ , ਨਾ ਗੋਪੀਆ ਚਲਾਇਆ ਗਿਆ ।
ਸੂਰਜ ਡੁੱਬਦੇ ਕਰਦੇ ਨੂੰ ਬਾਪੂ ਬਾਗ਼ ‘ਚ ਪੁੱਜਾ ਤਾਂ ਪੱਕੇ , ਅੱਧੇ –ਪੱਕੇ ਅੰਬਾਂ ਦੇ ਹੋਏ ਨੁਕਸਾਨ ਨੇ ਉਸਦਾ ਪਾਰਾ ਫਿਰ ਸਤਵੇਂ ਅਸਮਾਨੇ ਚਾੜ੍ਹ ਦਿੱਤਾ । ਉਸਨੇ ਚੁਪੇੜਾਂ-ਚਾਂਟਾਂ ਮਾਰ ਮਾਰ ਕੇ ਮੇਰਾ ਜਿਵੇਂ ਮੂੰਹ ਭੰਨ ਦਿੱਤਾ । ਪਰ ,ਉਸ ਦਿਨ ਮੈਨੂੰ ਬਾਪੂ ਵੱਲੋਂ ਪਈ ਮਾਰ-ਕੁੱਟ ਦੀ ਪੀੜ-ਚੀਸ ਰਤੀ ਭਰ ਵੀ ਨਹੀਂ ਸੀ ਰੜਕੀ । ਨਾ ਮੈਂ ਰੋਇਆ-ਚੀਕਿਆ ਸੀ,ਨਾ ਅੱਖਾਂ ‘ਚੋਂ ਹੰਝੂ ਨਿਕਲੇ ਸਨ । ਮੇਰੀਆਂ ਅੱਖਾਂ ਅੰਦਰ ਤਾਂ ਜਿਵੇਂ ਨੰਦੂ ਲਈ ਜਾਗਰ ਦੀ ਹੱਟੀਉਂ ਲਿਆਂਦੀ ਚੀਨੀ ਦੀ ਮਿਠਾਸ ਘਰ ਬਣਾ ਕੇ ਬੈਠ ਗਈ ਸੀ । ਮੇਰਾ ਤਾਂ ਸਾਰੇ ਦ ਸਾਰਾ ਵਜੂਦ ਇਕ ਤਰ੍ਹਾਂ ਤੇ ਪਰਛਾਵੇਂ ਨੇ ਜਿਵੇਂ ਘੇਰ ਹੀ ਲਿਆ ਸੀ । ਅਪਣੇ ਆਪ ਨੂੰ ਮੈਂ ਵਾਰ-ਵਾਰ ਕੋਸੀ ਜਾਂਦਾ ਸੀ – “ਕਿਉਂ ਭਲਾ ਮੈਂ ਲੱਪ ਭਰ ਚੀਨੀ ਸਾਰੀ ਦੀ ਸਾਰੀ ਨੰਦੂ ਤੱਕ ਅੱਪੜਦੀ ਕਰ ਦਿੱਤੀ ? ਕਿਉਂ ਨਾ ਮੈਂ ਇਸ ਵਿੱਚੋਂ ਇਕ ਦੋ ਫੱਕੇ ਗਲੀਓ-ਗਲੀ ਆਉਂਦੇ ਨੇ ਰਾਹ ਵਿਚ ਹੀ ਮਾਰ ਲਏ ?”
ਇਵੇਂ ਦੀ ,ਏਨੀ ਕੁ ‘ਚੋਰੀ’ ਕਰਨ ਦਾ ਵਿਚਾਰ ਮੇਰੇ ਮਨ ‘ਚ ਪਹਿਲੋਂ ਕਦੀ ਨਹੀਂ ਸੀ ਆਇਆ । ਹੁਣ ਜਦ ਆਇਆ ਹੀ ਆਇਆ ਸੀ ਤਾਂ ਇਹ ਮੇਰਾ ਖਹਿੜਾ ਨਹੀਂ ਸੀ ਛੱਡਦਾ ।
ਅਗਲੇ ਦਿਨ ਸਵੇਰੇ ਸਕੂਲ ਜਾਣ ਲੱਗੇ ਨੇ ਮੈਂ ਬੀਬੀ ਤੋਂ ਦਸੀ –ਪੰਜੀ ਮੰਗਣ ਦੀ ਜ਼ਿਦ ਨਹੀਂ ਸੀ ਕੀਤੀ । ਬਾਪੂ ਦੀ ਝਾੜ – ਝੰਭ ਸਹਿਣ ਦੀ ਲੋੜ ਵੀ ਨਹੀਂ ਸੀ ਪਈ । ਉਨ੍ਹਾਂ ਦੋਨਾਂ ਤੋਂ ਅੱਖਾਂ ਬਚਾ ਕੇ ਮੈਂ ਰਾਤੀਂ ਸੌਣ ਲੱਗਿਆਂ , ਕੁੱਲੀ ਦੀ ਛੱਤ ‘ਚ ਖਭੋ ਕੇ ਰੱਖੀ ਪੈਸਿਆਂ ਵਾਲੀ ਗੁੱਥਲੀ ਵਿਚੋਂ ਚਿੱਟੀ ਚਮਕਦਾਰ ਚੁਆਨੀ ਅਛੋਪਲੇ ਜਿਹੇ ਕੱਢ ਕੇ ਜਮੈਟਰੀ ਬਕਸ ਵਿੱਚ ਲਕੋ ਲਈ ਸੀ । ਚੀਨੀ ਦਾ ਚਿੱਟਾ ਸ਼ਰਬਤ ਪੀਣ ਲਈ । ਨੰਦੂ ਦੇ ਸਾਹਮਣੇ ਬੈਠ ਕੇ ।
ਅਪਣੀ ਇਸ ਪ੍ਰਾਪਤੀ ‘ਤੇ ਉਸ ਰਾਤ ਮੈ ਕਿੰਨਾ ਚਿਰ ਸੁੱਤਾ ਸਾਂ ਕਿੰਨਾ ਚਿਰ ਜਾਗਿਆ , ਇਸ ਦੀ ਮੈਨੂੰ ਬਿਲਕੁਲ ਸੁਰਤ ਨਹੀਂ ਸੀ ਰਹੀ ।
ਇੱਟ ਹਿੱਟ ਅਪਾਉਨ ਏ ਪਲੈਨ .....
ਸੌਣ-ਜਾਗਣ ਦਾ ਹਿਸਾਬ –ਕਿਤਾਬ ਤਾਂ ਮੇਰਾ ਹੁਣ ਵੀ ਐਸਾ-ਵੈਸਾ ਹੀ ਐਂ । ਦਸ ਸਾਢੇ-ਦਸ ਵਜੇ ਤਾਂ ਮਸਾਂ ਘਰ ਹੀ ਪੁੱਜਿਆ ਜਾਂਦਾ । ਫਿਰ ਗਈ ਰਾਤ ਤੱਕ ਮੈਂ ਅਪਣੇ ਕਮਰੇ ‘ਚ ਕੁਝ ਨਾ ਕੁਝ ਕਰਨ ‘ਚ ਰੁਝਿਆ ਹੁੰਨਾਂ । ਥੋੜ੍ਹੀ ਕੁ ਬੀਤੀ ਸ਼ਾਮ ਦੀ ਸਮੀਖਿਆ ਕਰਨੀ ਹੁੰਦੀ , ਤੇ ਬਹੁਤਾ ਅਗਲੇ ਦਿਨ ਦਾ ਲੈਸਨ ਤਿਆਰ ਕਰਨਾ ਹੁੰਦਾ । ਵੱਖ-ਵੱਖ ਚੈਨਲਾਂ ‘ਤੇ ਚਲਦੇ ਰੀਮਿਕਸ਼ ਸ਼ਾਟ ਦੇਖਣੇ ਹੁੰਦੇ । ਅੱਛੀਆਂ-ਅੱਛੀਆਂ ਮੁਦਰਾਵਾਂ ਦੀ ਚੋਣ ਕਰਨੀ ਹੁੰਦੀ , ਯੰਗਸਟਰਜ਼ ਦੇ ਐਪਟੀਚੂਡ ਅਨੁਸਾਰ । ਅੱਜ ਕਲ੍ਹ ਮੈਂ ਇਕ ਸੰਗੀਤ ਅਕਾਦਮੀ ਨਾਲ ਜੁੜਿਆ ਹੋਇਆਂ । ਇਹ ਅਕਾਦਮੀ ਸਿੱਖਿਆਰਥੀਆਂ ਦੀ ਲੈਸਨਿੰਗ ਵੀ ਕਰਦੀ ਐ ਤੇ ਮਨੋਰੰਜਨ ਵੀ । ਹਰ ਤਰ੍ਹਾਂ ਦਾ ਮਨੋਰੰਜਨ । ਬੜਾ ਖੁੱਲ੍ਹਾ-ਡੁੱਲ੍ਹਾ ਮਾਹੌਲ ਐ ਇਸ ਦਾ । ਡਾਂਸ , ਕੈਬਰੇ , ਆਰਕੈਸਟਰਾ , ਰੀਹਰਸਲ-ਰੂਮ, ਮੇਕ-ਅੱਪ ਰੂਮ ‘ ਚ , ਕਿਸੇ ਨੂੰ ਵੀ ਜਾਣ-ਆਉਣ ਦੀ ਮਨਾਹੀ ਨਹੀਂ । ਸਾਰੇ ਦੇ ਸਾਰੇ ਟਿਊਟਰ ਅਪਣੇ-ਅਪਣੇ ਕਾਰ-ਕਿੱਤੇ ‘ਚ ਨਿਪੁੰਨ ਨੇ । ਨਿਰਮਾਤਾ –ਨਿਰਦੇਸ਼ਕ ਤਾਂ ਸੱਭ ਦੀ ਉਸਤਾਦ ਸਮਝੋ । ਮੈਂ ਆਰਕੈਸਟਰਾ ਨਾਲ ਜੁੜਿਆ ਹੋਣ ਕਰਕੇ ਢੋਲਕ , ਤਬਲਾ , ਡਰੱਮ ਤੇ ਵਿਚ ਵਾਰ ਡਿਸਕਾਂ ਵਜਾਉਣਾ , ਮੇਰੇ ਪਾਰਟ –ਟਾਇਮ ਜਾਬ ਦਾ ਹਿੱਸਾ ਨੇ ।ਉਂਝ ਤਾਂ ਮੈਂ ਅਪਣੇ ਕਾਲਜ ਦੇ ਹੋਰਨਾਂ ਸਟਾਫ਼ ਮੈਂਬਰਾਂ ਵਾਂਗ ਹਲਫਿਆ ਬਿਆਨ ਵੀ ਦਿੱਤਾ ਹੋਇਆ ਪ੍ਰਿੰਸੀਪਲ ਸਰ ਨੂੰ ਕਿ ਮੈਨਿਜਮੈਂਟ ਵੱਲੋਂ ਮਿਲਦੀ ਤਨਖਾਹ ਤੋਂ ਬਿਨਾਂ ਮੈਨੂੰ ਹੋਰ ਕਿਸੇ ਤਰ੍ਹਾਂ ਦੀ ਆਮਦਨ ਨਹੀਂ । ਮੈਂ ਕਿਸੇ ਵੀ ਕਿਸਮ ਦਾ ਟਿਊਸ਼ਨ-ਵਰਕ ਨਹੀਂ ਕਰਦਾ । ਪਰ ਮੈਡਮ ਦੀ ਮਿਸ਼ਨ-ਨੁਮਾ ਅਕਾਡਮੀ ‘ਚ ਇਵੇਂ ਦਾ ਮਨੋਰੰਜਨ ਕਰਨਾ-ਕਰਾਉਣਾ ਕੋਈ ਟਿਊਸ਼ਨ ਵਰਕ ਥੋੜ੍ਹਾ । ਇਹ ਤਾਂ ਇਕ ਤਰ੍ਹਾਂ ਨਾਲ ਨੌਜਵਾਨ ਪੀੜ੍ਹੀ ਅੰਦਰਲੇ ਨਾਚ-ਟੇਲੈਂਟ ਨੂੰ ਉੱਤਰ-ਆਧੁਨਿਕ ਡਾਈਮੈਨਸ਼ਨ ਦੇਣ ਦਾ ਬਹਾਨਾ ਐ ਬਹਾਨਾ । ਇਸ ਬਹਾਨੇ ਮੇਰੀ ਤਜ਼ਰਬਾਕਾਰੀ ਵੀ ਅੱਪ-ਡੇਟ ਹੋਣ ਲੱਗ ਪਈ । ਕੀ ਪਤਾ , ਆਉਂਦੇ ਕਲ੍ਹ ਨੁੰ ਮੇਰੇ ਕਾਲਜ ਦਾ ਸੰਗੀਤ ਵਿਭਾਗ ਹੀ ਵੋਕਲ-ਕਲਾਸੀਕਲ ਨਾਚ-ਗਾਇਨ ਦੇ ਨਾਲ ਨਾਲ ਰੀਮਿਕਸਿੰਗ ਨੂੰ ਵੀ ਇਲੈਕਟਿੱਵ ਜਾਂਆਪਸ਼ਨਲ ਵਿਸ਼ੇ ਵਜੋਂ ਸ਼ੁਰੂ ਕਰ ਲਵੇ । ਪ੍ਰਾਈਵੇਟ ਸੰਸਥਾਵਾਂ ਤਾਂ ਅਜਿਹੇ ਲਾਭਕਾਰੀ ਕੋਰਸਾਂ ਦੀ ਸਗੋਂ ਭਾਲ ‘ਚ ਰਹਿੰਦੀਆਂ । ਇਸ ਉਦੇਸ਼ ਦੇ ਮੱਦੇ -ਨਜ਼ਰ ਮੈਂ ਕਾਲਜ ਪ੍ਰਿੰਸੀਪਲ ਨਾਲ ਅੰਦਰੋਂ-ਅੰਦਰ ਬਾਤ-ਚੀਤ ਵੀ ਕਰ ਦੇਖੀ । ਉਨ੍ਹਾਂ ਵੱਲੋਂ ਮੇਰੀ ਇਸ ਦੂਰ-ਦਰਸ਼ਤਾ ਨੂੰ ਕਾਫੀ ਸਾਰਾ ਸਮਰਥਨ ਵੀ ਮਿਲਿਆ । ‘ਕੱਲਾ ਸਮਰਥਨ ਹੀ ਨਹੀਂ ਅੱਛਾ-ਖਾਸਾ ਹੁੰਗਾਰਾ ਵੀ ਮਿਲਿਆ । ਮੈਂ ਵੀ ਉਨ੍ਹਾਂ ਦੇ ਹੁੰਗਾਰੇ ਨੂੰ ਰਿਸਪੌਂਸ ਦਿੰਦਾਂ ਹੋਰਨਾਂ ਵਾਂਗ । ਹੋਰ ਵੀ ਕਿੰਨੇ ਸਾਰੇ ਅਧਿਆਪਕ ਇਵੇਂ ਦਾ ਰਿਸਪੌਂਸ ਦਿੰਦੇ ਆ , ਪ੍ਰਿੰਸੀਪਲ ਸਾਹਿਬ ਨੂੰ , ਪ੍ਰੋਫੈਸਰ ਸ਼ਰਮੇ ਦੀ ਆਟੋ-ਏਜੈਂਸੀ ਐ ਗਾਂਧੀ ਚੌਕ ‘ਚ । ਸੇਖੋਂ ਸਾਬ੍ਹ ਦਾ ਟਰਾਂਸਪੋਰਟ ਬਿਜਨੈਸ ਐ । ਪੰਜ-ਛੇ ਸੋਮੋਂ ਚਲਦੀਆਂ , ਵੱਖ-ਵੱਖ ਟੈਕਸੀ ਸਟੈਂਡਾਂ ਤੇ । ਚੌਹਾਨ ਸਾਬ੍ਹ ਨੇ ਮਾਡਲ ਸਕੂਲ ਖੋਲ੍ਹ ਰੱਖੇ ਐ ਦੋ । ਮਲੋਹਤਰਾ ਭਰਾਵਾਂ ਨੂੰ ਸ਼ੇਅਰ –ਮਾਰਕਿਟ ਦੇ ਡਾਨ ਗਿਣਦੇ ਐ ਸਾਰੇ । ਅੰਗਰੇਜ਼ੀ , ਹਿਸਾਬ , ਸਾਇੰਸ ਵਾਲੇ ਖਾਲੀ ਘੰਟੀਆਂ ਦਾ ਵੀ ਪੂਰਾ ਲਾਹਾ ਲੈਂਦੇ ਆਂ ਟਿਊਸ਼ਨ ਵਰਕ ਲਈ । ਲੱਖਾਂ ਕਮਾਉਂਦੇ ਐ ਸਾਰੇ ਸੀਜ਼ਨ ‘ਚ। ਪਤਾ ਸੱਭ ਨੂੰ ਐ ਇਕ ਦੂਜੇ ਦਾ , ਦੱਸਦਾ ਕੋਈ ਨਹੀਂ । ਸ਼ਕਾਇਤ ਕੋਈ ਨਹੀਂ ਕਰਦਾ । ਬੜੀ ਏਕਤਾ , ਇਸ ਪੱਖੋਂ ।
ਅਜਿਹੀ ਨਿਰਵਿਵਾਦ ਸਥਿਤੀ ‘ਚ ਮੈਂ ਵੀ ਸੰਗੀਤ-ਅਕਾਡਮੀ ਦੀ ਪਾਰਟ-ਟਾਇਮ ਜਾਬ ਦੌੜ-ਭੱਜ ਕੇ ਲੱਭ ਲਈ । ਇਸ ਨਾਲ ਕਲਾਸ ਵਰਕ ‘ਚ ਥੋੜ੍ਹੀ ਬਹੁਤ ਢਿੱਲ-ਮੱਠ ਤਾਂ ਪੈਣੀ ਹੀ ਪੈਣੀ ਸੀ, ਪਰ ਪੁੱਛਿਆ ਕਿਸੇ ਨਾ । ਨਾ ਹੀ ਕੋਈ ਖਾਸ ਫ਼ਰਕ ਪਿਆ ਸੰਗੀਤ ਵਿਦਿਆਰਥੀਆਂ ਨੂੰ । ਉਹ ਕਿਹੜਾ ਸੱਚ-ਮੁੱਚ ਸੰਗੀਤ ਸਿੱਖਣ ਆਉਂਦੇ ਨੇ । ਨਾ ਮੁੰਡੇ,ਨਾ ਕੁੜੀਆਂ । ਉਹ ਤਾਂ ਮੌਜ-ਮਸਤੀ ਕਰਨ ਆਉਂਦੇ ਹੋਣ ਜਾਂ ਟਾਇਮ ਪਾਸ ਕਰਨ । ਦੂਜੇ ਪਾਸੇ ਅਕਾਡਮੀ ‘ਚ ਆਉਂਦੇ ਮੁੰਡੇ-ਕੁੜੀਆਂ ਬਹੁਤ ਜਾਨਮਾਰੀ ਕਰਦੇ ਲੱਗੇ ਮੈਨੂੰ । ਅੰਗ-ਅੰਗ,ਤੋੜ-ਮਰੋੜ ਛੱਡਦੇ ਉਹ ਅਪਣੇ । ਕਿੰਨੇ –ਕਿੰਨੇ ਵਲ੍ਹ ਖਾ ਜਾਂਦੇ , ਪੌਪ ‘ਤੇ ਨੱਚਦੇ । ਤਾਂ ਕਿਧਰੇ ਜਾ ਕੇ ਪੁਰਾਣੀ ਕਿਸੇ ਫਿਲਮ ਦਾ ਗੀਤ ਨਵੀਂ ਨਾਚ-ਸ਼ੈਲੀ ‘ਚ ਢੱਲਦਾ ।ਮੈਂ ਵੀ ਇਸ ਸ਼ੈਲੀ ਨਾਲ ਬਾਬੱਸਤਾ ਹੋਣ ਲਈ ਕਿੰਨੇ ਸਾਰੇ ਚੈਨਲ ਦੇਖਦਾਂ । ਇਕੱਲੇ ਚੈਨਲ ਹੀ ਨਹੀਂ ਡਿਸਕਾਂ ਵੀ ਦੇਖਣੀਆਂ ਪੈਂਦੀਆਂ ਕੰਪਿਊਟਰ ਸਕਰੀਨ ‘ਤੇ ਗਈ ਰਾਤ ਤੱਕ ।ਮੇਰੇ ਇਸ ਗਹਿ-ਗੱਚ ਰੁਝੇਂਵੇ ਤੋਂ ਅੱਕੀ-ਥੱਕੀ ਪਤਨੀ, ਸੌਣ-ਕਮਰੇ ‘ਚੋਂ ਉੱਠ ਕੇ ਬੇਟੀਆਂ ਦੇ ਕਮਰੇ ‘ਚ ਚਲੇ ਜਾਂਦੀ । ਉਥੇ ਵੀ ਉਸ ਨੂੰ ਚੈਨ ਨਾ ਮਿਲਦਾ । ਬੇਟੀਆਂ ਦੇ ਕਮਰੇ ਦਾ ਸ਼ੋਰ-ਸੰਗੀਤ ਤਾਂ ਭਾਵੇਂ ਕਾਫੀ ਸਾਰਾ ਮੱਧਮ ਹੁੰਦਾ , ਪਰ ਟੀ.ਵੀ. ਸਕਰੀਨ ‘ਤੇ ਦ੍ਰਿਸ਼-ਚਿੱਤਰ ਉਸ ਨੂੰ ਉਸੇ ਤਰ੍ਹਾਂ ਦੇ ਦੇਖਣ ਨੂੰ ਮਿਲਦੇ ਜਿਹੋ ਜਿਹੇ ਮੇਰੇ ਕਮਰੇ ਦੇ ਟੀ.ਵੀ. ਸਕਰੀਨ ‘ਤੇ । ਉਸ ਤੋਂ ਨਾ ਜਾਗਿਆ ਜਾਂਦਾ , ਨਾ ਸੌ ਹੁੰਦਾ । ਖਿਝੀ-ਖਪੀ ਉਸ ਅਕਸਰ ਮੇਰੇ ‘ਤੇ ਵਰ੍ਹਦੀ- “ ਤੁਆਡੇ ਐਸ ਕੰਜਰਖਾਨੇ ਨੇ ਕੁੜੀਆਂ ਦਾ ਫੱਕਾ ਨਈਂ ਛੱਡਣਾ । ਓਧਰ ਜਾਨੀ ਆਂ , ਓਧਰ ਵੀ ਆਹੀ ਲੁੱਚਪੁਣਾ ਲੱਗਾ ਹੁੰਦਾ , ਐਧਰ ਆਉਨੀ ਆ ਐਧਰ ਵੀ ਉਹੀ । ਉਹ ਖ਼ਸਮਾਂ ਪਿੱਟੀਆਂ ਹੱਥਾਂ ‘ਚ ਪੇਏ ਆਲੀਆਂ ਪੋਥੀਆਂ ਖੋਲ੍ਹੀ ਬੈਠੀਆਂ ਹੁੰਦੀਆਂ ਤੇ ਆਪੂੰ ...! ਮੈਂ ਦੱਸ ਕੇੜ੍ਹੇ ਖੂਹ ‘ ਚ ਡਿੱਗਾਂ ?” ਇਸ ਤੋਂ ਅੱਗੇ ਉਸ ਤੋਂ ਕੁਝ ਨਾ ਬੋਲਿਆ ਜਾਂਦਾ ।
ਗੁੱਸੇ –ਰੋਸੇ ‘ ਚ ਹਫੀ-ਖ਼ਫੀ ਉਹ ਕਦੀ ਸੋਫੇਂ ‘ਤੇ ਢੇਰੀ ਹੋ ਜਾਂਦੀ , ਕਦੀ ਹੇਠਾਂ ਹੀ ਫ਼ਰਸ਼ ‘ਤੇ ਵਿਛੀ ਕਾਰਪੈਂਟ ‘ਤੇ ।
ਅਜਿਹੇ ਸਮੇਂ ਉਸਦਾ ਦਰਜਾ-ਹਰਾਰਤ ਨਾਰਮਲ ਕਰਨ ਲਈ ਮੇਰਾ ਸਾਹਮਣੇ ਦੋ ਵਿਕਲਪ ਹੁੰਦੇ । ਇਨ੍ਹਾਂ ਦੋਨ੍ਹਾਂ ਨੂੰ ਮੈਂ ਇਕ ਸਾਰ ਲਾਗੂ ਕਰ ਦਿੰਦਾ । ਪਹਿਲਾਂ , ਬੇਟੀਆਂ ਨੂੰ ਅੱਛਾ –ਖਾਸਾ ਝਿੜਕ ਕੇ ਉਨ੍ਹਾਂ ਦਾ ਟੀ.ਵੀ. ਬੰਦ ਕਰਕੇ ,ਧਿਆਨ ਨਾਲ ਪੜ੍ਹਨ ਦੀ ਹਿਦਾਇਤ ਕਰ ਆਉਂਦਾ ਤੇ ਫਿਰ ..ਫਿਰ ਅਪਣੇ ਕਰਮੇ ਦੀ ਕੰਪਿਊਟਰ ਕਰੀਨ ‘ਤੇ ਮੈਂ ਰੀਮਿੱਕਸ ਦੀ ਥਾਂ ਤੇ ਪੋਰਨੋ-ਦ੍ਰਿਸ਼ ਪ੍ਰਦਰਸ਼ਤ ਕਰਨ ਲੱਗਦਾ ।
ਪਹਿਲੋਂ-ਪਹਿਲ ਤਾਂ ਪਤਨੀ ਲੁੱਚੇ ਲੁੱਤਫ਼ਕਾਰੀ ਕਾਰਜ ,ਪ੍ਰਤੀਕਾਰਜ ਦੇਖਦੀ ,ਸੰਗਦੀ-ਸੰਗਦੀ ਵਾਹਵਾ ਚਿਰ ਪਰਚੀ ਵੀ ਰਹੀ । ਡਿਸਕ ਬੰਦ ਹੋਣ ਪਿਛੋਂ ਉਹ ਕਮਰੇ ਦੀ ਡਿੰਮ-ਲਾਇਟ ਅੰਦਰ ਸਕਰੀਨ ‘ਤੇ ਦੇਖੇ ਜਾਚੇ ਐਕਸ਼ਨਾਂ ਨੂੰ ਸੱਚ-ਮੁੱਚ ਦੀ ਕਿਰਿਆ ‘ਚ ਬਦਲਣ ਦਾ ਅਨੰਦ ਵੀ ਲੈਂਦੀ ਰਹੀ । ਪਰ ਛੇਤੀ ਹੀ ਉਹ ਜਿਵੇਂ ਉਂਕਤਾ ਜਿਹੀ ਗਈ । ਗੱਲਾਂ-ਗੱਲਾਂ ਵਿਚ ਪੋਰਨੋਗਰਾਫਿਕ ਸਮੂਹਾਂ‘ਚ ਸ਼ਾਮਿਲ ਹੁੰਦੇ ਨੰਗ-ਧੜੰਗੇ ਜੋੜਿਆਂ ਨੂੰ ਸਿਰੇ ਦੇ ਬੇ-ਸ਼ਰਮ, ਪਰਲੇ ਦਰਜੇ ਦੇ ਕੰਜਰ ਆਦਿ ਵਿਸ਼ੇਸ਼ਣਾਂ ਨਾਲ ਨਿਵਾਜਣ ਲੱਗ ਪਈ । ਆਖਿਰ , ਉਸਨੇ ਐਹੋ ਜਿਹੀ ਕੋਈ ਵੀ ਰੀਲ੍ਹ-ਡਿਸਕ ਘਰ ‘ਚ ਲਿਆਉਂਣੋਂ-ਰੱਖਣੋਂ ਮੈਨੁੰ ਪੱਕਾ-ਠੱਕਾ ਰੋਕ ਦਿੱਤਾ । ਮੈਂ ਅਕਾਦਮੀ ਦੇ ਕੰਮ-ਕਾਰ ਦੀ ਮਜਬੂਰੀ ਦੱਸ ਕੇ ਥੋੜ੍ਹੀ ਆਨਾ-ਕਾਨੀ ਕੀਤੀ ਤਾਂ ਉਹ ਕਈ ਦਿਨ ਮੇਰੇ ਨਾਲ ਬੋਲੀ ਤੱਕ ਨਾ ।
ਦੋਨਾਂ ਬੇਟੀਆਂ ਦੇ ਪੜ੍ਹਨ-ਲਿਖਣ ਵੱਲੋਂ ਵਧੀ ਜਾਂਦੇ ਅਵੇਸਲੇਪਨ ਨੂੰ ਉਹ ਮੇਰੇ ਨਾਲੋਂ ਵੱਧ ਮੇਰੀ ਨਾਚ-ਅਕਾਡਮੀ ਨੂੰ ਕਸੂਰਵਾਰ ਮੰਨਣ ਲੱਗ ਪਈ ਸੀ । ਉਸਦੇ ਸੁਚੇਤ-ਅਚੇਤ ਮਨ ‘ਚ ਇਹ ਸੰਸਾ ਜਿਵੇਂ ਘਰ ਬਣਾ ਕੇ ਬੈਠ ਗਿਆ ਕਿ ਅਕਾਦਮੀ ਲੈਸਨਾਂ ਬਹਾਨੇ , ਸਾਡੇ ਸੌਣ-ਕਮਰੇ ਅੰਦਰ ਚਲਦੇ ਸਾਰੇ ਦੇ ਸਾਰੇ ਅਮਲ-ਕਰਮ ਦੋ-ਤਿੰਨ ਕੰਧਾਂ ਚੀਰ ਕੇ ਦੋਨਾਂ ਬੇਟੀਆਂ ਦੇ ਕਮਰੇ ਤੱਕ ਹੂ-ਬ-ਹੂ ਅੱਪੜਦੇ ਨੇ ।
ਉਸ ਦੇ ਇਹ ਤੌਖਲੇ ਨੂੰ ਧਿਆਨ-ਗੋਚਰੇ ਰੱਖਦਾ ਮੈਂ ਵਿਚਕਾਰ ਜਿਹੇ ਫਸ ਗਿਆ । ਇਕ ਪਾਸੇ ਅਕਾਦਮੀ ਦਾ ਵਧੀ ਜਾਂਦਾ ਕਾਰੋਬਾਰ । ਦੂਜੇ ਪਾਸੇ ਬੇਟੀਆਂ । ਦੋਨਾਂ ਵਿਚੋਂ ਕਿਸੇ ਨੂੰ ਅਣਗੌਲਿਆਂ ਨਹੀਂ ਸੀ ਕੀਤਾ ਜਾ ਸਕਦਾ ।
ਥੋੜ੍ਹਾ ਕੁ ਚਿਰ ਹੋਰ , ਮੈਂ ਪਤਨੀ ਤੋਂ ਓਹਲਾ ਰੱਖ ਕੇ , ਉਸ ਦੇ ਸੌ ਜਾਣ ਪਿਛੋਂ ਰੀਮਿੱਕਸ-ਲੈਸਨ ਤਿਆਰ ਕਰਦਾ ਰਿਹਾ ਤੇ ਵਿਚਕਾਰ ਐਵੇਂ ਝੱਸ ਪੂਰਾ ਕਰਨ ਲਈ ਪੋਰਨੋ ਦ੍ਰਿਸ਼ ਵੀ ਦੇਖਦਾ ਰਿਹਾ । ਪਰ ਉਸ ਦਿਨ...ਉਸ ਰਾਤ ਕੰਪਿਊਟਰ ਸਕਰੀਨ ‘ਤੇ ਚਲਦੀ ਡਿਸਕ ਏਨੀ ਕਮਾਨ ਦੀ ਲੱਗੀ ਕਿ , ਏਨੀ ਦਿਲਕਸ਼ ਨਿਕਲੀ ਕਿ ਪਤਨੀ ਤੇ ਜਾਗ ਪੈਣ ਦੇ ਡਰ ਦੇ ਬਾਵਜੂਦ ਵੀ ਬੰਦ ਨਹੀਂ ਸੀ ਹੋਈ ਮੇਰੇ ਤੋਂ । ਮੈਂ ਤਾਂ ਸਗੋਂ ਸਾਹਮਣੇ ਚਲਦੇ ਦ੍ਰਿਸ਼ਾਂ ਵਰਗੇ ਵਰਗੇ ਐਕਸ਼ਨ ਕਰਨ ਲਈ ਤਿਆਰ ਹੋਇਆ ਪਿਆ ਸੀ ,ਤਨ-ਬਦਨ ਨੰਗਾ ਕਰਕੇ । ...ਫਿਰ ਉਹੀ ਗੱਲ ਹੋਈ ਜਿਸਦਾ ਮੈਨੂੰ ਤੌਖਲਾ ਸੀ । ਪਤਨੀ ਅਬੜਬਾਹੇ ਉੱਠ ਕੇ ਬੈਠ ਗਈ , ਡਰੀ –ਘਾਬਰੀ । ਡਰੀ-ਘਾਬਰੀ ਨੇ ਉਸ ਨੇ ਐਧਰ-ਓਧਰ ਦੇਖਿਆ । ਉਸਨੂੰ ਜਿਵੇਂ ਕੋਈ ਬਹੁਤ ਭਿਆਨਕ ਸੁਪਨਾ ਆਇਆ ਹੋਵੇ । ਝੱਟ ਹੀ ਉਸਨੇ ਸਰ੍ਹਾਣੇ ਲਾਗੇ ਲੱਗਾ ਟਿਊਬ-ਲਾਈਟ ਦਾ ਸਵਿੱਚ ਆਨ ਕਰ ਦਿੱਤਾ । ਝੱਟ ਹੀ ਉਸਦੀ ਡੌਰ-ਭੌਰ ਹੋਈ ਨਿਗਾਹ ਮੇਰੇ ਅਲਫ਼-ਨੰਗੇ ਬਦਨ ਤੋਂ ਲੰਘਦੀ ਕੰਪਿਊਟਰ-ਸਕਰੀਨ ਤੱਕ ਅੱਪੜ ਗਈ । ਉਸਨੂੰ ਜਿਵੇਂ ਇਕ ਤਰ੍ਹਾਂ ਦਾ ਝੱਲ ਜਿਹਾ ਚਿੱਮੜ ਗਿਆ ਹੋਵੇ । ਪਾਗਲਪਨ ਵਰਗਾ ਦੌਰਾ ਪੈ ਗਿਆ । ਡਿੱਕੋ-ਡੋਲੇ ਖਾਂਦੀ ਉੱਠੀ ਨੇ ਪਹਿਲਾਂ ਉਸ ਨੇ ਮੇਜ਼ ‘ਤੇ ਪਿਆ ਮੋਨੀਟਰ ਵਗਾਹ ਕੇ ਪਰ੍ਹਾਂ ਸੁੱਟ ਦਿੱਤਾ ਫ਼ਰਸ਼ ‘ਤੇ , ਫਿਰ ਧੈਅ ਕਰਦਾ , ਦੋਨਾਂ ਜੁੜਵੇਂ ਹੱਥਾਂ ਦਾ ਧੱਫਾ ਮੇਰੀ ਨੰਗੀ ਪਿੱਠ ‘ਤੇ ਜੜਕੇ ਅਵਾ-ਤਵਾ ਬੋਲਦੀ ਕਮਰਿਉਂ ਬਾਹਰ ਨਿਕਲ ਗਈ ।
ਸੱਮ ਪੇਬਲਜ਼ ਵਰ ਲਾਇੰਗ ਹੇਅਰ ਐਂਡ ਦੇਅਰ ...........
ਇਵੇਂ ਦੀ ਦੋ-ਹੱਥੜ ਮੇਰੀ ਬੀਬੀ ਨੇ ਵੀ ਮੇਰੀ ਅੱਧ-ਨੰਗੀ ਪਿੱਠ ‘ਤੇ ਕਈ ਵਰ੍ਹੇ ਪਹਿਲਾਂ ਮਾਰੀ ਸੀ , ਅੰਬਾਂ ਦਿਨੀਂ । ਹਰੀ ਸੂੰਹ ਬਾਬੇ ਦੀ ਹਾਜ਼ਰੀ ‘ਚ । ਉਸ ਦੀ ਘਟੀ ਰਕਮ ਕਾਰਨ , ਉਸ ਤੋਂ ਸ਼ਰਮਸ਼ਾਰ ਹੁੰਦਿਆਂ । ....ਦੂਜੇ ਚੌਥੇ ਬਾਪੂ ਦੀ ਗੁੱਥਲੀ ਵਿਚੋਂ ਕੱਢ ਹੁੰਦੀ ਚੁਆਨੀ-ਅਠਿਆਨੀ ਥੋੜ੍ਹੇ ਕੁ ਦਿਨੀਂ ਫੜੀ ਗਈ । ਕਿੱਡੀ ਕੁ ਹਜ਼ਾਰਾਂ ਦੀ ਰੋਕੜ ਸੀ ਜਿਦ੍ਹੇਂ ‘ਚੋਂ ਘੱਟਦੀ ਪੌਲੀ-ਧੇਲੀ ਦਾ ਪਤਾ ਨਹੀਂ ਸੀ ਲੱਗਣ । ਲੈ ਦੇ ਕੇ ਅਠਾਰਾਂ ਵੀਹ, ਹੱਦ ਬਾਈ –ਪੰਜੀ ਤਾਂ ਰੁਪਈਏ ਜੁੜਦੇ ਸਨ ਬਾਪੂ ਨੂੰ ਸਾਰਾ ਦਿਨ ਬੈਠ-ਬੈਠ ਕੇ ਰਾਹ ਕੰਢੇ । ਘਰ ਦਾ ਥੋੜ੍ਹਾ ਕੁ ਜਿੰਨਾ ਖਰਚ ਕੱਢ ਕੇ ਉਸ ਨੇ ਬਚਦੇ ਪੈਸੇ ਗਿਣ-ਚੁਣ ਕੇ ਨਾਲ ਦੀ ਨਾਲ ਗੁੱਥਲੀ ‘ਚ ਸਾਂਭ ਰੱਖੇ ਸਨ , ਨਾਲ ਦੀ ਨਾਲ ਬਾਗ਼ ਦੀ ਰਕਮ ਚੁੱਕਤੀ ਕਰਨ ਲਈ । ਪੰਦਰੀਂ-ਵੀਹੀਂ ਦਿਨੀਂ ਹਰੀ ਸੂੰਹ ਬਾਬਾ , ਬਾਪੂ ਨਾਲ ਹੋਏ ਮੂੰਹ-ਜ਼ੁਬਾਨੀ ਦੇ ਇੱਕਰਾਰਨਾਮੇਂ ਮੁਤਾਬਿਕ ਬਾਗ਼ ‘ਚ ਆ ਪੁੱਜਦਾ , ਪੈਸੇ ਲੈਣ । ਬਾਬਾ , ਲੈਣ-ਦੇਣ ਕਰਨ ‘ਚ ਸੀ ਤਾਂ ਕੋਰਾ-ਕੱਕਰਾ ਪਰ ਲੀਚੜ ਜਿਹਾ ਨਹੀਂ ਸੀ ਬਹੁਤਾ । ਉਸਨੇ ਕਦੀ ਵਾਧੂ ਦੀ ਚੂੰ-ਚੜਿਕ ਜਿਹਾ ਨਹੀਂ ਸੀ ਕੀਤੀ ਹੋਰਨਾਂ ਜੱਟਾਂ- ਜ਼ੀਮੀਦਾਰਾਂ ਵਾਂਗ । ਖੂੰਗਿਆਂ ਦਾ ਟੱਬਰ ਤਾਂ ਪੇਸ਼ਗੀ ਲੈਣ ਤੋਂ ਬਿਨਾਂ ਕਿਸੇ ਨੂੰ ਬਾਗ਼ ਦੇ ਲਾਗੇ ਖੰਘਣ ਵੀ ਨਹੀਂ ਸੀ ਦਿੰਦਾ । ਵੈਣੀਆਂ ਦੇ ਜੀਅ ਉਨ੍ਹਾਂ ਤੋਂ ਵੀ ਦੋ ਰੱਤੀਆਂ ਉੱਪਰ ਸਨ । ਅੱਧ-ਖਚੱਧੇ ਅੰਬ ਉਹ ਆਪੂ ਈ ਤੋੜ ਲੈ ਜਾਂਦੇ , ਸੌਦਾ ਹੋਣ ਤੋ ਪਿਛੋਂ ਵੀ । ਕਦੀ ਕਿਸੇ ਬਹਾਨੇ ਕਦੀ ਕਿਸੇ । ਅੰਬਰਸਰੀਏ ਸਾਰਿਆਂ ਦਾ ਹੀ ਸਿਰਾ । ਉਨ੍ਹਾਂ ਕਿਸੇ ਦੀ ਰੈਅ ਤਾਂ ਕੀ ਕਰਨੀ , ਉਹ ਤਾਂ ਵੱਢੀ ਉਂਗਲੀ ‘ਤੇ ਪਿਸ਼ਾਬ ਦਾ ਵੀ ਮੁੱਲ ਮੰਗ ਲਿਆ ਕਰਦੇ ਸਨ ।ਲੈ ਦੇ ਕੇ ਬਚਦੇ ਸਨ ਦੋ ਟੱਬਰ । ਇਕ ਸ਼ਾਹੀਆਂ ਦਾ , ਦੂਜਾ ਘੁੰਮਣਾ ਦਾ । ਉਹਨਾਂ ਪਾਸ ਬੂਟੇ ਤਾਂ ਗਿਣਤੀ-ਮਿਣਤੀ ਦੇ ਹੀ ਸਨ । ਸ਼ਾਹੀਆਂ ਪਾਸ ਅੱਠ ਬੂਟੇ , ਘੁੰਮਣਾਂ ਕੋਲ ਪੰਜ । ਉਂਝ ਬੂਟੇ ਭਾਰੇ ਸਨ । ਹਰ ਕੋਈ ਇਨ੍ਹਾਂ ਦੇ ਬਾਗ਼ ਖ਼ਰੀਦਣ ਨੂੰ ਪਹਿਲ ਦਿੰਦਾ । ਸੀਗੇ ਤਾਂ ਇਹ ਟੱਬਰ ਵੀ ਪੂਰੇ ਹਿਸਾਬੀ-ਕਿਤਾਬੀ , ਪਰ ਝੱਖੜ-ਸਾਂਜੇ ਕਾਰਨ ਹੋਏ ਨੁਕਸਾਨ ਦੇ ਉਹ ਭਾਈਵਾਲ ਜ਼ਰੂਰ ਬਣ ਜਾਂਦੇ । ਅਗਲੇ ਦੇ ਨੁਕਸਾਨ ਨੂੰ ਆਪਣਾ ਨੁਕਸਾਨ ਸਮਝਦੇ । ਲੱਗਦੀ ਵਾਹ ਥੋੜ੍ਹੀ ਬਹੁਤ ਛੋਟ ਵੀ ਕਰ ਦਿਆ ਕਰਦੇ ਸਨ ਮਿਥੇ ਮੁੱਲ ‘ਚੋਂ । ਘੁੰਮਣ ਬਾਬਾ ਸ਼ਾਹੀਆਂ ਤੋਂ ਵੀ ਉੱਪਰ ਸੀ । ਉਸਨੇ ਕਦੀ ਬਾਪੂ ਤੋਂ ਬਹੁਤਾ ਮਿੰਨਤ-ਤਰਲਾ ਨਹੀਂ ਸੀ ਕਰਵਾਇਆ । ਬਾਪੂ ਹਰ ਵਾਰ ਵਿਹੜੇ ਦੇ ਹੋਰਨਾਂ ਘਰਾਂ ਨੂੰ ਝਕਾਨੀ ਦੇ ਕੇ ਬਾਬੇ ਕੋਲ ਪਹਿਲੋਂ ਪਹੁੰਚ ਜਾਂਦਾ । ਉਸ ਵਾਰ ਵੀ ਬਾਪੂ , ਕਣਕ ਦੀ ਵਾਢੀ-ਟੋਕੀ ਚੋਂ ਵਿਹਲ ਕੱਢ ਕੇ ਹਰੀ ਸੂੰਹ ਬਾਬੇ ਨੂੰ ਜਾ ਮਿਲਿਆ ਸੀ । ਹਰ ਵਾਰ-ਵਾਂਗ ਬਾਬੇ ਨੇ ਪਿਛਲੇ ਸਾਲ ਨਾਲੋਂ ਵਧਾ ਕੇ ਨਿਰਧਾਰਤ ਕੀਤਾ ਮੁੱਲ ਬਾਪੂ ਨੂੰ ਦੋ-ਟੁੱਕ ਨਹੀਂ ਸੀ ਸੁਣਾਇਆ । ਸਗੋਂ ਉਸ ਨੂੰ ਲਾਗੇ ਬਿਠਾ ਕੇ ਬੜੇ ਸਹਿਜ-ਧੀਰਜ ਨਾਲ ਗੱਲ ਤੋਰੀ ਸੀ – “ ਦੇਖ ਲਾਅ ਚਾਨਣਾ , ਮੈਂਗਭਾਈ ਕਿੱਦਾਂ ਸਿਰ ਨੂੰ ਚੜ੍ਹੀ ਆਉਂਦੀ ਆ ।ਕਿਸੇ ਵੀ ਸ਼ੈਅ ਨੂੰ ਹੱਥ ਨਈਂ ਲੱਗਦਾ । ਤੂੰ...ਤੂੰ ਮੇਰਾ ਵੀਰ ਐਂ ਕਰ ਬਹੁਤੇ ਨਈਂ ਤਾਂ ਇਕ –ਇਕ ਸੈਂਕੜਾ ਹਰੇਕ ਬੂਟੇ ਪਿੱਛੇ ਵਧਾ ਲੈ ਐਂਤਕੀਂ ਦੀ ਵਾਰੀ , ਅੱਗੇ ਤੂੰ ਆਪੂੰ ਸਿਆਣਾਂ ...।“
ਪੰਜਾਂ ਬੂਟਿਆਂ ਪਿੱਛੇ ਪੰਜ ਸੌ ਦਾ ਵਾਧਾ ਸੁਣ ਕੇ ਤਾਂ ਬਾਪੂ ਜਿਵੇਂ ਸਿਰ ਤੋਂ ਲੈ ਕੇ ਪੈਰਾਂ ਤੱਕ ਸੁੰਨ ਹੋ ਗਿਆ ਸੀ । ਉਹ ਨਾ ਹਾਂ ਕਰਨ ਜੋਗਾ ਰਿਹਾ ਸੀ , ਨਾ ਨਾਂਹ । ਅਪਣੇ ਅੰਦਰ ਦੀ ਉਦੇੜ-ਬੁਣ ‘ਚ ਘਿਰਿਆ ਉਹ ਥੋੜ੍ਹਾ ਕੁ ਚਿਰ ਉਵੇਂ ਦਾ ਉਵੇਂ ਬੈਠਾ ਰਿਹਾ ਸੀ ਚੁੱਪ ਦਾ ਚੁੱਪ । ਉਸਨੂੰ ਪੱਕਾ ਪਤਾ ਸੀ ਕਿ ਪੰਜ ਸੌ ਦੀ ਰੋਕੜ ਤਾਂ ਉਸਨੂੰ ਸਾਰੇ ਸੀਜ਼ਨ ‘ਚ ਆਪੂੰ ਨੂੰ ਨਹੀਂ ਸੀ ਬਚਣੀ । ਹੋਰ ਕਿਸੇ ਜੱਟ-ਜੀਮੀਂਦਾਰ ਦਾ ਬਾਗ਼ ਉਹ ਲੈਣਾ ਨਹੀਂ ਸੀ ਚਾਹੁੰਦਾ । ਹਾਰ ਕੇ ਉਸ ਪਾਸ ਇਕੋ-ਇਕ ਚਾਰਾ ਬਚਿਆ ਸੀ ,ਮਿੰਨਤ –ਤਰਲਾ ਕਰਨ ਦਾ । ਉਸਨੇ ਲੇਲ੍ਹੜੀਆਂ ਕੱਢਣ ਵਾਂਗ ਹਰੀ ਸੂੰਹ ਬਾਬੇ ਨੂੰ ਕਿਹਾ ਸੀ –“ ਐਨੀ ਗਰੀਬ ਮਾਰ ਨਾ ਕਰੋ ਬਾਬਾ ਜੀਈ ! ਸਾਡਾ ਕੀ ਲੁਕਿਆ ਆ ਤੁਆਡੇ ਤੋਂ ? ਅਸੀਂ ਪੰਜਾਂ ਜੀਆਂ ਨੇ ਰਾਤ-ਪੁਰ –ਦਿਨੇ ਟੁੱਟ-ਟੁੱਟ ਕੇ ਮਰਨਾ ਦੋ ਮੀਨ੍ਹੇ । ਫੇਅਰ ਕਿਤੇ ਜਾ ਕੇ ਟੁੱਟਕ-ਪਾਣੀ ਜੁੜਨਾ । ਉਹ ਵੀ ਤਾਂ ਜੇ ਉੱਪਰ ਆਲਾ ਖੈਰ-ਮੇਰ੍ਹ ਈ ਰੱਖੇ । ਇਕ ਝੱਖੜ-ਝਾਂਜੇ ਤੋਂ ਬਚਾ ਹੋਇਆ ਰਏ , ਦੂਜਾ ਸਾਡੇ ‘ਚੋਂ ਕੋਈ ਜੀਅ ਬਮਾਰ-ਠਮਾਰ ਨਾ ਹੋ ਜਏ । ਅਪਣੀ ਅਲੋਂ ਤਾਂ ਬੰਦਾ ਸੌ ਤਰ੍ਹਾਂ ਦੇ ਓੜ੍ਹ-ਪੌੜ ਕਰਦਾ , ਪਰ ਕੁਜਰਤ ਅੱਗੇ ਕੋਈ ਵਾਹ ਪੇਸ਼ ਨੀਂ ਜਾਂਦੀ । ਮੀਂਹ-ਕਣੀ ਦੇ ਮੀਨ੍ਹੀਂ ਨਿੱਕੇ-ਨਿਆਣੇ ਆਹਟੇ ਡਗਾਹ ਹੁੰਦੇ ਆ । ਕਿਸੇ ਨੂੰ ਭੱਬੂ ਨਿਕਲ ਆਉਂਦੇ ਆ ,ਕਿਸੇ ਨੂੰ ਤਾਪ-ਤੂਪ ਘੇਰੀ ਰੱਖਦਾ । ਪਿਛਲੀ ਵੇਰਾਂ ਤੁਆਨੂੰ ਪਤਾ ਈ ਆ ਗੱਭਲੀ ਕੁੜੀ ਕਿੰਨੀ ਬਾਮਾਰ ਹੋ ਗਈ ਸੀ । ਤੱਈਆ-ਤਾਪ ਈ ਨਈਂ ਸੀ ਟੁੱਟਦਾ । ਸਾਰੀ ਬਚਤ ਉਹ ‘ਤੇ ਲੱਗ ਗਈ ਸੀ । ਡੱਕਦਰਾਂ-ਹਕੀਮਾਂ ਨੇ ਤੁਆਨੂੰ ਪਤਆ ਈ ਆ ਕਿੱਡੇ-ਕਿੱਡੇ ਮੂੰਹ ਅੱਡਿਓ ਆ ....!”
“ਓ-ਓ ਭਲਿਆ ਲੋਕਾ , ਮੈਂ ਵੀ ਤਾਂ ਹਾਅ ਈ ਰੋਣੇ ਰੋਨਾਂ !ਹੁਣ ਤਾਂ ਚੁੱਲਾ-ਚੌਂਕਾ ਵੀ ਰੇੜ੍ਹਨਾ ਔਖਾ ਹੁੰਦਾ ਜਾਂਦਾ । ਸ਼ੈਅਰ ਜਾਓ ਤਾਂ ਪਤਆ ਲੱਗਦਾ ਕੀ ਭਾਅ ਵਿਕਦੀ ਆ । ਲੂਣ-ਤੇਲ ,ਕੱਪੜਾ-ਲੱਤਾ,ਰੇਆਂ – ਖਾਦਾਂ ਇਕ ਦਿਨ ਇਕ ਭਾਅ ਹੁੰਦੀਆਂ ,ਦੂਜੇ ਦਿਨ ਕਿਤੇ ਪੁੱਜੀਆਂ ਹੁੰਦੀਆਂ । ਪਤਆ ਨਈਂ ਕੀਈ ਹੋ ਜਾਂਦਾ ਰਾਤੋ-ਰਾਤ ! ਹੱਟੀਆਂ ਆਲੇ ਤਾਂ ਜਾਣੋਂ ਕੱਪੜੇ ਲਾਹੁਣ ਨੂੰ ਫਿਰਦੇ ਹੁੰਦੇ ਆ ਸਾਡੇ ਲੋਕਾਂ ਦੇ ! ...ਓਦਾਂ ਮੇਰਾ ਵੀ ਕੇੜ੍ਹਾ ਚਿੱਤ ਕਰਦਾ ਆ ਤੈਨੂੰ ਤੰਗੀ ਦੇਣ ਨੂੰ ! ਐਨੀ ਪੁਰਾਣੀ ਸਾਂਝ ਆ ਆਪਾਂ ਦੀ । ਪਰ ਹਾਅ ਮਜਬੂਰੀ ਆ ਮੇਰੀ ਵੀ । ਬਣਦਾ-ਸਰਦਾ ਕੁਸ਼ ਨੀ । “
ਬਾਪੂ ਉਸਦੀ ਸੱਚ ਜਿੱਡੀ ਦਲੀਲ ਸੁਣ ਕੇ ਚੱਪ ਜਿਹਾ ਹੋਇਆ ਰਿਹਾ ਸੀ ਥੋੜ੍ਹਾ ਕੁ ਚਿਰ । ਫਿਰ , ਡੂੰਘਾ –ਭਾਰਾ ਹਓਕਾ ਭਰਦੇ ਨੇ ,ਪੰਜ ਸੌ ਦੀ ਥਾਂ ਦੋ ਸੈਂਕੜੇ ਵਾਧੇ ਦੀ ਤਜ਼ਵੀਜ ਅਪਣੇ ਆਪ ਮਨਜ਼ੂਰ ਕਰਦਿਆਂ , ਬਾਬਾ ਜੀ ਦੇ ਜਿਵੇਂ ਪੈਰ ਈ ਫੜ ਲਏ ਸਨ । ਅੱਗੋਂ ਘੰਮਣ ਬਾਬੇ ਨੇ ਵੀ ਅਪਣੇ ਸੁਭਾ ਮੁਤਾਬਿਕ ਕੋਈ ਬਹੁਤੀ ਅੜੀ ਨਹੀਂ ਸੀ ਕੀਤੀ । ਸੌਦੇ ਦੀਆਂ ਬਾਕੀ ਸ਼ਰਤਾਂ ਪਹਿਲਾਂ ਵਾਲੀਆਂ ਮਨਜ਼ੂਰ ਹੀ ਮਨਜ਼ੂਰ ਸਨ ਦੋਨਾਂ ਧਿਰਾਂ ਨੂੰ । ਢਾਈ ਮਣ ਪੱਕੇ ਅੰਬ , ਵੀਹ ਸੇਰ ਅਚਾਰੀ ਤੇ ਟੁੱਕੀ ਰਕਮ ਨਾਲ ਦੀ ਨਾਲ , ਪੰਦਰੀਂ ਵੀਹੀਂ ਦਿਨੀਂ ।
ਹਰੀ ਸੂੰਹ ਬਾਬੇ ਲਈ ਗਿਣ-ਚੁਣ ਕੇ ਸਾਂਭੀ ਪੈਸਿਆਂ ਵਾਲੀ ਗੁੱਥਲੀ , ਬਾਪੂ ਨੇ ਕੁੱਲੀ ਦੀ ਛੱਤ ‘ਚੋਂ ਧੂਹ ਕੇ ਉਸ ਦੇ ਸਾਹਮਣੇ ਢੇਰੀ ਕਰਦਿਆਂ ਕਿਹਾ ਸੀ – “ ਲਓ ਬਾਬਾ ਜੀਈ , ਢਾਈ ਸੈਂਕੜੇ ਆ । “ ਵੱਖਰੀ-ਵੱਖਰੀ ਵੰਨਗੀ ਦੇ ਨੋਟਾਂ ਦੇ ਸਿੱਕਿਆਂ ਦਾ ਕੁਲ ਜੋੜ ,ਵੱਖ-ਵੱਖ ਗਿਣ ਕੇ ਕੀਤੇ ਜੋੜਾਂ ਨੂੰ ਜੋੜ ਕੇ ਉਸਨੇ ਇਕ ਵਾਰ ਕੀਤਾ ਸੀ , ਦੂਜੀ ਵਾਰ ਫਿਰ । ਪੂਰੇ ਨੌ ਰੁਪਏ ਘੱਟ ਸਨ ।ਹਰੀ ਸੂੰਹ ਬਾਬੇ ਦੇ ਚਿਹਰੇ ‘ਤੇ ਥੋੜ੍ਹੀ ਕੁ ਜਿੰਨੀ ਤਲਖੀ ਉੱਕਰੀ ਗਈ । ਉਸ ਨਾਲ ਪਹਿਲੋਂ ਕਦੀ ਇਵੇਂ ਨਹੀਂ ਸੀ ਹੋਈ । ਜਿੰਨੇ ਪੈਸੇ ਬਾਪੂ ਦੱਸਦਾ ਹੁੰਦਾ , ਪੂਰੇ ਦੇ ਪੂਰੇ ਨਿਕਲਦੇ ਸਨ ।ਬਾਬੇ ਸਾਹਮਣੇ ਹੋਈ ਬਾਪੂ ਦੀ ਹੇਠੀ ਇਕ-ਦਮ ਪੰਜ ਪਹਾੜ ਗੁੱਸੇ ‘ਚ ਬਦਲ ਗਈ । ਉਸਦਾ ਸਿੱਧਾ ਸ਼ੱਕ ਮੇਰੇ ‘ਤੇ ਟਿੱਕ ਗਿਆ । ਮੇਰੇ ਅੰਦਰ ਦਾ ਚੋਰ ਵੀ ਮੇਰੇ ਅੰਗਾਂ-ਪੈਰਾਂ ‘ਤੇ ਸਾਫ਼-ਸਾਫ਼ ਪੱਸਰ ਗਿਆ ਸੀ । ਬਾਪੂ ਵਿਚਲੀ ਗੱਲ ਫੱਟ ਤਾੜ ਗਿਆ । ਅਪਣੇ ਆਪ ਦਾ ਬਚਾ ਕਰਨ ਲਈ ਮੈਂ ਕੁੱਲੀਉਂ ਬਾਹਰ ਖਿਸਕਣ ਹੀ ਲੱਗਾ ਸੀ ਕਿ ਇਕ ਜ਼ੋਰਦਾਰ ਥੱਪੜ ਪਹਿਲਾਂ ਮੇਰੀ ਇਕ ਗਲ੍ਹ ‘ਤੇ ਵੱਜਾ ,ਦੂਜਾ ਦੂਜੀ ‘ਤੇ । ਨਾਲ ਹੀ ਬਾਪੂ ਦੇ ਤਲਖੀ ਭਰੇ ਬੋਲ ,ਮੇਰੇ ਕੰਨਾਂ ਨੂੰ ਜਿਵੇਂ ਸੁੰਨ ਹੀ ਕਰ ਗਏ –“ ਮੈਂ ਨਾ ਕਹਾਂ ਏਸ ਕੁੱਤੇ ਦੀ ਪੂਛ ਨੇ ਪੰਜੀ-ਦਸੀ ਕਾਤੋਂ ਨਈਂ ਮੰਗੀ ਐਨੇ ਦਿਨਾਂ ਤੋਂ ...।“
ਇਹ ਸ਼ਾਇਦ ਬਾਬਾ ਹਰੀ ਸੂੰਹ ਦੇ ਕੁੱਲੀ ‘ਚ ਬੈਠਾ ਹੋਣ ਕਰਕੇ ਸੀ ਕਿ ਬਾਪੂ ਨੇ ਮੈਨੂੰ ਇਸ ਤੋਂ ਵੱਧ ਕੁਝ ਨਹੀਂ ਸੀ ਕਿਹਾ । ਨਾ ਸੋਟੀ –ਪਰੈਣੀ ਦੀ ਮਾਰ ਮਾਰੀ ਸੀ , ਨਾ ਲੱਤਾਂ-ਠੁੱਡਿਆਂ ਦੇ ਹੁੱਝੇ । ...ਤਾਂ ਵੀ , ਬਾਪੂ ਦੀ ਸੋਟੀ ਪਰੈਣੀ ਤੋਂ ਵੱਧ ਦੁੱਖਦਾਈ ਮਾਰ ਦਾ ਸੰਤਾਪ ਉਸ ਦਿਨ ਮੈਨੁੰ ਸਹਿਨ ਕਰਨ ਪਿਆ ਸੀ । ਉਸ ਦਿਨ ...ਗੁੱਥਲੀ ਤੋਂ ਘਟੇ ਪੈਸਿਆਂ ਦੀ ਅੱਪਰਾਧ ਭਾਵਨਾ ਨਾਲ ਡੰਗ ਹੋਇਆ ਮੈਂ ਕੁੱਲੀ ਦੇ ਅੰਦਰ-ਬਾਹਰ ਸੁੰਨ-ਵੱਟਾ ਹੋਇਆ ਖੜਾ ਸੀ । ਬਾਹਰ ਇੱਟਾਂ ਦੇ ਚੁੱਲੇ ‘ਤੇ ਚਾਹ ਧਰੀ ਬੈਠੀ ਬੀਬੀ ਪਤਾ ਨਹੀਂ ਕਦੋਂ ਉੱਠਦੇ ਮੇਰੀ ਪਿੱਠ ਪਿੱਛੇ ਆ ਪੁੱਜੀ ਸੀ । ਬੱਝਵੇਂ ਹੱਥਾਂ ਦਾ ਦੋ-ਹੱਥੜ ਵਰਗਾ ਧੱਫਾ ਮੇਰੇ ਅੱਧ-ਨੰਗੇ ਪਿੰਡੇ ‘ਤੇ ਪੂਰੇ ਜ਼ੋਰ ਦੀ ਮਾਰ ਕੇ ਉਹ ਮੁੜ ਚੁੱਲੇ ਅੱਗੇ ਜਾ ਬੈਠੀ ਸੀ । ਬਿਨਾਂ ਬੋਲੇ –ਚਾਲੇ । ਉਸਦੀ ਇਸ ਚੁੱਪ ‘ਚ ਕਿੰਨਾ ਵੱਡਾ ਗਿਲਾ ਸੀ , ਕਿੰਨਾ ਭਾਰਾ ਸ਼ਿਕਵਾ ਸੀ ਮੇਰੇ‘ਤੇ । ਕਿੰਨੀ ਵੱਡੀ ਨਿਮੋਸ਼ੀ , ਕਿੰਨੀ ਤਿੱਖੀ ਪੀੜ-ਚੀਸ ਬਰਦਾਸ਼ਤ ਕਰਨੀ ਪਈ ਸੀ ਉਸ ਨੂੰ ਆਪ ਨੂੰ ? ਇਸ ਦੀ ਪੂਰੀ ਸਮਝ ਮੈਨੂੰ ਕਈ ਵਰ੍ਹੇ ਪਿੱਛੋਂ ਉਸ ਦਿਨ ਲੱਗੀ ਜਿਸ ਦਿਨ ਬਿਲਕੁਲ ਉਸੇ ਤਰ੍ਹਾਂ ਦਾ ਧੱਫਾ ਮੇਰੀ ਪਤਨੀ ਨੇ ਕਰੀਬ-ਕਰੀਬ ਉਸੇ ਥਾਂ ਅਰਸਾਲ ਕੀਤਾ , ਜਿਸ ਤਰ੍ਹਾਂ ਦਾ ਬੀਬੀ ਨੇ ਏਸੇ ਥਾਂ ਜੜਿਆ ਸੀ , ਕਈ ਵਰ੍ਹੇ ਪਹਿਲਾਂ ।
ਇੱਟ ਥਰਿਊ ਦੀਜ਼ ਪੇਬਲਜ਼ ਇੰਨਟੂ ਦੀ ਜੱਗ .....
ਰਾਤ ਅੱਧੀਉਂ ਵੱਧ ਟੱਪ ਚੁੱਕੀ ਹੈ । ਅੰਗਰੇਜ਼ੀ ਮਾਸਟਰ ਦੀਨਾ ਨਾਥ ਦੀ ਮੇਰੇ ਮੌਰਾਂ ‘ਚ ‘ਵੱਜੀ’ ਖੂੰਟੀ ਨਾਲ ਉੱਖੜੀ ਨੀਂਦ ਜਿਵੇਂ ਪਰ ਲਾ ਕੇ ਉੱਪਰ ਅਕਾਸ਼ ਵਲ੍ਹ ਨੂੰ ਉੱਡ ਗਈ ਹੈ । ਜਿਵੇਂ-ਜਿਵੇਂ ਮੈਂ ਸੁਪਨੇ ਦੀ ਕਾਰ –ਵਲ੍ਹਗਣ ‘ਚ ਬਾਹਰ ਆਉਣ ਦਾ ਯਤਨ ਕਰਦਾ ਹਾਂ ਉਵੇਂ-ਉਵੇਂ ਇਸ ਦਾ ਘੇਰਾ ਤੰਗ , ਹੋਰ ਤੰਗ ਹੋਈ ਜਾਂਦਾ ਹੈ । ਇਸ ਦੀ ਜਕੜ ਹੋਰ ਕੱਸ ਹੋਈ ਜਾਂਦੀ ਹੈ । ਮੁੜ ਘੜੀ ਮੇਰਾ ਇਕ ਜਾਂ ਦੂਜਾ ਹੱਥ ,ਇਕ ਜਾਂ ਦੂਜੇ ਮੋਢੇ ਤੇ ਉੱਪਰ ਦੀ ਹੋ ਕੇ ਇਕ ਜਾਂ ਦੂਜੇ ਮੌਰ ਨੂੰ ਪਲੋਸਣ ਲੱਗਦਾ ਹੈ । ਇਉਂ ਲੱਗਦਾ ਜਿਵੇਂ ਮੇਰੇ ਤਬਲਾ-ਵਾਦਕ ਪੋਟੇ ਮਾਸਟਰ ਦੀਨਾ ਨਾਥ ਦੀ ਖੂੰਟੀ ਵਾਲੀ ਥਾਂ ਦੇ ਨਾਲ-ਨਾਲ ਬੀਬੀ ਦੀ ਧੌਲ ਵੱਜਣ ਵਾਲੀ ਥਾਂ ਅਤੇ ਪਤਨੀ ਦ ਜੁੜਵੇਂ ਹੱਥਾਂ ਦਾ ਧੱਫਾ ਵੱਜਣ ਵਾਲੀ ਥਾਂ ਦੀ ਠੀਕ-ਠੀਕ ਨਿਸ਼ਾਨਦੇਹੀ ਕਰ ਰਹੇ ਹੋਣ । ਇਨ੍ਹਾਂ ਥਾਵਾਂ ਤੋਂ ਨਿਕਲਦੀਆਂ ਪੀੜ-ਤਰੰਗਾਂ ਦਾ ਸਹੀ-ਸਹੀ ਨਾਪ-ਤੋਲ ਕਰ ਰਹੇ ਹੋਣ । ਇਕੱਲਾ ਨਾਪ-ਤੋਲ ਹੀ ਨਹੀਂ ਸਗੋਂ ਮੇਰੀ ਪਿੱਠ ‘ਤੇ ਉੱਕਰ ਹੋਈਆਂ ਇਨ੍ਹਾਂ ਸਜ਼ਾਵਾਂ ਰਾਹੀਂ ਹੁਣ ਤਾਈਂ ਮੇਰੇ ਤੱਕ ਸੰਚਾਰ ਹੋਈ ਸਿੱਖਿਆ-ਸਿੱਖਸ਼ਾ ਦਾ ਵੀ ਜਾਇਜ਼ਾ ਲੈ ਰਹੇ ਹੋਣ ।
...ਅੰਗਰੇਜ਼ੀ ਮਾਸਟਰ ਦੀਨਾ ਨਾਥ ਦੀ ਖੂੰਟੀ ਦਾ ਮੇਰੇ ਹੱਥਾਂ ਮੌਰਾਂ ਨਾਲ ਬਣਿਆ ਰਿਸ਼ਤਾ , ਨਾ ਤਾਂ ਹਕੀਮਾਂ ਦੇ ਨੰਦੂ ਨਾਲੋਂ ਮੇਰਾ ਇਲੱਤ-ਨੁਮਾ ਗੱਠ-ਜੋੜ ਹੀ ਤੋੜ ਸਕਿਆ ਸੀ , ਤੇ ਨਾ ਹੀ ਥਰਸਟੀ ਕਰੋਅ ਦੀ ਅਬਾਰਤ ਚਾਚਾ ਨਹਿਰੂ ਜਾਂ ਮਹਾਤਮਾ ਗਾਂਧੀ ਦੇ ਪ੍ਰਸਤਾਵਾਂ ‘ਚ ਮਿਕਸ ਹੋਣੋਂ ਹਟੀ ਸੀ । ਸਕੂਲੀ ਪੜ੍ਹਾਈ ਪੂਰੀ ਹੋਣ ਤੱਕ ਮੇਰਾ ਇਹੋ ਹਾਲ ਰਿਹਾ । ਕਲਾਸ ਕਮਰਿਆਂ ‘ਚ ਪਏ , ਹਿਲਦੇ , ਝੋਲੇ ਮਾਰਦੇ ਡੈਸਕਾਂ-ਬੈਂਚਾਂ ਉੱਤੇ ਠੱਕ-ਠੱਕ ਵੱਜਦੀਆਂ ਉਂਗਲਾਂ ਤਾਂ ਸਗੋਂ ਹੋਰ ਵੀ ਤੇਜ਼-ਤਰਾਰ ਹੁੰਦੀਆਂ ਗਈਆਂ । ਇਹ ਤਾਂ ਹੋਰ ਵੀ ਕਈ ਤਰ੍ਹਾਂ ਦੀਆਂ ਸੁਰਾਂ , ਕਈ ਤਰ੍ਹਾਂ ਦੀਆਂ ਤਾਨਾਂ ਕੱਢਣ ਲੱਗ ਪਈਆਂ ਸਨ । ਪ੍ਰਾਰਥਨਾ ਥੜ੍ਹੇ ਉੱਤੋਂ ਸ਼ਬਦ-ਗੀਤ ਗਾਉਂਦੇ ਕਿਸੇ ਵੀ ਕੁੜੀ-ਮੁੰਡੇ ਦੀ ਹੇਕ-ਸੁਰ ਨਾਲ ਸੁਰ –ਬੱਧ ਹੋਇਆ ਤਬਲਾ-ਤਾਲ ,ਮੈਂ ਵੱਡਾ ਢੋਲ ਰੱਖਣ ਵਾਲਾ ਮੇਜ਼ ਵਜਾ ਕੇ ਹੀ ਕੱਢ ਲਿਆ ਕਰਦਾ । ਪਿੰਡ, ਮੇਰੇ ਇਸ ਅਭਿਆਸ ਨੂੰ ਹੋਰ ਪ੍ਰਚੰਡ ਕਰਨ ਲਈ ਸੂਬੇਦਾਰ ਖੇਮਸੂੰਹ ਦੀ ਹਵੇਲੀ ਪਏ ਨਕਾਰਾ ਹੋਏ ਗੱਡੇ ਦੇ ਫੱਟੇ ਸਨ , ਜਾਂ ਦਿਨੀਂ-ਤਿਉਹਾਰੀਂ ਗੁਰਦੁਆਰੇ ਵੱਜਣ ਵਾਲੀ ਢੋਲਕੀ । ਸੂਰਮ ਸਿੰਘ ਰਾਗੀ ਮੈਨੂੰ ਉਚੇਚ ਨਾਲ ਘਰੋਂ ਸੱਦ ਲਿਆਉਂਦਾ । ਉਸਦੀ ਸ਼ਬਦ-ਗਾਇਕੀ ਕਾਫੀ ਸਾਰੀ ਰਸ –ਭਰਪੂਰ ਹੋ ਗਈ ਸੀ । ਕੀਰਤਨ ਭੇਂਟ ਬਹੁਤ ਸਾਰੀ ਵੱਧਣ ਲੱਗ ਪਈ ਸੀ , ਮੇਰੇ ਢੋਲਕ-ਵਾਦਨ ਨਾਲ । ਉਸਦੇ ਹਾਰਮੋਨੀਅਮ ਤੇ ਢੇਰ ਹੁੰਦੇ ਕਿੰਨੇ ਸਾਰੇ ਨੋਟ ਦੇਖ ਕੇ ਪਹਿਲੋਂ ਪਹਿਲ ਮੇਰਾ ਚਿੱਤ ਵੀ ਅੱਛਾ ਖਾਸਾ ਆਨੰਦ –ਪ੍ਰਸੰਨ ਹੁੰਦਾ ਰਿਹਾ । ਫਿਰ ਇਸ ਅੰਦਰ ਸੱਚੀ ਗੱਲ ਆ ਇਕ ਤਰ੍ਹਾਂ ਦੀ ਖੁਤਖਤੀ ਜਿਹੀ ਹੋਣ ਲੱਗ ਪਈ । ਇਕ ਤਰ੍ਹਾਂ ਦੀ ਅੱਚੋਆਈ ਲੱਗਣ ਲੱਗ ਪਈ ਮੈਨੂੰ । ਇਸ ਅਚੋਆਈ ਕਾਰਨ ਮੈਂ ਸੂਰਮ ਸਿੰਘ ਦੀ ਕਥਾ-ਵਾਚਨ ,ਸ਼ਬਦ-ਗਾਇਨ ਨੂੰ ਹੁੰਦੀਆਂ ਅਰਦਾਸਾਂ ਦਾ ਜਮਾਂ-ਜੋੜ ਅਗਲਵਾਂਡੀ ਹੋ ਕੇ ਆਪੂੰ ਕਰਨ ਲੱਗ ਪਿਆ , ਆਨੀ-ਬਹਾਨੀਂ । ਅਰਦਾਸ ਹੋਈ ਮਾਇਆ ‘ਚ ਬਹੁਤਾ ਕਰਕੇ ਇਕ-ਇਕ ਰੁਪੇਏ ਦੇ ਨੋਟ ਹੁੰਦੇ ਸਨ । ਕਿਸੇ ਕਿਸੇ ਸ਼ਰਧਾਵਾਨ ਨੇ ਦੋ-ਦੋ ਦੇ ਨੋਟ ਦੀ ਚੜ੍ਹਤ ਵੀ ਚਾੜ੍ਹੀ ਹੁੰਦੀ । ਪੰਜਾਂ ਦਾ ਨੋਟ ਤਾਂ ਕਿਧਰੇ ਵਰ੍ਹੇ ਛਿਮਾਹੀ ਹੀ ਦੇਖਣ ਨੂੰ ਮਿਲਦਾ , ਕਿਸੇ ਵੱਡੇ ਘਰੋਂ ਆਇਆ । ਸੂਰਮ ਸਿੰਘ ਨਾਂ ਦਾ ਵੀ ਸੂਰਮ ਸਿੰਘ ਸੀ ਤੇ ਅੱਖਾਂ ਤੋਂ ਵੀ ਸੂਰਮਾ ਸਿੰਘ । ਪਰ ,ਉਸਨੇ ਵਾਜੇ ਤੱਕ ਪੁੱਜੇ ਪੈਰਾਂ ਦੀ ਆਹਟ ਨੂੰ ਨੋਟਾਂ ਦੀ ਗਿਣਤੀ ਨਾਲ ਇਕ-ਬਰਾਬਰ ਕਰਨ ਵਿਚ ਕਦੀ ਭੁਲੇਖਾ ਨਹੀਂ ਸੀ ਖਾਧਾ । ਉਸਦੇ ਇਸ ਤੀਜੇ ਨੇਤਰ ਸਾਹਮਣੇ ਮੇਰੇ ਪਾਸ ਇਕੋ-ਇਕ ਢੰਗ –ਤਰੀਕਾ ਬਚਦਾ ਸੀ , ਚੁਸਤੀ ਮਾਰਨ ਲਈ । ਮੈਂ ਸੂਰਮ ਸਿੰਘ ਤੋਂ ਲੈਣ ਵਾਲੀ ਬਖ਼ਸ਼ੀਸ਼ ਇਕ-ਇਕ ਰੁਪੇਏ ਦੀ ਥਾਂ ਦੋ-ਦੋ ਰੁਪੇਏ ਵਾਲੇ ਨੋਟਾਂ ਰਾਹੀਂ ਪ੍ਰਾਪਤ ਕਰਦਾ । ਉਸਦੇ ਹੱਥੀਂ ਗਿਣਵਾ ਕੇ । ਇਹ ਨੋਟ ਜੇ ਗਿਣਤੀ ‘ਚ ਚਾਰ ਹੁੰਦੇ ਤਾਂ ਮੇਰੇ ਸਕੂਲ-ਖ਼ਰਚ ਲਈ ਇਨ੍ਹਾਂ ਦਾ ਮੁੱਲ ਅੱਠ ਰੁਪੇਏ ਹੁੰਦਾ । ਜੇ ਇਹ ਪੰਜ ਹੁੰਦੇ ਤਾਂ ਇਨ੍ਹਾਂ ਦੀ ਕੀਮਤ ਦਸ ਹੋ ਜਾਂਦੀ । ਸਕੂਲੇ ,ਹੱਥ-ਰੇੜੀਆਂ , ਛਾਬੜੀਆਂ ‘ਤੇ ਵਿਕਣ ਵਾਲੀ ਹਰ ਮਿੱਠੀ-ਨਮਕੀਨ ਸ਼ੈਅ , ਮੇਰੀ ਜੇਬ ਦੀ ਪਕੜ ਵਿਚ ਆਉਣ ਲੱਗ ਪਈ ਸੀ । ਬੀਬੀ ਤੋਂ ਪੰਜੀ-ਦਸੀ ਮੰਗਣ ਜਾਂ ਬਾਪੂ ਦੀ ਗੁੱਥਲੀ ਵਿਚੋਂ ਚੁਆਨੀ-ਅਠਿਆਨੀ ਚੋਰੀ ਕਰਨ ਦੀ ਹੁਣ ਕਦੀ ਨੌਬਤ ਹੀ ਨਹੀਂ ਸੀ ਆਈ । ਬਾਪੂ ਤਾਂ ਗੁਰਦੁਆਰੇ ਆਇਆ ਨਹੀਂ ਸੀ ਕਦੀ । ਬੀਬੀ ਨੂੰ ਮੈਂ ਇੱਥੋਂ ਕੀਤੀ ਕਮਾਈ ਦਾ ਅੱਧ-ਪਚੱਧ ਹੀ ਪਤਾ ਲੱਗਣ ਦਿੱਤਾ । ਉਂਝ ਵੀ ਉਹ ਗੁਰਦੁਆਰੇ ਦੇ ਹਾਲ ਕਮਰੇ ‘ਚ ਕਦੀ ਅੰਦਰ ਨਹੀਂ ਆਈ । ਬਾਹਰੋਂ , ਬਰਾਂਡੇ ‘ਚੋਂ ਨਿੰਮ ਕੇ ਮੱਥਾ ਟੇਕ , ਉਹ ਪਿੱਛੇ ਜਾ ਬੈਠਦੀ ਸੀ ਧੁੱਪੇ ਜਾਂ ਛਾਵੇਂ । ਵਿਹੜੇ ਦੇ ਹੋਰਨਾਂ ਤੀਵੀਆਂ –ਮਰਦਾਂ ਲਾਗੇ । ਸਾਨੂੰ ਕਮੀਂ-ਕਮੀਨਾਂ ਨੂੰ ਗੁਰਦਵਾਰੇ ਅੰਦਰ ਵੜਨ-ਬੈਠਣ ਦੀ ਪੱਕੀ-ਠੱਕੀ ਰੋਕ-ਰੁਕਵਾਟ ਤਾਂ ਕੋਈ ਨਹੀਂ ਸੀ ਕਿਸੇ ਵੱਲੋਂ ,ਤਾਂ ਵੀ ਸਾਡੇ ਵਿਹੜੇ ਦੇ ਸਾਰੇ ਜੀਅ ਜੱਟਾਂ-ਜੀਮੀਂਦਾਰਾਂ ,ਤਖਾਣਾਂ-ਲੁਹਾਰਾਂ , ਪੁਣਛੀਆਂ –ਕਰਾੜਾਂ ਦੇ ਨਿੱਕੇ ਨਿਆਣਿਆਂ , ਮਰਦਾਂ-ਇਸਤਰੀਆਂ ਤੋਂ ਕਾਫੀ ਸਾਰਾ ਹਟਵਾਂ ਬੈਠਦੇ ਸਨ । ਇਵੇਂ ਦਾ ਵੱਖਰੇਵਾਂ ਉਨ੍ਹਾਂ ਗਲੀਂ ਪਏ ਮਿੱਟੀ-ਲਿਬੜੇ,ਅਣਧੋਤੇ ,ਗੰਦੇ-ਮੰਦੇ ਕੱਪੜਿਆਂ ਕਾਰਨ ਵੀ ਹੁੰਦਾ ਸੀ ਤੇ ਉਨ੍ਹਾਂ ਦੇ ਦਿਲਾਂ ਦਿਮਾਗਾਂ ਉੱਤੇ ਛਾਈ ਰਹਿੰਦੀ ਇਕ ਤਰ੍ਹਾਂ ਦੀ ਹੀਣ-ਭਾਵਨਾ ਕਾਰਨ ਵੀ । ਮੇਰੇ ਉੱਤੇ ਇਹ ਦੋਨੋਂ ਲਾਗੂ ਨਹੀਂ ਸਨ ਹੁੰਦੀਆਂ । ਮੈਂ ਸਕੂਲੇ ਜਾਣ ਲਈ ਧੋ-ਬਣਾ ਕੇ ਰੱਖੀ ਸਾਫ਼ ਸੁਥਰੀ ਨਿੱਕਰ –ਕਮੀਜ਼ ਪਾ ਕੇ ਗੁਰਦਵਾਰੇ ਆਉਂਦਾ ਸਾਂ । ਦੂਜੇ , ਰਾਗੀ ਸੂਰਮ ਸਿੰਘ ਲਾਗੇ ਬੈਠਦਿਆਂ ਮੇਰੇ ਅੰਦਰਲੀ ਝਿਜਕ ਸਾਰੀ ਦੀ ਸਾਰੀ ਉੱਡ-ਪੁੱਡ ਗਈ ਸੀ । ਪਹਿਲੋਂ ਇਹ ਝਾਕਾ ਕਲਾਸ ਕਮਰੇ ‘ਚ ਹਕੀਮਾਂ ਦੇ ਨੰਦੂ ਨਾਲ ਜੁੜ ਕੇ ਬੈਠਦਿਆਂ ਲੱਥਾ, ਫਿਰ ਸਕੂਲ ਦੇ ਪ੍ਰਾਰਥਨਾ ਥੜੇ ‘ਤੇ ਵੱਡਾ ਢੋਲ ਵਜਾਉਂਦਿਆਂ । ਸੂਰਮ ਸਿੰਘ ਰਾਗੀ ਦੀਆਂ ਹਾਰਮੋਨੀਅਮ ਸੁਰਾਂ ਨਾਲ ਢੋਲਕ –ਤਾਲ ਇਕ –ਸੁਰ ਕਰਦਿਆਂ ਮੈਨੂੰ ਇਉਂ ਲੱਗਣ ਲੱਗ ਪਿਆ ਸੀ ਕਿ ਉਸਦੀ ਸ਼ਬਦ ਗਾਇਕੀ ਮੇਰੇ ਢੋਲਕ ਤਾਲ ਤੋਂ ਬਿਨਾਂ ਬਿਲਕੁਲ ਐਵੇਂ-ਕਿਵੇਂ ਦੀ ਐ ਫਿੱਕੀ ਜਿਹੀ । ਉਸ ਨੂੰ ਵੀ ਇਹ ਗੱਲ ਇਵੇਂ ਹੀ ਜਾਪਦੀ ਸੀ । ਨਹੀਂ ਤਾਂ ਪੈਰਾਂ ਦੀ ਆਹਟ ਨਾਲ ਚੜ੍ਹਾਵੇ ਦੀ ਗਿਣਤੀ ਨੂੰ ਇੱਕ ਬਰਾਬਰ ਕਰਨ ਵਾਲੇ ਸੂਰਮਾਂ ਸਿੰਘ ਤੋਂ ਛੋਟੇ-ਵੱਡੇ ਨੋਟਾਂ ਦਾ ਫੁਰਕ ਕਿਵੇਂ ਗੁੱਝਾਂ ਰਹਿ ਸਕਦਾ ਸੀ । ਮੈਨੁੰ ਇਸ ਗੱਲ ਦੀ ਛੇਤੀ ਹੀ ਸਮਝ ਪੈ ਗਈ ਕਿ ਮੇਰੀ ਦੋ-ਰੁਪੇਏ ਦੇ ਨੋਟਾਂ ਵਾਲੀ ਚਲਾਕੀ ਨੂੰ ਉਸਨੇ ਜਾਣ-ਬੁੱਝ ਕੇ ਹਊ-ਪਰ੍ਹੇ ਕੀਤੀ ਰੱਖਿਆ ਸੀ । ਵਿਚ ਵਾਰ ਮੈਂ ਉਹ ਵਿਚਾਰੇ ,ਲਾਚਾਰ ,ਜੋਤ –ਹੀਣ ਰਾਗੀ ਸਿੰਘ ਨਾਲ ਇਵੇਂ ਦਾ ਛੱਲ-ਫ਼ਰੇਬ ਕਰਨ ਤੋਂ ਰੋਕਿਆ ਵੀ ਅਪਣੇ ਆਪ ਨੂੰ । ਗੁਰੂ-ਘਰ ਦਾ ਭੈਅ –ਡਰ ਮੰਨਦਿਆਂ ,ਜਾਂ ਬੀਬੀ ਦੇ ਜੁੜਵੇਂ ਹੱਥਾਂ ਦੇ ਵੱਜੇ ਧੱਫੇ ਦੀ ਸੱਟ ਅੰਦਰਲੇ ਸੁਨੇਹੇ ਨੂੰ ਸਮਝਦਿਆਂ । ਪਰ...ਪਰ ਅੱਧੀ ਛੁੱਟੀ ਵੇਲੇ ਨੰਦੂ ਵਾਂਗ ਚੱਟ-ਪਟੀਆਂ ਚੀਜ਼ਾ-ਵਸਤਾਂ ਖਾਣ ਦੀ ਮੇਰੀ ਹਿਰਸ ਨੇ ਮੇਰੇ ਅੰਦਰ ਦੀ ਇਸ ਆਵਾਜ਼ ਦੀ ਪੇਸ਼ ਨਹੀਂ ਸੀ ਜਾਣ ਦਿੱਤੀ ।
ਦੀ ਵਾਟਰ ਰੋਜ਼ ਅੱਪ ..ਇੱਟ ਡਰੈਂਕ,ਐਂਡ ਡਰੈਂਕ ,ਐਂਡ ਡਰੈਂਕ .....
ਇਹ ਅੰਦਰਲੀ ਆਵਾਜ਼ ਇਨ੍ਹੀਂ ਦਿਨੀਂ ਵੀ ਕਈ ਵਾਰ ਮੇਰੀ ਰੋਕ-ਟੋਕ ਕਰ ਚੁੱਕੀ ਹੈ । ਰੀਮਿੱਕਸ ਅਕਾਡਮੀ ‘ਚ ਹੁੰਦੇ ਉੱਤਰ-ਆਧੁਨਿਕ ਕਾਰ-ਵਿਹਾਰ ਤੋਂ ਆਪਣਾ ਆਪ ਬਚਦਾ ਰੱਖਣ ਲਈ ਆਖ ਚੁੱਕੀ ਹੈ । ਪਲ ਦੋ ਪਲ ਲਈ ਮੇਰੇ ਸੁਰਾਂ ਦੀ ਥਾਂ ਸ਼ੋਰ-ਕੁਬਾੜ ਉੱਗਲਦੇ ਪੋਟੇ , ਮੇਰੀ ਵਰ੍ਹਿਆਂ ਭਰ ਦੀ ਸੰਗੀਤ ਸਾਧਨਾ ਸਾਹਮਣੇ ਸ਼ਰਮਸ਼ਾਰ ਹੋਏ , ਝੂਠੇ ਪੈਣ ਲੱਗਦੇ ਹਨ । ਪਰ ਅਗਲੇ ਹੀ ਛਿੰਨ ਮੇਰੇ ਸਾਥੀ ਸਾਜਿੰਦਿਆਂ ਦਾ, ਮੇਰੇ ਕਾਲਜ ਕੁਲੀਗਜ਼ ਦਾ ਸ਼ਾਹੀ ਠਾਠ-ਬਾਠ ਮੇਰੀਆਂ ਅੱਖਾਂ ਅੱਗੇ ਜਾ ਖਲੋਂਦਾ ਹੈ । ਮੈਂ ਸੋਚਣ ਲੱਗਦਾਂ –‘ ਇਨ੍ਹਾਂ ਸੁਰ-ਸੰਗੀਤ ਮਾਹਿਰਾਂ ਨੇ ਵੀ ਤਾਂ ਰਾਗਾਂ-ਸਾਜ਼ਾਂ ਦੀ ਸੌਂਹ-ਕਸਮ ਖਾਧੀ ਹੋਵੇਗੀ ਕਦੀ । ਕਾਲਜ ਅਧਿਆਪਕਾਂ ਨੇ ਵੀ ਕਿਸੇ ਇਸ਼ਟ-ਉਸਤਾਦ ਅੱਗੇ , ਕਿਸੇ ਨੌਕਰੀ –ਦਾਤਾ ਸਾਹਮਣੇ ਹਲਫ਼ ਲਿਆ ਹੀ ਹੋਵੇਗਾ । ਫਿਰ ਉਹ ਕਿੰਨਾ ਕੁ ਮਾਣ-ਤਾਣ ਦਿੰਦੇ ਐ ਐਹੋ ਜਿਹੀਆਂ ਸੌਹਾਂ-ਕਸਮਾਂ ਨੂੰ , ਹਲਫ਼-ਨਾਮਿਆਂ ਨੂੰ ਜਾਂ ਅਪਣੇ ਅੰਦਰ ਦੀਆਂ ਆਵਾਜ਼ਾਂ ਨੂੰ ? ਕਈ ਵਾਰ ਮੈਨੂੰ ਲੱਗਦਾ ਕਿ ਉਨ੍ਹਾਂ ਵਾਂਗ ਅੰਦਰਲੀਆਂ ਆਵਾਜ਼ਾਂ ਤੋਂ ਭੈਅ –ਮੁਕਤ ਹੋ ਕੇ ਹੀ ਮੈਂ ਐਥੋਂ ਤੱਕ ਦਾ ਸਫ਼ਰ ਕੀਤਾ ਹੈ । ਹਰੀ ਸੂੰਹ ਬਾਬੇ ਦੇ ਬਾਗ਼ ‘ਚ ਹਰ ਸਾਲ ਬਣਦੀ ਕੱਖਾਂ ਦੀ ਕੁਲੀ ਵਰਗੇ ਪਿੰਡ ਦੇ ਢਾਰਾ-ਨੁਮਾ ਘਰ ‘ਚੋਂ ਨਿਕਲ ਕੇ ਇਸ ਆਲੀਸ਼ਾਨ ਕੋਠੀ ਤੱਕ ਅੱਪੜਿਆਂ । ਇਨ੍ਹਾਂ ਸਾਰੇ ਵਰ੍ਹਿਆਂ ‘ਚਮੇਰੀ ਢੋਲਕ-ਤਬਲਾ ਵਿੱਦਿਆ ਵੀ ਮੇਰੇ ਅੰਗ-ਸੰਗ ਰਹੀ ਐ ਤੇ ਵੇਲਾ ਸੰਭਾਲਣ ਦੀਆਂ ਜੁਗਤਾਂ ਵੀ । ਇਹ ਜੁਗਤਾਂ ਮੈਂ ਕਾਲਜ ਦੀ ਪੜ੍ਹਾਈ ਤੋਂ ਲੈ ਕੇ ਕਾਲਜ ‘ਚ ਪੜ੍ਹਾਉਂਦਿਆਂ ਤੇ ਹੁਣ ਰੀਮਿੱਕਸ ਆਕਡਮੀ ਦੀ ਖੱਟੀ-ਕਮਾਈ ਕਰਦਿਆਂ ਲਗਾਤਾਰ ਵਰਤੀਆਂ । ਪਤਾ ਨਈ ਮੇਰੀ ਇਹ ਜੁਗਤ-ਖੇਲ ਮੇਰੇ ਮਾਂ-ਪਿਓ , ਮੇਰੀ ਪਤਨੀ ਨੂੰ ਪਸੰਦ ਕਿਉਂ ਨਹੀਂ ? ਵਿਰਧ ਮਾਂ-ਪਿਓ ਮੇਰੇ ਇਸ ਕਾਰ –ਵਿਹਾਰ ਤੋਂ ਅੱਕ-ਚਿੜ੍ਹ ਕੇ ਪਿੰਡ ਚਲੇ ਗਏ , ਮੁੜ ਕੇ ਨਹੀਂ ਪਰਤੇ । ਪਤਨੀ ਹਰ ਰੋਜ਼ ਕਲਾ ਕਰਦੀ ਐ , ਉਸਦੇ ਗੁੱਸੇ ਦਾ ਹੱਦ-ਬੰਨਾ ਹੀ ਕੋਈ ਨਹੀਂ । ਦੋਨਾਂ ਬੇਟੀਆਂ ਦੇ ਆਪ-ਹੁੱਦਰੀਆਂ ਹੋ ਜਾਣ ਦਾ ਸਾਰਾ ਦੋਸ਼ ਉਹ ਮੇਰੇ ਸਿਰ ‘ਤੇ ਮੜ੍ਹਦੀ ਐ । ਉਸਨੂੰ ਮੇਰੀ ਕਿਸੇ ਵੀ ਗੱਲ ‘ਤੇ ਯਕੀਨ ਨਹੀਂ ਰਿਹਾ । ਉਸਦਾ ਪਾਰਾ ਦਿਨ-ਪ੍ਰਤੀ-ਦਿਨ ਉੱਪਰ ਵਲ੍ਹ ਨੂੰ ਚੜਦਾ ਜਾਂਦਾ । ਮੈਨੂੰ ਉਹ ਅਗਲੇ ਦਿਨ ਦਾ ਲੈਸਨ ਤੱਕ ਵੀ ਤਿਆਰ ਨਹੀਂ ਕਰਨ ਦਿੰਦੀ । ਅੰਤਾਂ ਦੀ ਖ਼ਫਾ ਹੁੰਦੀ ਐ ਮੇਰੇ ਤੇ । ਅਜਿਹੇ ਮੌਕੇ, ਮੇਰੇ ਪਾਸ ਦੋ ਹੀ ਵਿਕਲੱਪ ਬਚੇ ਹੁੰਦੇ ਐ । ਮੈਂ ਪੂਰੀ ਤਨਦੇਹੀ ਨਾਲ ਇਨ੍ਹਾਂ ਨੂੰ ਇਕੱਠਿਆਂ ਲਾਗੂ ਕਰਨ ਦਾ ਯਤਨ ਵੀ ਕਰਦਾਂ । ਪਰ , ਇਹ ਦੋਨੋਂ ਤਾਂ ਹੁਣ ਜਿਵੇਂ ਮੁੱਢੋਂ-ਸੁੱਢੋਂ ਹੀ ਠੁੱਸ ਹੋ ਕੇ ਰਹਿ ਗਏ ਹੋਣ । ਨਾ ਤਾਂ ਬੇਟੀਆਂ ‘ਤੇ ਮੇਰੀ ਝਾੜ-ਝੰਭ ਦਾ ਕੋਈ ਅਸਰ ਹੁੰਦਾ ਤੇ ਨਾ ਪਤਨੀ ਹੀ ਪੋਰਨੋ ਦ੍ਰਿਸ਼ ਦੇਖਣ ਲਈ ਰਾਜ਼ੀ ਹੁੰਦੀ ਐ । ਦੇਖਣੇ ਤਾਂ ਇਕ ਪਾਸੇ ਰਹੇ ਉਸ ਨੇ ਤਾਂ ਇਨ੍ਹਾਂ ਦੀਆਂ ਰੀਲਾਂ-ਸੀਡੀਆਂ ਨੂੰ ਚੁੱਲੇ ‘ਚ ਸੁੱਟ ਦੇ ਫੂਕਣ ਤੱਕ ਦਾ ਅਲੀਮੇਟਮ ਦੇ ਦਿੱਤਾ ਹੋਇਆ । ਇਹੋ ਜਿਹਾ ਅਲਟੀਮੇਟਮ ਉਹ ਮੈਨੂੰ ਅਕਾਡਮੀ ਦਾ ਪਾਰਟ-ਟਾਇਮ ਜਾਬ ਬੰਦ ਕਰਨ ਲਈ ਕਈ ਵਾਰ ਦੇ ਚੁੱਕੀ । ਪਰ ...ਇਹ ਮੈਂ ਹੀ ਆਂ ਕਿ ਅਜੇ ਤੱਕ ਅਪਣੀ ਥਾਂ ਡਟਿਆ ਖੜਾਂ । ਖੜਾ ਹੀ ਨਹੀਂ ਸਗੋਂ ਅੱਗੇ ਤੋਂ ਅੱਗੇ ...ਹੋਰ ਤੋਂ ਹੋਰ .....। ਮੇਰੀ ਇਹ ਹਿਰਸ –ਪਿਆਸ ਬੁਝਣ ਦਾ ਨਾਂ ਹੀ ਨਹੀਂ ਲੈਂਦੀ । ਮੇਰੀ ਇਸ ਦੌੜ ਨੂੰ ਕੋਈ ਤਣ-ਪੱਤਣ ਹੀ ਨਹੀਂ ਥਿਆਉਂਦਾ ...!!
ਮੌਰਲ- !?.....!?.....!!??.....!!??
ਲਾਲ ਸਿੰਘ ਦਸੂਹਾ
ਨੇੜੇ ਐਸ.ਡੀ.ਐਮ ਕੋਰਟ ,
ਜੀ.ਟੀ .ਰੋਡ,ਦਸੂਹਾ,ਜ਼ਿਲਾ : ਹੁਸ਼ਿਆਰਪੁਰ (ਪੰਜਾਬ )
094655-74866
|