ਅਜੀਤ ਸਿੰਘ 'ਬੁਲੰਦ'
ਉਮਰ ਬੀਤੀ ਜਾ ਰਹੀ ਹੈ ਰਾਤ ਦਿਨ।
ਮੌਤ ਨੇੜੇ ਆ ਰਹੀ ਹੈ ਰਾਤ ਦਿਨ।
ਵਕਤ ਦੀ ਰਫ਼ਤਾਰ ਨੂੰ ਰੋਕੇਗਾ ਕੌਣ,
ਹਰ ਘੜੀ ਸਮਝਾ ਰਹੀ ਹੈ ਰਾਤ ਦਿਨ।
ਯਾਦ ਵਿੱਛੜੇ ਪਿਆਰਿਆਂ ਦੇ ਪਿਆਰ ਦੀ,
ਦਿਲ ਮੇਰਾ ਤੜਪਾ ਰਹੀ ਹੈ ਰਾਤ ਦਿਨ।
ਮੌਤ ਦੇ ਮੁੱਖੜੇ ਤੋਂ ਪਰਦਾ, ਜ਼ਿੰਦਗੀ
ਵੇਖ ਲਓ ਸਰਕਾ ਰਹੀ ਹੈ ਰਾਤ ਦਿਨ।
ਇਸ਼ਕ ਦੀ ਦੀਵਾਰ, ਜੋ ਮਜਬੂਤ ਸੀ,
ਤਿੜਕਦੀ ਹੀ ਜਾ ਰਹੀ ਹੈ ਰਾਤ ਦਿਨ।
ਬੇਵਫ਼ਾਈ ਹੱਸ ਰਹੀ ਹੈ ਪਰ ਵਫ਼ਾ,
ਵੈਣ ਡੂੰਘੇ ਪਾ ਰਹੀ ਹੈ ਰਾਤ ਦਿਨ।
ਸਾਹਾਂ ਦੀ ਮੁਟਿਆਰ ਵਿਹੜੇ ਜਿਸਮ ਦੇ,
ਆ ਰਹੀ ਹੈ, ਜਾ ਰਹੀ ਹੈ ਰਾਤ ਦਿਨ।
ਜ਼ਿੰਦਗੀ ਅਟਕੀ ਨਹੀਂ ਤੇਰੇ ਬਿਨਾਂ,
ਇਹ ਤਾਂ ਚੱਲਦੀ ਜਾ ਰਹੀ ਹੈ ਰਾਤ ਦਿਨ।