ਬਹੁਤ ਗੁਲ ਖਿਲੇ ਨੇ ਨਿਗਾਹਵਾਂ ਤੋਂ ਚੋਰੀ
ਕਿਧਰ ਜਾਣ ਮਹਿਕਾਂ ਹਵਾਵਾਂ ਤੋਂ ਚੋਰੀ
ਸ਼ਰੀਕ ਦੀ ਸ਼ਹਿ 'ਤੇ ਭਰਾਵਾਂ ਤੋਂ ਚੋਰੀ
ਮੈਂ ਸੂਰਜ ਜੋ ਡੁੱਬਿਆ ਦਿਸ਼ਾਵਾਂ ਤੋਂ ਚੋਰੀ
ਕਿਧਰ ਗਏ ਓਂ ਪੁੱਤਰੋ ਦਲਾਲਾਂ ਦੇ ਆਖੇ
ਮਰਨ ਲਈ ਕਿਤੇ ਦੂਰ ਮਾਵਾਂ ਤੋਂ ਚੋਰੀ
ਕਿਸੇ ਹੋਰ ਧਰਤੀ ਤੇ ਵਰ੍ਹਦਾ ਰਿਹਾ ਮੈਂ
ਤੇਰੇ ਧੁਖਦੇ ਖਾਬਾਂ ਤੇ ਚਾਵਾਂ ਤੋਂ ਚੋਰੀ
ਉਨ੍ਹਾਂ ਦੀ ਵੀ ਹੈ ਪੈੜ ਮੇਰੀ ਗ਼ਜ਼ਲ ਵਿਚ
ਕਦਮ ਜਿਹੜੇ ਤੁਰਿਆ ਮੈਂ ਰਾਹਵਾਂ ਤੋ ਚੋਰੀ
ਕਲੇਜਾ ਤਾਂ ਫਟਣਾ ਹੀ ਸੀ ਉਸ ਦਾ ਇਕ ਦਿਨ
ਜੁ ਹਉਕਾ ਵੀ ਭਰਦਾ ਸੀ ਸਾਹਵਾਂ ਤੋਂ ਚੋਰੀ
ਦਗਾ ਕਰ ਰਿਹਾ ਏਂ ਗ਼ਜ਼ਲ ਨਾਲ ਪਾਤਰ
ਇਹ ਕੀ ਲਿਖ ਰਿਹੈਂ ਭਾਵਨਾਵਾਂ ਤੋ ਚੋਰੀ
ਸੁਰਜੀਤ ਪਾਤਰ
No comments:
Post a Comment