ਆਪਣੀ ਸਾਲ-ਗਿਰ੍ਹਾ ਤੇ.........
ਬਿਰਹਣ ਜਿੰਦ ਮੇਰੀ ਨੇ ਸਈਓ,
ਕੋਹ ਇਕ ਹੋਰ ਮੁਕਾਇਆ ਨੀ
ਪੱਕਾ ਮੀਲ ਮੌਤ ਦਾ ਨਜ਼ਰੀਂ,
ਅਜੇ ਵੀ ਨਾ ਪਰ ਆਇਆ ਨੀ
ਵਰਿਆਂ ਨਾਲ ਉਮਰ ਦਾ ਪਾਸਾ,
ਖੇਡਦਿਆਂ ਮੇਰੀ ਦੇਹੀ ਨੇ,
ਹੋਰ ਸਮੇਂ ਹੱਥ ਸਾਹਵਾਂ ਦਾ,
ਇਕ ਸੰਦਲੀ ਨਰਦ ਹਰਾਇਆ ਨੀ
ਆਤਮ-ਹੱਤਿਆ ਦੇ ਰੱਥ ਉੱਤੇ,
ਜੀ ਕਰਦੈ ਚੜ ਜਾਵਾਂ ਨੀ,
ਕਾਇਰਤਾ ਦੇ ਦੱਮਾਂ ਦਾ-
ਪਰ ਕਿੱਥੋਂ ਦਿਆਂ ਕਰਾਇਆ ਨੀ
ਅੱਜ ਕਬਰਾਂ ਦੀ ਕੱਲਰੀ ਮਿੱਟੀ,
ਲਾ ਮੇਰੇ ਮੱਥੇ ਮਾਏ ਨੀ
ਇਸ ਮਿੱਟੜੀ ਚੋਂ ਮਿੱਠੜੀ ਮਿੱਠੜੀ,
ਅੱਜ ਖੁਸ਼ਬੋਈ ਆਏ ਨੀ
ਲਾ ਲਾ ਲੂਣ ਖੁਆਏ ਦਿਲ ਦੇ,
ਡੱਕਰੇ ਕਰ ਕਰ ਪੀੜਾਂ ਨੂੰ,
ਪਰ ਇਕ ਪੀੜ ਵਸਲ ਦੀ ਤਾਂ ਵੀ
ਭੁੱਖੀ ਮਰਦੀ ਜਾਏ ਨੀ
ਸਿਦਕ ਦੇ ਕੂਲ਼ੇ ਪਿੰਡੇ ਤੇ-
ਅੱਜ ਪੈ ਗਈਆਂ ਇਉਂ ਲਾਸਾਂ ਨੀ,
ਜਿਉਂ ਤੇਰੇ ਬੱਗੇ ਵਾਲੀਂ ਕੋਈ ਕੋਈ,
ਕਾਲਾ ਨਜ਼ਰੀਂ ਆਏ ਨੀ
ਨੀ ਮੇਰੇ ਪਿੰਡ ਦੀਓ ਕੁੜੀਓ ਚਿੜੀਓ
ਆਓ ਮੈਨੂੰ ਦਿਓ ਦਿਲਾਸਾ ਨੀ
ਪੀ ਚਲਿਆ ਮੈਨੂੰ ਘੁੱਟ ਘੁੱਟ ਕਰਕੇ,
ਗ਼ਮ ਦਾ ਮਿਰਗ ਪਿਆਸਾ ਨੀ
ਹੰਝੂਆਂ ਦੀ ਅੱਗ ਸੇਕ ਸੇਕ ਕੇ,
ਸੜ ਚੱਲੀਆਂ ਜੇ ਪਲਕਾਂ ਨੀ,
ਪਰ ਪੀੜਾਂ ਦੇ ਪੋਹ ਦਾ ਅੜੀਓ,
ਘੱਟਿਆ ਸੀਤ ਨਾ ਮਾਸਾ ਨੀ
ਤਾ ਤਰੇਈਏ ਫਿਕਰਾਂ ਦੇ ਨੇ
ਮਾਰ ਮੁਕਾਈ ਜਿੰਦਰੀ ਨੀ,
ਲੂਸ ਗਿਆ ਹਰ ਹਸਰਤ ਮੇਰੀ
ਲਗਿਆ ਹਿਜ਼ਰ ਚੁਮਾਸਾ ਨੀ
ਪੀੜਾਂ ਪਾ ਪਾ ਪੂਰ ਲਿਆ
ਮੈਂ ਦਿਲ ਦਾ ਖੂਹਾ ਖਾਰਾ ਨੀ
ਪਰ ਬਦਬਖਤ ਨਾ ਸੁਕਿਆ ਅੱਥਰਾਂ
ਇਹ ਕਰਮਾਂ ਦਾ ਮਾਰਾ ਨੀ
ਅੱਧੀ ਰਾਤੀਂ ਉਠ ਉਠ ਰੋਵਾਂ
ਕਰ ਕਰ ਚੇਤੇ ਮੋਇਆਂ ਨੂੰ,
ਮਾਰ ਦੁਹੱਕੜਾਂ ਪਿੱਟਾਂ ਜਦ ਮੈਂ
ਟੁੱਟ ਜਾਏ ਕੋਈ-ਕੋਈ ਤਾਰਾ ਨੀ
ਦਿਲ ਦੇ ਵਿਹੜੇ ਫੂਹੜੀ ਪਾਵਾਂ
ਯਾਦਾਂ ਆਉਣ ਮਕਾਣੇ ਨੀ,
ਰੋਜ਼ ਗਮਾਂ ਦੇ ਸੱਥਰ ਸੌਂ ਸੌਂ
ਜੋੜੀਂ ਬਹਿ ਗਿਆ ਪਾਰਾ ਨੀ
ਸਈਓ ਰੁੱਖ ਹਯਾਤੀ ਦੇ ਨੂੰ,
ਕਹੀ ਪਾਵਾਂ ਮੈਂ ਪਾਣੀ ਨੀ
ਸਿਉਂਕ ਇਸ਼ਕ ਦੀ ਫੋਕੀ ਕਰ ਗਈ
ਇਹਦੀ ਹਰ ਇਕ ਟਾਹਣੀ ਨੀ
ਯਾਦਾਂ ਦਾ ਕਰ ਲੋਗੜ ਕੋਸਾ
ਕੀ ਮੈਂ ਕਰਾਂ ਟਕੋਰਾਂ ਨੀ
ਪਈ ਬਿਰਹੋਂ ਦੀ ਸੋਜ ਕਲੇਜੇ
ਮੋਇਆਂ ਬਾਣ ਨਾ ਜਾਣੀ ਨੀ
ਡੋਲ ਇਤਰ ਮੇਰੀ ਜ਼ੁਲਫੀਂ ਮੈਨੂੰ
ਲੈ ਚਲੋ ਕਬਰਾਂ ਵੱਲੇ ਨੀ,
ਖੌਰੇ ਭੂਤ ਭੁਤਾਣੇ ਹੀ ਬਣ
ਚੰਬੜ ਜਾਵਣ ਹਾਣੀ ਨੀ
Thanks for Reading this. Like us on Facebook https://www.facebook.com/shivbatalvi
and Subscribe to stay in touch.
No comments:
Post a Comment