4.11.11
ਇਹ ਉਦਾਸੀ , ਧੁੰਦ , ਇਹ ਸਭ ਕੁਝ ਕਿ ਜੋ ਚੰਗਾ ਨਹੀਂ.... Surjit Patar
ਇਹ ਉਦਾਸੀ , ਧੁੰਦ , ਇਹ ਸਭ ਕੁਝ ਕਿ ਜੋ ਚੰਗਾ ਨਹੀਂ....
ਇਹ ਉਦਾਸੀ , ਧੁੰਦ , ਇਹ ਸਭ ਕੁਝ ਕਿ ਜੋ ਚੰਗਾ ਨਹੀਂ
ਮੈਂ ਉਦੈ ਹੋਣਾ , ਸਦਾ ਇਸ ਵਿਚ ਘਿਰੇ ਰਹਿਣਾ ਨਹੀਂ
ਕੁਫ਼ਰ , ਬਦੀਆਂ , ਖ਼ੌਫ਼ ਕੀ ਕੀ ਏਸ ਵਿਚ ਘੁਲਿਆ ਪਿਆ
ਮੇਰੇ ਦਿਲ ਦਰਿਆ ਤੋਂ ਵਧ ਦਰਿਆ ਕੋਈ ਗੰਧਲਾ ਨਹੀਂ
ਮੈਂ ਦਲੀਲਾਂ ਦੇ ਰਿਹਾਂ , ਖਪ ਰਿਹਾਂ , ਕੁਰਲਾ ਰਿਹਾਂ
ਪਰ ਅਜੇ ਰੂਹ ਦੀ ਅਦਾਲਤ ਚੋਂ ਬਰੀ ਹੋਇਆ ਨਹੀਂ
ਅਚਨਚੇਤੀ ਮੇਰੇ ਦਿਲ ਵਿਚ ਸੁਲਗ ਉਠਦਾ ਹੈ ਕਦੇ
ਹਾਲੇ ਤਕ ਮਕਤੂਲ ਮੇਰੇ ਦਾ ਸਿਵਾ ਠਰਿਆ ਨਹੀਂ
ਸ਼ੁਹਰਤਾਂ ਦੇ ਮੋਹ ਅਤੇ ਬਦਨਾਮੀਆਂ ਦੇ ਖ਼ੌਫ਼ ਤੋਂ
ਮੁਕਤ ਹੋ ਕੇ ਮੈਂ ਅਜੇ ਸਫਿਆਂ 'ਤੇ ਵਿਛ ਸਕਿਆ ਨਹੀਂ
ਮੇਰੀ ਰਚਨਾ ਇਸ ਤਰ੍ਹਾਂ ਹੈ , ਜਿਸ ਤਰ੍ਹਾਂ ਦੀਵਾਰ 'ਤੇ
ਬੂਹਿਆਂ ਦੀਆਂ ਮੂਰਤਾਂ ਨੇ , ਪਰ ਕੋਈ ਬੂਹਾ ਨਹੀਂ
ਰੁੱਖ ਦੀਆਂ ਲਗਰਾਂ ਨੇ ਐਵੇਂ ਵਿਚ ਹਵਾ ਦੇ ਕੰਬਦੀਆਂ
ਇਹ ਕਿਸੇ ਥਾਂ ਜਾਣ ਦਾ ਕੋਈ ਦਸਦੀਆਂ ਰਸਤਾ ਨਹੀਂ
ਅਗਲਿਆਂ ਰਾਹਾਂ ਦਾ ਡਰ , ਇਸ ਥਾਂ ਦਾ ਮੋਹ , ਇਕ ਇੰਤਜ਼ਾਰ
ਬਿਰਖ ਤੋਂ ਬੰਦਾ ਅਜੇ ਤਕ ਹਾਇ ਮੈਂ ਬਣਿਆ ਨਹੀਂ
ਸ਼ੋਰ ਦੇ ਦਰਿਆ 'ਤੇ ਪੁਲ ਹੈ ਬੰਸਰੀ ਦੀ ਹੂਕ , ਪਰ
ਬੋਝ ਦਿਲ 'ਤੇ ਹੈ ਜੋ ਇਸ ਤੋਂ ਝੱਲਿਆ ਜਾਣਾ ਨਹੀਂ
ਲਾਟ ਬਣ ਜਗਿਆ ਨਹੀਂ , ਧੁਖਣੋਂ ਵੀ ਪਰ ਹਟਿਆ ਨਹੀਂ
ਦਿਲ ਤੋਂ ਮੈਂ ਏਸੇ ਲਈ ਮਾਯੂਸ ਵੀ ਹੋਇਆ ਨਹੀਂ
ਤੇਰਿਆਂ ਰਾਹਾਂ ਤੇ ਗੂੜ੍ਹੀ ਛਾਂ ਤਾਂ ਬਣ ਸਕਦਾ ਹਾਂ ਮੈਂ
ਮੰਨਿਆ ਸੂਰਜ ਦੇ ਰਸਤੇ ਨੂੰ ਬਦਲ ਸਕਦਾ ਨਹੀਂ
ਉਹ ਨੇ ਭੁੱਖੇ ਤੇ ਉਨ੍ਹਾਂ ਨੂੰ ਭੁੱਖਿਆਂ ਦਾ ਖ਼ੌਫ਼ ਹੈ
ਨੀਂਦ ਇਸ ਨਗਰੀ 'ਚ ਕੋਈ ਚੈਨ ਦੀ ਸੌਂਦਾ ਨਹੀਂ ..............patar
Labels:
Punjabi Poetry,
surjit pattar