ਲਾਲ ਸਿੰਘ ਦਸੂਹਾ
ਹੱਟੀ ਦੇ ਬੰਦ ਦਰਵਾਜ਼ੇ ਅੰਦਰੋਂ ਬਾਹਰ ਤਕ ਪੁੱਜਦੇ ਉਸਨੂੰ ਤਲਖੀ ਭਰੇ ਬੋਲ ਸੁਣਾਈ ਦਿੱਤੇ । ਮੱਖਣ ਨੇ ਇਸ ਬਾਤ-ਚੀਤ ਨੂੰ ਦੁਰਗੇ ਦਾ ਘਰੈਲੂ ਮਸਲਾ ਸਮਝ ,ਦਰੋਂ ਬਾਹਰ ਰੁਕੇ ਰਹਿਣਾ ਠੀਕ ਨਾ ਸਮਝਿਆ । ਉਨ੍ਹੀਂ ਪੈਰੀਂ ਉਹ ਵਾਪਸ ਪਰਤਣ ਹੀ ਲੱਗਾ ਸੀ ਕਿ ਅੰਦਰੋਂ ਉਸਦੇ ਪੈਰਾਂ ਦੀ ਆਹਟ ਕਿਸ ਨੇ ਸੁਣ ਲਈ । ਪੈਂਦੀ ਸੱਟੇ ਪਿੱਛਿਉਂ ਮੱਖਣ ਨੂੰ ਜ਼ੋਰਦਾਰ ਗੜ੍ਹਕ ਸੁਣਾਈ ਦਿੱਤੀ । ਨਾਲ ਹੀ ਭਿੱਤ ਦੇ ਪੂਰਾ ਖੁੱਲ ਜਾਣ ਦਾ ਖੜਾਕ – “ ਕ੍ਹੇੜਾ ਈ ਉਏ , ਕ੍ਹਾਦੀਆਂ ਸੂਹਾਂ ਲੈਨਾਂ ....।“ ਇਹ ਦੁਰਗਾ ਸੀ ,ਢੱਕਾਂ ‘ਤੇ ਹੱਥ ਰੱਖੀ ਦਰਵਾਜ਼ੇ ਵਿਚ ਖੜ੍ਹਾ । ਮੱਖਣ ਨੇ ਪਰਤ ਕੇ ਉਸ ਵੱਲ ਦੇਖਿਆ । ਉਸਨੂੰ ਜ਼ੋਰਦਾਰ ਝਟਕਾ ਲੱਗਾ । ਦੁਰਗੇ ਤੋਂ ਉਸਨੂੰ ਇਸ ਤਰ੍ਹਾਂ ਦੀ ਕਦਾਚਿੱਤ ਵੀ ਆਸ-ਉਮੀਦ ਨਹੀਂ ਸੀ । ਉਹ ਤਾਂ ਪੀਪਿਆਂ ਡੱਬਿਆਂ ਦੀ ਪਾਲ ਲਾਗੇ ਵਿਛੀ ਬੋਰੀ ਤੋਂ ਉਠਦਾ ਉਡ ਕੇ ਆ ਮਿਲਦਾ ਸੀ ਉਸਨੂੰ । ਜੱਫੀ ‘ਚ ਘੁੱਟੀ ਰੱਖਦਾ ਸੀ , ਕਿੰਨੇ ਸਾਰੇ ਨਿੱਘ ਸਨੇਹ ਨਾਲ । ਖੜ੍ਹੇ ਖੜੋਤੇ ਉਹ ਅੱਖਾਂ ‘ਚ ਅੱਖਾਂ ਪਾ ਕੇ ਇਕ ਦੂਜੇ ਵੱਲ ਕਿੰਨਾ ਕਿੰਨਾ ਚਿਰ ਝਾਕਦੇ ਰਹਿੰਦੇ ਸਨ । ਬੀਤੇ ਕਈ ਵਰ੍ਹਿਆਂ ਵਿਚੋਂ ਦੀ ਲਾਂਘਾ ਬਣਾਉਂਦੇ ਉਹ ਕਦੀ ਹੱਟੀ ਦੇ ਅੰਦਰ ਜਾ ਬੈਠਦੇ ਸਨ , ਕਦੀ ਬਾਹਰ ਹੀ ਵਿਹੜੇ ‘ਚ ਡਿੱਠੀ ਮੰਜੀ ‘ਤੇ । ਉਨ੍ਹਾਂ ਦੀਆਂ ਬਹੁਤੀਆਂ ਗੱਲਾਂ ਸਕੂਲੀ ਦਿਨਾਂ ਦੁਆਲੇ ਘੁੰਮਦੀਆਂ । ਉਨ੍ਹਾਂ ਦਿਨ੍ਹਾਂ ‘ਚ ਖੇਲ੍ਹੀ ਕੌਡ-ਕਬੱਡੀ , ਛੂਣ-ਛੁਹਾਈ , ਖਿੱਦੋ-ਖੂੰਟੀ ਦੁਆਲੇ । ਹਰ ਗੱਲੇ ਰੋਲ਼ ਮਾਰਨ ਵਾਲੇ ਦੁਰਗੇ ਨੂੰ ਨਾ ਸਕੂਲੇ ਕੋਈ ਆਪਣੇ ਨਾਲ ਖਿਡਾਉਂਦਾ , ਨਾ ਪਿੰਡ । ਦੂਜੇ ਚੌਥੇ ਉਹ ਕਿਸੇ ਨਾ ਕਿਸੇ ਨਾਲ ਗੁੱਥਮ ਗੁੱਥਾ ਹੋਇਆ ਹੁੰਦਾ । ਸਰੀਰੋਂ ਲਿੱਸਾ ਹੋਣ ਕਰਕੇ ਉਸਨੂੰ ਚੰਗੀ-ਚੋਖੀ ਮਾਰ-ਕੁੱਟ ਵੀ ਖਾਣੀ ਪੈਂਦੀ । ਰੋਂਦਾ –ਡੁਸਕਦਾ , ਮਿੱਟੀ-ਘੱਟੇ ਨਾਲ ਲਿਬੜਿਆ ਉਹ ਘਰੇ ਪੁੱਜ ਜਾਂਦਾ । ਉਸਦੀ ਮਾਂ ਬਿਮਲਾ ਦੇਵੀ ਆਏ ਦਿਨ ਕਿਸੇ ਨਾ ਕਿਸੇ ਘਰ ਉਲ੍ਹਾਮਾ ਦੇਣ ਤੁਰੀ ਹੁੰਦੀ । ਹਾਰ ਕੇ ਉਸਨੇ ਪੇਕੇ ਪਿੰਡ ਦੀ ਧੰਨਤੀ ਦੀ ਮਿੰਨਤ ਕੀਤੀ ਸੀ – “ ਭੈਣ , ਤੂੰ ਆਪਣੇ ਮੱਖਣ ਨੂੰ ਆਖ ਮੇਰੇ ਦੁਰਗੇ ਨਾਲ ਖੇਲ੍ਹ ਲਿਆ ਕਰੇ , ਕੱਲਾ । ਤੇਰਾ ਮੱਖਣ ਬਓਤ ਬੀਬਾ ਰਾਣਾ , ਛਿੰਦਾ ਪੁੱਤ ਆ । ਉਹ ਨਈਂ ਕਿਸੇ ਨਾਲ ਲੜਾਈ –ਝਗੜਾ ਕਰਦਾ ...।“ ਮਾਵਾਂ ਮਾਸੀਆਂ ਦਾ ਆਖਾ ਮੰਨ ਕੇ ਉਹ ਦੋਨੋਂ ਅਗਲੇ ਦਿਨ ਤੋਂ ਹੀ ਵੱਖਰੇ ਹੁੰਦੇ ਬਣਾ ਕੇ ਖੇਲ੍ਹਣ ਲੱਗ ਪਏ ਹਨ । ਗਰਾਊਂਡ ਲਾਗਲੇ ਵੱਡੇ ਚੁਰਾਹੇ ‘ਚ । ਕਦੀ ਕੋਡ-ਕਬੱਡੀ ,ਕਦੀ ਖਿੱਦੋ-ਖੂੰਟੀ । ਕੂੜੇ ਦਰਜ਼ੀ ਘਰੋਂ ਲਿਆਂਦੀਆਂ ਨਵੀਆਂ ਨਿਕੋਰ ਲੀਰਾਂ ਦੀ ਘੁੱਟ-ਲਿਪੇਟ ਕੇ ਬਣਾਈ ਖਿੱਦੋ , ਉਨ੍ਹਾਂ ਦੋਨਾਂ ਤੋਂ ਕਿੰਨਾ ਕਿੰਨਾ ਚਿਰ ਟੁੱਟਦੀ ਨਾ । ਇਨ੍ਹਾਂ ਉਤੇ ਮੱਖਣ ਦੀ ਮਾਂ ਧੰਨਤੀ ਨੇ ਸੂਤੀ ਧਾਗੇ ਨਾਲ ਪਾਈਆਂ ਮੋਟੀਆਂ ਪਿੜੀਆਂ ਉਤੇ ਦੁਰਗੇ ਦੀ ਮਾਂ ਬਿਮਲਾ ਦੇਵੀ ਨੇ ਰੇਸ਼ਮੀ ਧਾਗੇ ਨਾਲ ਦੋਹਰਾ ਤੀਹਰਾ ਵਾਰ ਦਿੱਤਾ ਹੁੰਦਾ ।ਹਰ ਵਾਰ ਨਵੀਂ ਖਿੱਦੋ ਬਣਾਉਣ ‘ਤੇ ਉਹ ਕਿਹਾ ਕਰਦੀ ਸੀ – “ ਭੈਣ ਧੰਨਤੀਏ ਆਹ ਪਿੜੀਆਂ –ਚਿੜੀਆਂ ਕਰਕੇ ਈ ਖਿੰਡੀਆਂ-ਪੰਡੀਆਂ ਲੀਰਾਂ-ਕੱਤਰਾਂ ਦੀ ਗੋਲ-ਮਟੋਲ ਖਿੱਦੋ ਬਣ ਜਾਂਦੀ ਆ ,ਨਈਂ ਤਾਂ ਖਸਮਾਂ-ਖਾਣੇ ਨਵੇਂ ਨਿਕੋਰ , ਅਣਲੱਗ ਕਪੜੇ ਦੀ ਕੋਈ ਕੰਨੀ ਕਿਧਰੇ ਉਡੀ ਫਿਰਦੀ ਆਂ ,ਕੋਈ ਕਿਧਰੇ । “ ਨਿਆਣੇ ਤਾਂ ਵਰਚੇ ਰਹਿੰਦੇ ਆ , ਖੇਲ੍ਹਦੇ-ਮਲ੍ਹਦੇ ਰਹਿੰਦੇ ਆ ....ਆਹ ਤੜੋਪੇ –ਸੜੋਪੇ ਮਾਰਦੀਆਂ ਦਾ ਸਾਡਾ ਕੀ ਜਾਂਦਾ ...।“
ਹਰ ਖਿੱਦੋ ‘ਤੇ ਪਾਈਆਂ ਪਿੜੀਆਂ ਦੇ ਇਸ ਤੋਂ ਵੱਧ ਉਨ੍ਹਾਂ ਕਦੀ ਕੋਈ ਅਰਥ ਨਹੀਂ ਸਨ ਕੱਢੇ ।
ਇਹ ਉਨ੍ਹਾਂ ਦੇ ਪੇਕੇ ਪਿੰਡ ਦੀ ਸਾਂਝ ਸੀ ਜਾਂ ਦੋਨਾਂ ਘਰਾਂ ਵਿਚਕਾਰ ਹੱਥ-ਉਧਾਰ , ਵਰਤੋਂ-ਵਿਹਾਰ ਦਾ ਸਿਲਸਲਾ ਕਿ ਉਨ੍ਹਾਂ ਦੇ ਹਮ-ਉਮਰ ਪੁੱਤਰਾਂ ਦੀ ਆੜੀ ਹੁਣ ਤੱਕ ਨਿਰੰਤਰ ਨਿਭਦੀ ਆਈ ਸੀ । ਪਿਉ ਦੇ ਸਵਰਗ ਸਿਧਾਰਨ ਪਿੱਛੋਂ ਦੁਰਗੇ ਨੇ ਹੱਟੀ-ਭੱਠੀ ਦਾ ਕੰਮ-ਕਾਰ ਸੰਭਾਲ ਲਿਆ ਸੀ ਤੇ ਖੁੱਲੇ –ਮੋਕਲੇ ਹੱਡਾਂ –ਪੈਰਾਂ ਵਾਲਾ ਮੱਖਣ ਫੌਜ ‘ਚ ਭਰਤੀ ਹੋ ਕੇ ਹੌਲਦਾਰੀ ਤਕ ਅੱਪੜ ਗਿਆ ਸੀ ।
ਹਰ ਵਾਰ ਛੁੱਟੀ ਆਇਆ ਮੱਖਣ ਸਭ ਤੋਂ ਪਹਿਲਾਂ ਦੁਰਗੇ ਨਾਲ ਜਾ ਕੇ ਵਗ਼ਲਗੀਰ ਹੁੰਦਾ । ਹਾਸਾ-ਠੱਠਾ ਕਰਦੇ, ਐਧਰ –ਉਧਰ ਦੀਆਂ ਗੱਲਾਂ-ਗੜੱਪਾਂ ਮਾਰਦੇ , ਉਹ ਹੱਟੀ ਸਾਹਮਣਲੇ ਵਿਹੜੇ ‘ਚ ਇਕ-ਅੱਧ ਮੀਟੀ ਖਿੱਦੋ-ਖੂੰਟੀ ਜ਼ਰੂਰ ਖੇਲ੍ਹਦੇ । ਇਸ ਦੀ ਪਹਿਲ ਆਮ ਕਰਕੇ ਦੁਰਗੇ ਵੱਲੋਂ ਹੁੰਦੀ । ਹੱਟੀ ਅੰਦਰ ਸਾਂਭੀ ਰੱਖੀ ਕੋਈ ਨਵੀਂ-ਪੁਰਾਣੀ ਖਿੱਦੋ ਲਿਆ ਕੇ ਦੁਰਗਾ ਆਖਦਾ – “ਚੱਲ ਹੁਣ ਕਰੀਏ ਹੱਡ-ਪੈਰ ਮੋਕਲੇ , ਆ ਲਾਈਏ ਇਕ ਮੀਟੀ ...।“
ਪਰ ਇਸ ਵਾਰ ਅੱਧ-ਖੁੱਲੇ ਭਿੱਤ ਵਿਚਕਾਰ ਖੜ੍ਹੇ ਦੁਰਗੇ ਨੇ ਮੱਖਣ ਵੱਲ ਨੂੰ ਲਾਂਘ ਤਕ ਨਾ ਭਰੀ । ਉਸ ਵੱਲ ਨਿੱਠ ਕੇ ਦੇਖਿਆ ਤਕ ਨਾ । ਘੜੀ ਪਲ ਐਧਰ-ਉਧਰ ਝਾਕ ਕੇ ਉਹ ਮੁੜ ਆਪਣੀ ਥਾਂ ਜਾ ਬੈਠਾ ।
ਡੌਰ-ਭੌਰ ਹੋਇਆ ਮੱਖਣ ਆਪਣੇ ਘਰ ਵੱਲ ਨੂੰ ਪਰਤਨ ਹੀ ਲੱਗਾ ਸੀ ਕਿ ਅੰਦਰੋਂ ਇਕ ਜਾਣੀ –ਪਛਾਣੀ ਆਵਾਜ਼ ਉਸ ਦੇ ਕੰਨੀ ਆ ਪਈ । “ ਆ ਜਾ ਫੌਜੀਆ , ਆ ਜਾ ਲੰਘ ਆ ....ਅਸੀਂ ਈਆਂ । ਕੀ ਨਾਂ ਲਈ ਨਾ , ਊਈਂ ਬੈਠੇ ਆਂ ਬੱਸ ...।“ਇਹ ਦੀਨ ਦਿਆਲ ਸੀ । ਵਿਹੜੇ ‘ਚੋਂ ਦੁਰਗੇ ਦਾ ਤਾਇਆ ਲਗਦਾ , ਸ਼ੈੱਲਰ ਮਾਲਕ ਦੀਨ ਦਿਆਲ । ਉਸਦੇ ਬੋਲਾਂ ਅੰਦਰਲੀ ਹਲੀਮੀ , ਨਾ ਚਾਹੁੰਦਿਆਂ ਹੋਇਆ ਵੀ ਮੱਖਣ ਦੇ ਡੋਲਦੇ ਕਦਮਾਂ ਨੂੰ ਹੱਟੀ ਦੇ ਅੰਦਰ ਤਕ ਖਿੱਚ ਲਿਆਈ ।
ਅੰਦਰ ਕਈ ਜਣੇ ਹੋਰ ਵੀ ਸਨ , ਖੜ੍ ਬੈਠੇ । ਸਭ ਦੇ ਸਭ ਉਤੇਜਤ ਤੇ ਖਿਝੇ-ਖਪੇ । ਅੰਦਰੋਂ –ਬਾਹਰੋਂ ਭਰੇ ਪੀਤੇ । ਉਨ੍ਹਾਂ ਸਾਰਿਆਂ ਦੀ ਨਿਗਾਹ ਦੀਨ ਦਿਆਲ ਦੇ ਗੋਡਿਆਂ ‘ਤੇ ਪਈ ਅਖ਼ਬਾਰ ‘ਤੇ ਟਿਕੀ ਪਈ ਸੀ । ਉਨ੍ਹਾਂ ਵਿਚੋਂ ਕਿਸੇ ਨੇ ਵੀ ਮੱਖਣ ਨੂੰ ਬਲਾਇਆ ਨਾ । ਕੇਵਲ ਇਕ ਨੇ ਥੋੜ੍ਹਾ ਕੁ ਹਟਵਾਂ ਖਾਲੀ ਪਿਆ ਸਟੂਲ ਉਸਦੇ ਲਾਗੇ ਲਿਆ ਰੱਖਿਆ ।
ਨਿੰਮੋਝਾਣ ਹੋਇਆ ਮੱਖਣ ਅਜੇ ਬੈਠਣ ਹੀ ਲੱਗਾ ਸੀ ਕਿ ਉਸਦੇ ਐਨ ਸਾਹਮਣੇ ਬੈਠੇ ਦੁਰਗੇ ਦੇ ਤਲਖ਼ ਬੋਲ ਫਿਰ ਉੱਭਰੇ –“ਇਨ੍ਹਾਂ ਸਿੱਖੜਿਆਂ ਦੀ ਮੁਸਲਿਆਂ ਨਾਲ ਬੜੀ ਸੁਰ ਰਲ੍ਹਦੀ ਆਂ , ਏਨ੍ਹਾਂ ਦਾ ਵੀ ਇਕ ਵਾਰ ਫੇਅਰ ‘ਲਾਜ .....।“
“ ਉਏ ਤੂੰ ਚੁੱਪ ਵੀ ਕਰਦਾਂ ਕਿ ਨਈਂ ਵੱਡਾ ਸਾਨ੍ਹ...। ਏਹ ਤੈਨੂੰ ਕ੍ਹੈਂਦਾ ਕੁਸ਼ ....। ਕੀ ਨਾਂ ਲਈ ਦਾ ,ਏਹ ਤਾਂ ਬੰਦਾ ਆਪਣਾ , ਊਂ ਵੀ ਆਪਣੇ ਵਿਚੋਂ ਈ ਨਿਕਲੇ ਆ ਸਿੱਖ , ਹਿੰਦੂਆਂ ਵਿਚੋਂ ...! ਕੀ ਨਾਂ ਲਈ ਦਾ , ਏਹ ਕੋਈ ਬਾਅਰਲੇ ਮੁਲਖੋਂ ਥੋੜ੍ਹਾ ਆਏ ਆ ਮੁਸਲਿਆਂ ਆਂਗੂ ...ਕਿਊਂ ਫੌਜੀਆਂ ਠੀਕ ਆਖਿਆ ਈ ਨਾ ਮੈਂ । “
ਦੀਨ ਦਿਆਲ ਨੇ ਠੀਕ ਆਖਿਆ ਸੀ ਜਾਂ ਗਲਤ, ਇਸ ਵੱਲ ਤਾਂ ਮੱਖਣ ਦਾ ਰਤੀ ਵੀ ਧਿਆਨ ਨਾ ਗਿਆ । ਉਹ ਤਾਂ ਦੁਰਗੇ ਮੂੰਹੋਂ , ਉਸਦੀ ਸ਼ਕਲ ਵਰਗੇ ਸਿੱਖਾਂ ਨੂੰ ਸਿੱਖੜੇ ਆਖੇ ਜਾਣ ਦਾ ਸੰਬੋਧਨ ਸੁਣ ਕੇ , ਇਸ ਵਾਰ ਜਿਵੇਂ ਸੜਦੀ-ਬਲ਼ਦੀ ਲਾਟ ‘ਤੇ ਡਿੱਗ ਪਿਆ ਸੀ । ਦੁਰਗੇ ਨਾਲ ਹੁਣ ਤਕ ਉਸਦਾ ਹਰ ਕਿਸਮ ਦਾ ਹਾਸਾ-ਮਖੌਲ ਚਲਦਾ ਆਇਆ ਸੀ । ਇਕ ਦੂਜੇ ਨੂੰ ਟਾਂਚਾਂ-ਟਕੋਰਾਂ ਲਾਉਂਦੇ ਉਹ ਕਈ ਵਾਰ ਯੋਗ-ਅਯੋਗ ਸ਼ਬਦਾਂ-ਵਾਕਾਂ ਦੀ ਵਰਤੋਂ ਵੀ ਕਰ ਲਿਆ ਕਰਦੇ ਸਨ । ਉਨ੍ਹਾਂ ਕਦੀ ਇਕ ਦੂਜੇ ਦਾ ਗੁੱਸਾ ਨਹੀਂ ਸੀ ਕੀਤਾ । ਕਦੀ ਕਿਸੇ ਦੀ ਰੋਕ-ਟੋਕ ਨਹੀਂ ਸੀ ਕੀਤੀ । ਸਗੋਂ ਹੋਰ ਵੀ ਘੁੱਟਵੀ ਜੱਫੀ ਪਾ ਕੇ ਵਿਛੜਦੇ , ਆਉਂਣੀ ਛੁੱਟੀ ਦੀ ਉਡੀਕ ਕਰਦੇ ਰਹਿੰਦੇ ਸਨ । ਪਿਛਲੀ ਵਾਰ ਦੀ ਛੁੱਟੀ ਆਏ ਮੱਖਣ ਨੇ ਦੁਰਗੇ ਨਾਲ ਛੇੜ-ਛਾੜ ਕਰਦਿਆਂ ਤਾਂ ਇਕ ਹੱਦ ਹੋਰ ਵੀ ਟੱਪ ਲਈ । ...ਹਰ ਵਾਰ ਵਾਂਗ ਉਸ ਦਿਨ ਵੀ ਉਨ੍ਹਾਂ ਲਾਗੇ ਕਈ ਜਣੇ ਹੋਰ ਵੀ ਜੁੜੇ ਬੈਠੇ ਸਨ । ਕੋਈ ਭਾਬੀ ਦੇਰ ਖੇਲ੍ਹ ਰਿਹਾ ਸੀ , ਕੋਈ ਸਰਾਂ-ਮੱਲਣ । ਕੋਈ ਬਾਰਾਂ ਟਹਿਣੀ । ਉਨ੍ਹਾਂ ਸਭਨਾਂ ਦੀ ਹਰ ਮੀਟੀ ਮੁੱਕਣ ਲੱਗਿਆਂ ਕਿਸੇ ਨਾ ਕਿਸੇ ਲੁੱਚੇ ਰੰਗੀਲੇ ਟੋਣੇ ਨਾਲ ਜ਼ਰੂਰ ਜੁੜਦੀ ਸੀ । ਹਰ ਕੋਈ ਖੁੱਲ੍ਹ ਕੇ ਹੱਸ ਰਿਹਾ ਸੀ । ਪਰ ਉਪਰੋਂ ਉਪਰੋਂ । ਅੰਦਰੋਂ ਅੰਦਰ ਉਹ ਵਰ੍ਹਿਆਂ ਤੋਂ ਲੱਗੀ ਲਗਾਤਾਰ ਔੜ ਕਾਰਨ ਜਿਵੇਂ ਕਰੰਡੇ ਪਏ ਸਨ । ਭਿੰਤਾਂ-ਪਾਟੇ ਖੇਤਾਂ ਵਾਂਗ ਮੁਰਝਾਏ –ਕੁਮਲਾਏ ਪਏ ਸਨ । ਕਾਮੇ –ਕਿਸਾਨ ਆਪਦੀ ਥਾਂ, ਹੱਟੀਦਾਰ ਦਰਗਾ ਆਪਣੀ ਥਾਂ । ਉਸ ਦਿਨ ਹਾਸੇ ਠੱਠੇ ‘ਚ ਵਾਰ ਵਾਰ ਆਏ ਔੜ-ਸੋਕੇ ਦਾ ਜ਼ਿਕਰ ਸੁਣ ਕੇ ਮੱਖਣ ਨੂੰ ਸਕੂਲੀ ਦਿਨਾਂ ਦੀ ਇੱਕ ਇਲੱਤ ਚੇਤੇ ਆ ਗਈ । ਦਰਗੇ ਦੀ ਲੰਮੀਂ ਬੋਦੀ ਦੀ ਗੰਢ ਖੋਲ੍ਹਦਿਆਂ , ਉਸਦੇ ਸਿਰ ‘ਚ ਪਟਾਕੀ ਮਾਰਦੇ ਨੇ ਕਿਹਾ ਸੀ – “ ਬਾਮ੍ਹਣਾਂ ਆਹ ਬੋਦੀ ਜੇਈ ਨੂੰ ਅਰਾਰੋਡ ਦ ਮਾਂਡੀ ਲੁਆ ਕੇ ਸਿੱਧੀ ਕਰ ਲਾ । ਏਦ੍ਹੀ ਨੋਕਦਾਰ ਮਜ਼ੈਲ ਬਣਾ ਕੇ ਛੱਡ ਦੇ ਉੱਪਰ ਨੂੰ । ਸਿੱਧੀ ਢਿੱਡ ‘ਚ ਜਾ ਵੱਜੂ ਰੱਬ ਦੇ । ਫੇਅਰ ਦੇਖ ਮੀਂਹ ਪੈਂਦਾ...।“ ਅੱਗੋਂ ਹਾਜ਼ਰ ਜਵਾਬ ਦੁਰਗੇ ਨੇ ਹੋਰ ਵੀ ਤਿੱਖਾ ਬਾਣ ਚਲਾਉਂਦਿਆਂ ਮੱਖਣ ਨੂੰ ਕਿਹਾ ਸੀ – “ ਮੈਨੂੰ ਜੂ ਆਨਾਂ , ਤੂੰ ਆਪੂ ਵੀ ਕਰ ਲਾ ਕੁਸ਼ ....। ਮੇਰੀ ਬੋਦੀ ਨਾਲੋਂ ਤਾਂ ਤੇਰੇ ਕਛੈਰੇ ਅੰਦਰਲਾ ਝਾੜ-ਬੂਝ ਈ ਲੰਮਾ ਹੋਣਾਂ ਆਂ । ਏਦ੍ਹਾ ਕਰ ਕੋਈ ਇਸਤੇਮਾਲ । ਬਣਾ ਲਾ ਹੱਥ ਗੋਲ੍ਹਾ । ਦਿਆਂ ਉਸਤਰਾ...। ਇਕ ਤੇਰੇ ਚੱਡਿਆਂ ਦੀ ਖੁਰਕ ਜਾਂਦੀ ਰਹੂ , ਦੂਜਾ ਦੀਨ ਦੁਨੀਆਂ ਦਾ ਭਲਾ ਹੋ ਜਾਊ । ਦਾੜ੍ਹੀ-ਮੁੱਛ ਤਾਂ ਭਲਾ ਤੂੰ ਛੇੜਦਾ ਨਹੀਂ...ਪੱਕਾ ਸਿੱਖੜਾ ਆਂ ...। “
ਕਿਹਾ ਉਸ ਦਿਨ ਵੀ ਮੱਖਣ ਨੂੰ ਦਰਗੇ ਨੇ ਸਿੱਖੜਾ ਹੀ ਸੀ । ਉਸ ਦਿਨ ਤਾਂ ਉਹ ਦੁਰਗੇ ਦੇ ਪਰਤਵੇਂ ਵਾਰ ਤੋਂ ਹੋਰਨਾਂ ਵਾਂਕ ਆਪ ਵੀ ਖੁੱਲ੍ਹ ਕੇ ਹੱਸਿਆ ਸੀ । ਪਰ ਇਸ ਵਾਰ....ਇਸ ਵਾਰ ਉਸਦੇ ਆਖੇ ਇਸ ਸ਼ਬਦ ਨੇ ਜਿਵੇਂ ਮੱਖਣ ਦੀ ਦੇਹ-ਜਾਨ ਨੂੰ ਡੰਗ ਮਾਰ ਦਿੱਤਾ ਹੋਵੇ । ਉਸ ਨੂੰ ਅੰਦਰੋਂ –ਬਾਹਰੋਂ ਪੱਛ ਦਿੱਤਾ ਹੋਵੇ । ਉਸਦੇ ਹੋਸ਼-ਹਵਾਸ ਤਾਂ ਬੀਤੀ ਰਾਤ ਦੀ ਘਟਨਾ ਕਾਰਨ ਪਹਿਲੋਂ ਹੀ ਉੜੇ ਪਏ ਸਨ ।....ਕੱਲ੍ਹ ਸ਼ਾਮੀ ਉਹ ਲੰਬੜਾਂ ਦੀ ਹਵੇਲੀ ਯਾਰਾਂ ਮਿੱਤਰਾਂ ਦੀ ਮਹਿਫ਼ਲ ‘ਚ ਦੇਰ ਤਕ ਬੈਠਾ ਰਿਹਾ ਸੀ । ਵਾਹਵਾ ਰੰਮ ਪਾਣੀ ਚਲਦਾ ਰਿਹਾ ਸੀ । ਕਰੀਬ ਅੱਧੀ ਕੁ ਰਾਤੀਂ ਘਰ ਮੁੜਿਆ । ਆਉਂਦਾ ਹੀ ਸੌ ਗਿਆ ਘੂਕ । ਬਿਨਾਂ ਕੁਝ ਖਾਧਿਆਂ-ਪੀਤਿਆਂ । ਹੈੱਡ-ਫੋਨ ਕੰਨਾਂ ਨੂੰ ਲਾ ਕੇ । ਹੈੱਡ-ਫੋਨ ਜਿਵੇਂ ਉਸਦੇ ਸੌਣੇ ਜਾਗਣੇ ਦਾ ਹਿੱਸਾ ਬਣ ਗਿਆ ਸੀ ।ਡਿਊਟੀ ਸਮੇਂ ਸੰਦੇਸ਼ ਸੁਣਨ ਲਈ ਲਾਈ ਰੱਖਦਾ , ਵਿਹਲ ਸਮੇਂ ਰੇਡੀਓ ਗਾਣੇ , ਵਿਚ ਵਾਰ ਖ਼ਬਰਾਂ ।
ਬੀਤੀ ਰਾਤ ਚਲਦੇ ਗਾਣੇ ਦੌਰਾਨ ਉਸਨੇ ਦੋ ਧਿਰਾਂ ਆਪੋ ਵਿਚ ਦੀ ਸ੍ਹਾਬ-ਸਲਾਮ ਕਰਦੀਆਂ ਸੁਣੀਆਂ ਸਨ । ...ਇਕ ਨੇ ਦੂਜੀ ਨੂੰ ਕਿਹਾ ਸੀ –“ਤ੍ਰਿਸ਼ੂਲ ਸਾਬ੍ਹ ਜੀ , ਆਦਾਬ ਅਰਜ਼ ਐ , ਆਦਾਬ ਅਰਜ਼ ਐ...ਪਹਿਚਾਨ ਲੀਆਂ ?..ਹੱਮ...ਹੱਮ ।“
ਅੱਗੋਂ ਤੁਰੰਤ ਉੱਤਰ ਦਿੱਤਾ ਆਇਆ ਸੀ ,- “ ਧੰਨਅ ਹੋਅ....ਧੰਨਅ ਹੋਅ ....ਧੰਨਅ ਹੋਅ, ਸ਼ੀਮਾਨ ਖੰਜਰ ਜੀ ਈ ਕੈਸੇ ਬਚਨ ਕਰਤੇ ਹੋਅ ....ਪਹਿਜਾਨੇਂਗੇ ਕੈਸੇ ਨਈਂ....ਨਮਸਕਾਰੱਮ ....। ਹੁਕਮ ਕੀਜੀਏ , ਹੁਕਮ ਕੈਸੇ ਯਾਦ ਆਈ ਹੱਮਰੀ...।“
ਗੂੜੀ ਨੀਂਦ ਸੁੱਤੇ ਪਏ ਮੱਖਣ ਦੀ ਸਾਰੀ ਦੀ ਸਾਰੀ ਦੇਹ ਪੂਰੀ ਤਰ੍ਹਾਂ ਕੰਬ ਗਈ । ਉਸਨੇ ਹੁਣ ਤੱਕ ਸੈਂਕੜੇ ਸੰਦੇਸ਼ ਭੇਜੇ ਹਨ । ਹਜ਼ਾਰਾਂ ਸੁਣੇ ਸਨ । ਵਿੱਚ ਵਾਰ ਜਾਸੂਸੀ ਕਰਦੇ ਟੇਪ ਵੀ ਕੀਤੇ ਸਨ । ਉਨ੍ਹਾਂ ਸਭ ਦਾ ਸੰਬੋਧਨ ਫੌਜੀ ਰੰਗਤ ਦਾ ਹੁੰਦਾ ਸੀ ਜਾ ਜਾਸੂਸੀ ਰੰਗਤ ਦਾ । ਕਦੀ ਇਕ ਨੇ ਦੂਜੇ ਦਾ ਨਾਂ ਨਹੀਂ ਸੀ ਲਿਆ । ਨਾ ਕੋਈ ਉਪਨਾਮ । ਸਿਰਫ ਰੈਂਕ ਸੰਬੋਧਨ ਹੁੰਦੇ ਸਨ ਜਾਂ ਕੋਡ ਨੰਬਰ । ਮੱਖਣ ਇਸ ਗੱਲੋਂ ਹੈਰਾਨ ਸੀ , ‘ ਏਹ ਤ੍ਰਿਸ਼ੂਲ ਸਾਬ੍ਹ , ਖੰਜਰ ਜੀ ਕੀ ਰੈਂਕ ਹੋਏ । “ ਉਹ ਅਜੇ ਸ਼ਸ਼ੋਪੰਜ ਵਿਚ ਹੀ ਸੀ ਕਿ ਵਾਰਤਾਲਾਪ ਅੱਗੇ ਤੁਰ ਪਈ ਸੀ । “ ਹੁਕਮ ਨਈਂ ਕਬਲਾ ਗੁਜ਼ਾਰਸ਼ ਹੈਅ....ਗੁਜਾਰਸ਼ ...ਈਕੇਲੇ ਹੀ ਹੋ ਕੇਏ ...? “
ਪਹਿਲੀ ਆਵਾਜ਼ ਨੂੰ ਲੱਗਾ ਸੀ , ਕੋਈ ਤੀਜਾ ਜਣਾਂ ਉਨ੍ਹਾਂ ਵਿਚਕਾਰ ...।
ਮੱਖਣ ਦੇ ਸਾਹਾਂ ਨੂੰ ਚੜ੍ਹੀ ਹੌਂਕਣੀ ਆਪਣੇ ਆਪ ਪਤਾ ਨਹੀਂ ਕਿਵੇਂ ਥੋੜ੍ਹਾ ਕੁ ਸਹਿਜ ਹੋ ਗਈ ਸੀ । ਦੂਜੀ ਆਵਾਜ਼ ਨੇ ਕਾਫੀ ਸਾਰੀ ਘੋਖ-ਪੜਤਾਲ ਕਰਕੇ ਕਰੀਬ-ਕਰੀਬ ਤਸੱਲੀ ਕਰ ਲਈ – “ ਜੀ ਈ ਹਾਂ , ਜੀਈ ਹਾਂ .... ਸਭ ਕੁਸ਼ਲ ਹੈਅ, ਸਮਾਨਯ ਹੈਅ ...ਕੈਸੇ ਯਾਦ ਆਈ ਹੱਮਰੀ ...ਹੁਕਮ ਕੀਜੀਏ ...ਹੁਕਮ ....।“
“ ਹੁਕਮ ਨਹੀਂ ਗੁਜ਼ਾਰਸ਼ ਹੈਅ , ਗੁਜਾਰਸ਼ ...,” ਪਲ ਕੁ ਭਰ ਰਹਿਣ ਪਿੱਛੋਂ ਮੱਖਣ ਨੂੰ ਪਹਿਲੀ ਆਵਾਜ਼ ਹੋਰ ਵਿਸਥਾਰ ਦਿੰਦੀ ਸੁਣੀ ਸੀ । “ ....ਗੁਜ਼ਾਰਸ਼ ਯੇਹ ਹੈਅ ਕਿ ਹਮਰੀ ਦਾਲ ਆਪਕੇ ਸਾਥ ਬਹੁਤ ਬਹਤਰ ਗਲ਼ਤੀ ਹੈ ...” ਉਹ ਜਿਵੇਂ ਕੋਈ ਖਾਸ ਖ਼ਬਰ ਦੱਸਣ ਲਈ ਵਿਸ਼ੇਸ਼ ਭੂਮਿਕਾ ਬੰਨ੍ਹ ਰਹੀ ਹੋਵੇ ।
ਦੂਜੀ ਆਵਾਜ਼ ਆਪਣੀ ਉਸਤੱਤ ਸੁਣ ਕੇ ਕਾਫੀ ਸਾਰੀ ਗਦ ਜਦ ਹੋ ਗਈ ਸੀ – “ਸੰਪੂਰਨ ਸੱਤਅ, ਸਪੂੰਰਨ ਸੱਤਅ , ਸ਼ਤ ਪ੍ਰਤੀਸ਼ਤ ਸੱਤਅ ਉਚਰਾ ਆਪਨੇ ਸ਼੍ਰੀਮਾਨ ਖੰਜਰ ਜੀ ਈ , ਆਪ , ਆਪ ਮਹਾਨ ਹੈਂਅ , ਉੱਤਮ ਹੈਂਅ....ਯਹ ਬੋਧੀ , ਜੈਨੀ , ਸਿੱਖ , ਇਸਾਈ ਸਭ ਗੁੰਦੜ ਸਾ ਮਾਲ ਹੈਂਅ , ਜੀ ਈ ....ਚੂੰਅ ਤਕ ਨਈਂ ਬੋਲਤੇ ਮੂੰਹ ਸੇਏ ...ਜਬ ਚਾਹੇਂ , ਜਿਤਨਾ ਚਾਹੇਂ ਸਾੜੋ-ਫੂਕੋ ਸੁਸਰੋਂ ਕੋਅ ...।“
ਅਸਲ ਮੁੱਦੇ ਤਕ ਪੁੱਜ ਕੇ ਪਹਿਲੀ ਆਵਾਜ਼ ਨੇ ਪੂਰੀ ਚੜ੍ਹਤ ਨਾਲ ਸੂਚਨਾ ਦਿੱਤੀ ਸੀ –“....ਤ੍ਰਿਸ਼ੂਲ ਸਾਬ੍ਹ ਜੀ , ਖ਼ਬਰ-ਸਾਰ ਯਹ ਹੈ ਕਿ ਹਮ ਨੇ ਏਕ ਔਰ ਕਾਮ ਸਰ-ਅੰਜ਼ਾਮ ਦੇ ਦੀਆਂ ਹੈਅ ...ਔਰ ਤਾਜ਼ਗੀ ਲਾ ਡਾਲੀ ਹੈਅ , ਨੀਰਸ ਸੇ ਬਨੇ ਮਾਹੌਲ ਮੇਂ ...ਹਮ ਨੇ ਰਾਮ –ਸੇਵਕ ਸਾੜ ਦੀਏ ਹੈਂਅ , ਪਚਾਸ ਸਾਠ । ਅਬ ਅਪਕੀ ਵਾਰੀ ਕੀ ਇੰਤਜ਼ਾਰ ...।“
ਦੂਜੀ ਆਵਾਜ਼ ਨੂੰ ਪੂਰਾ ਵਾਕ ਸੁਣਨ ਤੋਂ ਪਹਿਲਾਂ ਹੀ ਜਿਵੇਂ ਚਾਅ ਚੜ੍ਹ ਗਿਆ ਹੋਵੇ – “ ਤਥਾ ਅਸਤੂ ...ਤਥਾ ਅਸਤੂ ਸ਼੍ਰੀਮਾਨ ਖੰਜਰ ਜੀਈ , ਧੰਨਅ ਹੋਅ...ਧੰਨ ਹੋਅ...। ਇੰਤਜ਼ਾਰ ਕੈਸਾ...ਆਜ ਹੀ ਲੀਜੀਏ , ਅਭੀ ਲੀਜੀਏ ਹਮਰਾ ਐਕਸ਼ਨ ...। ਪਚਾਸ ਸਾਠ ਕਿਆ ਪਾਂਚ-ਛੀ ਹਜ਼ਾਰ ਕੀ ਪ੍ਰਾਗਰੱਸ ....।“
ਇਸ ਤੋਂ ਅੱਗੇ ਮੱਖਣ ਤੋਂ ਉਨ੍ਹਾਂ ਦੀ ਬਾਤ-ਵਾਰਤਾ ਸੁਣੀ ਨਹੀਂ ਸੀ ਗਈ । ਪਸੀਨਾ-ਪਸੀਨਾ ਹੋਇਆ ਉਹ ਤ੍ਰਭਕ ਕੇ ਉਠ ਬੈਠਾ । ਉਸ ਨੂੰ ਥੋੜ੍ਹਾ ਕੁ ਚਿਰ ਪਹਿਲਾਂ ਆਈ ਨੀਂਦ ਜਿਵੇਂ ਪਰ ਲਾ ਕੇ ਉਡ ਗਈ ਸੀ । ਉਸਦੇ ਸਿੱਥਲ ਹੋਏ ਅੰਗ-ਪੈਰ ਆਪ-ਮੁਹਾਰੇ ਕੰਬੀ ਜਾ ਰਹੇ ਸਨ । ਨਾ ਉਸ ਨੂੰ ਉਠ ਕੇ ਬੈਠੇ ਨੂੰ ਚੈਨ ਆਉਂਦੀ ਸੀ ,ਨਾ ਲੰਮਾ ਪਿਆ ਜਾਂਦਾ ਸੀ ਬਿਸਤਰ ‘ਤੇ । ਤਰਲੋਮੱਛੀ ਹੋਇਆ ਉਹ ਕਦੀ ਬਾਹਰ ਵਿਹੜੇ‘ਚ ਘੁੰਮਣ ਲਗਦਾ , ਕਦੀ ਮੁੜ ਅੰਦਰ ਜਾ ਬੈਠਦਾ । ਬੇ-ਚੈਨ ਹੋਏ ਨੂੰ ਉਸਨੂੰ ਦਿਨ ਵੇਲੇ ਸਹਿਸੁਭਾ ਹੋਈ –ਕੀਤੀ ਗ਼ਲਤੀ ਵਾਰ ਵਾਰ ਚੇਤੇ ਆ ਰਹੀ ਸੀ । ਸੂਬੇਦਾਰ ਗਿਆਨ ਸਿੰਘ ਦੀ ਨਸੀਅਤ ਨੂੰ ਬੇਧਿਆਨ ਕਰਕੇ ਉਸਨੇ ਬੀਤੇ ਕਲ੍ਹ ਦੀ ਅਖ਼ਬਾਰ ਫਿਰ ਕਿੰਨੀ ਸਾਰੀ ਪੜ੍ਹ ਲਈ ਸੀ ।
ਉਹੀ ਅਖ਼ਬਾਰ ਦੀਨ ਦਿਆਲ ਸਾਹਮਣੇ ਖੁੱਲ੍ਹੀ ਪਈ ਦੇਖ ਕੇ ਮੱਖਣ ਰਹਿੰਦਾ ਵੀ ਬੌਂਦਲ ਗਿਆ । ਪੂਰਾ ਤਾਣ ਲਾ ਕੇ ਉਸਨੇ ਇਸ ਅਖ਼ਬਾਰ ‘ਤੇ ਆ ਪਈ ਨਿਗਾਹ ਨੂੰ ਐਧਰ ਓਧਰ ਕਰਨ ਦਾ ਯਤਨ ਕੀਤਾ ਵੀ , ਪਰ ਇਹ ਮੁੜ ਘੜੀ ਇਹ ਉੱਤੇ ਛਪੀ ਵੱਡੀ ਸੁਰਖੀ ‘ਤੇ ਆ ਟਿਕਦੀ ।
ਏਸੇ ਵੱਡੀ ਸੁਰਖੀ ਨੇ ਉਸ ਨੂੰ ਕਲ੍ਹ ਸਾਰਾ ਦਿਨ ਜਿਵੇਂ ਸੂਲੀ ਟੰਗ ਰੱਖਿਆ ਸੀ । ਰਾਤ ਸੁਣੀ ਬਾਤ-ਚੀਤ ਨੇ ਉਸਦੇ ਸਾਹ-ਸਤ ਹੋਰ ਵੀ ਸੂਤ ਲਏ ਸਨ ।...ਇਵੇਂ ਦੀ ਬਾਤ-ਚੀਤ ਉਸਨੇ ਪਹਿਲੋਂ ਕਦੀ ਨਹੀਂ ਸੀ ਸੁਣੀ । ਲਿੱਪੀ-ਪੋਚੀ ਜਿਹੀ, ਸਹਿਜ ਜਾਪਦੀ , ਮੀਸਣੀ ਜਿਹੀ ਵਾਰਤਾਲਾਪ । ਹੁਣ ਤਕ ਉਸਨੇ ਬੜਾ ਕੁਝ ਖੌਫਨਾਕ ਹੁੰਦਾ-ਵਾਪਰਦਾ ਦੇਖਿਆ ਸੀ । ਇਕ ਤੋਂ ਇਕ ਡਰਾਉਣੀਆਂ ਦਰਦਨਾਕ ਆਵਾਜ਼ਾਂ ਵੀ ਸੁਣੀਆਂ ਸਨ ,ਬਹੁਤੀ ਵਾਰ ਸੁੱਤਿਆਂ ਪਿਆਂ ਰਾਤ ਸਮੇਂ ਜਾਣੇ ਪਛਾਣੇ ਸ਼ਹਿਰਾਂ-ਕਸਬਿਆਂ ਦੇ ਘਰ-ਬਾਜ਼ਾਰ ,ਗਲੀਆਂ-ਮੁਹੱਲੇ,ਝੁੱਗੀਆਂ-ਢਾਰੇ ਸ਼ਰ੍ਹੇਆਮ ਸਾੜੇ-ਫੂਕੇ ਜਾਂਦੇ ਦਿਸਦੇ ਰਹੇ ਸਨ , ਉਸਨੂੰ । ਉਸਦੀ ਯੂਨਿਟ ਦੇ ਜੋਟੀਦਾਰ ਸਿਪਾਹੀ ਰਾਮ ਲਾਲ , ਲਾਂਸ-ਨੈਕ ਕਰਮਦੀਨ ਦੇ ਹਮਸ਼ਕਲ ਹਮਵਤਨੀ ਇਕ ਦੂਜੇ ਵਿਰੁੱਧ ਮੋਰਚਿਆਂ ‘ਤੇ ਡਟੇ ਚੀਕਾਂ-ਚਾਂਗਰਾਂ ਮਾਰਦੇ , ਇਕ ਦੂਜੇ ਦੀ ਸਾੜ-ਫੂਕ , ਵੱਢ-ਟੁੱਕ ਕਰਦੇ ਵੀ ਕਈ ਵਾਰ ਦੇਖੇ ਸੁਣੇ ਸਨ ਉਸਨੇ ।
ਉਸ ਨੇ ਜਿੰਨੀ ਵਾਰ ਵੀ ਇਵੇਂ ਦੀ ਘਟਨਾ ਦੇਖੀ-ਪੜੀ , ਓਨੀ ਵਾਰ ਹੀ ਉਸ ਨੇ ਸੂਬੇਦਾਰ ਗਿਆਨ ਸਿੰਘ ਪਾਸ ਉਚੇਚ ਨਾਲ ਅੱਪੜ ਕੇ ,ਪੂਰੇ ਵੇਰਵੇ ਸਹਿਤ ਉਸਨੂੰ ਜਾ ਦੱਸੀ ਸੀ ।
ਇਕ ਵਾਰ ਤਾਂ ਉਸਨੇ ਤਲਖ਼ ਹੋਏ ਨੇ , ਦੰਗਾਕਾਰੀ –ਹੁਲੜਬਾਜ਼ਾਂ ਦੀਆਂ ਸਾਫ਼-ਸਾਫ਼ ਛਪੀਆਂ ਤਸਵੀਰਾਂ ਵਾਲੀ ਅਖ਼ਬਾਰ ਸ਼ਾਮੀਂ ਮੈੱਸ ‘ਚ ਬੈਠੇ ਸੂਬੇਦਾਰ ਗਿਆਨ ਸਿੰਘ ਸਾਹਮਣੇ ਰੱਖਦਿਆਂ ਸਿੱਧਾ ਸਪਾਟ ਪੁੱਛ ਲਿਆ ਸੀ – “ ਸਾਬ੍ਹ , ਜੀਈ , ਆਹ ਕੀ ਹੋਈ ਜਾਂਦਾ । ਏਹ ਹਿੰਦੂ ਮੁਸਲਮਾਨ ਆਪੋ ਵਿਚ ਹੀ ਕਾਤ੍ਹੋਂ ਲੜੀ ਜਾਂਦੇ ਆ । ਆਹ ਚਾਰ-ਚੁਫੇਰੇ ਹਰਲ-ਹਰਲ ਕਰਦੀ ਫੌਜ ਏਨ੍ਹਾਂ ਨੂੰ ਰੋਕਦੀ ਕਿਉਂ ਨਈਂ । ਦੌਂਹ-ਚੌਂਹ ਨੂੰ ਫੜ ਕੇ , ਚੌਂਕ ‘ਚ ਖੜ੍ਹਾ ਕੇ ਗੋਲੀ ਕਿਉਂ ਨਈਂ ਮਾਰਦੀ ....? ਹੱਦਾਂ-ਸਰਹੱਦਾਂ ‘ਤੇ ਇਹ ਹਰੋਜ਼ ਈ ਕੋਈ ਨਾ ਕੋਈ ਚਿੰਜੜੀ ਛੇੜੀ ਰੱਖਦੀ ਆ ...।“
ਸੂਬੇਦਾਰ ਗਿਆਨ ਸਿੰਘ ਦੇ ਪੀਤੇ ਦੋ ਕੁ ਪੈੱਗ ਇਕ ਦਮ ਸਿਫ਼ਰ ਹੋ ਗਏ ਸਨ । ਕਾਫੀ ਸਾਰਾ ਹੈਰਾਨ-ਪ੍ਰੇਸ਼ਾਨ ਹੋਏ ਨੇ ਉਸਨੇ ਮੱਖਣ ਨੂੰ ਥੋੜ੍ਹਾ ਖਿਝ ਕੇ ਆਖਿਆ ਸੀ – “ ਓਏ ਭਲਿਆ ਲੋਕਾ , ਅਕਲ ਕਰ ਅਕਲ ! ਐਥੋਂ ਦੀਆਂ ਕੰਧਾਂ ਤਾਂ ਕੀ ਮੇਜਾਂ-ਕੁਰਸੀਆਂ ਦੇ ਕੰਨ ਵੀ ਸਿੱਧੇ ਕਮਾਂਡ ਦਫ਼ਤਰ ਨਾਲ ਜੁੜਿਓ ਆ ...। ਤੂੰ ਮੁਰਆਏਂਗਾ ਮੈਨੂੰ ਵੀ ਤੇ ਆਪ ਨੂੰ ਵੀ ਤੈਨੂੰ ਪਿੱਠੂ ਲੱਗੂ .....। ਉਠ ਚੱਲ ਬਾਹਰ , ਬਾਅਰ ਚੱਲ ਕੇ ਦੱਸਦਾ ....।“
ਮੈੱਸ ਅੰਦਰੋਂ ਬਾਹਰ ਖੁੱਲ੍ਹੀ ਲਾਅਨ ‘ਚ ਬਣੇ ਸੀਮਿੰਟ ਦੇ ਬੈਂਚ ‘ਤੇ ਬੈਠਕੇ ਉਸਨੇ ਮੱਖਣ ਨੂੰ ਝਿੜਕਦਿਆਂ ਸਮਝਾਇਆ ਸੀ – “ ਤੂੰ ਕ੍ਹਾਨੂੰ ਆਪਣੇ ਸਿਰ ‘ਤੇ ਭਾਰ ਪਾਈ ਰੱਖਦਾਂ ,ਖਾਹ-ਮੁਖਾਹ ਦਾ ! ਤੂੰ ਆਪਣੇ ਕੰਮ ਨਾਲ ਵਾਸਤਾ ਰੱਖਿਆ ਕਰ । ਮੁਲਕ ਅੰਦਰਲੀ ਸੁਰੱਖਿਆ ਸਾਡਾ , ਸਾਡੀ ਫੌਜ ਦਾ ਕੰਮ ਨਈਂ । ਏਦੇ ਲਈ ਹੋਰ ਦਲ ਬਥੇਰੇ ਆ । ਸਾਨੂੰ ਫੌਜੀ ਲੋਕਾਂ ਨੂੰ ਤਾਂ ਇਕ ਤਰ੍ਹਾਂ ਨਾਲ ਪੱਕੀ ਮਨਾਹੀ ਐ ਮੁਲਕ ਅੰਦਰਲੇ ਮਸਲਿਆਂ ‘ਚ ਦਖ਼ਲ-ਅੰਦਾਜ਼ੀ ਕਰਨ ਦੀ , ਖਾਸ ਕਰ ਸਿਆਸੀ ਮਸਲਿਆਂ ‘ਚ ...।“
ਥੋੜ੍ਹੀ ਕੁ ਜਿੰਨੀ ਝਿੜਕ ਖਾ ਕੇ ਨਿੰਮੋਝਾਣ ਹੋਏ ਮੱਖਣ ਦਾ ਮੋਢਾ ਥਾਪੜਦਿਆਂ ਸੂਬੇਦਾਰ ਗਿਆਨ ਸਿੰਘ ਨੇ ਉਸਨੂੰ ਭਾਰ-ਮੁਕਤ ਕਰਨ ਦੀ ਮਨਸ਼ਾ ਨਾਲ ,ਉਸ ਨੂੰ ਪਹਿਲੋਂ ਕਈ ਵਾਰ ਦੱਸੇ ਬਿੰਦੂਆਂ ਨੂੰ ਮੁੜ ਵਿਸਥਾਰ ਦੇਂਦਿਆਂ ਕਿਹਾ ਸੀ – “ ਮੱਖਣ ਸਿਆਂ , ਸਾਡੇ ਮੁਲਕ ਦੀ ਮਤਲਬ-ਪ੍ਰਸਤ ਰਾਜਨੀਤੀ , ਮੌਕਾ –ਪ੍ਰਸਤ ਡੇਰਾਦਾਰੀ , ਧਰਮਾਂ ਦੀ ਆੜ ਅੰਦਰ ਥੋੜ੍ਹੇ ਕੁ ਜਿੰਨੇ ਗੁੱਡਾ ਅਨਸਰਾਂ ਨੂੰ ਹੱਥ-ਠੋਕਾ ਬਣਾ ਕੇ ਐਹੋ ਜਿਹੇ ਕਾਰਨਾਮੇ ਕਰਦੀ ਈ ਰਹਿੰਦੀ ਆ ....। ਇਹ ਕਾਰਨਾਮੇ ਅੱਗੇ ਧੂਤਾ ਕਿਸਮ ਦੀਆਂ ਅਖ਼ਬਾਰਾਂ ਦੀਆਂ ਸੁਰਖੀਆਂ-ਇਬਾਰਤਾਂ ਬਣ ਕੇ , ਭਲੇ ਚੰਗੇ ਲੋਕਾਂ ਦੇ ਮਨਾਂ ਅੰਦਰ ਜ਼ਹਿਰ ਨਫ਼ਰਤ ਦੇ ਲਾਂਬੂ ਬਾਲ ਛੱਡਦੇ ਆ ....।“
ਦੁਰਗੇ ਦੀ ਹੱਟੀ ਅੰਦਰ ਆ ਬੈਠੇ ਮੱਖਣ ਨੂੰ ਸੂਬੇਦਾਰ ਗਿਆਨ ਸਿੰਘ ਤੋਂ ਸੁਣੀ-ਸਮਝੀ , ਪੂਰੇ ਦਾ ਪੂਰਾ ਸੱਚ ਬਣ ਕੇ ਉਸਦੇ ਸਾਹਮਣੇ ਖੜ੍ਹੀ ਦਿੱਸੀ । ...ਬੀਤੇ ਕਲ੍ਰ ਦੀ ਅਖ਼ਬਾਰ ਆਪਣਾ ਸੁਰਖੀ-ਇਬਾਰਤੀ ਕਾਰਜ ਕਰ ਚੁੱਕੀ ਸੀ । ਮੱਖਣ ਨਾਲ ਹੱਸਣ-ਖੇਲ੍ਹਣ ਵਾਲੇ ਦੁਰਗੇ ਦੇ ਭਰਾ-ਭਾਈ ਜ਼ਹਿਰ-ਨਫ਼ਰਤ ਨਾਲ ਡੰਗ ਹੋਏ, ਉਸ ਵੱਲ ਨੂੰ ਵੱਢ-ਖਾਣੀਆਂ ਨਜ਼ਰਾਂ ਨਾਲ ਦੇਖਦੇ, ਸੱਤ-ਪਰਾਇਆਂ ਨਾਲੋਂ ਵੀ ਵੱਧ ਓਪਰੇ ਬਣੇ ਬੈਠੇ ਸਨ । ਹੁਣ ਤਕ ਉਸਦੇ ਆਦਰ-ਸਤਿਕਾਰ ਦਾ ਪਾਤਰ ਰਿਹਾ ਤਾਇਆ ਦੀਨ ਦਿਆਲ ,ਮੌਕਾ-ਪ੍ਰਸਤ ਨੀਤੀਵਾਨਾਂ , ਮਤਲਬ-ਪ੍ਰਸਤ ਡੇਰਾਦਾਰਾਂ ਦੀ ਪਾਲ ‘ਚ ਖੜ੍ਹਾ , ਅੰਦਰ ਜੁੜੀ ਢਾਣੀ ਨੂੰ ਅਗਲੇਰੀ ਕਾਰਵਾਈ ਕਰਨ ਦਾ ਪੌਂਖਾ ਦੇ ਰਿਹਾ ਸੀ ।
ਇਕ ਦਮ, ਰਾਤ ਸੁਣੀ , ਬਾਤ –ਵਾਰਤਾ ਮੱਖਣ ਦੇ ਕੰਨਾਂ ‘ਚ ਫਿਰ ਤੋਂ ਗੂੰਜ ਉਠੀ । .....ਉਸਨੂੰ ਲੱਗਾ, ਪੰਜਾਹ ਸੱਠ ਰਾਮ-ਸੇਵਕਾਂ ਦੀ ਥਾਂ ਪੰਜ-ਛੇ ਹਜ਼ਾਰ ਦੀ ਪ੍ਰਾਗਰੈਸ ਦੇਣ ਦੀ ਗੱਲ ਦੂਜੀ ਆਵਾਜ਼ ਨੇ ਨਹੀਂ, ਦੀਨ ਦਿਆਲ ਨੇ ਆਖੀ ਹੈ ,ਸ਼ੈੱਲਰ ਮਾਲਕ ਦੀਨ ਦਿਆਲ ਨੇ । ਅਗਲੇ ਹੀ ਛਿਨ ਉਸਨੂੰ ਇਕ ਪਾਸੇ, ਰੇਲ-ਗੱਡੀ ‘ਚ ਫਸੇ ਪੰਜਾਹ-ਸੱਠ ,ਜੀਉਂਦੇ-ਜਾਗਦੇ ਰਾਮ ਭਗਤ ਸੜਦੇ ਨਜ਼ਰ ਆਉਣ ਲੱਗ ਪਏ । ਦੂਜੇ ਪਾਸੇ , ਪੰਜ-ਛੇ ਹਜ਼ਾਰ ਦੀ ਗਿਣਤੀ ‘ਚ ਗਰੀਬ-ਗੁਰਬੇ , ਬਾਲ-ਬੱਚੇ , ਬਿਰਧ-ਇਸਤਰੀਆਂ , ਘਰਾਂ-ਬਾਜ਼ਾਰਾਂ ‘ਚ ਸਾੜੀਂਆਂ-ਫੂਕੀਆਂ ਢੇਰੀ ਹੋਈਆਂ ਦਿਸਣ ਲੱਗ ਪਈਆਂ । ਉਸਦੀ ਉਲਝੀ-ਬਿਗੜੀ ਹਾਲਤ ਹੋਰ ਵੀ ਬਿਗੜ ਗਈ । ਹੱਟੀ ਅੰਦਰ ਬੈਠਾ ਉਹ ਚਕਰਾ ਜਿਹਾ ਗਿਆ । ਡੌਰ-ਭੌਰ ਹੋਏ ਦੀ ਡਰੀ –ਸਹਿਮੀ ਨਿਗਾਹ , ਆਪ ਮੁਹਾਰੇ ਐਧਰ-ਉਧਰ ਘੁੰਮ ਗਈ । ....ਉਸਨੁੰ ਵੇਲੇ-ਕੁਵੇਲੇ ਢਾਰਸ ਦੇਣ ਵਾਲਾ ਇਥੇ ਨਾ ਸੂਬੇਦਾਰ ਗਿਆਨ ਸਿੰਘ ਸੀ , ਨਾ ਉਸਦੇ ਜੋਟੀਦਾਰ ਸਿਪਾਹੀ ਰਾਮ ਲਾਲ , ਲਾਂਸ-ਨੈਕ ਕਰਮਦੀਨ ।
ਥੋੜ੍ਹੇ ਕੁ ਚਿਰ ਤੋਂ ਉਸਨੇ , ਵਿਚ-ਵਾਰ ਦਿਸਦੀਆਂ ਰਹਿੰਦੀਆਂ ਖੌਫ਼ਨਾਕ ਘਟਨਾਵਾਂ ,ਸੁਣਦੀਆਂ ਰਹਿੰਦੀਆਂ ਅਜੀਬੋ-ਗਰੀਬ ਆਵਾਜ਼ਾਂ ਦਾ ਜ਼ਿਕਰ ਸੂਬੇਦਾਰ ਗਿਆਨ ਸਿੰਘ ਤੋਂ ਇਲਾਵਾ ਇਨ੍ਹਾਂ ਯੂਨਿਟ ਜੋਟੀਦਾਰਾਂ ਕੋਲ ਵੀ ਕਰਨਾ ਸ਼ੁਰੂ ਕਰ ਦਿੱਤਾ ਸੀ ।
ਪਹਿਲੋਂ-ਪਹਿਲ ਤਾਂ ਸਿਪਾਹੀ ਰਾਮ ਲਾਲ , ਲਾਂਸ-ਨੈਕ ਕਰਮਦੀਨ ਮੱਖਣ ਦੇ ਆਖੇ-ਦੱਸੇ ਨੂੰ ਹਾਸੇ-ਹਾਸੇ ‘ਚ ਟਾਲਦੇ ਰਹੇ , ਪਰ ਪਿੱਛੋਂ ਉਸਨੂੰ ਸੱਚ-ਮੁੱਚ ਹੀ ਡੌਰ-ਭੌਰ ਜਿਹਾ, ਉਦਾਸ-ਪ੍ਰੇਸ਼ਾਨ ਜਿਹਾ ਹੋਇਆ ਰਹਿੰਦਾ ਦੇਖ ਕੇ , ਉਸਨੂੰ ਆ ਚਿਮੜੇ ਅਵੱਲੇ ਕਿਸਮ ਦੇ ਰੋਗ ਦੀ ਆਪਣੀ ਢੰਗ ਨਾਲ ਜਾਂਚ –ਪੜਤਾਲ ਕਰਕੇ , ਉਨ੍ਹਾਂ ਬਣਦੇ-ਸਰਦੇ ਇਲਾਜ ਵੀ ਦੱਸੇ ਸਨ , ਉਸਨੂੰ । ਸਿਪਾਹੀ ਰਾਮ ਲਾਲ ਨੇ ਕਿਹਾ ਸੀ – “ਭਾਈ ਜੀ , ਕਾਕਾ ਬੱਲੀ , ਤੇਰੇ ਤੇ ਕਿਸੇ ਓਪਰੀ ਸ਼ੈਅ ਦਾ ਪਹਿਰਾ ਆ , ਕਿਸੇ ਪਰੇਤ ਰੂਹ ਦਾ । ਓਹੀ ਤੈਨੂੰ ਡਰਾਉਂਦੀ ਆ । ਸੁੱਤਿਆਂ-ਜਾਗਦਿਆਂ ਤੰਗ ਕਰਦੀ ਆ । ਮੇਰੀ ਜਾਚੇ ਉਹ ਤੈਤੋਂ ਬਲੀ ਮੰਗਦੀ ਆ ਕਾਸੇ ਦੀ । ਤੂੰ ਐਂ ਕਰ ,ਇੱਕ ਬੱਕਰਾ ਸੁੱਖ ਕਾਲੇ ਰੰਗ ਦਾ , ਦੂਜੇ ਹੱਥ ਹਉਲਾ ਕੁਰਆ ਕਿਸੇ ਸਿਆਣੇ ਤੋਂ ।....ਸਾਡੇ ਪਿੰਡ ਕੰਗਲੀ ਆਲੇ ਸਾਧਾਂ ਦਾ ਡੇਰਾ ਆ । ਬੜੀ ਕਰਨੀ ਆਲੇ ਸੰਤ ਆ । ਉਹ ਧਾਗਾ-ਤਬੀਤ ਵੀ ਕਰਦੇ ਆ । ਜਲ-ਭਬੂਤਾ ਵੀ ਦਿੰਦੇ ਆ । ਸੱਤ ਭਦਾੜੀਆਂ ਭਰਨੀਆਂ ਪੈਂਦੀਆਂ । ਐਨ ਠੀਕ ਹੋ ਜਾਏਂਗਾ , ਟੱਲੀ ਅਰਗਾ...।“ ਉਮਰੋਂ ਥੋੜ੍ਹਾ ਕੁ ਵੱਡਾ ਹੋਣ ਕਰਦੇ ਰਾਮ ਲਾਲ ਮੱਖਣ ਨੂੰ ਕਰਕੇ ਕਾਕਾ ਬੱਲੀ ਕਹਿ ਕੇ ਬੁਲਾਉਂਦਾ ਸੀ , ਵਿਚ-ਵਾਰ ਭਾਈ ਜੀ ਕਹਿ ਕੇ । ਰਹਿਤ ਮਰਯਾਦਾ ਰੱਖਦਾ ਹੋਣ ਕਰਕੇ ।
ੳਸਦੇ ਹਮ-ਉਮਰ ਕਰਮ ਦੀਨ ਨੇ ਆਪਣੇ ਵੱਡੇ-ਵਡੇਰਿਆਂ ਦੀ ਇਬਾਦਤ ਵਾਲੀ ਥਾਂ ਦੀ ਦੱਸ ਪਾਉਂਦਿਆਂ ਦੱਸਿਆ ਸੀ – “ ਮੱਖਣ ਵੀਰੇ, ਤੈਤੋਂ ਕੋਈ ਭੁੱਲ ਹੋ ਗਈ ਆ । ਕਿਸੇ ਸਖ਼ਤੇ ਥਾਂ ‘ਤੇ ਪੈਰ ਰੱਖਿਆ ਗਿਆ । ਕਿਸੇ ਸਾਈਂ-ਫ਼ਕੀਰ ਦੀ ਕਬਰ ਅਲ੍ਹ ਮੂੰਹ ਕਰਕੇ ਪਿਸ਼ਾਬ ਹੋ ਗਿਆ ਤੈਂਤੋਂ । ਤੂੰ ਐਂ ਕਰ , ਚੱਲ ਮੇਰੇ ਨਾਲ ਕਿਸੇ ਦਿਨ । ਮੀਰਾਂ ਕੋਟ ਲਾਗੇ ਦਰਗਾਹ ਐਂ ਸਾਈਂ ਬੁੱਢਣ ਸ਼ਾਹ ਦੀ ।ਬੜੀ ਮਾਨਤ ਐ ਉਸ ਥਾਂ ਦੀ । ਕੀ ਹਿੰਦੂ , ਕੀ ਮੁਸਲਮਾਨ , ਕੀ ਸਿੱਖ , ਕੀ ਇਸਾਈ , ਸਾਰੇ ਧਰਮਾਂ ਦੇ ਲੋਕੀਂ ਆਉਂਦੇ ਆ ਉਥੇ । ਸਾਰੇ ਇਕੋ ਥਾਂ ਬੈਠਕੇ ਪ੍ਰਸ਼ਾਦ ਲੈਂਦੇ ਆ । ਵੀਰਵਾਰ ਦੇ ਵੀਰਵਾਰ ਦੇਗਾਂ ਚੜ੍ਹਦੀਆਂ । ਖੀਰਾਂ-ਬਹੁਲਿਆਂ ਦਾ ਤਾਂ ਸਾਬ੍ਹ ਈ ਕੋਈ ਨਈਂ । ਓਥੇ , ਉਸ ਪਿੰਡ ਦੀ ਜੂਹ ‘ਚ ਪੁਜਦਿਆਂ ਸਾਰ ‘ਰਾਮ ਆਇਆ ਕਿ ਆਇਆ । “
ਮੱਖਣ ਨੇ ਉਨ੍ਹਾਂ ਦੋਨਾਂ ਦੇ ਦੱਸੇ ਇਲਾਜ ਬੜੇ ਧਿਆਨ ਨਾਲ ਸੁਣੇ ਸਨ । ਸੁਣੇ ਹੀ ਨਹੀਂ , ਨਾਲ ਦੀ ਨਾਲ ਘੋਖਿਆ-ਪਰਖਿਆ ਵੀ ਸੀ ਅਪਣੀ ਸਮਝ ਮੁਤਾਬਕ । ...ਉਸਦੇ ਆਪਣੇ ਪਿੰਡ ਆਲਮਪੁਰ ਅੰਦਰ ਵੀ ਉਨ੍ਹਾਂ ਦੋਨਾਂ ਦੇ ਦੱਸੇ ,ਦੋਨੋਂ ਕਿਸਮ ਦੇ ਸਥਾਨ ਉਪਲਭਦ ਸਨ । ਪਿੰਡ ਦੀ ਚੜ੍ਹਦੀ ਬਾਹੀ ਭੂਰੇ ਸਾਧ ਦਾ ਡੇਰਾ ਸੀ । ਹਰ ਰੋਜ਼ ਹੀ ਉਥੇ ਕੋਈ ਨਾ ਕੋਈ ਓਪਰੀ ਕਸਰ ਵਾਲਾ ਆਇਆ ਹੁੰਦਾ । ਬਹੁਤਾ ਕਰਕੇ ਜੁਆਨ-ਜਹਾਨ ਕੁੜੀਆਂ । ਕਦੀ ਕਿਸੇ ਪਿੱਡੋਂ ਕਦੀ ਕਿਸੇ ਘਰੋਂ । ਵੱਡੇ ਘਰਾਂ ਤੋਂ ਘੱਟ , ਕੰਮੀਂ-ਕਮੀਣਾਂ ਵਿਹੜਿਓਂ ਬਹੁਤੀਆਂ । ਭੂਰੇ ਸਾਧ ਦਾ ਚਿਮਟਾ ਨੌਜਵਾਨ ਕੁੜੀਆਂ ਦੇ ਪਿੰਡੇ ਸੇਕਦਾ ਰਹਿੰਦਾ ।ਉਸਦੇ ਚੇਲੇ-ਚਾਟਕੇ ਕੁੜੀਆਂ ਦੇ ਖਿਲਰੇ ਵਾਲਾਂ ਨੂੰ ਜੂੜ ਦੇ ਕੇ ਉਨ੍ਹਾਂ ਨੂੰ ਸਿੱਧਾ ਬਿਠਾਈ ਰੱਖਦੇ । ਹਾਲੋਂ-ਬੇਹਾਲ ਹੋਈਆਂ ‘ਡੋਲੀਆਂ’ ਚੀਕਾਂ-ਚਾਂਗਰਾਂ ਮਾਰਦੀਆਂ ਹਾਰ ਕੇ ਬੇ-ਹੋਸ਼ ਹੋ ਕੇ ਡਿੱਗ ਪੈਂਦੀਆਂ । ਸਾਧ ਧਾਗਾ-ਤਬੀਤ ਦੇ ਕੇ ਆਉਂਦੇ ਐਤਵਾਰ ਫਿਰ ਸੱਦ ਲੈਂਦਾ ।
ਉਸਦੇ ਪਿੰਡ ਦੀ ਲਹਿੰਦੀ ਬਾਹੀ ਪੀਰ ਆਲਮ ਸ਼ਾਹ ਦੀ ਦਰਗਾਹ ਸੀ । ਹਰ ਵੀਰਵਾਰ ਪੀਰ ਦੀ ਕਬਰ ‘ਤੇ ਦੇਗ ਚੜ੍ਹਦੀ ਸੀ । ਜੋਤਾਂ ਜਗਦੀਆਂ । ਓਪਰੀਆਂ ਕਸਰਾਂ ਵਾਲੀਆਂ ਦੇ ਵਾਲੀ-ਵਾਰਸ ਸੁੱਖਣਾ ਸੁੱਖਦੇ । ਵਰ੍ਹੇ-ਛਿਮਾਹੀ ਚਾਦਰ –ਪੋਸ਼ੀ ਮੇਲਾ ਲਗਦਾ । ਦੁਧਾਰ-ਪਸ਼ੂਆਂ ਦੀ ਤੰਦਰੁਸਤੀ ਦੀ , ਨਗਰ-ਖੇੜੇ ਦੇ ਸੁੱਖੀ ਵਸਣ ਦੀ ਕਾਮਨਾ ਕੀਤੀ ਜਾਂਦੀ । ਪਿੰਡ ਦੀਆਂ ਸਾਰੀਆਂ ਪੱਤੀਆਂ ਸਮੇਤ ਆਸ-ਪਾਸ ਦੇ ਪਿਡਾਂ ਦੇ ਲੋਕੀਂ ਤਕੀਏ ‘ਤੇ ਖੀਰ-ਦੁੱਧ ਚਾੜ੍ਹੇ ਬਿਨਾਂ , ਦੁੱਧ ਨੂੰ ਜਾਗ ਲਾਉਣਾ ਸ਼ੁਰੂ ਨਹੀਂ ਕਰ ਸਕਦੇ ।
ਇਨ੍ਹਾਂ ਦੋਨਾਂ ਥਾਵਾਂ ‘ਤੇ ਆਉਂਦਾ ਰਿਹਾ ਕੋਈ ਬਾਹਰਲੀ ਕਸਰ ਵਾਲਾ ਰਾਜ਼ੀ ਹੁੰਦਾ ਮੱਖਣ ਨੇ ਸੁਣਿਆ-ਦੇਖਿਆ ਹੋਵੇ , ਇਹ ਤਾਂ ਉਸਨੂੰ ਯਾਦ-ਚਿੱਤ ਨਹੀਂ ਸੀ ਰਿਹਾ , ਪਰ ਏਨਾ ਜ਼ਰੂਰ ਚੇਤੇ ਸੀ ਉਸਨੂੰ ਕਿ ਏਨ੍ਹਾਂ ਥਾਵਾਂ ‘ਤੇ ਪੁਜਦੇ ਕਈ ਸਾਰੇ ਪਿੰਡਾਂ ਦੇ ਸਾਰੇ ਧਰਮਾਂ-ਮਜ਼ਹਬਾਂ , ਜਾਤਾਂ-ਗੋਤਾਂ ਦੇ ਲੋਕਾਂ ‘ਚੋਂ ਕਿਸੇ ਇਕ ਨੇ ਦੂਜੇ ਨੂੰ ਓਪਰਾ ਨਹੀਂ ਸੀ ਸਮਝਿਆ । ਕਿਸੇ ਨਾਲ ਖੁੰਦਕਬਾਜ਼ੀ ਨਹੀਂ ਸੀ ਕੀਤੀ । ਕਿਸੇ ਡੇਰਾਦਾਰ ਨੇ , ਕਿਸੇ ਨੀਤੀਵਾਨ ਨੇ ਕਿਸੇ ਵੀ ਤਰ੍ਹਾਂ ਦਾ ਲੜਾਈ-ਝਗੜਾ, ਦੰਗਾ-ਫਸਾਦ ਕਰਵਾਉਣ ਲਈ ਇਕ ਦੂਜੇ ਦੇ ਮੂੰਹਾਂ ‘ਤੇ ਜਾਂ ਪਿੱਠ ਪਿੱਛੇ , ਉਵੇਂ ਦੀ ਬਾਤ-ਚੀਤ ਭੁੱਲ ਕੇ ਵੀ ਨਹੀਂ ਸੀ ਕੀਤੀ , ਜਿਵੇਂ ਦੀ ਮੱਖਣ ਨੇ ਇਸ ਵਾਰ ਸੁਣੀ ਸੀ , ਪਿੰਡ ਦੀ ਜੂਹ ‘ਚ ਆਏ ਨੇ । ਸ਼ਹਿਰਾਂ-ਕਸਬਿਆਂ ‘ਚ ਹੁੰਦੀ ਵਾਪਰਦੀ ਤਾਂ ਉਹ ਆਏ ਦਿਨ ਸੁਣਦਾ –ਦੇਖਦਾ ਰਹਿੰਦਾ ਸੀ , ਸੁੱਤਾ-ਜਾਗਦਾ ।
ਉਹ ਨਾ ਤਾਂ ਸਿਪਾਹੀ ਰਾਮ ਲਾਲ ਦੇ ਪਿੰਡ ਲਾਗੇ ਦੇ ਡੇਰੇ ‘ਤੇ ਜਾਣ ਲਈ ਰਾਜ਼ੀ ਹੋਇਆ ਸੀ , ਨਾ ਲਾਂਸ-ਨੈਕ ਕਰਮਦੀਨ ਦੇ ਦੱਸੇ ਤਕੀਏ ‘ਤੇ । ਉਨ੍ਹਾਂ ਦੋਨਾਂ ਦੇ ਵਾਰ ਵਾਰ ਆਖਣ ਦੇ ਬਾਵਜੂਦ । ਉਹ ਦੋਨੋਂ , ਦਸੀਂ-ਪੰਦਰੀਂ ਦਿਨੀਂ ਮੱਖਣ ਮੂੰਹੋਂ ਮੁੜ-ਘੜੀ ਉਹੋ ਜਿਹੀ ਵਿਥਿਆ , ਉਹੋ ਜਿਹੀ ਵਾਰਤਾ ਸੁਣਦੇ ਹੋਰ ਤੋਂ ਹੋਰ ਫਿਕਰਮੰਦ ਹੁੰਦੇ ਗਏ ਹਨ । ਉਸ ਦਿਨ ...ਉਸ ਰਾਤ ਤਾਂ ਉਨ੍ਹਾਂ ਦੀ ਫਿਕਰਮੰਦੀ ਬਹੁਤ ਹੀ ਡੂੰਘੀ ਤਰ੍ਹਾਂ ਦੀ ਚਿੰਤਾ ਵਿਚ ਬਦਲ ਗਈ ਸੀ । ਉਨ੍ਹਾਂ ਲਾਗੇ ਸੁੱਤਾ ਪਿਆ ਮੱਖਣ ਤ੍ਰਭਕ ਕੇ ਉਠ ਬੈਠਾ ਸੀ । ਉਠਦਿਆਂ ਸਾਰ ਉੱਚੀ-ਉੱਚੀ ਰੌਲਾ ਪਾਉਣ ਲੱਗ ਪਿਆ ਸੀ , “ ਬੁਝਾਓ , ਬੁਝਾਓ ...ਬੁਝਾਉਂਦੇ ਕਿਉਂ ਨਹੀਂ ...ਤਮਾਸ਼ਾ ਕੀ ਦੇਖੀ ਜਾਨ ਓਂ...ਤੁਸੀ ਅੰਨ੍ਹੇ ਓਂ ਕਿ ਬੋਲੇ, ਤੁਸੀ ਬੰਦੇ ਓਂ ਕਿ ਜਾਨਵ ....। “ ਉਸਦੇ ਨਾਲ ਦੇ ਬੈੱਡ ‘ਤੇ ਸੁੱਤੇ ਪਏ ਕਰਮਦੀਨ ਦੀ ਜਾਗ ਰਾਮ ਲਾਲ ਨਾਲੋਂ ਪਹਿਲਾਂ ਖੁੱਲ੍ਹ ਗਈ ਸੀ । ਉਸਨੇ ਮੱਖਣ ਸਿੰਘ ਦਾ ਮੋਢਾ ਅੱਛਾ-ਖਾਸਾ ਹਿਲੂਣਦਿਆਂ ਪੁੱਛਿਆਂ ਸੀ –“ ਕੀ ਹੋਇਆ ਮੱਖਣਾ , ਕਿਦ੍ਹੇ ਨਾਲ ਝਗੜੀ ਜਾਨਾਂ ! ਕ੍ਹਿਨੂੰ ਤਲਖ਼ ਹੋਈ ਜਾਨਾਂ ...? ਕਾਫੀ ਸਾਰਾ ਹਿਲਾਉਂਦ-ਜੁਲਾਉਂਣ ਪਿੱਛੋਂ ਉਹ ਮਸਾਂ ਸੁਰਤ ਸਿਰ ਹੋਇਆ ਸੀ – “ ...ਇੱਕ ਸਾਲੇ ਸੁਕੜੇ ਜੇਏ ਨੇ ਪਤਾ ਨਈਂ ਕੇਦ੍ਹੇ ਬੱਚੇ ਕਾਰ ‘ਚ ਹੁੜ ਕੇ ਅੱਗ ਲਾ ‘ਤੀ ....ਬੱਚੇ ਬਚਾਏ ਸੜਦੇ ਤੜਫਦੇ ਚੀਕਾਂ ...।“ ਇਸ ਤੋਂ ਅੱਗੇ ਉਸਤੋਂ ਕੁਝ ਵੀ ਨਹੀਂ ਸੀ ਦੱਸਿਆ ਗਿਆ । ਭਰ ਹੋਏ ਗਲੇ ‘ਚੋਂ ਉਸਦੀ ਭੁੱਬ ਨਿਕਲ ਗਈ ਸੀ । ਪਰ ,ਝੱਟ ਹੀ ਆਪਣਾ ਆਪ ਸੰਭਾਲ , ਐਧਰ-ਓਧਰ ਦੇਖੇ ਬਿਨਾਂ , ਉਸ ਮੂੰਹ-ਸਿਰ ਲਪੇਟ ਕੇ ਪਿਆ , ਸਵੇਰ ਤਕ ਨਹੀਂ ਸੀ ਹਿੱਲਿਆ ।
ਅਗਲਾ ਸਾਰਾ ਦਿਨ ਵੀ ਉਹ ਡੌਰ-ਭੌਰ ਹੋਇਆ ਰਿਹਾ ।
ਉਸ ਦਿਨ ਡਿਊਟੀ ਤੋਂ ਫਾਰਗ ਹੋ ਕੇ , ਉਹ ਸ਼ਾਮੀਂ ਬੈਰਕ ਆਉਣ ਦੀ ਬਜਾਏ ਸਿੱਧਾ ਮੈੱਸ ਚਲੇ ਗਿਆ ਸੀ ।ਦੋ-ਚਾਰ ਪੈੱਗ ਉਪਰੋ –ਥਲੀ ਮਾਰੇ ਸਨ । ਪਰ , ਉਸਦੇ ਦਿਲ-ਦਿਮਾਗ ‘ਤੇ ਪਿਆ ਭਾਰ ਹਲਕਾ ਹੋਣ ਦੀ ਥਾਂ ਹੋਰ ਬੋਝਲ ਹੁੰਦਾ ਗਿਆ ਸੀ ।
ਹਾਰ ਕੇ ਉਹ ਫਿਰ ਸੂਬੇਦਾਰ ਗਿਆਨ ਸਿੰਘ ਪਾਸ ਅੱਪੜ ਗਿਆ ਸੀ , ਉਸਦੇ ਕੁਆਟਰ ‘ਚ । ਖੁੱਲ੍ਹਾ-ਖੁਲਾਸਾ ਆਉਣ-ਜਾਣ ਸੀ ਉਸ ਪਾਸ ਪਹਿਲੋਂ ਵੀ । ਘਰ- ਬਾਹਰ ਦੀਆਂ , ਦੇਸ਼-ਮੁਲਕ ਦੀਆਂ , ਐਧਰ-ਓਧਰ ਦੀਆਂ ਨਿੱਕੀਆਂ-ਵੱਡੀਆਂ ਬੇਝਿਜਕ ਕਰ ਲਿਆ ਕਰਦੇ ਸਨ ਦੋਨੋਂ । ਇਕੱਲਵੰਜੇ ਬੈਠ ਕੇ । ਗਿਆਨ ਸਿੰਘ ਨੇ ਉਸ ਦਿਨ ਉਸਦੇ ਦਿਮਾਗੀ ਤੰਤਰ ‘ਚ ਬੱਝਦੀਆਂ ਜਾਂਦੀਆਂ ਗੰਢਾਂ ਦੀ ਚੰਗੀ ਤਰ੍ਹਾਂ ਛਾਣ-ਬੀਣ ਕਰਦਿਆਂ ਉਸਨੂੰ ਦੋ ਨਸੀਅਤਾਂ ਵਰਗੀਆਂ ਹਦਾਇਤਾਂ ਦਿੱਤੀਆਂ ਸਨ । ਉਸ ਨੇ ਕਿਹਾ ਸੀ – “ ਛੋਟੇ ਭਾਈ , ਇਕ ਤਾਂ ਤੂੰ ਅਖਬਾਰ ਨਾ ਪੜ੍ਹਿਆ ਕਰ , ਦੂਜੇ ਵਿਆਹ ਕਰਵਾ ਲੈ ਛੇਤੀ...ਛੁੱਟੀ ਦੀ ਸਿਫਾਰਸ਼ ਮੈਂ ਕਰ ਦਿੰਨਾਂ , ਹੁਣੇ ਈਂ ....।“ ਇਸ ਵਾਰ ਵਿਆਹ ਕਰਵਾਉਣ ਲਈ ਮਿਲੀ ਸਪੈਸ਼ਲ ਲੀਵ ‘ਤੇ ਪਿੰਡ ਆਏ ਨੇ ਉਸਨੇ ਅਖ਼ਬਾਰ ਪੜ੍ਹਨ ਤੋਂ ਕਾਫੀ ਪ੍ਰਹੇਜ਼ ਰੱਖਿਆ । ਹੁਣ ਉਸਦਾ ਸ਼ੌਕ ਰੇਡੀਓ ਗਾਣੇ ਸਨ , ਜਾਂ ਵਿਚ-ਵਾਰ ਖ਼ਬਰਾਂ । ਪਰ ਬੀਤੇ ਕਲ੍ਹ ਲੰਬੜਾਂ ਦੀ ਬੈਠਕੇ ਪਈ ਅਖ਼ਬਾਰ ਦੀ ਵੱਡੀ ਸੁਰਖੀ ਦੇਖ ਕੇ ਉਸਤੋਂ ਰਿਹਾ ਨਹੀਂ ਸੀ ਗਿਆ । ਨਾ ਚਾਹੁੰਦਿਆਂ ਹੋਇਆਂ ਵੀ ੳਸਤੋਂ ਇਸਤੋਂ ਇਸ ਹੇਠਲੀ ਇਬਾਰਤ ਸਾਰੀ ਦੀ ਸਾਰੀ ਪੜ੍ਹ ਹੋ ਗਈ ਸੀ । ਪੜ੍ਹਦਿਆਂ ਸਾਰ ਉਸ ਅੰਦਰ ਉਸੇ ਵੇਲੇ ਢੇਰ ਸਾਰੀ ਉੱਥਲ-ਪੁੱਥਲ ਸ਼ੁਰੂ ਹੋ ਗਈ । ਦੇਰ ਸ਼ਾਮ ਤੱਕ , ਰੰਮ-ਪਾਣੀ ਛਕਦਿਆਂ ਉਸਨੇ ਆਪਣੇ ਵੱਲੋਂ ਇਸ ਨੂੰ ਪੂਰੀ ਤਰ੍ਹਾਂ ਕਾਬੂ ਵੀ ਕੀਤੀ ਰੱਖਿਆ । ਅੱਧੀ ਕੁ ਰਾਤੀਂ ਘਰ ਚੰਗਾ-ਭਲਾ ਮੁੜ ਕੇ , ਠੀਕ-ਠਾਕ ਲੇਟ ਵੀ ਗਿਆ । ਤਾਂ ਵੀ ...ਬਾਕੀ ਬਚਦੀ ਰਾਤ ਉਸਨੂੰ ਜਿਵੇਂ ਕੰਡਿਆਂ ਸੂਲਾਂ ‘ਤੇ ਤੁਰਦਿਆਂ ਕੱਟੀ ਹੋਵੇ । ...ਕਦੀ ਬਾਹਰ ਵਿਹੜੇ ‘ਚ ਕਦੀ ਮੁੜ ਅੰਦਰੇ ਮੰਝੇ ਤੇ । ਉਸਦੇ ਪੈਰਾਂ ਦੀ ਬਿੜਕ ਸੁਣ ਕੇ ਜਾਗੀ , ਧੰਨਤੀ ਨੇ ਉਸਨੂੰ ਕਈ ਵਾਰ ਪੁੱਛਿਆ ਵੀ – “ ਕੀ ਗੱਲ ਆ ਪੁੱਤ ਸੌਂਦਾ ਨਈਂ , ਦੁਖਦਾ ਕੁਸ਼ ....।“
“ ਨਈਂ ਮਾਂ ਕੁਸ਼ ਨਈਂ ਦੁੱਖਦਾ , ਐਮੇਂ ਜ਼ਰਾ ਨੀਂਦ ਉੱਖੜ ਗਈ ਸੀ । “ ਇਸ ਤੋਂ ਵੱਧ ਮੱਖਣ ਮਾਂ ਨੂੰ ਦੱਸਦਾ ਵੀ ਕੀ ...।
ਇਸੇ ‘ ਐਮੇਂ ਜ਼ਰਾ ...’ ਨੇ ਉਸਦੀ ਬੁੱਢੀ ਮਾਂ ਨੂੰ ਹੋਰ ਵੀ ਫਿਕਰਮੰਦ ਕਰ ਦਿੱਤਾ ਸੀ । ਉਸਨੇ ਉਸੇ ਵੇਲੇ ਮੱਖਣ ਦੇ ਬਾਪੂ ਸਾਧੂ ਸਿੰਘ ਨੂੰ ਹਿਲੂਣ ਕੇ ਜਗਾਉਂਦਿਆਂ ਕਿਹਾ ਸੀ – “ ਦੇਖ....ਦੇਖ ਤੂੰ ਲੰਮੀਆਂ ਤਾਣ ਕੇ ਸੁੱਤਾ ਪਿਆਂ , ਮੁੰਡੇ ਬਾਰੇ ਵੀ ਸੋਚ ਕੁਸ਼ ...ਸੁੱਤਾ ਨਈਂ ਰਾਤ ਸਾਰੀ ...ਕਲ੍ਹ ਨੂੰ ਜਾਹ ਵਿਚੋਲੇ ਕੋਅਲ ...। ਉਨੂੰ ਆਖ ਤਰੀਖ਼ ਪੱਕੀ ਕਰਨ, ਨਈਂ ਅਸੀਂ ਹੋਰ ਕੋਈ ਪਾਸਾ ਦੇਖੀਏ ....।“
ਦੂਜੇ ਦਿਨ ਸਵੇਰੇ ਸਵਖ਼ਤੇ ਉਠ ਕੇ ਸਾਧੂ ਸਿੰਘ ਚਾਹ-ਪਾਣੀ ਪੀ ਕੇ ਵਿਚੋਲੇ ਵੱਲ ਚਲੇ ਗਿਆ ਸੀ , ਤੇ ਮੱਖਣ ਅੱਧੋਰਾਣਾ ਹੋਇਆ ,ਘੁੰਮਦਾ ਫਿਰਦਾ ਪਹਿਲਾਂ ਖੇਤ-ਬੰਨੇ ਵੱਲ ਨੂੰ ਨਿੱਕਲ ਗਿਆ ,ਫਿਰ ਦੁਪਹਿਰ ਕੁ ਵੇਲੇ ਪਿੰਡ ਦੀ ਚੜ੍ਹਦੀ ਬਾਹੀ ਆਪਣੇ ਨਿੱਘੇ ਜੁੱਟ , ਲੰਗੋਟੀਏ ਯਾਰ ਦੁਰਗੇ ਦੀ ਹੱਟੀ ‘ਤੇ ਪੁੱਜ ਗਿਆ ਸੀ । ਆਪਣੀ ਵੱਲੋਂ ਚਿੱਤ ਹਲਕਾ ਕਰਨ ਲਈ । ਦੁਰਗੇ ਨਾਲ ਹਾਸਾ-ਠੱਠਾ ਕਰਕੇ , ਗੱਪ-ਸ਼ੱਪ ਮਾਰ ਕੇ । ਪਰ ਏਥੇ ਪੁੱਜ ਕੇ ਉਹ ਰਹਿੰਦਾ ਵੀ ਮਿੱਟੀ ਹੋ ਗਿਆ । ਇਕ ਤਾਂ ਉਸ ਨੂੰ ਉੱਡ ਕੇ ਮਿਲਣ ਵਾਲਾ ,ਉਸ ਨਾਲ ਕੌਡ-ਕਬੱਡੀ , ਖਿੱਦੋ-ਖੂੰਟੀ ਖੇਲ੍ਹਣ ਵਾਲਾ ਦੁਰਗਾ ਉਸ ਨੂੰ ਸੱਤ-ਪਰਾਇਆਂ ਨਾਲੋਂ ਵੀ ਵੱਧ ਰੁੱਖਾ ਹੋ ਕੇ ਟੱਕਰਿਆ ਸੀ , ਤੇ ਦੂਜੇ...ਦੂਜੇ ਹੱਟੀ ਅੰਦਰ ਖੜ੍ਹਾ-ਬੈਠਾ ਹਰ ਕੋਈ ਉਸ ਨੂੰ ਦੇਸ਼-ਦੁਸ਼ਮਣ , ਹੱਦੋਂ ਸਰਹੱਦੋਂ ਪਾਰ ਦਾ ਘੁਸਪੈਠੀਆਂ ,ਕੋਈ ਗੈਰ-ਮੁਲਕੀ ਬਾਸ਼ਿੰਦਾ ਮਿਥ ਕੇ ਉਸ ਵੱਲ ਨੂੰ ਕੌੜੀ ਅੱਖੇ ਦੇਖ ਰਿਹਾ ਸੀ । ਉਸਨੂੰ ਸਮਝ ਨਹੀਂ ਸੀ ਆਉਂਦੀ ਕਿ ਉਸ ਦੇ ਆਪਣੇ ਹੀ ਪਿੰਡ ਦੇ , ਉਸ ਦੇ ਜਾਣੇ –ਪਛਾਣੇ ਭਰਾ-ਭਾਈ , ਕਿਸ ਕਾਰਨ ਉਸ ਨੂੰ ਕੀ ਦਾ ਕੀ ਆਖਣ ਲੱਗੇ ਪਏ ਸਨ । ਉਸ ਦਾ ਪੱਗ-ਵੱਟਾਂ ਨਾਲੋਂ ਵੀ ਨੇੜਤਾ ਦੁਰਗਾ ਕਿਉਂ ਉਸ ਉਤੇ ਸੂਹਾਂ ਲੈਣ ਵਰਗੀ ਇਲਜ਼ਾਮ-ਤਰਾਸ਼ੀ ਕਰਦਾ ,ਉਸ ਦੀ ਸ਼ਕਲ ਵਰਗੇ ਸਿੱਖਾਂ ਨੂੰ ਸਿੱਖੜੇ ਆਖ ਕੇ , ਉਨ੍ਹਾਂ ਦਾ ਇਕ ਵਾਰ ਫਿਰ ’84 ਵਰਗਾ ਇਲਾਜ ਕਰਨ ਦੀ ਧਮਕੀ ਦੇ ਰਿਹਾ ਸੀ ।
ਇਹ ਬੀਤੀ ਰਾਤ ਹੈੱਡ-ਫੂਨ ਰਾਹੀਂ ਸੁਣੀ ਬਾਤ-ਵਾਰਤਾ ਦਾ ਭੈਅ ਸੀ , ਜਾਂ ਦੀਨ ਦਿਆਲ ਦੇ ਪੱਟਾਂ ‘ਤੇ ਖੁੱਲੀ ਪਈ ਅਖ਼ਬਾਰ ਦੀ ਵੱਡੀ ਸੁਰਖੀ ਦਾ ਸਹਿਮ , ਕਿ ਦੁਰਗੇ ਦੀ ਹੱਟੀ ਅੰਦਰ ਬੈਠੇ ਮੱਖਣ ਨੇ ਆਪਣੇ ਆਪ ਨੂੰ ਅਜੀਬ ਕਿਸਮ ਦਾ ਦੁਸ਼ਮਣ-ਘੇਰੇ ਅੰਦਰ ਘਿਰਿਆ ਮਹਿਸੂਸ ਕੀਤਾ ।
ਤਾਂ ਵੀ , ਕਿੰਨਾ ਸਾਰਾ ਤਾਣ ਲਾ ਕੇ ਉਸਨੇ ਆਪਣਾ ਆਪ ਸੰਭਾਲਿਆ , ਜਿਵੇਂ ਚਾਣਚੱਕ ਹੋਈ ਬੰਬ-ਬਾਰੀ ,ਗੋਲਾ-ਬਾਰੀ ਵੇਲੇ ਸੰਭਲਿਆ ਕਰਦਾ ਸੀ , ਅਗਲੇ ਮੋਰਚਿਆਂ ‘ਤੇ । ਉਸਨੇ ਤਰਵੀਂ ਤਰਵੀਂ ਨਿਗਾਹ ਹੱਟੀ ਅੰਦਰ ਖੜ੍ਹੇ-ਬੈਠੇ ਸਾਰੇ ‘ਹਮਲਾਅਵਰਾਂ’ ਤੇ ਸੁੱਟੀ । ਸਾਰੇ ਉਸਦੇ ਜਾਣ-ਪਛਾਣ ਜੀਅ ਸਨ । ਕੋਈ ਦੁਰਗੇ ਦਾ ਤਾਇਆ ਲਗਦਾ ਸੀ । ਕੋਈ ਚਾਚਾ , ਕੋਈ ਭਰਾ-ਭਾਈ । ਉਸਦੀ ਰੀਸੇ ਮੱਖਣ ਵੀ ਕਿਸੇ ਨੂੰ ਤਾਇਆ ਕਹਿ ਕੇ ਬਲਾਉਂਦਾ , ਕਿਸੇ ਨੂੰ ਚਾਚਾ , ਕਿਸੇ ਨੂੰ ਭਾਅ-ਭਰਾ ।
“ਏਹ ਕੀ ਮਾਮਲਾ ਐ ਤਾਇਆ ਜੀ ...ਕੇਦ੍ਹੀ ਚੁੱਕ ‘ਚ ਆਏ ਬੈਠੇ ਓਂ ...।“ ਉਸਦੇ ਦੀਨ ਦਿਆਲ ਨੂੰ ਮੁਖਤਾਬ ਹੁੰਦਿਆਂ ਪੁੱਛਿਆ – “ ਏਹ ਸਿੱਖ ਮੁਸਲਮਾਨ ਤੁਹਾਡੇ ਦੁਸ਼ਮਣ ਕਦ ਦੇ ਬਣ ਗਏ ...?”
“ਚੁੱਕ ਚੁਕਾ ਨਈਂ ਹੌਲਦਾਰਾ , ਸੱਚੀ ਗੱਲ ਆ ਏਹ ।ਦੁਸ਼ਮਣ ਹੋਰ ਕਿੱਦਾਂ ਦੇ ਹੁੰਦੇ ਆ । ਆਹ ਮੁੰਡਾ ਤਾਂ ਐਂਮੇ ਦੀ ਚਿੰਜੜੀ ਛੇੜ ਗਿਆ । ਕੀ ਨਾਂ ਲਈ ਦਾ , ਹੋਈ ਬੀਤੀ ਐਂਮੇਂ ਨਮੇਂ ਸਿਰਿਉਂ ਖੜ੍ਹੀ ਕਰ ‘ਤੀ ਪਰ ਮੁਸਲਿਆਂ ਸੌਹਰੀ ਦਿਆ ਨੇ ਤਾਂ ਅੱਤ ਚੁੱਕੀ ਪਈ ਆ ।ਕਦੀ ਕਿਧਰੇ । ਕੀ ਨਾ ਲਈਦਾ ਆਹ ਹੁਣ ਕੀ ਕੀਤਾ । ਚਲਦੀ ਗੱਡੀ ਸਾਰੀ ਫੂਕ ‘ਤੀ , ਰਾਮ ਸੇਵਕ ਜੀਉਂਦੇ ਸਾੜ ‘ਤੇ । ਆਹ ਦੇਖ , ਆਹ ਪੜ੍ਹ । ਹੱਦ ਹੋ ਗਈ । ਲੋੜ੍ਹਾ ਆ ਗਿਆ ਲੋੜ੍ਹਾ । ਕੀ ਨਾ ਲਈ ਦਾ , ਸਾਡੀ ਈ ਬਿੱਲੀ ਸਾਨੂੰ ਈ ਮਿਆਊਂ ! ਸਾਡੇ ਮੁਲਖ ਦਾ ਅੰਨ-ਪਾਣੀ ਖਾ ਕੇ ਸਾਨੂੰ ਈ ਅੱਖਾਂ ਦਿਖਾਉਂਦੇ ਆ , ਸਾਡੇ ਈ ਸਿਰ ਨੂੰ ਆਉਂਦੇ ਆ । ਕੀ ਨਾਂ ਲਈਦਾ , ਅਖੇ ਰਾਮ-ਮੰਦਰ ਨਈਂ ...” ਸ਼ੈੱਲਰ ਮਾਲਕ ਦੀਨ ਦਿਆਲ ਚਾਹੁੰਦਾ ਹੋਇਆ ਵੀ ਆਪਣੇ ਆਪ ‘ ਤੇ ਕਾਬੂ ਨਾ ਰੱਖ ਸਕਿਆ – “ ਕੈਸੇ ਨਈਂ ਬਨਨੇ ਦੇਂਗੇ ...ਏਨ੍ਹਾਂ ਦੇ ਪੇਏ ਦਾ ਰਾਜ ਆ । ਅਬ ਦੇਂਗੇ ।ਈਂਟ ਕਾ ਜਵਾਬ ਪੱਥਰ ਸੇਏ ...ਅੱਬ ਦੇਖੋ ਬਣਦਾ ਕੀ ਆ ...ਪੁਸ਼ਤੋਂ ਭਰ ਯਾਦ ਕਰਨਗੇ ਸਾਲੇ ...” ਤੈਸ਼ ‘ਚ ਆਇਆ ਦੀਨ ਦਿਆਲ ਹਿੰਦੀ ਪੰਜਾਬੀ ਦੀ ਖਿਚੜੀ ਕਰਦਾ ,ਝੱਟ ਬਿੰਦ ਲਈ ਚੁੱਪ ਹੋ ਗਿਆ । ਉਸਦੀ ਉੱਚੀ ਹੋਈ ਸੁਰ ਇਕ ਦਮ ਬੈਠਦੀ ਹੋ ਗਈ । ਇਉਂ ਉਸਨੂੰ ਸਾਹ ਚੜ੍ਹ ਜਾਣ ਕਾਰਨ ਹੋਇਆ ਸੀ ਜਾਂ ਹੁੱਥੂ ਆਉਣ ਕਾਰਨ । ਮੱਖਣ ਦਾ ਇਸ ਵੱਲ ਧਿਆਨ ਨਹੀਂ ਸੀ ਗਿਆ । ਉਸਨੇ ਦੀਨ ਦਿਆਲ ਨੂੰ ਕੁੜਤੀ ਦੀ ਅੰਦਰਲੀ ਜੇਬ ‘ਚੋਂ ਰੰਗਦਾਰ ਡੱਬੀ ਕੱਢਕੇ ਜ਼ਰੂਰ ਦੇਖਿਆ । ਪੈਨਸਲ ਸੈੱਲ ਜਿੱਡੀ ਡੱਬੀ ਦਾ ਢੱਕਣ ਲਾਹ ਕੇ ਦੀਨ ਦਿਆਲ ਨੇ ਦੋਨਾਂ ਨਾਸਾਂ ‘ਤੇ ਵਾਰੀ ਵਾਰੀ ਰੱਖ ਕੇ ਲੰਮੇ ਸਾਹ ਭਰੇ । ਘੜੀ ਪਲ ਪਿੱਛੋਂ ਉਹ ਫਿਰ ਤੰਦਰੁਸਤ ਸੀ –“ਕੀ ਨਾਂ ਲਈਦਾ , ਹੌਲਦਾਰ ਮੱਖਣ ਸਿੰਆਂ ਹੈ ਤਾਂ ਮਾੜੀ ਗੱਲ ਏਹ , ਪਰ ਕਰੀਏ ਕੀਈ । ਆਹ ਮੁੰਡੇ ਹੁਣ ਵੱਸੋਂ ਬਾਅਰ ਹੋਏ ਪਏ ਆ । ਕੈਦ੍ਹੇ ਆ ਹੁਣ ਦੇਣਾ ਤਾਂ ਪੈਣਾ ਈ ਆ ਦਾਖੂ-ਦਾਣਾ , ਇਸ ਵਾਰ ਜ਼ਰਾ ਚੰਗੀ ਤਰ੍ਹਾਂ ...।“ ਉਸਦੀ ਗੱਲ ਵਿਚਕਾਰੋਂ ਟੋਕਦਾ ਦੁਰਗਾ ਫਿਰ ਭੜਕ ਉੱਠਿਆ – “ ਜਿੱਦਾਂ ਦਾ ਸਿੱਖਾਂ ਨੂੰ ਦਿੱਤਾ ਸੀਈ ਚੁਰਾਸੀ ‘ਚ ...।“
“ਓਏ ਤੂੰ ਚੁੱਪ ਵੀ ਕਰਦਾ ਕਿ ਨਈਂ ...! ਕੀ ਨਾਂ ਲਈ ਦਾ , ਗੱਲ ਕੋਈ ਹੋਰ ਹੋਣ ਡੇਈ ਆ , ਏਹ ਆਪਣੇ ਈ ਮਾਰੀ ਜਾਂਦਾ ਫੌੜ!....।“
ਮੁੜ ਘੜੀ ਚੁਰਾਸੀ ਦਾ ਜ਼ਿਕਰ ਸੁਣ ਕੇ ਹੌਲਦਾਰ ਮੱਖਣ ਸਿੰਘ ਦੇ ਫੌਜੀ ਰੋਹ ਨੇ ਫਿਰ ਉਬਾਲਾ ਖਾਧਾ । ਥੋੜ੍ਹੀ ਕੁ ਜ਼ਰਬ ਇਸ ਨੂੰ ਉਸਦੇ ਸਿੱਖ ਹੋਣ ਨੇ ਦੇ ਦਿੱਤੀ । ਝੱਟ-ਪੱਟ ਉਸਨੇ ਜਵਾਬੀ ਕਾਰਵਾਈ ਕਰਨ ਲਈ ਕਮਰ ਕਸ ਲਈ । ਸੂਬੇਦਾਰ ਗਿਆਨ ਸਿੰਘ ਨਾਲ ਆਮ ਕਰਕੇ ਹੁੰਦੀ ਰਹਿੰਦੀ ਗਿਆਨ-ਗੋਸ਼ਟ ਰਾਹੀਂ ਸਿੱਖੇ ਸਮਝੇ ਬੋਲ ਉਸਨੇ ਸਿੱਧੇ ਦੀਨ ਦਿਆਲ ਵੱਧ ਨੂੰ ਸੇਧ ਦਿੱਤੇ । ਉਸਨੇ ਕਹਿਣਾ ਚਾਹਿਆ – ‘ਤਾਇਆ ਦੀਨ ਦਿਆਲਾ , ਏਹ ਦੁਰਗਾ ਆਪਣੇ ਫੌੜ੍ਹ ਨਈਂ ਮਾਰਦਾ , ਤੇਰੀ ਸਿੱਖਮੱਤ ਦਾ ਈ ਚਰਬਾ ਕਰਦਾ ਆ , ਤੇਰੀ ਗੁਰਦੱਖ਼ਣਾ ਦਾ । ਤੇਰੇ ਅਰਗੇ ਘੜੰਮ-ਚੌਧਰੀਆਂ ਸਾਰਾ ਮੁਲਖ਼ ਲੀਰਾਂ ਕੀਤਾ ਪਿਆ , ਲੀਰਾਂ । ਕਿਧਰੇ ਧਰਮਾਂ-ਮਜ਼ਬ੍ਹਾਂ ‘ਚ ਵੰਡ ਕੇ ,ਕਿਧਰੇ ਜਾਤਾਂ-ਫਿਰਕਿਆਂ ਦੀ ਕੂਚੀ ਫੇਰ ਕੇ । ਏਹ ਚੜੀ-ਚੁਰਾਸੀ ਵੀ ਤੂੰ ਈ ਏਦ੍ਹੇ ਮੂੰਹ ‘ਚ ਪਾਈ ਐ । ਹੁਣ ਮੰਦਰ ਮੁੱਦਾ ,ਮਸਜਦ ਮੁੱਦਾ , ਰੇਲ-ਗੱਡੀ ਦੀ ਸਾੜ-ਫੂਕ ਵੀ ਤੂੰ ਈਂ ਏਦ੍ਹੇ ਸਿਰ ‘ਚ ਤੁੰਨੀ ਜਾਨਾਂ । ਨਈਂ ਮੇਰੇ ਲਈ ਕੇੜ੍ਹਾ ਏਹ ਓਪਰਾ ! ਮੈਂ ਕੇੜ੍ਹਾ ਜਾਣਦਾ ਨਈਂ ਏਨੂੰ , ਕਿੰਨੇ ਕੁ ਪਾਣੀਆਂ ‘ਚ ਆ ਏਹ...।“
ਇਹ ਦੀਨ ਦਿਆਲ ਦੀ ਬਜ਼ੁਰਗੀ ਦਾ ਆਲਮ ਸੀ ਜਾਂ ਹੌਲਦਾਰ ਮੱਖਣ ਸਿੰਘ ਅੰਦਰਲੇ ਫੌਜੀ ਅਨੁਸ਼ਾਸ਼ਨ ਦੀ ਰੋਕ ਟੋਕ ਕਿ ਜੀਭ ਤੱਕ ਖਿਸਕ ਆਏ ਤਲਖੀ ਭਰ ਬੋਲ , ਉਸਨੇ ਆਪਣੇ ਬੁੱਲ੍ਹਾਂ ਤੋਂ ਬਾਹਰ ਨਾ ਕਿਰਨ ਦਿੱਤੇ ।
ਦੁਰਗੇ ਦੀ ਹੱਟੀ ਅੰਦਰਲੇ ਜੰਗ ਵਰਗੇ ਮਾਹੌਲ ਨੂੰ ਪੀਸ-ਏਰੀਆ ਬਣਾਉਣ ਲਈ ਉਸਨੇ ਆਪਣੇ ਢੰਗ ਨਾਲ ਮੋੜਾ ਦੇ ਲਿਆ । ਆਪਣੇ ਅੰਦਰਲੀ ਸਾਰੀ ਹਲਚਲ ਨੂੰ ਪੂਰੀ ਤਰ੍ਹਾਂ ਕਾਬੂ ਕਰਕੇ , ਉਸਲੇ ਦੁਰਗੇ ਵੱਲ ਸਿੱਧਾ ਝਾਕਦਿਆਂ ਮੁਸਕਰਾਉਂਦੇ ਨੇ ਪੁੱਛਿਆ – “ ਕਿਉਂ ਦੁਰਗਿਆਂ ਤੂੰ ਕਿੰਨੇ ਕੁ ਸਿੱਖ ਮਾਰੇ ਸੀਈ ਚੁਰਾਸੀ ‘ਚ ...?” ਉਦੋਂ ਤਾਂ ਆਪਾਂ ‘ਕੱਠੇ ਪੜ੍ਹਦੇ ਸੀ ਦਸੂਏ , ਅੰਠਮੀਂ ‘ਚ ...।“ ਇਉਂ ਆਖਦਾ ਮੱਖਣ ਜਿਵੇਂ ਦੁਰਗੇ ਨੂੰ ਚੇਤੇ ਕਰਵਾ ਰਿਹਾ ਹੋਵੇ – ‘ ਬੰਦਾ ਤਾਂ ਕੀ , ਤੈਤੋਂ ਤਾਂ ਇਕ ਸਿੱਖ ਦੇ ਚਪੇੜ ਨਈਂ ਸੀ ਮਾਰੀ ਗਈ ...।“ ਦੁਰਗੇ ਨੇ ਮੱਖਣ ਦੀ ਲਾਈ ਟਕੋਰ ਸਮਝ ਕੇ ਝੱਟ ਨੀਵੀਂ ਪਾ ਲਈ । ਉਸ ਨੂੰ ਬੇਦੀ ਮਾਸਟਰ ਦੀ ਸਮਾਜਿਕ ਦੀ ਘੰਟੀ ਸਮੇਂ ਹੋਈ ਵਾਪਰੀ ਅਜੇ ਕਲ੍ਹ ਵਾਪਰੀ ਘਟਨਾ ਵਾਂਗ ਚੇਤੇ ਆ ਗਈ । ...ਨਾ ਮੱਖਣ ਨੂੰ ਸਮਾਜਿਕ ਦਾ ਪਾਠ ਚੇਤੇ ਸੀ , ਨਾ ਦੁਰਗੇ ਨੂੰ । ਹੋਰ ਵੀ ਕਈ ਸਨ ਉਨ੍ਹਾਂ ਵਰਗੇ । ਸਾਰੇ ਕਮਰਿਉਂ ਬਾਹਰ ਖੜ੍ਹੇ ਸਨ ਲਾਇਨ ਬਣਾ ਕੇ । ਹੱਥਾਂ ‘ਚ ਐੱਮ-ਬੀ-ਡੀਆਂ ਲਈ । ਜਿਹੜਾ ਜਿਹੜਾ ਕੋਈ ਅਟਕਲ ਪੱਚੂ ਮਾਰੀ ਜਾਂਦਾ , ਉਸਨੂੰ ਅੰਦਰ ਬੈਠਣ ਦੀ ਆਗਿਆ ਮਿਲੀ ਜਾਂਦੀ । ਦੁਰਗੇ –ਮੱਖਣ ਤੋਂ ਏਨਾ ਵੀ ਨਾ ਹੋਇਆ । ਘੰਟੀ ਮੁੱਕਣ ‘ਤੇ ਬੇਦੀ ਮਾਸਟਰ ਨੇ ਏਨ੍ਹਾਂ ਦੋਨਾਂ ਨੂੰ ਹਲਕੀ ਜਿਹੀ ਫਿਟਕਾਰ ਪਾਉਂਦਿਆਂ ਕਿਹਾ ਸੀ –“ ਤੁਸੀਂ ਆਲਮਪੁਰੀਓ ਢੀਠੋ , ਇਕੋ ਥਾਂ ਦਾ ਗੁੱਦੜ ਮਾਲ ! ਸ਼ਰਮ ਕਰੋ ਸ਼ਰਮ । ਚਲੋ ਮਾਰੋ ਇਕ ਇਕ ਚਪੇੜ ਇਕ ਦੂਜੇ ਦੇ ਮੂੰਹ ‘ਤੇ .....।“ ਮੱਖਣ ਨੇ ਤਾਂ ਖੈਰ ਸਹਿੰਦੀ ਸਹਿੰਦੀ ਚੁਪੇੜ ਮਾਰ ਈ ਦਿੱਤੀ ਸੀ ਦੁਰਗੇ ਦੇ ,ਨਾ ਬਹੁਤੀ ਕੱਸਵੀਂ , ਨਾ ਬਹੁਤੀ ਪੋਲੀ । ਪਰ ,ਦੁਰਗੇ ਨੇ ਜਿਵੇਂ ਮੱਖਣ ਦੀ ਗੱਲ੍ਹ‘ਤੇ ਪੋਚਾ ਜਿਹਾ ਦਿੱਤਾ ਹੋਵੇ ਤਿਲਕਵਾਂ ਜਿਹਾ । ਪਿਆਰ ਜਿਹਾ ਦਿੱਤਾ ਹੋਵੇ ਖੁੱਲੇ ਹੱਥ ਨਾਲ । ਉਸਦੀ ਇਸ ਢਿੱਲ-ਮੱਠ ‘ਤੇ ਬੇਦੀ ਮਾਸਟਰ ਦਾ ਗੁੱਸਾ ਪੂਰੇ ਸੌ ਨੰਬਰ ‘ਤੇ ਪਹੁੰਚ ਗਿਆ ਸੀ । ਕਾੜ੍ਹ ਕਰਦੀ ਚੁਪੇੜ ਦੁਰਗੇ ਦੀ ਸੱਜੀ ਗੱਲ੍ਹ ‘ਤੇ ਮਾਰਦੇ ਕਿਹਾ –“ ਹੈਦਾਂ ਨਈਂ ਐਦਾਂ ....।“
ਚਾਣਚੱਕ ਵੱਜੇ ਲੱਫ਼ੜ ਨਾਲ ਬੌਂਦਲੇ ਦੁਰਗੇ ਨੇ ਉਸ ਦਿਨ ਛੁੱਟੀ ਵੇਲੇ ਤਕ ਨਿੰਮੋਝਾਣ ਹੋਏ ਨੇ , ਕਿਸੇ ਸਾਹਮਣੇ ਅੱਖ ਨਹੀਂ ਸੀ ਚੁੱਕੀ ।
...ਦੁਰਗੇ ਨੂੰ ਸਿਰ ਸੁੱਟੀ ਬੈਠਾ ਦੇਖ ਕੇ ਸ਼ੈੱਲਰ ਮਾਲਕ ਦੀਨ ਦਿਆਲ ਨੇ ਵਾਰਤਾ ਬਦਲ ਲਈ –“ਹੋਰ ਸੁਣਾ ਫੇਏ ਮੱਖਣ ਸਿਆਂ ਕਦ ਆਇਆਂ, ਕਿੰਨੀ ਕੁ ਛੁੱਟੀ ਆ ...? ਕੀ ਨਾਂ ਲਈ ਦਾ , ਅੱਜ ਕੱਲ੍ਹ ਕਿਥੇ ਹੁੰਨਾਂ ...?”
‘ਜੇ .ਕੇ. ‘ਚ ਹੁੰਨਾਂ , ਕਾਰਗਿਲ ਬਾਡਰ ‘ਤੇ ...ਕਲ੍ਹ ਈ ਆਇਆਂ , ਹੈਅ ਮੀਨ੍ਹੇ ਕੁ ਦੀ ਛੁੱਟੀ ...’ ਦੀਨ ਦਿਆਲ ਦੇ ਪੁੱਛੇ ਦੋ-ਤਿੰਨ ਇਕੱਠੇ ਪ੍ਰਸ਼ਨਾਂ ਦਾ ਉੱਤਰ ਤਾਂ ਉਸ ਨੇ ਇਹ ਦੇਣਾ ਸੀ । ਪਰ , ਉਸਦੀ ਜੀਭ ਤਕ ਆਏ ਬੋਲ ਉਸਦੇ ਬੁਲ੍ਹਾਂ ਅੰਦਰ ਹੀ ਕਿਧਰੇ ਠਾਕੇ ਗਏ । ਉਸਦਾ ਥੋੜ੍ਹਾ ਕੁ ਖੁਲ੍ਹਿਆ ਮੂੰਹ , ਖੁੱਲੇ ਦਾ ਖੁੱਲ੍ਹਾ ਰਹਿ ਗਿਆ ।
...ਬਾਤ-ਚੀਤ ਦੀ ਧੁਰੀ ਬਦਲ ਜਾਣ ਕਾਰਨ ਹੱਟੀ ਅੰਦਰ ਜੁੜੀ ਭੀੜ ਕਿਰਨਮ-ਕਿਰਨੀ ਪਿਛਲੇ ਦਰਵਾਜਿਉਂ ਖਿਸਕਣ ਲੱਗ ਪਈ ਸੀ । ਹਰ ਇਕ ਦੀ ਮੁੱਠ ‘ਚ ਇਕ ਇਕ ਤ੍ਰਿਸ਼ੂਲ , ਤਿੱਖਾ ਨੋਕੀਲਾ । ਕੋਈ ਛੋਟਾ ਕੋਈ ਵੱਡਾ । ਇਨ੍ਹਾਂ ਵੱਲ ਵੇਖਦੇ ਮੱਖਣ ਦੀ ਸੁਰਤੀ-ਬਿਰਤੀ ਹੋਰ ਵੀ ਛੰਡੀ ਗਈ । ਦੇਹ-ਜਾਨ ਹੋਰ ਵੀ ਪੱਛੀ ਗਈ । ਓੜਕ-ਛੋਹਾ ਬੈਠਾ ਉਹ ਸਟੂਲ ਤੋਂ ਡਿਗਣ ਕੰਢੇ ਪੁੱਜ ਗਿਆ । ਉਸਨੂੰ ਲੱਗਾ , ਉਸਦੇ ਦਿਲ-ਦਿਮਾਗ਼ ‘ਤੇ ਪਿਆ ਬੋਝ , ਉਸ ਉੱਤੇ ਹੋਰ ਵੀ ਦਾਬੂ ਹੋਣ ਲੱਗ ਪਿਆ ਹੈ । ਉਸ ਨੂੰ ਆਪਣਾ ਆਪ , ਆਪਣੇ ਅੰਗ ਪੈਰ ਜਿਵੇਂ ਕਾਬੂ ਤੋਂ ਬਾਹਰ ਹੁੰਦੇ ਲੱਗੇ ।ਰਾਤ ਸੁਣੀ ਬਾਤ-ਵਾਰਤਾ ਉਸਦੇ ਕੰਨਾਂ ਦੀ ਬਜਾਏ ਸਿਰ ‘ਚ ਗੂੰਜਣ ਲੱਗ ਪਈ । ਉਸਦਾ ਅੰਦਰ ਮੱਲੀ ਬੈਠੇ ਬੋਲ ਆਪ-ਮੁਹਾਰੇ ਉਸਦੇ ਮੂੰਹੋ ਤਿਲਕ ਗਏ । ਬਿਲਕੁਲ ਉਸੇ ਢੰਗ ਨਾਲ ਜਿਵੇਂ ਸੁਣੇ ਸਨ ਰਾਤੀਂ – “ ਤ੍ਰਿਸ਼ੂਲ ਸਾਬ੍ਹ ਜੀਈ , ਆਦਾਬ ਅਰਜ਼ ਐ....ਆਦਾਬ ਅਰਜ਼ ਐ ...।“ ਪਲ ਕੁ ਭਰ ਚੁੱਪ ਰਹਿ ਕੇ ਉਸਨੇ ਦੂਜੀ ਆਵਾਜ਼ ਦੀ ਸੁਰ ਕੱਢੀ – “ ਸ੍ਰੀਮਾਨ ਖੰਜਰ ਜੀ , ਨਮਸਕਾਰੱਮ...ਨਮਸਕਾਰੱਮ ...।“ ਫਿਰ ਵਾਰੀ ਵਾਰੀ ਇਨ੍ਹਾਂ ਦੋਨਾਂ ਵਾਕਾਂ ਨੂੰ ਉਸਨੇ ਕਈ ਵਾਰ ਦੁਹਰਾਇਆ । ਬੋਲਦਾ-ਦੁਹਰਾਉਂਦਾ ਉਹ ਘੜੀ-ਪਲ ਪਿੱਛੋਂ ਰੋਣ-ਡੁਸਕਣ ਲੱਗ ਪਿਆ । ਉਸਦੀ ਭਲੀ ਚੰਗੀ ਆਵਾਜ਼ ਇਕ ਦਮ ਬੈਠਦੀ ਹੋ ਗਈ , ਉਸਦੀ ਬੱਝ ਗਈ ਘਿੱਗੀ ‘ਚੋਂ ਥਰਕਦੇ ਬੋਲ ਫਿਰ ਵੀ ਵਾਰ ਵਾਰ ਆਖੀ ਜਾ ਰਹੇ ਸਨ-“ਸ੍ਰੀਮਾਨ ਖੰਜਰ ਜੀ , ਤ੍ਰਿਸ਼ੂਲ ਸਾਬ੍ਹ ਜੀ , ਆ ਪੁੱਜੇ ਓਂ ਐਥੇ ਤਕ ਵੀ , ...ਐਥੇ ਸਾਡੇ ਪਿੰਡ ,ਸਾਡੇ ਦੁਰਗੇ ਦੀ ਹੱਟੀ ਤਕ ਵੀ , ਹੁਣ ਨਈਂ ਬਚਦਾ ਦੁਰਗਾ ...ਹੁਣ ਨਈਂ ਬਚਦਾ ਮੱਖਣ ...ਹੁਣ ਨਈਂ ਬਚਦਾ ਮੁਲਕ ...ਹੁਣ ਹੋਣਗੀਆਂ ਲੀਰਾਂ ..ਹੁਣ ਬਣੂ ਚੁਰਾਸੀ ਹਰ ਥਾਂ..।“
ਹੱਟੀ ਅੰਦਰੋਂ ਬਾਹਰ ਜਾਂਦੇ ਪੈਰਾਂ ਦੀ ਆਹਟ ਦੌਰਾਨ ਮੱਖਣ ਹੋਰ ਪਤਾ ਨਹੀਂ ਕੀ ਕੁਝ ਬੋਲਦਾ ਰਿਹਾ- ਕਦੀ ਉੱਚੀ ਸੁਰ ‘ਚ ਕਦੀ ਧੀਮੀ ਆਵਾਜ਼ ਨਾਲ । ਇਸ ਵੱਲ ਨਾ ਦੁਰਗੇ ਦਾ ਧਿਆਨ ਗਿਆ ਸੀ , ਨਾ ਦੀਨ ਦਿਆਲ ਦਾ । ਉਹ ਦੋਵੇਂ ਤ੍ਰਿਸ਼ੂਲ-ਦੀਖਸ਼ਾ ਦੇ ਸ੍ਰੀ –ਗਨੇਸ਼ ਅੰਦਰ ਪੂਰੇ ਦੇ ਪੂਰੇ ਰੁੱਝੇ ਰਹੇ ਸਨ ।
ਪਿਛਲੇ ਦਰਵਾਜ਼ਿਉਂ ਕਰੀਬ ਕਰੀਬ ਸਭ ਦੇ ਚਲੇ ਜਾਣ ਪਿੱਛੋਂ ਦੀਨ ਦਿਆਲ ਨੇ ਮੱਖਣ ਵੱਲ ਨੂੰ ਬੇਹੱਦ ਕੌੜ ਜਿਹੀ ਨਾਲ ਦੇਖਿਆ । ਉਵੇਂ ਹੀ ਦੁਰਗੇ ਨੇ । ਨੀਵੀਂ ਪਾਈ ਬੈਠਾ ਮੱਖਣ ਉਨ੍ਹਾਂ ਨੂੰ ਨਾ ਹੁਣ ਕੁਝ ਬੋਲਦਾ ਲੱਗਾ , ਨਾ ਚੁੱਪ ਹੋਇਆ ਜਾਪਿਆ । ਉਸਦੇ ਹਿਲਦੇ-ਫਰਕਦੇ ਬੁਲ੍ਹ ਜਿਵੇਂ ਆਪਣੇ ਆਪ ਨਾਲ ਗੱਲਾਂ ਕਰ ਰਹੇ ਸਨ । ਉਹ ਵੀ ਪਲ-ਛਿਣ ਪਿੱਛੋਂ ਹਿੱਲਣੇ ਬੰਦ ਹੋ ਗਏ ।ਝੱਟ ਹੀ ਉਸਦੀ ,ਤਿਲਮਲਾਏ ਜਿਹੇ ਬੈਠੇ ਦੀ ਨੀਵੀਂ ਪਈ ਧੌਣ , ਸਾਵਧਾਨ ਹੋਈ ਮੁੜ ਤੋਂ ਸਿੱਧੀ ਹੋ ਕੇ ਦੀਨ ਦਿਆਲ ਵੱਲ ਨੂੰ ਘੁੰਮ ਗਈ । ਸ਼ਾਇਦ ਉਸਨੂੰ ਚੇਤਾ ਆ ਗਿਆ ਸੀ , ਘੜੀ ਪਲ ਪਹਿਲਾਂ ਦੀਨ ਦਿਆਲ ਨੇ ਉਸਤੋਂ ਪੁਛਿਆ ਸੀ – “ਮੱਖਣ ਸਿਆਂ ਕਦ ਆਇਆਂ , ਕਿੰਨੀ ਕੁ ਛੁੱਟੀ ਆ , ਕਿੱਥੇ ਹੁੰਨਾਂ ਅੱਜ ਕਲ੍ਹ...?” ਇਸ ਦਾ ਉੱਤਰ ਦੇਣ ਲਈ ਕਹਿਣਾ ਤਾਂ ਉਸਨੇ ਇਹ ਸੀ –‘ਜੇ.ਕੇ. ‘ਚ ਹੁੰਨਾਂ , ਕਾਰਗਿਲ ਬਾਡਰ ‘ਤੇ , ਪਰਸੋਂ ਈ ਆਇਆਂ , ਹੈਅ ਮੀਨ੍ਹੇ ਕੁ ਦੀ ਛੁੱਟੀ...।“ ਪਰ , ਉਹਦੇ ਮੂੰਹੋ ਨਿਕਲਿਆ ਉਬੱਤਰ , ਉਸ ਅੰਦਰ ਜਮ੍ਹਾਂ ਹੋਏ ਗੁੱਭ-ਗੁਬਾਰ ਕਾਰਨ ਬਿਲਕੁਲ ਵੱਖਰੀ ਤਰ੍ਹਾਂ ਦੇ ਪ੍ਰਸ਼ਨ ਵਿਚ ਬਦਲ ਗਿਆ । ਵਿਹੜੇ ‘ਚੋਂ ਸਭ ਤੋਂ ਸਿਆਣੇ ਗਿਣੇ ਜਾਂਦੇ , ਦੁਰਗੇ ਦੇ ਤਾਏ ਦੀਨ ਦਿਆਲ ਨੂੰ ਉਸ ਨੇ ਸਪਾਟ ਪੁੱਛ ਲਿਆ – “ ਤਾਇਆ , ਆਹ ਅਸਤਰ-ਸ਼ਸ਼ਤਰ ਕਾਤ੍ਹੋਂ ਚੁੱਕੀ ਫਿਰਦੇ ਆ ਮੁੰਡੇ ..ਪਹਿਲੋਂ ਤਾਂ ਕਦੀ ਦੇਖੇ ਨਈਂ ਏਨ੍ਹਾਂ ਕੋਲ, ਹੁਣ ਕੀ ਲੋੜ ਪੈ ਗਈ ...?”
ਥੋੜ੍ਹਾ ਕੁ ਸਹਿਜ ਹੋਇਆ ਦਿਸਦਾ ਦੀਨ ਦਿਆਲ ਇਕ ਦਮ ਤ੍ਰਭਕ ਗਿਆ । ਅੱਧੋਰਾਣੀ ਕੁਰਸੀ ਨਾਲ ਲਾਈ ਢੋਅ ਬਿਲਕੁਲ ਸਿੱਧੀ ਕਰ ਲਈ । ਸਿੱਧ-ਪੱਧਰੇ ਮੱਖਣ ਤੋਂ ਉਸਨੂੰ ਅਜਿਹੀ ਵਲੇਵੇਂਦਾਰ ਪੁੱਛ ਦੀ ਕਦਾਚਿੱਤ ਵੀ ਆਸ ਨਹੀਂ ਸੀ । ਉਸਦੀ ਸਮਝ ਸੀ ਕਿ ਹੱਦਾਂ-ਸਰਹੱਦਾਂ ‘ਤੇ ਲੜਨ-ਮਰਨ ਵਾਲੇ ਅਮਲੇ ਨੂੰ ਮੁਲਕ ਅੰਦਰਲੀ ਰਾਜਨੀਤੀ,ਕੂਟਨੀਤੀ ਦਾ ਬਹੁਤਾ ਗਿਆਨ ਨਹੀਂ ਹੁੰਦਾ । ਉਹਦੇ ਲਈ ਤਾਂ ਸਭ ਕੁਝ ਦੇਸ਼ ਹੁੰਦਾ ਐ , ਜਾਂ ਫਿਰ ਦੁਸ਼ਮਣ । ਸਾਹਮਿਉਂ ਆਏ ਫਾਇਰ ਦਾ ਉੱਤਰ ਗੋਲੀ ਦਾਗ ਕੇ ਦਿੱਤਾ ਤੇ ਬੱਸ ...! ਉਸ ਤਰ੍ਹਾਂ ਦੇ ਕਿਆਸੇ ਮੱਖਣ ਦੀ ਸਪਾਟ ਪੁੱਛ ਪਿੱਛੇ ਉਸ ਨੂੰ ਕੋਈ ਡੂੰਘੀ ਰਮਜ਼ ਲੁਕੀ ਛਿਪੀ ਜਾਪੀ । ਸਾਵਧਾਨ ਹੋ ਕੇ ਬੈਠਦੇ ਨੇ ਉਸਨੇ ਚੁੰਨੀ ਕੀਤ ਨਿਗਾਹ ਸਿੱਧੀ ਮੱਖਣ ਦੇ ਚਿਹਰੇ ‘ਤੇ ਗੱਡ ਦਿੱਤੀ । ਉਸ ਵੱਲ ਟਿਕਟਿਕੀ ਲਾਈ ਦੇਖਦਾ ਝੱਟ-ਪੱਟ ਕਹਿਣ ਹੀ ਲੱਗਾ ਸੀ –‘ਹਿੰਦੂਤਵ ਦੇ ਵਾਧੇ ਲਈ ...ਹਿੰਦੂ ਰਾਜ ਦੀ ਸਥਾਪਤੀ ਲਈ ...।‘ ਪਰ , ਮੱਖਣ ਦੇ ਚਿਹਰੇ ‘ਤੇ ਕਿਸੇ ਵੀ ਕਿਸਮ ਦਾ ਛਲ-ਕਪਟ ਨਾ ਦਿਸਣ ‘ਤੇ ਉਸਨੇ ਇਵੇਂ ਦੀ ਉੱਤਰ ਬਣਤਰ ਥੋੜ੍ਹੀ ਕੁ ਬਦਲ ਲਈ । ਹੁਣ ਉਸਦੇ ਕਹਿਣਾ ਸੀ – ‘ਹਿੰਦੂ ਧਰਮ ਦੀ ਰਾਖੀ ਕਰਨ ਲਈ , ਹੋਰ ਕਾਦ੍ਹੇ ਲਈ ....!’ ਝੱਟ ਉਸਨੂੰ ਇਹ ਵਾਰ ਵੀ ਸ਼ੱਕੀ ਜਿਹਾ ਜਾਪਿਆ । ਉਸਨੂੰ ਲੱਗਾ , ਉਸ ਵੱਲ ਨੂੰ ਨਿਰੰਤਰ ਦੇਖਦੇ ਮੱਖਣ ਨੇ ਫਿਰ ਉਸਨੂੰ ਆਗਊਂ ਵਗਲ਼ ਲਿਆ ਹੈ । ਉਸਨੂੰ ਬਿਨਾਂ ਝਿਜਕ ਆਖ ਦਿੱਤਾ ਹੈ – ‘ ਹਿੰਦੂ ਧਰਮ ਦੀ ਰਾਖੀ ਕਰਨ ਲਈ ਜਾਂ ਗੈਰ-ਹਿੰਦੂ ਲੋਕਾਂ ਦਾ ਕਤਲੇਆਮ ਕਰਨ ਲਈ ....।‘
ਮੱਖਣ ਦੇ ਅਣਬੋਲੇ ਬੋਲਾਂ ਨੇ ਆਪਣੀ ਮਨੋਬਚਨੀ ਅੰਦਰ ਘਿਰੇ ਦੀਨ ਦਿਆਲ ਨੂੰ ਪਲ ਦੀ ਪਲ ਜਿਵੇਂ ਲਾਚਾਰ ਕਰ ਦਿੱਤਾ ਹੋਵੇ । ਉਸਦੀ ਹੋਂਦ ਸਾਹਮਣੇ ਉਸਨੂੰ ਆਪਣਾ ਆਪ ਹੀਣਾ-ਹੀਣਾ ,ਛੋਟਾ-ਛੋਟਾ ਲੱਗਣ ਲੱਗ ਪਿਆ । ਤਾਂ ਵੀ ਉਸ ਅੰਦਰਲਾ ਮਹੰਤੀ ਹੱਠ ਕਿਸੇ ਵੀ ਤਰ੍ਹਾਂ ਛਿੱਥਾ ਨਾ ਪਿਆ । ਸਗੋਂ ਮੱਖਣ ਵੱਲ ਨੂੰ ਹੋਰੂੰ-ਹੋਰੂੰ ਝਾਕਦਾ ਹੋਰ ਵੀ ਤਿੱਖੀ ਜ਼ਰਬ ਖਾ ਗਿਆ । ਉਸਦੀ ਭਲੀ-ਚੰਗੀ ਸੁਰ, ਪੂਰਾ ਤੈਸ਼ ਖਾ ਕੇ ਮੱਖਣ ਵੱਲ ਨੂੰ ਉੱਗਰੀ – “ ਤੂੰ ਕੀ ਲੈਣਾ ਏਸ ਗੱਲ ‘ ਚੋਂ ...! ਏਹ ਤੇਰਾ ਨਈਂ ਸਾਡਾ ਮਸਲਾ ਐ , ਸਾਡੇ ਧਰਮ ਦਾ ... । ਕੀ ਨਾਂ ਲਈ ਦਾ, ਅਸੀਂ ਕਦੀ ਪੁੱਛਿਆ ਤੇਰਾ ਪੇਏ ਗਾਤਰਾ ਕਿਉਂ ਪਾਈ ਫਿਰਦਆ...! ਤ੍ਰਿਸ਼ੂਲ ਬੜੇ ਚੁਭੇ ਆ ਤੈਨੂੰ ...! ਤੂੰ ਆਪਣੀ ਛੁੱਟੀ ਕੱਟ ਤੇ ਵਗਦਾ ਹੋ । ਹੋਰ ਨਾ ਸ਼ਕੈਤ ਕੁਰਆ ਬੈਂਈਂ ....। ਕੀ ਨਾਂ ਲਈ ਦਾ , ਭਲੀ ਚੰਗੀ ਨੌਕਰੀਉਂ ਵੀ ਜਾਂਦਾ ਲੱਗੇਂਗਾ ....।“
ਦੀਨ ਦਿਆਲ ਦੀ ਬੇ-ਕਿਰਕ ਚੋਭ ,ਮੱਖਣ ਦੇ ਆਰ-ਪਾਰ ਲੰਘ ਗਈ । ਉਸਦਾ ਦਿਲ-ਸੀਨਾ , ਸਮਝ –ਸੂਝ ਸਭ ਕੁਝ ਜਿਵੇਂ ਜ਼ਖਮੀਂ ਹੋ ਗਏ ਹੋਣ । ਨਾ ਉਹ ਹੱਟੀ ਅੰਦਰ ਬੈਠਣ ਜੋਗਾ ਰਿਹਾ , ਨਾ ਉਠ ਕੇ ਚਲੇ ਜਾਣ ਦੀ ਹਿੰਮਤ ਬਚੀ । ਉਸਨੂੰ ਲੱਗਾ ਉਸ ਉੱਤੇ ਗਸ਼ਤ-ਡਿਊਟੀ ਕਰਦੇ ‘ਤੇ ਕਿਸੇ ਘੁਸਪੈਠੀਏ ਨੇ ਚਾਣਚੱਕ ਫਾਇਰ ਖੋਲ੍ਹ ਦਿੱਤਾ ਹੈ । ਤੇ ...ਤੇ ਅੰਗੋਂ ਜਵਾਬੀ ਕਾਰਵਾਈ ਕਰਨ ਲਈ ਸਾਰੀ ਟੁਕੜੀ ਸਮੇਤ ਉਸਨੇ ਥਾਂ ਸਿਰ ਪੁਜ਼ੀਸ਼ਨ ਲੈ ਲਈ ਹੈ । ਕੰਨਾਂ ਨੂੰ ਲੱਗੇ ਹੈੱਡ ਫੋਨ ਨੂੰ ਰੁੱਕ-ਸਿਰ ਕਰਨ ਲਈ ਉਸਦੇ ਦੋਨੋਂ ਹੱਥ ਹਰਕਤ ‘ਚ ਆਏ ਹਨ । ...ਹਰਕਤ ‘ਚ ਆਏ ਦੋਨੋਂ ਹੱਥ ਪਹਿਲਾਂ ਸਿਰ ਤਕ ਪੁੱਜੇ ਹਨ,ਫਿਰ ਬਗਲ-ਮੋਢੇ ਤਕ । ਪਰ....ਪਰ ਉਸਦਾ ਮੋਢਾ, ਸਿਰ , ਬਗਲ ਸਭ ਤਾਂ ਖਾਲੀ ਸਨ । ਝੱਟ ਹੀ ਉਸਨੂੰ ਹੱਦ-ਸਰਹੱਦ ਦੀ ਥਾਂ ਆਪਣੇ ਪਿੰਡ ,ਆਪਣੇ ਜੋਟੀਦਾਰ ਦੁਰਗੇ ਦੀ ਹੱਟੀ ‘ਚ ਬੈਠੇ ਹੋਣ ਦਾ ਅਹਿਸਾਸ ਪਰਤ ਆਇਆ । ਹੱਟੀ ਅੰਦਰ ਉਸ ਸਿਰਫ਼ ਤਿੰਨ ਜਣੇ ਬਾਕੀ ਸਨ –ਦੁਰਗਾ ਉਸਦੇ ਸਾਹਮਣੇ ਵਿਛੀ ਬੋਰੀ ‘ਤੇ ਬੈਠਾ ਸੀ ਪੈਰਾਂ –ਭਾਰ ।ਦੀਨ ਦਿਆਲ , ਤਾਇਆ ਦੀਨ ਦਿਆਲ ਸੱਜੇ ਹੱਥ ਡਿੱਠੀ ਕੁਰਸੀ ‘ਤੇ । ਸਾਰੇ ਆਪਣੀ ਆਪਣੀ ਚੁੱਪ ‘ਚ ਡੂੰਘੇ , ਬਹੁਤੇ ਡੂੰਘੇ ਉਤਰ ਗਏ ਸਨ ।
ਤਿੰਨੋਂ ਦੂਜੇ ਦੇ ਵਾਕਫ਼ਕਾਰ ਹੁੰਦੇ ਹੋਏ ਵੀ ਅਜਨਬੀ ਬਣੇ ਬੈਠੇ ਸਨ । ਸਭ ਦੇ ਭਾਰੇ-ਭਰਵੇਂ ਸਾਹ ਜਿਵੇਂ ਇਕ ਦੂਜੇ ਨੂੰ ਟੋਹਣ-ਪਰਖ਼ਣ ਅੰਦਰ ਰੁੱਝੇ ਹੋਏ ਸਨ ।
ਮੱਖਣ ਨੂੰ ਇਵੇਂ ਦੀ ਸਾਹ-ਘੁੱਟਵੀਂ ਸਥਿਤੀ ਹੋਰ ਵੀ ਬੇ-ਚੈਨ ਕਰ ਗਈ । ਬੇ-ਚੈਨ ਤੇ ਉਦਾਸ । ਗੁੰਮ-ਸੁੰਮ ਹੋਇਆ ਉਹ ਹੱਟੀ ਅੰਦਰੋਂ ਉਠ ਕੇ ਬਾਹਰ ਆ ਗਿਆ । ਉਸਦੇ ਲੁੜ੍ਹਕਦੇ –ਡੋਲਦੇ ਕਦਮ ਲਹਿੰਦੀ ਬਾਹੀ ਆਪਣੇ ਘਰ ਵੱਲ ਨੂੰ ਹੋ ਤੁਰੇ । ਘਰ ਵੱਲ ਨੂੰ ਤੁਰਦੇ ਇਹ ਵੱਡੇ ਚੁਰਾਹੇ ਤੱਕ ਪੁੱਜ ਕੇ ਫਿਰ ਰੁੱਕ ਗਏ । ਰੁਕਿਆ ਖੜ੍ਹਾ ਮੱਖਣ ਜਿਵੇਂ ਚੁਰਾਹੇ ਦੀ ਜੂਹ ‘ਚੋਂ , ਇਸ ਦੀ ਭੂੰਬਲ-ਮਿੱਟੀ ‘ਚੋਂ ਦੁਰਗੇ ਦੇ ਪੈਰਾਂ ਤੇ ਆਪਣੇ ਪੈਰਾਂ ਦੇ ਨਿਸ਼ਾਨ ਲੱਭ ਰਿਹਾ ਹੋਵੇ । ਕੌਡ-ਕਬੱਡੀ , ਖਿੱਦੋ-ਖੂੰਟੀ ਖੇਡਣ ਲਈ ਬਣੇ ਰਹੇ ਹੁੰਦਿਆਂ ਦੀ ਭਾਲ ਕਰ ਰਿਹਾ ਹੋਵੇ । ਪਰ , ਵੱਡੇ ਚੁਰਾਹੇ ‘ਚ ਹੁਣ ਨਾ ਮਿੱਟੀ ਸੀ , ਨਾ ਘੱਟਾ । ਇਹ ਥਾਂ ਵੀ ਹੁਣ ਪੱਕੀ ਹੋ ਗਈ ਸੀ , ਬੰਦ –ਚਿਣਵੀਆਂ ਇੱਟਾਂ ਚਿਣ ਹੋ ਕੇ । ਪਿੰਡ ਦੀਆਂ ਸਾਰੀਆਂ ਗਲੀਆਂ ਵਾਂਗ ।
ਖੜ੍ਹੇ-ਖੜੋਤੇ ਉਸਦੀ ਨਿਗਾਹ ਚੁਰਾਹੇ ਦੇ ਇਕ ਪਾਸੇ ਲੱਗੀ ਕੂੜੇ ਦੀ ਢੇਰੀ ਵੱਲ ਨੂੰ ਘੁੱਮ ਗਈ । ਆਪਣੀ ਆਪ ਅੰਦਰ ਖੁੱਭਾ ਉਹ ਇਹ ਢੇਰੀ ਦੇ ਲਾਗੇ ਜਾ ਰੁਕਿਆ । ਇਸ ਦੇ ਕੱਖ-ਪੱਤ ਵਿਚ ਕਈ ਤਰ੍ਹਾਂ ਦਾ ਕੂੜ-ਕਬਾੜ ਪਿਆ ਸੀ । ਗੰਦੀਆਂ-ਮੰਦੀਆਂ ਲੀਰਾਂ-ਟਾਕੀਆਂ , ਮੋਮੀ-ਲਫਾਫੇ,ਫਟੀਆਂ ਰਬੜੀ-ਗੇਂਦਾਂ , ਟੁੱਟੇ ਪਲਾਸਟਕੀ ਖਿਡਾਉਣੇ । ਚਾਣਚੱਕ ਉਸਦੀ ਨਿਗਾਹ ਥੋੜ੍ਹਾ ਕੁ ਹੇਠਾਂ ਕਰਕੇ ਦੱਬੀ ਹੋਈ ਇਕ ਪੋਟਲੀ ਜਿਹੀ ‘ਤੇ ਪੈ ਗਈ । ਉੱਪਰਲਾ ਕੁਆੜ ਪੈਰ ਨਾਲ ਪਰ੍ਹਾਂ ਕਰਕੇ ਉਸਨੇ ਇਹ ਪੋਟਲੀ ਕੂੜੇ ਹੇਠੋਂ ਖਿੱਚ ਲਈ । ਇਹ ਖਿੱਦੋ ਸੀ – ਬਿਲਕੁਲ ਉਵੇਂ ਦੀ , ਜਿਸ ਨਾਲ ਦੁਰਗਾ ਤੇ ਉਹ ਖੇਡਿਆ ਕਰਦੇ ਸਨ । ਕੂੜੇ ਦਰਜ਼ੀ ਘਰੋਂ ਲਿਆਂਦੀਆਂ ਲੀਰਾਂ-ਟਾਕਾਂ ਘੁੱਟ-ਲਪੇਟ ਕੇ ਬਣਾਈ ਖਿੱਦੋ , ਜਿਸ ਉਤੇ ਮੱਖਣ ਦੀ ਮਾਂ ਧੰਨਤੀ ਨੇ ਸੂਤੀ ਧਾਗੇ ਨਾਲ ਮੋਟੀਆਂ ਪਿੜੀਆਂ ਦੀਆਂ ਹੁੰਦੀਆਂ ਸਨ ਤੇ ਦੁਰਗੇ ਦੀ ਮਾਂ ਬਿਮਲਾ ਦੇਵੀ ਨੇ ਰੇਸ਼ਮੀ ਧਾਗੇ ਨਾਲ ਸੰਘਣਾ ਬਾਰੀਕ ਦੋਹਰਾ –ਤਿਹਰਾ ਘੁੱਟਵਾਂ ਵਾਰ ਦਿੱਤਾ ਹੁੰਦਾ ਸੀ ।
ਕੂੜੇ ਦੀ ਢੇਰੀ ‘ਚੋਂ ਲੱਭੀ ਖਿੱਦੋ ਬਿਲਕੁਲ ਉਵੇਂ ਦੀ ਸੀ , ਪਰ ਇਸ ਉਤੇ ਪਈਆਂ ਇਕਹਿਰੀਆਂ ਪਿੜੀਆਂ , ਅੱਧ-ਪਚੱਧ ਟੁੱਟੀਆਂ ਪਈਆਂ ਸਨ । ਇਸ ਅੰਦਰ ਘੁੱਟ ਹੋਈਆਂ ਲੀਰਾਂ ਬਾਹਰ ਵੱਲ ਨੂੰ ਲਮਕ ਗਈਆਂ ਸਨ । ਤਾਂ ਵੀ ਮੱਖਣ ਨੂੰ ਜਿਵੇਂ ਬਹੁਤ ਵੱਡਾ ਖਜ਼ਾਨਾ ਲੱਭ ਪਿਆ ਹੋਵੇ । ਉਸ ਦਾ ਗੁੰਮਣ-ਗੁਆਚਣ ਲੱਗਾ ਅਤੀਤ ਵਾਪਸ ਪਰਤ ਆਇਆ ਹੋਵੇ । ਇਸ ਨੂੰ ਝਾੜਦਾ –ਪੂੰਝਦਾ ਉਹ ਉਨ੍ਹੀਂ ਪੈਰੀਂ ਫਿਰ ਦੁਰਗੇ ਦੀ ਹੱਟੀ ਵੱਲ ਨੂੰ ਦੌੜ ਪਿਆ , ਦੁਰਗੇ ਨੂੰ ਉੱਚੀ-ਉੱਚੀ ‘ਵਾਜ਼ਾ ਮਾਰਦਾ – “ ਉਏ ਦੁਰਗਿਆ ,ਦੁਰਗੇ ਉਏ ...ਆਹ ਦੇਖ , ਆਹ ਦੇਖ ਕੀ ਲੱਭਾ ...।“
ਹੁਣ ਨਾ ਉਸਨੂੰ ਰਾਤੀਂ ਹੈੱਡ ਫੂਨ ‘ਤੇ ਸੁਣੀਆਂ ਆਵਾਜ਼ਾਂ ਚੇਤੇ ਸਨ , ਨਾ ਥੋੜ੍ਹਾ ਕੁ ਚਿਰ ਪਹਿਲਾਂ ਹੋਈ ਆਪਣੀ ਹੇਠੀ । ਉੱਧੜੀ ਖਿੱਦੋ ਨਾਲ ਪਰਚਿਆ , ਉਹ ਮੁੜ ਹੱਟੀ ਦੇ ਬੰਦ ਹੋਏ ਭਿੱਤਾਂ ਅੱਗੇ ਜਾ ਖੜਾ ਹੋਇਆ । ਇਸ ਵਾਰ ਹੱਟੀ ਅੰਦਰੋਂ ਉਸ ਨੂੰ ਕੋਈ ਵੀ ਆਵਾਜ਼ ਬਾਹਰ ਆਉਂਦੀ ਸੁਣਾਈ ਨਾ ਦਿੱਤੀ ।ਇਸ ਵਾਰ ...ਇਸ ਵਾਰ ਉਸਦੀ ਆਵਾਜ਼ ਅੰਦਰ ਤੱਕ ਪੁੱਜਣ ਲਈ ਉੱਚੀ ਉੱਚੀ ਗੂੰਜ ਰਹੀ ਸੀ –“ ਉਏ ਦੁਰਗਿਆ ...ਉਏ ਦੁਰਗੇ ਉਏ ...ਆਹ ਦੇਖ ਕੀਈ ਆ ...ਬਾਅਰ ਆ ਖੇਲ੍ਹੀਏ । ਹਾਅ ਬਾਅਰ ਲੈ ਆ ਅਪਣੇ ਹਿੱਸੇ ਦਾ ਤ੍ਰਿਸ਼ੂਲ ...ਲਿਆ ਖੂੰਟੀ ਬਣਾ ਲਈਏ ਇਦ੍ਹੀ ...ਮੈਂ ਦਿੰਨਾਂ ਮੀਟੀ , ਮੈਂ ਸੁੱਟਦਾਂ ਖਿੱਦੋ...ਤੂੰ...ਤੂੰ....।“
ਪਰ ਕਈ ਸਾਰੀਆਂ ਆਵਾਜ਼ਾਂ ਮਾਰਨ ‘ਤੇ ਵੀ ਉਸ ਨੂੰ ਹੱਟੀ ਅੰਦਰੋਂ ਕੋਈ ਹੁੰਗਾਰਾ ਨਾ ਮਿਲਿਆ । ਪਰਤਵੀਂ ਆਵਾਜ਼ ਤਾਂ ਕੀ ਬੰਦ ਹੋਏ ਭਿੱਤਾਂ ਪਿੱਛੇ ਕੋਈ ਹਿੱਲ-ਜੁਲ ਤਕ ਨਾ ਹੋਈ । ਦਰਵਾਜੇ ਦੇ ਦੋਨਾਂ ਪੱਲਿਆਂ‘ਚੋਂ ਇੱਕ ਵੀ ਖੁੱਲਿਆ ਨਾ ।
ਰੋਣ-ਹਾਕੇ ਹੋਏ ਦੀ ਉਸਦੀ ਭਟਕਦੀ ਨਿਗਾਹ ਦਰਵਾਜ਼ੇ ਦੇ ਉੱਪਰਲੇ ਸਰਦਲ ਵੱਲ ਨੂੰ ਘੁੰਮ ਗਈ । ਹੱਟੀ ਅੰਦਰੋਂ ਨਹੀਂ , ਬਾਹਰੋਂ ਬੰਦ ਸੀ । ਕੁੰਡਾ ਚੜ੍ਹਿਆ ਹੋਇਆ ਸੀ ਉੱਪਰਲੇ ਸ੍ਹੇਰ ਨੂੰ ।
ਦੁਰਗਾ , ਦੀਨ ਦਿਆਲ ਦੋਨੋਂ ਅੰਦਰੋਂ ਉੱਠ ਕੇ ਬਾਹਰ ਚਲੇ ਗਏ ਸਨ , ਕਿਧਰੇ ।
ਰੋਂਦਾ-ਡੁਸਕਦਾ , ਓਸੇ ਥਾਂ ਖੜ੍ਹਾ ਉਹ ਉੱਖੜੀ ਖਿੱਦੋਂ ‘ਚੋਂ ਲਮਕਦੀਆਂ ਲੀਰਾਂ ਨੂੰ ਸਾਬਤ ਪਿੜੀਆਂ ਅੰਦਰ ਨੱਪਣ ਦੇ ਯਤਨ ਕਰਦਾ ਰਿਹਾ । ਇਹ , ਇਕ ਪਾਸਿਉਂ ਨੱਪ ਹੁੰਦੀਆਂ ਦੂਜੇ ਪਾਸਿਉਂ ਬਾਹਰ ਆ ਜਾਂਦੀਆਂ । ਦੂਜੇ ਪਾਸਿਉਂ ਨੱਪ ਹੁਬੰਦੀਆਂ ਪਹਿਲੇ ਪਾਸਿਉਂ ਬਾਹਰ ਆ ਜਾਂਦੀਆਂ । ਹਾਰ ਕੇ ਉਸਨੇ ਦੋਨਾਂ ਹੱਥਾਂ ਦੀਆਂ ਉਂਗਲੀਆਂ ਦੀ ਕਿੰਗੜੀ ਪਾ ਕੇ ਉੱਖੜੀ-ਖਿੰਡੀ ਖਿੱਦੋ ਦੋਨਾਂ ਤਲੀਆਂ ਵਿਚਕਾਰ ਘੁੱਟ ਲਈ । ਆਪਣੀ ਵੱਲੋਂ ਉਸਨੇ ਜਿਵੇਂ ਸਾਰੀ ਖਿੱਦੋ ਉੱਤੇ ਤਲੀਆਂ ‘ਤੇ ਪਏ ਰੱਟਣਾਂ ਦੀਆਂ ਪਿੜੀਆਂ ਚਾੜ੍ਹ ਦਿੱਤੀਆਂ ਹੋਣ , ਖਿੱਲਰੀਆਂ –ਖਿੰਡੀਆਂ ਲੀਰਾਂ ਇਕ ਥਾਂ ਜੋੜ ਲਈਆਂ ਹੋਣ ।
ਉਸ ਦਾ ਬਾਪ ਸਾਧੂ ਸਿੰਘ , ਉਸਨੂੰ ਲੱਭਦਾ ਲੱਭਦਾ ਉਸਦੀ ਪਿੱਠ ਪਿੱਛੇ ਆ ਖੜ੍ਹਿਆ । ਉਹ ਆਖ ਰਿਹਾ ਸੀ – “ ਕਾਕਾ , ਪੁੱਤ ਮੱਖਣ ਸਿਆਂ ...ਚੱਲ ਘਰ, ਪਰ੍ਹਾਉਣੇ ਆਏ ਆ , ਵਿਚੋਲਾ ਨਾਲ ਆ ...ਚੱਲ ਮੇਰਾ ਪੁੱਤ....।“
ਕਹਾਣੀਕਾਰ ਲਾਲ ਸਿੰਘ ਦਸੂਹਾ,
ਨੇੜੇ ਐਸ.ਡੀ.ਐਮ. ਕੋਰਟ ਦਸੂਹਾ,
ਜਿਲਾ . ਹੁਸ਼ਿਆਰਪੁਰ ( ਪੰਜਾਬ )
(094655-74866)
E-mail : lalsinghdasuya@yahoo,com
Web Page : http://lalsinghdasuya.yolasite.com/
No comments:
Post a Comment