Showing posts with label Sant Ram Udasi. Show all posts
Showing posts with label Sant Ram Udasi. Show all posts

20.10.12

ਮਾਵਾਂ ਠੰਡੀਆਂ ਛਾਵਾਂ.. - ਸੰਤ ਰਾਮ ਉਦਾਸੀ

ਮਾਵਾਂ ਠੰਡੀਆਂ ਛਾਵਾਂ.. - ਸੰਤ ਰਾਮ ਉਦਾਸੀ Sant Ram Udasi

ਮਾਵਾਂ ਠੰਡੀਆਂ ਛਾਵਾਂ.. - ਸੰਤ ਰਾਮ ਉਦਾਸੀ

ਜੁੱਗ ਜੁੱਗ ਜੀਵੇ ਬਾਬਲ, ਪੇਕੇ ਮਾਵਾਂ ਨਾਲ
ਮਾਵਾਂ ਠੰਡੀਆਂ ਛਾਵਾਂ, ਮੌਜ ਭਰਾਵਾਂ ਨਾਲ

ਅਸੀਂ ਰੱਜ ਰੱਜ ਖੇਡੇ, ਛਾਵੇਂ ਵਿਹੜੇ ਬਾਬਲ ਦੇ
ਰੱਬਾ ਵੇ ਯੁੱਗ-ਯੁੱਗ ਵਸਣ ਖੇੜੇ ਬਾਬਲ ਦੇ

ਬਾਬਲ ਤੇਰੇ ਖਤ, ਬਹਾਰਾਂ ਆਵਣ ਵੇ
ਕੁੜੀਆਂ ਚਿੜੀਆਂ, ਡਾਰਾਂ, ਉੱਡ-ਉੱਡ ਜਾਵਣ ਵੇ

ਟਿੱਬਿਆਂ ਵਿਚੋਂ ਪਿਆ ਭੁੱਲੇਖਾ ਚੀਰੇ ਦਾ
ਅੜੀਓਂ ਝੱਟ ਪਛਾਤਾ ਘੋੜਾ ਵੀਰੇ ਦਾ

ਜਿਉਂ ਪੁੰਨਿਆਂ ਦਾ ਚੰਨ ਕਾਲੀਆਂ ਰੈਣਾਂ ਨੂੰ
ਮਸਾਂ ਥਿਆਵਣ ਵੀਰੇ ਸਿਸਕਦੀਆਂ ਭੈਣਾਂ ਨੂੰ

ਖੱਬਰੇ ਅੱਜ ਕਿ ਕੱਲ, ਤੈਂ ਅਸੀਂ ਵਿਆਹੁਣੀਆਂ
ਝਿੜਕੀਂ ਨਾ ਵੇ ਵੀਰਾ ਅਸੀਂ ਪਰਾਹੁਣੀਆਂ

ਯਾਦ ਤੇਰੀ ਵਿਚ ਵੀਰਾ, ਕਾਗ ਉਡਾਵਾਂ ਵੇਂ,
ਤੂੰ ਲੈ ਛੁੱਟੀਆਂ ਘਰ ਆ, ਮੈਂ ਸ਼ਗਨ ਮਨਾਵਾਂ ਵੇ



 Thanks for Reading this. Like us on Facebook https://www.facebook.com/shivbatalvi and Subscribe to stay in touch.

27.7.12

ਲੋਕ ਕਵੀ ਸੰਤ ਰਾਮ ਉਦਾਸੀ

ਲੋਕ ਕਵੀ ਸੰਤ ਰਾਮ ਉਦਾਸੀ(lok kavi sant ram udasi)

ਅਜੇ ਨਾ ਆਈ ਮੰਜ਼ਲ ਤੇਰੀ, ਅਜੇ ਵਡੇਰਾ ਪਾੜਾ ਏ
ਹਿੰਮਤ ਕਰ ਅਲਬੇਲੇ ਰਾਹੀ, ਅਜੇ ਹਨੇਰਾ ਗਾੜਾ ਏ

ਅਜੇ ਮੁੱਸਵਰ ਛਾਪ ਨਾ ਸਕਿਆ, ਦਰਦ ਦੀਆਂ ਤਸਵੀਰਾਂ ਨੂੰ,
ਅਜੇ ਮਿਸਤਰੀ ਤੋੜ ਨਾ ਸਕਿਆ, ਇਹ ਮਜਹਬੀ ਜ਼ੰਜ਼ੀਰਾਂ ਨੂੰ
ਅਜੇ ਇਸ਼ਕ ਦਾ ਕਾਸਾ ਖਾਲੀ, ਖੈਰ ਹੁਸਨ ਨੇ ਪਾਈਆ ਨਾ
ਮਾਨਵਤਾ ਦੇ ਬੂਹੇ 'ਤੇ ਕੋਈ ਰਾਂਝਾ ਮੰਗਣ ਆਈਆ ਨਾ

ਹਰ ਦਿਲ ਦੇ ਵਿਚ ਸ਼ਿਕਵੇ, ਝੋਰੇ, ਹਰ ਦਿਲ ਦੇ ਵਿਚ ਸਾੜਾ ਏ
ਅਜੇ ਬਹਾਰਾਂ ਨਹੀਂ ਚਹਿਕੀਆਂ, ਅਜੇ ਹਨੇਰਾ ਗਾੜਾ ਏ

ਅਜੇ ਕਿਰਤ ਦੀ ਚੁੰਜ ਹੈ ਖਾਲੀ, ਵਿਹਲੜ ਰੱਜ ਕੇ ਖਾਂਦੇ ਨੇ
ਮੁੱਲਾਂ, ਪੰਡਤ, ਭਾਈ, ਧਰਮ ਦੇ ਠੇਕੇਦਾਰ ਕਹਾਂਦੇ ਨੇ
ਅਜੇ ਮਨੁੱਖ ਦੀ ਕਾਇਆ ਉੱਤੇ, ਸਾਈਆ ਹੈ ਜਾਗੀਰਾਂ ਦਾ
ਅਜੇ ਮਨੁੱਖ ਨਾ ਮਾਲਿਕ ਬਣਿਆ, ਆਪਣੀਆਂ ਤਕਦੀਰਾਂ ਦਾ

ਅਜੇ ਕਿਸੇ ਬੇਵੱਸ ਜਿਸਮ ਦਾ, ਮਿਲਦਾ ਏਥੇ ਭਾੜਾ ਏ
ਅਜੇ ਨਾ ਸੁੱਤੀ ਜਨਤਾ ਜਾਗੀ, ਅਜੇ ਹਨੇਰਾ ਗਾੜਾ ਏ

ਅਜੇ ਤਾਂ ਏਥੇ ਲੋਕਾਂ ਦੇ, ਅਰਮਾਨ ਵੀ ਵੇਚੇ ਜਾਂਦੇ ਨੇ
ਅਜੇ ਤਾਂ ਪੈਸੇ ਪੈਸੇ ਤੋਂ, ਈਮਾਨ ਵੀ ਵੇਚੇ ਜਾਂਦੇ ਨੇ

ਅਜੇ ਹੈ ਪਰਬਤ ਓਡਾ-ਕੋਡਾ, ਅਜੇ ਤਾਂ ਤੇਜ਼ ਕੁਹਾੜਾ ਏ
ਅਜੇ ਨਾ ਸ਼ੀਰੀ, ਹੱਥ ਵਟਾਇਆ, ਅਜੇ ਹਨੇਰਾ ਗਾੜਾ ਏ

ਅਜੇ ਤਾਂ ਹਿੰਸਾ ਖੁੱਲੀ ਚਰਦੀ, ਅਮਨ ਅਮਨ ਦੇ ਨਾਅਰੇ ਥੱਲੇ
ਅਜੇ ਹੈ ਦੁਨੀਆ ਨਰਕ ਭੋਗਦੀ, ਜੱਨਤ ਦੇ ਇਕ ਲਾਰੇ ਥੱਲੇ

ਅਜੇ ਨਾ ਕਾਲੇ ਬੱਦਲਾਂ ਵਿਚੋਂ, ਚਮਕੀ ਕੋਈ ਕਿਰਨ ਸੁਨਹਿਰੀ
ਭਾਵੇਂ ਮੰਤਰ ਯਾਦ ਅਸਾਡੇ, ਅਜੇ ਕੀਲਣੀ ਸੱਪਣੀ ਜ਼ਹਿਰੀ

ਅਜੇ ਅਸੀਂ ਹੈ ਰੱਬ ਨੂੰ ਦੱਸਣਾ, ਉਹ ਜਨਤਾ ਤੋਂ ਮਾੜਾ ਏ
ਅਜੇ ਨਾ "ਹੂਟਰ" ਵੱਜਿਆ ਸਾਥਿਓ, ਅਜੇ ਹਨੇਰਾ ਗਾੜਾ ਏ..........


Thanks for Reading this. Like us on Facebook https://www.facebook.com/shivbatalvi and Subscribe to stay in touch.

7.11.11

ਕੰਮੀਆਂ ਦੇ ਵਿਹੜੇ ਦਾ ਦਹਿਕਦਾ ਸੂਰਜ : ਸੰਤ ਰਾਮ ਉਦਾਸੀ



ਸੰਤ ਰਾਮ ਉਦਾਸੀ ਮਿਹਨਤਕਸ਼ ਜਮਾਤ ਦੇ ਗਲੋਂ ਗੁਲਾਮੀ ਦਾ ਜੂਲਾ ਲਾਹੁਣ ਦੀ ਤਾਂਘ ਰੱਖਣ ਵਾਲਾ ਇਕ ਪ੍ਰਤੀਬਧ ਕਵੀ, ਲੇਖਕ ਤੇ ਗਾਇਕ ਸੀ ਜਿਸ ਨੇ ਆਪਣੀਆਂ ਇਨਕਲਾਬੀ ਕਿਰਤਾਂ ਰਾਹੀਂ ਆਪਣੇ ਲੋਕਾਂ ਲਈ ਮੁਕਤੀ ਦਾ ਸੁਪਨਾ ਹਕੀਕੀ ਰੂਪ ਵਿਚ ਦੇਖਿਆ ਸੀ । ਕੰਮੀਆਂ ਦੇ ਵਿਹੜਿਆਂ ਦੇ ਦਹਿਕਦੇ ਸੂਰਜ ਉਦਾਸੀ ਦਾ ਜਨਮ ਬਰਨਾਲਾ ਨੇੜੇ ਪਿੰਡ ਰਾਏਸਰ ਵਿਖੇ ਮਾਤਾ ਧੰਨ ਕੌਰ ਦੀ ਕੁੱਖੋਂ ਪਿਤਾ ਸ੍ਰੀ ਮੇਹਰ ਸਿੰਘ ਦੇ ਗ੍ਰਹਿ ਵਿਖੇ 20 ਅਪ੍ਰੈਲ 1939 ਨੂੰ ਹੋਇਆ ਸੀ । ਗੁਰਬਤ ਭਰੀ ਜ਼ਿੰਦਗੀ ਵਿਚ ਉਦਾਸੀ ਨੇ ਬੜੀਆਂ ਕਠਿਨਾਈਆਂ ਝੱਲ ਕੇ ਵਿਦਿਆ ਹਾਸਿਲ ਕੀਤੀ। ਉਦਾਸੀ ਨੇ ਅਧਿਆਪਕ ਦੇ ਕਿੱਤੇ ਦੇ ਨਾਲ-ਨਾਲ ਆਪਣੇ ਪਰਿਵਾਰ ਦੀ ਆਰਥਿਕ ਦਸ਼ਾ ਸੁਧਾਰਨ ਦੀ ਕੋਸ਼ਿਸ ਕੀਤੀ । ਪਰ ਉਸਦੇ ਮਨ ਵਿਚ ਸਮੁੱਚੀ ਮਾਨਵਤਾ ਦਾ ਦਰਦ ਇਸ ਕਦਰ ਸਮੋਇਆ ਹੋਇਆ ਸੀ ਕਿ ਉਹ ਇਕ ਕਲਾਕਾਰ ਵਜੋਂ ਆਪਣੀਆਂ ਲਿਖਤਾਂ ਨੂੰ ਲੋਕ ਦੋਖੀ ਨਿਜ਼ਾਮ ਦੇ ਖਿਲਾਫ਼ ਹਥਿਆਰ ਵਜੋਂ ਵਰਤਣ ਤੋਂ ਰਤਾ ਭਰ ਵੀ ਨਹੀਂ ਝਿਜਕਿਆ । ਇਸਦੇ ਬਦਲੇ ਉਸ ਨੂੰ ਵਕਤ ਦੀਆਂ ਸਰਕਾਰਾਂ ਦੇ ਜਬਰ ਦਾ ਸ਼ਿਕਾਰ ਵੀ ਹੋਣਾ ਪਿਆ । ਪੁਲਿਸ ਦਾ ਤਸ਼ੱਦਦ ਉਸ ਨੂੰ ਆਪਣੇ ਅਕੀਦੇ ਤੋਂ ਥਿੜਕਾ ਨਾ ਸਕਿਆ ਸਗੋਂ ਉਸ ਦੇ ਅੰਦਰ ਸੁਲਘਦੀ ਰੋਹ ਦੀ ਚੰਗਿਆੜੀ ਜਵਾਲਾ ਬਣ ਉੱਠੀ । ਉਦਾਸੀ ਦੀਆਂ ਕਿਰਤਾਂ ਤੇ ਹੇਕਾਂ ਤਾਂ ਦਿੱਲੀ ਦਰਬਾਰ ਨੂੰ ਲਲਕਾਰਦੀਆਂ ਸਨ। ਉਦਾਸੀ ਨੇ ਸਪੱਸ਼ਟ ਹੁੰਦਿਆਂ ਕਿਹਾ ਕਿ ਕਿਸੇ ਕਲਾਕਾਰ ਨੂੰ ਆਪਣੀ ਗੱਲ ਕਹਿਣ ਲਈ ਹਰ ਸਟੇਜ 'ਤੇ ਜਾਣਾ ਚਾਹੀਦਾ ਹੈ।
'ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ,
ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ,।
ਬਦਲੇ ਲਏ ਤੋਂ ਵੀ ਜਿਹੜੀ ਮੁਕੱਣੀ ਨਾ,
ਐਨੀ ਲੰਬੀ ਐ ਸਾਡੀ ਕਤਾਰ ਲੋਕੋ।'
ਸੰਤ ਰਾਮ ਉਦਾਸੀ ਕਿਰਤੀਆਂ, ਮਜਦੂਰਾਂ ਤੇ ਮਿਹਨਤਕਸ਼ ਜਮਾਤ ਦਾ ਪ੍ਰਤੀਬੱਧ ਕਵੀ ਸੀ । ਉਸਦੀ ਰਸ ਭਰੀ ਤੇ ਬੁਲੰਦ ਆਵਾਜ਼ ਮਹਿਲੀਂ ਬੈਠੇ ਹਾਕਮਾਂ ਨੂੰ ਕੰਬਣੀਆਂ ਛੇੜ ਦਿੰਦੀ ਸੀ। ਅੱਜ ਸਾਡੇ ਪਾਸ ਉਸਦੇ ਕੈਨੇਡਾ ਵਿਚ ਰਿਕਾਰਡ ਕਰਵਾਏ 12 ਗੀਤਾਂ ਦਾ ਗੁਲਦਸਤਾ ਮੌਜੂਦ ਹੈ ਜਿਹੜਾ ਅੱਜ ਵੀ ਪੰਜਾਬ ਦੀ ਜਵਾਨੀ ਨੂੰ ਹਲੂਣਾ ਦੇਣ ਲਈ ਕਾਫੀ ਹੈ। ਉਦਾਸੀ ਦੇ ਬੋਲ ਅੱਜ ਵੀ ਪੰਜਾਬ ਦੀ ਫਿਜ਼ਾ ਵਿਚ ਗੂੰਜਦੇ ਹਨ ਭਾਵੇਂ ਉਨ੍ਹਾਂ ਨੂੰ ਆਵਾਜ਼ ਅੱਜ ਦੇ ਗਾਇਕ ਕਲਾਕਾਰ ਸ਼ਿੰਗਾਰਾ ਸਿੰਘ ਚਹਿਲ, ਪਿਆਰਾ ਸਿੰਘ ਚਹਿਲ, ਦਵਿੰਦਰ ਕੋਹਿਨੂਰ ਜਾਂ ਲੋਕ ਸੰਗੀਤ ਮੰਡਲੀ ਭਦੌੜ ਦੇ ਕਲਾਕਾਰ ਦੇ ਰਹੇ ਹਨ। ਆਪਣੀਆਂ ਵਿਦਰੋਹੀ ਰਚਨਾਵਾਂ ਅੰਬਰਾਂ 'ਤੇ ਲਿਖਣ ਵਾਲਾ ਤੇ ਲੱਖਾਂ ਲੋਕਾਂ ਦੇ ਇਕੱਠ ਨੂੰ ਆਪਣੀ ਆਵਾਜ਼ ਨਾਲ ਕੀਲ ਕੇ ਬਿਠਾਈ ਰੱਖਣ ਵਾਲਾ ਇਹ ਲੋਕ ਕਵੀ ਤੇ ਕੰਮੀਆਂ ਦੇ ਵਿਹੜੇ ਦਾ ਦਹਿਕਦਾ ਸੂਰਜ 6 ਨਵੰਬਰ 1986 ਨੂੰ ਅਸਤ ਹੋ ਗਿਆ, ਪਰ ਕਹਿੰਦੇ ਨੇ ਕਿ ਸੂਰਜ ਕਦੇ ਮਰਦਾ ਨਹੀਂ, ਉਹ ਹਮੇਸ਼ਾ ਰੌਸ਼ਨੀ ਵੰਡਦਾ ਹੈ। ਇਸੇ ਤਰ੍ਹਾਂ ਇਹ ਮਹਾਨ ਲੋਕ ਕਵੀ ਸਰੀਰਕ ਪੱਖੋਂ ਤਾਂ ਨਹੀਂ ਪਰ ਲਿਖਤਾਂ ਤੇ ਬੋਲਾਂ ਪੱਖੋਂ ਹਮੇਸ਼ਾ ਸਾਡੇ ਕੋਲ ਰਹੇਗਾ। ਲੰਬੇ ਅਰਸੇ ਤੋਂ ਬਾਅਦ ਉਦਾਸੀ ਦੇ ਵਿਚਾਰਾਂ ਦੇ ਹਾਣੀਆਂ ਦੀ ਚਿਰੋਕਣੀ ਮੰਗ ਨੂੰ ਬੂਰ ਪਿਆ ਜਦੋਂ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਸ: ਸੇਵਾ ਸਿੰਘ ਸੇਖਵਾਂ ਦੀ ਕ੍ਰਿਪਾ ਦ੍ਰਿਸ਼ਟੀ ਸਦਕਾ ਪਿੰਡ ਰਾਏਸਰ ਦੇ ਹਾਈ ਸਕੂਲ ਦਾ ਨਾਂ 'ਸੰਤ ਰਾਮ ਉਦਾਸੀ' ਦੇ ਨਾਂਅ 'ਤੇ ਰੱਖਿਆ ਗਿਆ। ਇਸ ਦੇ ਸੰਦਰਭ ਵਿਚ 8 ਨਵੰਬਰ ਨੂੰ ਬਰਨਾਲਾ ਵਿਖੇ ਸੰਤ ਰਾਮ ਉਦਾਸੀ ਦੀ ਯਾਦ 'ਚ ਹੋ ਰਹੇ ਰਾਜ ਪੱਧਰੀ ਸਮਾਗਮ ਦੌਰਾਨ ਪਹਿਲਾਂ ਰਸਮੀ ਤੌਰ 'ਤੇ ਪਿੰਡ ਰਾਏਸਰ ਵਿਖੇ 'ਸੰਤ ਰਾਮ ਉਦਾਸੀ ਸਰਕਾਰੀ ਹਾਈ ਸਕੂਲ ਰਾਏਸਰ' ਦਾ ਉਦਘਾਟਨ ਕੀਤਾ ਜਾਵੇਗਾ ਤੇ ਬਾਅਦ ਵਿਚ ਪੰਜਾਬ ਸਰਕਾਰ ਦੇ ਮੰਤਰੀ ਸਹਿਬਾਨ ਦੀ ਹਾਜ਼ਰੀ ਵਿਚ ਪ੍ਰਸਿੱਧ ਵਿਦਵਾਨ ਸੰਤ ਰਾਮ ਉਦਾਸੀ ਦੇ ਜੀਵਨ ਤੇ ਰਚਨਾ ਸਬੰਧੀ ਪਰਚੇ ਪੜਣਗੇ।
-ਰਘਵੀਰ ਸਿੰਘ ਚੰਗਾਲ
ਧਨੌਲਾ (ਬਰਨਾਲਾ) ਮੋਬਾਈਲ : 98552-64144.