'ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ,
ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ,।
ਬਦਲੇ ਲਏ ਤੋਂ ਵੀ ਜਿਹੜੀ ਮੁਕੱਣੀ ਨਾ,
ਐਨੀ ਲੰਬੀ ਐ ਸਾਡੀ ਕਤਾਰ ਲੋਕੋ।'
ਸੰਤ ਰਾਮ ਉਦਾਸੀ ਕਿਰਤੀਆਂ, ਮਜਦੂਰਾਂ ਤੇ ਮਿਹਨਤਕਸ਼ ਜਮਾਤ ਦਾ ਪ੍ਰਤੀਬੱਧ ਕਵੀ ਸੀ । ਉਸਦੀ ਰਸ ਭਰੀ ਤੇ ਬੁਲੰਦ ਆਵਾਜ਼ ਮਹਿਲੀਂ ਬੈਠੇ ਹਾਕਮਾਂ ਨੂੰ ਕੰਬਣੀਆਂ ਛੇੜ ਦਿੰਦੀ ਸੀ। ਅੱਜ ਸਾਡੇ ਪਾਸ ਉਸਦੇ ਕੈਨੇਡਾ ਵਿਚ ਰਿਕਾਰਡ ਕਰਵਾਏ 12 ਗੀਤਾਂ ਦਾ ਗੁਲਦਸਤਾ ਮੌਜੂਦ ਹੈ ਜਿਹੜਾ ਅੱਜ ਵੀ ਪੰਜਾਬ ਦੀ ਜਵਾਨੀ ਨੂੰ ਹਲੂਣਾ ਦੇਣ ਲਈ ਕਾਫੀ ਹੈ। ਉਦਾਸੀ ਦੇ ਬੋਲ ਅੱਜ ਵੀ ਪੰਜਾਬ ਦੀ ਫਿਜ਼ਾ ਵਿਚ ਗੂੰਜਦੇ ਹਨ ਭਾਵੇਂ ਉਨ੍ਹਾਂ ਨੂੰ ਆਵਾਜ਼ ਅੱਜ ਦੇ ਗਾਇਕ ਕਲਾਕਾਰ ਸ਼ਿੰਗਾਰਾ ਸਿੰਘ ਚਹਿਲ, ਪਿਆਰਾ ਸਿੰਘ ਚਹਿਲ, ਦਵਿੰਦਰ ਕੋਹਿਨੂਰ ਜਾਂ ਲੋਕ ਸੰਗੀਤ ਮੰਡਲੀ ਭਦੌੜ ਦੇ ਕਲਾਕਾਰ ਦੇ ਰਹੇ ਹਨ। ਆਪਣੀਆਂ ਵਿਦਰੋਹੀ ਰਚਨਾਵਾਂ ਅੰਬਰਾਂ 'ਤੇ ਲਿਖਣ ਵਾਲਾ ਤੇ ਲੱਖਾਂ ਲੋਕਾਂ ਦੇ ਇਕੱਠ ਨੂੰ ਆਪਣੀ ਆਵਾਜ਼ ਨਾਲ ਕੀਲ ਕੇ ਬਿਠਾਈ ਰੱਖਣ ਵਾਲਾ ਇਹ ਲੋਕ ਕਵੀ ਤੇ ਕੰਮੀਆਂ ਦੇ ਵਿਹੜੇ ਦਾ ਦਹਿਕਦਾ ਸੂਰਜ 6 ਨਵੰਬਰ 1986 ਨੂੰ ਅਸਤ ਹੋ ਗਿਆ, ਪਰ ਕਹਿੰਦੇ ਨੇ ਕਿ ਸੂਰਜ ਕਦੇ ਮਰਦਾ ਨਹੀਂ, ਉਹ ਹਮੇਸ਼ਾ ਰੌਸ਼ਨੀ ਵੰਡਦਾ ਹੈ। ਇਸੇ ਤਰ੍ਹਾਂ ਇਹ ਮਹਾਨ ਲੋਕ ਕਵੀ ਸਰੀਰਕ ਪੱਖੋਂ ਤਾਂ ਨਹੀਂ ਪਰ ਲਿਖਤਾਂ ਤੇ ਬੋਲਾਂ ਪੱਖੋਂ ਹਮੇਸ਼ਾ ਸਾਡੇ ਕੋਲ ਰਹੇਗਾ। ਲੰਬੇ ਅਰਸੇ ਤੋਂ ਬਾਅਦ ਉਦਾਸੀ ਦੇ ਵਿਚਾਰਾਂ ਦੇ ਹਾਣੀਆਂ ਦੀ ਚਿਰੋਕਣੀ ਮੰਗ ਨੂੰ ਬੂਰ ਪਿਆ ਜਦੋਂ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਸ: ਸੇਵਾ ਸਿੰਘ ਸੇਖਵਾਂ ਦੀ ਕ੍ਰਿਪਾ ਦ੍ਰਿਸ਼ਟੀ ਸਦਕਾ ਪਿੰਡ ਰਾਏਸਰ ਦੇ ਹਾਈ ਸਕੂਲ ਦਾ ਨਾਂ 'ਸੰਤ ਰਾਮ ਉਦਾਸੀ' ਦੇ ਨਾਂਅ 'ਤੇ ਰੱਖਿਆ ਗਿਆ। ਇਸ ਦੇ ਸੰਦਰਭ ਵਿਚ 8 ਨਵੰਬਰ ਨੂੰ ਬਰਨਾਲਾ ਵਿਖੇ ਸੰਤ ਰਾਮ ਉਦਾਸੀ ਦੀ ਯਾਦ 'ਚ ਹੋ ਰਹੇ ਰਾਜ ਪੱਧਰੀ ਸਮਾਗਮ ਦੌਰਾਨ ਪਹਿਲਾਂ ਰਸਮੀ ਤੌਰ 'ਤੇ ਪਿੰਡ ਰਾਏਸਰ ਵਿਖੇ 'ਸੰਤ ਰਾਮ ਉਦਾਸੀ ਸਰਕਾਰੀ ਹਾਈ ਸਕੂਲ ਰਾਏਸਰ' ਦਾ ਉਦਘਾਟਨ ਕੀਤਾ ਜਾਵੇਗਾ ਤੇ ਬਾਅਦ ਵਿਚ ਪੰਜਾਬ ਸਰਕਾਰ ਦੇ ਮੰਤਰੀ ਸਹਿਬਾਨ ਦੀ ਹਾਜ਼ਰੀ ਵਿਚ ਪ੍ਰਸਿੱਧ ਵਿਦਵਾਨ ਸੰਤ ਰਾਮ ਉਦਾਸੀ ਦੇ ਜੀਵਨ ਤੇ ਰਚਨਾ ਸਬੰਧੀ ਪਰਚੇ ਪੜਣਗੇ।
-ਰਘਵੀਰ ਸਿੰਘ ਚੰਗਾਲ
ਧਨੌਲਾ (ਬਰਨਾਲਾ) ਮੋਬਾਈਲ : 98552-64144.
ਧਨੌਲਾ (ਬਰਨਾਲਾ) ਮੋਬਾਈਲ : 98552-64144.