ਡਰ
ਜੇਠ ਹਾੜ ਦੀ
ਬਲਦੀ ਰੁੱਤੇ
ਪੀਲੀ ਪਿੱਤਲ ਰੰਗੀ ਧੁੱਪੇ
ਮੜੀਆਂ ਵਾਲੇ
ਮੰਦਰ ਉੱਤੇ
ਬੈਠੀ ਚੁਪ ਤ੍ਰਿੰਜਣ ਕੱਤੇ
ਧੁੱਪ-ਛਾਵਾਂ ਦਾ ਮੁੱਢਾ ਲੱਥੇ
ਗਿਰਝਾਂ ਦਾ ਪਰਛਾਵਾਂ ਨੱਸੇ
ਨੰਗੀ ਡੈਣ
ਪਈ ਇਕ ਨੱਚੇ
ਪੁੱਠੇ ਥਣ ਮੋਢੇ ਤੇ ਰੱਖੇ
ਛੱਜ ਪੌਣ ਦਾ
ਕੱਲਰ ਛੱਟੇ
ਬੋਦੀ ਵਾਲਾ ਵਾਵਰੋਲਾ
ਰੱਕੜ ਦੇ ਵਿਚ ਚੱਕਰ ਕੱਟੇ
ਹਿੱਲਣ ਪਏ
ਥੋਹਰਾਂ ਦੇ ਪੱਤੇ
ਵਿਚ ਕਰੀਰਾਂ ਸਪਨੀ ਵੱਸੇ
ਮਕੜੀਆਂ ਦੇ
ਜਾਲ ਪਲੱਚੇ
ਅੱਕ ਕੱਕੜੀ ਦੇ ਫੰਭਿਆਂ ਤਾਈਂ
ਭੂਤ ਭੂਤਾਣਾ
ਮਾਰੇ ਧੱਕੇ
ਬੁੱਢੇ ਬੋਹੜ ਦੀਆਂ ਖੋੜਾਂ ਵਿਚ
ਚਾਮ ਚੜਿੱਕਾਂ ਦਿੱਤੇ ਬੱਚੇ
ਮੜ੍ਹਿਆਂ ਵਾਲਾ
ਬਾਬਾ ਹੱਸੇ
ਪਾਟੇ ਕੰਨ ਭਬੂਤੀ ਮੱਥੇ
ਤੇ ਮੇਰੇ ਖਾਬਾਂ ਦੇ ਬੱਚੇ
ਡਰ ਥੀਂ ਸਹਿਮੇ
ਜਾਵਣ ਨੱਸੇ
ਨੰਗੇ ਪੈਰ ਧੂੜ ਥੀਂ ਅੱਟੇ
ਦਿਲ ਧੜਕਣ ਤੇ ਚਿਹਰੇ ਲੱਥੇ
ਪੀਲੀ ਪਿੱਤਲ ਰੰਗੀ ਧੁੱਪ ਦਾ
ਦੂਰ ਦੂਰ ਤਕ
ਮੀਂਹ ਪਿਆ ਵੱਸੇ
No comments:
Post a Comment