ਮਾਂ ਖਾਲੀ ਹੋਏ ਪਟਾਕਿਆਂ ਦੇ ਡੱਬੇ ਇਕੱਠੇ ਕਰਦੀ, ਪੁੱਤ ਨੂੰ ਸੀਤਾ ਮਾਂ ਦੀ ਅਗਨ ਪ੍ਰੀਖਿਆ ਬਾਰੇ ਦਸ ਰਹੀ ਸੀ। ਪੁੱਤਰ ਦੀਆਂ ਆਂਦਰਾਂ ਭੁੱਖ ਨਾਲ ਦੁੱਖ ਰਹੀਆਂ ਸਨ। ਕਿਧਰੇ ਕੋਈ ਜ਼ੋਰ ਨਾਲ ਪਟਾਕੇ ਦੀ ਆਵਾਜ਼ ਸੁਣਦੀ ਤੇ ਉਸ ਦੇ ਢਿੱਡ ਦੀਆਂ ਆਂਦਰਾਂ ਹੋਰ ਇਕੱਠੀਆਂ ਹੋ ਜਾਂਦੀਆਂ। ਉਸ ਤੋਂ ਭੁੱਖ ਸਹਾਰੀ ਨਾ ਗਈ। ਉਸ ਨੇ ਪਟਾਕਿਆਂ ਵਾਲੀਆਂ ਦੁਕਾਨਾਂ ਵਿਚ ਘੁੰਮਣਾ ਸ਼ੁਰੂ ਕੀਤਾ ਅਤੇ ਇਕ ਪੈਕੇਟ ਚੋਰੀ ਨਾਲ ਆਪਣੀ ਬੋਰੀ ਵਿਚ ਪਾ ਲਿਆ। ਇਕ ਸੁੱਘੜ ਸਿਆਣੇ ਨੇ ਉਸ ਦੀ ਚੋਰੀ ਵੇਖ ਲਈ। ਸਾਰੇ ਦੁਕਾਨਦਾਰਾਂ ਨੇ ਉਸ ਦਸ-ਬਾਰਾਂ ਸਾਲ ਦੇ ਬੱਚੇ ਦੀ ਕੁੱਟ-ਕੁੱਟ ਮਾੜੀ ਹਾਲਤ ਕਰ ਦਿੱਤੀ। ਮਾਂ-ਪੁੱਤਰ ਨੂੰ ਕਿਸੇ ਤਰ੍ਹਾਂ ਮਿੰਨਤਾਂ ਤਰਲਿਆਂ ਨਾਲ ਛੁਡਾ ਲਿਆਈ। ਰਾਤ ਨੂੰ ਅਸਮਾਨ ਨੂੰ ਜਿਵੇਂ ਅੱਗ ਲੱਗ ਜਾਣੀ ਸੀ। ਉਹ ਛੋਟੀ ਜਿਹੀ ਰੂਹ ਦਰਦ ਅਤੇ ਭੁੱਖ ਨਾਲ ਵਿਲ੍ਹਕਦੀ ਉਸ ਅੱਗ ਵੱਲ ਵੇਖਦੀ ਹੋਈ ਅਗਨ ਪ੍ਰੀਖਿਆ ਬਾਰੇ ਸੋਚ ਰਹੀ ਸੀ। ਮਾਂ ਖਾਣੇ ਦੀ ਭਾਲ ਅਤੇ ਸ਼ਰਾਬੀ ਪਤੀ ਦੀ ਅਗਨ ਪ੍ਰੀਖਿਆ ਤੋਂ ਡਰ ਰਹੀ ਸੀ।
-ਪ੍ਰਦੀਪ ਕੁਮਾਰ ਥਿੰਦ
ਸੀ-60, ਮਕਸੂਦਾਂ, ਜਲੰਧਰ।
ਮੋਬਾਈਲ : 86991-57303
ਸੀ-60, ਮਕਸੂਦਾਂ, ਜਲੰਧਰ।
ਮੋਬਾਈਲ : 86991-57303