ਅਰਜੋਈ
ਤੂੰ ਜੋ ਸੂਰਜ ਚੋਰੀ ਕੀਤਾ ਮੇਰਾ ਸੀ
ਤੂੰ ਜਿਸ ਘਰ ਵਿੱਚ ਨੇਰਾ ਕੀਤਾ
ਮੇਰਾ ਸੀ
ਇਹ ਜੋ ਧੁੱਪ ਤੇਰੇ ਘਰ ਹੱਸੇ, ਮੇਰੀ ਹੈ
ਇਸ ਦੇ ਬਾਝੋਂ ਮੇਰੀ ਉਮਰ ਹਨੇਰੀ ਹੈ
ਇਸ ਵਿਚ ਮੇਰੇ ਗਮ ਦੀ ਮਹਿਕ ਬਥੇਰੀ ਹੈ
ਇਹ ਧੁੱਪ ਕੱਲ ਸੀ ਮੇਰੀ, ਅੱਜ ਵੀ ਮੇਰੀ ਹੈ
ਮੈਂ ਹੀ ਕਿਰਣ-ਵਿਹੂਣਾ ਇਸ ਦਾ ਬਾਬਲ ਹਾਂ
ਇਸ ਦੇ ਅੰਗੀਂ ਮੇਰੀ ਅਗਨ ਸਮੋਈ ਹੈ
ਇਸ ਵਿਚ ਮੇਰੇ ਸੂਰਜ ਦੀ ਖੁਸ਼ਬੋਈ ਹੈ
ਸਿਖਰ ਦੁਪਹਿਰੇ ਜਿਸ ਦੀ ਚੋਰੀ ਹੋਈ ਹੈ
ਪਰ ਇਸ ਚੋਰੀ ਵਿਚ ਤੇਰਾ ਕੁਝ ਵੀ ਦੋਸ਼ ਨਹੀਂ
ਸੂਰਜ ਦੀ ਹਰ ਯੁਗ ਵਿਚ ਚੋਰੀ ਹੋਈ ਹੈ
ਰੋਂਦੀ ਰੋਂਦੀ ਸੂਰਜ ਨੂੰ ਹਰ ਯੁਗ ਅੰਦਰ
ਕੋਈ ਨਾ ਕੋਈ ਸਦਾ ਦੁਪਹਿਰੀ ਮੋਈ ਹੈ
ਮੈਂ ਨਿਰ-ਲੋਆ, ਰਿਸ਼ਮ - ਵਿਛੁੰਨਾ ਅਰਜ਼ ਕਰਾਂ
ਮੈਂ ਇਕ ਬਾਪ ਅਧਰਮੀ ਤੇਰੇ ਦਵਾਰ ਖੜਾਂ
ਆ ਹੱਥੀਂ ਇਕ ਸੂਰਜ ਤੇਰੇ ਸੀਸ ਧਰਾਂ
ਆ ਅਜ ਆਪਣੀ ਧੁੱਪ ਲਈ ਤੇਰੇ ਪੈਰ ਫੜਾਂ
ਮੈਂ ਕਲਖਾਈ ਦੇਹ ਤੂੰ ਮੈਨੂੰ ਬਖਸ਼ ਦਵੀਂ
ਧੁੱਪਾਂ ਸਾਹਵੇਂ ਮੁੜ ਨਾ ਮੇਰਾ ਨਾਮ ਲਵੀਂ
ਜਾਂ ਮੈਨੂੰ 'ਕਾਲਾ ਸੂਰਜ' ਕਹਿ ਕੇ ਟਾਲ ਦਵੀਂ
ਇਹ ਇਕ ਧੁੱਪ ਦੇ ਬਾਬਲ ਦੀ ਅਰਜ਼ੋਈ ਹੈ
ਮੇਰੀ ਧੁੱਪ ਮੇਰੇਲ ਲਈ ਤੋਂ ਮੋਈ ਹੈ
ਸਣੇਂ ਸੂਰਜੇ ਤੇਰੀ ਅੱਜ ਤੋਂ ਹੋਈ ਹੈ
ਧੁੱਪ- ਜਿਦੇ ਘਰ ਹੱਸੇ, ਬਾਬਲ ਸੋਈ ਹੈ
ਤੂੰ ਜੋ ਸੂਰਜ ਚੋਰੀ ਕੀਤਾ ਮੇਰਾ ਸੀ
ਤੂੰ ਜਿਸ ਘਰ ਵਿੱਚ ਨੇਰਾ ਕੀਤਾ
ਮੇਰਾ ਸੀ.....
No comments:
Post a Comment