20.2.12

ਬਰਜਿੰਦਰ ਚੌਹਾਨ-ਪੰਜਾਬੀ ਗ਼ਜ਼ਲ


ਬਰਜਿੰਦਰ ਚੌਹਾਨ

ਮੋਬਾਈਲ: 098189-69601

ਸਮਕਾਲੀ ਪੰਜਾਬੀ ਗ਼ਜ਼ਲ ਰਚਨਾ ਵਿੱਚ ਸ਼ਾਇਰ ਬਰਜਿੰਦਰ ਚੌਹਾਨ ਦਾ ਨਾਂ ਬੇਹੱਦ ਮਹੱਤਵਪੂਰਨ ਹੈ। ਉਸ ਦੀ ਕਾਵਿ ਭਾਸ਼ਾ ਵਿਚਲੀ ਤਰਲਤਾ, ਭਾਵ ਦੀ ਬੁਲੰਦੀ, ਚਿੰਤਨ ਦੀ ਗਹਿਰਾਈ ਅਤੇ ਬਹਿਰ ਦੀ ਪਕਿਆਈ ਰਲ ਕੇ ਅਜਿਹਾ ਮਾਹੌਲ ਸਿਰਜਦੀਆਂ ਹਨ ਕਿ ਪਾਠਕ ਦੀ ਸੰਵੇਦਨਾ ਤਰੰਗਤ ਹੋ ਜਾਂਦੀ ਹੈ। ਆਪਣੀ ਗ਼ਜ਼ਲ ਵਿੱਚ ਲਫ਼ਜ਼ਾਂ ਦੀ ਸਹਿਜ ਸੁਭਾਵਕ ਮੌਲਿਕ ਪੇਸ਼ਕਾਰੀ ਉਸ ਦੀ ਵਿਲੱਖਣਤਾ ਹੈ। ਉਸ ਦੇ ਸ਼ਿਅਰ ਚਮਤਕਾਰੀ ਸਨਸਨੀ ਨਹੀਂ ਫੈਲਾਉਂਦੇ ਸਗੋਂ ਮਾਨਵੀ ਹਾਵਾਂ ਭਾਵਾਂ ਦੀ ਕੁਦਰਤੀ ਤਰਜਮਾਨੀ ਕਰਕੇ ਚੇਤਨਾ ਨੂੰ ਅੰਦਰੋਂ ਕੁਰੇਦਦੇ ਹਨ। ਉਸ ਦਾ ਗ਼ਜ਼ਲ ਸੰਗ੍ਰਹਿ ‘ਪੌਣਾਂ ਉੱਤੇ ਦਸਤਖ਼ਤ’ ਉਸਦੀ ਬੁਲੰਦ ਸ਼ਾਇਰੀ ਦੀ ਪ੍ਰਤੱਖ ਮਿਸਾਲ ਹੈ। ਗ਼ਜ਼ਲ ਨਾਲ ਜਨੂੰਨ ਦੀ ਹੱਦ ਤਕ ਲਗਾਅ ਹੋਣ ਕਾਰਨ ਹੀ ਬਰਜਿੰਦਰ ਚੌਹਾਨ ਨੇ  ਦਿੱਲੀ ਯੂਨੀਵਰਸਿਟੀ ਤੋਂ ਗ਼ਜ਼ਲ ਉੱਤੇ ਪੀ ਐੱਚ.ਡੀ.ਕੀਤੀ। ਅੱਜਕੱਲ੍ਹ ਉਹ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਦਿੱਲੀ ਵਿਖੇ ਪ੍ਰਾਅਧਿਆਪਕ ਹੈ।

- ਜਸਵਿੰਦਰ

(1)

ਜ਼ਮਾਨੇ ਦਾ ਚਲਨ, ਹਰ ਸ਼ਖ਼ਸ ਦੇ ਤੇਵਰ ਬਦਲ ਜਾਂਦੇ।
ਬਦਲਦੇ ਨੇ ਜਦੋਂ ਮੌਸਮ ਤਾਂ ਸਭ ਮੰਜ਼ਰ ਬਦਲ ਜਾਂਦੇ।
ਬਦਲਦੀ ਸਿਰਫ਼ ਸੂਰਤ ਹੀ ਨਹੀਂ ਇੱਕ ਨਾਲ ਉਮਰਾਂ ਦੇ,
ਅਨੇਕਾਂ ਰਿਸ਼ਤਿਆਂ ਦੇ ਅਰਥ ਵੀ ਅਕਸਰ ਬਦਲ ਜਾਂਦੇ।
ਕਹਾਣੀ ਜ਼ਿੰਦਗੀ ਦੀ ਤਾਂ ਕਦੇ ਬਦਲੀ ਨਾ ਸਦੀਆਂ ਤੋਂ,
ਸਮੇਂ ਨਾਲ ਇਸ ਨਾਟਕ ਦੇ ਬਸ ਪਾਤਰ ਬਦਲ ਜਾਂਦੇ।
ਜਦੋਂ ਤੱਕ ਪਹੁੰਚਦੈ ਅਖ਼ਬਾਰ ਤੀਕਰ ਹਾਦਸਾ ਕੋਈ,
ਉਦੋਂ ਤੱਕ ਇਸ ਇਬਾਰਤ ਦੇ ਕਈ ਅੱਖਰ ਬਦਲ ਜਾਂਦੇ।
ਤੇਰੇ ਤੁਰ ਜਾਣ ਦੇ ਪਿੱਛੋਂ ਹੀ ਇਹ ਅਹਿਸਾਸ ਹੋਇਆ ਹੈ,
ਕਿਵੇਂ ਹਾਸੇ ਅਚਾਨਕ ਹਉਕਿਆਂ ਅੰਦਰ ਬਦਲ ਜਾਂਦੇ।
ਇਹੀ ਦਸਤੂਰ ਹੈ ਏਥੇ, ਹਵਾ ਦਾ ਰੁਖ਼ ਬਦਲਦੇ ਹੀ,
ਕਈ ਦੁਸ਼ਮਣ ਬਦਲ ਜਾਂਦੇ, ਕਈ ਮਿੱਤਰ ਬਦਲ ਜਾਂਦੇ।

(2)

ਘਰ ਦੇ ਅੰਦਰ ਉਸ ਦੇ ਬਾਝੋੋਂ ਸੰਨਾਟਾ ਬੇਹਾਲ ਕਰੇ।
ਘਰ ਤੋਂ ਬਾਹਰ ਉਸ ਦੇ ਬਾਰੇ ਸਾਰਾ ਸ਼ਹਿਰ ਸਵਾਲ ਕਰੇ।
ਖ਼ੁਸ਼ਬੋ ਵਾਂਗ ਜੁਦਾ ਹੋਇਆ ਤੇ ਫੇਰ ਕਦੇ ਨਾ ਮਿਲਿਆ ਉਹ,
ਪਰ ਮੇਰਾ ਦਿਲ ਝੱਲਾ ਹੁਣ ਵੀ ਬਹਿਸ ਹਵਾਵਾਂ ਨਾਲ ਕਰੇ।
ਜਿਸ ਦੇ ਬਿਖਰਨ ਦਾ ਡਰ ਔਖਾ ਕਰ ਦੇਵੇ ਸਾਹ ਲੈਣਾ ਵੀ,
ਰੇਤ ਜਿਹੇ ਉਸ ਰਿਸ਼ਤੇ ਦੀ ਵੀ ਕੀ ਕੋਈ ਸੰਭਾਲ ਕਰੇ।
ਮੈਨੂੰ ਘਰ ਅੰਦਰ ਵੀ ਅਕਸਰ ਲੱਗਦਾ ਹੈ ਕੁਝ ਏਸ ਤਰ੍ਹਾਂ,
ਜਿਉਂ ਮੇਲੇ ਵਿੱਚ ਗੁੰਮਿਆ ਬੱਚਾ ਆਪਣਿਆਂ ਦੀ ਭਾਲ ਕਰੇ।
ਵਿਹਲ ਕਿਸੇ ਨੂੰ ਕਦ ਹੈ ਆਪਣੇ ਹੀ ਜ਼ਖ਼ਮਾਂ ਦੀ ਗਿਣਤੀ ਤੋਂ,
ਤੇਰੇ ਵਗਦੇ ਅੱਥਰੂਆਂ ਦਾ ਏਥੇ ਕੌਣ ਖ਼ਿਆਲ ਕਰੇ।
ਮੈਨੂੰ ਤਾਂ ਹੁਣ ਯਾਦਾਂ ਵਿੱਚ ਵੀ ਉਸ ਦੇ ਨਕਸ਼ ਨਹੀਂ ਲੱਭਦੇ,
ਦੁਨੀਆਂ ਮੇਰੇ ਸ਼ਿਅਰਾਂ ਅੰਦਰ ਜਿਸ ਚਿਹਰੇ ਦੀ ਭਾਲ ਕਰੇ।

(3)

ਕੀਤਾ ਨਿਲਾਮ ਹਾਰ ਕੇ ਉਸ ਨੇ ਜ਼ਮੀਰ ਨੂੰ।
ਦੁਨੀਆਂ ਨੂੰ ਰਾਸ ਆ ਗਿਆ ਉਹ ਵੀ ਅਖ਼ੀਰ ਨੂੰ।
ਮੰਗੇ ਦੁਆ ਜੋ ਸਾਰਿਆਂ ਦੀ ਖ਼ੈਰ ਦੇ ਲਈ,
ਇਹ ਸ਼ਹਿਰ ਢੂੰਡਦਾ ਹੈ ਇੱਕ ਐਸੇ ਫ਼ਕੀਰ ਨੂੰ।
ਮੈਂ ਨਾਮ ਤੇਰਾ ਦੇਖਿਆ ਜਿਸ ਦੀ ਵੀ ਨੋਕ ’ਤੇ,
ਸੀਨੇ ਦੇ ਵਿੱਚ ਲੁਕੋ ਲਿਆ ਓਸੇ ਹੀ ਤੀਰ ਨੂੰ।
ਅੰਦਰ ਹੀ ਅੰਦਰ ਖੋਰਦਾ ਰਹਿੰਦਾ ਹੈ ਇਹ ਸਦਾ,
ਵਿਰਲਾ ਹੀ ਕੋਈ ਸਾਂਭਦੈ ਅੱਖਾਂ ’ਚ ਨੀਰ ਨੂੰ।
ਸੌਖੇ ਬੜੇ ਨੇ ਮੇਟਣੇ ਰਾਹਾਂ ਦੇ ਫ਼ਾਸਲੇ,
ਔਖਾ ਬੜਾ ਹੈ ਦਿਲ ਤੋਂ ਮਿਟਾਉਣਾ ਲਕੀਰ ਨੂੰ।
ਤੂੰ ਦਰਦ ਸਾਰਾ ਆਪਣੀਆਂ ਗ਼ਜ਼ਲਾਂ ਨੂੰ ਸੌਂਪ ਦੇ,
ਵਾਰਿਸ ਮਿਲੇਗਾ ਹੋਰ ਕਿਹੜਾ ਇਸ ਜਗੀਰ ਨੂੰ।

(4)

ਉਮਰ ਭਰ ਤੁਰ ਕੇ ਵੀ ਤੇਰੇ ਤੀਕ ਨਾ ਆਇਆ ਗਿਆ।
ਇਸ ਤਰ੍ਹਾਂ ਲੱਗਦੈ ਜਿਵੇਂ ਸਾਰਾ ਸਫ਼ਰ ਜ਼ਾਇਆ ਗਿਆ।
ਰੂੁਹ ਮੇਰੀ ਦੇ ਜ਼ਖ਼ਮ ਆਏ ਨਾ ਕਿਸੇ ਨੂੰ ਵੀ ਨਜ਼ਰ,
ਮੇਰੇ ਤੋਂ ਵੀ ਦਰਦ ਦਾ ਪਰਚਮ ਨਾ ਲਹਿਰਾਇਆ ਗਿਆ।
ਹਰ ਕਦਮ ’ਤੇ ਨਾਲ ਸੀ ਤੇਰੇ ਰਿਹਾ ਜੋ ਸਾਰਾ ਦਿਨ,
ਸ਼ਾਮ ਉਤਰੀ ਹੈ ਤਾਂ ਹੁਣ ਕਿੱਧਰ ਤੇਰਾ ਸਾਇਆ ਗਿਆ।
ਕਿਸ ਤਰ੍ਹਾਂ ਦੀ ਪਿਆਸ ਹੈ ਇਹ ਆਦਮੀ ਦੀ ਯਾ-ਖ਼ੁਦਾ,
ਇਹ ਤਾਂ ਨਦੀਆਂ ਪੀ ਕੇ ਵੀ ਆਖ਼ਰ ਨੂੰ ਤਿਰਹਾਇਆ ਗਿਆ।
ਸਮਝਦਾ ਤਾਂ ਸੀ ਹਕੀਕਤ ਪੀਂਘ ਸਤੰਰਗੀ ਦੀ ਮੈਂ,
ਫੇਰ ਵੀ ਮੇਰੇ ਤੋਂ ਅਪਣਾ ਦਿਲ ਨਾ ਸਮਝਾਇਆ ਗਿਆ।
ਖ਼ੌਫ਼, ਲਾਚਾਰੀ, ਉਦਾਸੀ, ਨਾ-ਉਮੀਦੀ, ਬੇਵਸੀ,
ਰੋਜ਼ ਹੀ ਰਹਿੰਦਾ ਹੈ ਸਾਡੇ ਘਰ ਕੋਈ ਆਇਆ ਗਿਆ।

(5.)

ਦਰਦ ਵਿੱਚ ਵੀ ਅਜਬ ਖ਼ੁਮਾਰੀ ਹੈ।
ਇਹ ਨਸ਼ਾ ਹਰ ਨਸ਼ੇ ’ਤੇ ਭਾਰੀ ਹੈ।
ਸ਼ਹਿਰ ਤਾਂ ਬੇਜ਼ੁਬਾਨ ਹੈ ਸਾਰਾ,
ਮੈਨੂੰ ਆਵਾਜ਼ ਕਿਸ ਨੇ ਮਾਰੀ ਹੈ।
ਫੇਰ ਜਾਗੀ ਹੈ ਦਿਲ ’ਚ ਰੀਝ ਨਵੀਂ,
ਫਿਰ ਨਵੇਂ ਜ਼ਖ਼ਮ ਦੀ ਤਿਆਰੀ ਹੈ।
ਸਭ ਨਫ਼ਾ ਸੋਚਦੇ ਵਫ਼ਾ ਦੀ ਜਗ੍ਹਾ,
ਇਸ਼ਕ ਵੀ ਹੁਣ ਦੁਕਾਨਦਾਰੀ ਹੈ।
ਚੋਗ ਦਿਸਦੀ ਹੈ ਸਿਰਫ਼ ਜਾਲ ਨਹੀਂ,
ਭੁੱਖ ਦੀ ਵੀ ਖੇਡ ਨਿਆਰੀ ਹੈ।
ਏਸ ਦੁਨੀਆਂ ’ਚ ਆਏ ਹਾਂ ਜਦ ਤੋਂ।
ਜ਼ਿੰਦਗੀ ਨਾਲ ਬਹਿਸ ਜਾਰੀ ਹੈ।

Thanks for Reading this. Like us on Facebook https://www.facebook.com/shivbatalvi and Subscribe to stay in touch.