ਰਹਿਣੀਆਂ ਹਨ ਮਹਿਫ਼ਿਲਾਂ ਸਭ ਨੇਰ੍ਹੀਆਂ ਦੀਪਕ ਤੋਂ ਬਾਅਦ।
ਕੌਣ ਰੌਸ਼ਨ ਕਰਸੀ ਰਾਤਾਂ ਕਾਲ਼ੀਆਂ ਦੀਪਕ ਤੋਂ ਬਾਅਦ।
ਰਿੰਦ ਸਿੱਖਣਗੇ ਸਲੀਕਾ ਮੈਅਕਸ਼ੀ ਦਾ ਕਿਸਤੋਂ ਦੋਸਤ !
ਮਅਰਫ਼ਤ ਸਿੱਖਣੀ ਹੈ ਕਿਸਤੋ ਸੂਫ਼ੀਆਂ ਦੀਪਕ ਤੋਂ ਬਾਅਦ।
ਜਿਸਦੀ ਦਰਵੇਸ਼ੀ 'ਚੋਂ ਸ਼ਾਹਾਨਾ ਅਦਾ ਦਿਸਦੀ ਹੈ ਸਾਫ,
ਕਿੱਥੋਂ ਲੱਭੂ ਜ਼ਿੰਦਗੀ ਇਹ ਖ਼ੂਬੀਆਂ ਦੀਪਕ ਤੋਂ ਬਾਅਦ।
ਹਰ ਬਲ਼ਾ ਦੇ ਨਾਲ ਟਕਾਰਾਉਣਾ ਬੜੀ ਸ਼ਿੱਦਤ ਦੇ ਨਾਲ,
ਇਹ ਮਿਸਾਲਾਂ ਤਾਂ ਨਹੀਂ ਫਿਰ ਮਿਲਣੀਆਂ ਦੀਪਕ ਤੋਂ ਬਾਅਦ।
ਖੂਨ ਅਪਣਾ ਅਪਣੇ ਸ਼ਾਗਿਰਦਾਂ ਨੂੰ ਮਾਂ ਦੇ ਦੁੱਧ ਵਾਂਗ,
ਕਿਸ ਪਿਲਾਉਣੈ ਦੋਸਤ ! ਸਹਿ ਕੇ ਤੰਗੀਆਂ ਦੀਪਕ ਤੋਂ ਬਾਅਦ।
ਮੂੰਹ ਲੁਕੋ ਲੈਂਦੇ ਨੇ ਹੁਣ ਤਾਂ ਵੇਖ ਕੇ ਯਾਰਾਂ ਨੂੰ ਯਾਰ,
ਘਰ ਲੁਟਾ ਕੇ ਕੌਣ ਪਾਲੂ ਯਾਰੀਆਂ ਦੀਪਕ ਤੋਂ ਬਾਅਦ।
ਹੁਣ ਤਾਂ ਹਰ ਸ਼ਾਇਰ ਨੂੰ ਹੈ ਦੌਲਤ ਦੀ ਜਾਂ ਸ਼ੁਹਰਤ ਦੀ ਭੁੱਖ,
ਕੌਣ ਦੱਸੂ ਫ਼ਨ ਦੀਆਂ ਬਾਰੀਕੀਆਂ ਦੀਪਕ ਤੋਂ ਬਾਅਦ।
ਜ਼ਿੰਦਗੀ ਵਿਚ ਚਾਪਲੂਸੀ ਕਰਨਗੇ ਪੈਦਾ ਅਦੀਬ,
ਕਿਸ ਨੇ ਪੈਦਾ ਕਰਨੀਐਂ ਬੇ-ਬਾਕੀਆਂ ਦੀਪਕ ਤੋਂ ਬਾਅਦ।
ਸ਼ਾਇਰੀ ਦੇ ਕਾਤਿਲਾਂ ਦੇਣੀ ਹੈ ਮਾਂ ਬੋਲੀ ਵਿਗਾੜ,
ਕਰਨੀਆਂ ਹਨ ਕਿਸ ਨੇ ਮੀਨਾਕਾਰੀਆਂ ਦੀਪਕ ਤੋਂ ਬਾਅਦ।
ਸ਼ਾਇਰੀ ਦੇ ਇਸ਼ਕ ਵਿਚ ਦੁਨੀਆਂ ਤੋਂ ਹੋ ਕੇ ਬੇਨਿਆਜ਼,
ਕਰਨੀਐਂ ਕਿਸ ਘਰ ਦੀਆਂ ਬਰਬਾਦੀਆਂ ਦੀਪਕ ਤੋਂ ਬਾਅਦ।
ਪੈਦਾ ਹੁੰਦੇ ਰਹਿਣਗੇ 'ਜੈਤੋਈ' ਗ਼ੋ ਸ਼ਾਇਰ ਮਹਾਨ,
ਕਿਸਦੇ ਪੱਲੇ ਹੋਣੀਐਂ ਉਸਤਾਦੀਆਂ ਦੀਪਕ ਤੋਂ ਬਾਅਦ
No comments:
Post a Comment