ਦੋਸਤੋ, ਅੰਮ੍ਰਿਤਾ ਦਾ ਘਰ ਵਿਕਣ ਤੋਂ ਬਾਅਦ ਇਮਰੋਜ਼ ਨੇ ਇਹ ਲਾਇਨਾਂ ਅਪਣੇ ਦੋਸਤ ਜਸਬੀਰ ਭੁੱਲਰ ਨੂੰ ਲਿੱਖ ਕੇ ਭੇਜੀਆਂ ਸਨ। ਇਸ ਸਾਰੇ ਘਟਨਾਕ੍ਰਮ ਨੂੰ ਸਾਨੂੰ ਵੀ ਇਸੇ ਨਜ਼ਰੀਏ ਨਾਲ ਵੇਖਣਾ ਚਾਹੀਦਾ ਹੈ...
ਲੋਕ ਕਦੇ ਵੀ
ਨਵੇਂ ਦਾ ਸਵਾਗਤ ਨਾ ਕਰ ਸਕੇ
ਰਾਮ ਤੇ ਹੀ ਰੁਕੇ ਰਹੇ
ਬੁੱਧ ਦਾ ਸਵਾਗਤ ਨਾ ਕਰ ਸਕੇ
ਕੇ-25 ’ਤੇ ਹੀ ਰੁਕੇ ਰਹੇ
ਜੀ. ਕੇ.-1 ਵੱਲ ਨਾ ਤੁਰ ਸਕੇ...
ਆਪਣੇ ਆਪ ਵਿੱਚ ਜੋ ਘਰ ਹੈ
ਉਹੀ ਹੀ ਘਰ ਹੈ
ਇਸ ਘਰ ਨੂੰ ਕੋਈ ਵੀ
ਕੁਝ ਵੀ ਬੇਘਰ ਨਹੀਂ ਕਰ ਸਕਦਾ
ਕੋਈ ਆਇਆ, ਖੁਸ਼ੀ ਆਈ
ਕੋਈ ਗਿਆ, ਖੁਸ਼ੀ ਗਈ
ਇਸ ਆਉਂਦੀ ਜਾਂਦੀ ਖੁਸ਼ੀ ਨਾਲ
ਕੋਈ ਕਿਵੇਂ ਖੁਸ਼ ਰਹਿ ਸਕਦਾ ਹੈ
ਆਪਣੇ-ਆਪ ਨਾਲ ਖੁਸ਼ ਰਹਿਣ ਵਾਲਾ ਹੀ
ਖੁਸ਼ ਰਹਿ ਸਕਦਾ ਹੈ..
ਇਕੱਲਾ ਵੀ ਖੁਸ਼ ਸਾਂ
ਇਕੱਲਾ ਘਰ ਵੀ ਸਾਂ
ਅੰਮ੍ਰਿਤਾ ਨਾਲ ਖੁਸ਼ ਵੀ ਰਿਹਾ ਤੇ ਘਰ ਵੀ ਰਿਹਾ
ਅੰਮ੍ਰਿਤਾ ਦੇ ਬਾਅਦ
ਨਵਰਾਜ
ਸ਼ਿਲਪੀ
ਅਮਨ
ਤੇ ਅਲਕਾ
ਸਭ ਅੰਮ੍ਰਿਤਾ ਦੇ
ਅਣਲਿਖੇ ਨਾਵਲ ਨਜ਼ਮਾਂ ਹਨ
ਉਨ੍ਹਾਂ ਵਿੱਚ ਖੁਸ਼ ਵੀ ਹਾਂ ਤੇ ਘਰ ਵੀ ਹੋ ਰਿਹਾ ਹਾਂ..
ਕੁਝ ਵੀ ਨਹੀਂ ਬਦਲਿਆ
ਲੋਕਾਂ ਨੂੰ ਜੋ ਬਦਲਿਆ ਦਿੱਸ ਰਿਹਾ ਹੈ
ਉਹ ਆਪਣਿਆਂ ਨੂੰ ਨਜ਼ਰ ਨਹੀਂ ਆ ਰਿਹਾ...