6.8.12

ਆਪੋਧਾਪੀ ਮੱਚ ਗਈ.

ਆਪੋਧਾਪੀ ਮੱਚ ਗਈ..... Aapodhapi macch Gayi....

ਆਪੋਧਾਪੀ ਮੱਚ ਗਈ, ਝੂਠ ਬਦੀ ਖੁਦਗਰਜ਼ੀਆਂ
ਸਭ ਦੀ ਸਾਂਝੀ ਫੌਜ਼ ਦਾ ਸ਼ਹਿਰ 'ਤੇ ਹੱਲਾ ਹੋ ਗਿਆ
ਮੇਰੇ ਵੇਂਹਦਿਆਂ ਵੇਂਹਦਿਆਂ ਭੇਤ ਨਹੀਂ ਕਿਉਂ ਹਰ ਕੋਈ
ਵਸਦੇ ਰਸਦੇ ਸ਼ਹਿਰ ਵਿਚ ਕੱਲਾ ਕੱਲਾ ਹੋ ਗਿਆ

ਬਿਰਤੀ ਜਿਹੀ ਬਿਖੇਰਦਾ, ਲੱਗੀ ਟੇਕ ਉਖੇੜਦਾ
ਸੁਰਤ ਭੁਲਾਈ ਜਾਂਵਦਾ, ਅੱਖੀਂ ਘੱਟਾ ਪਾਂਵਦਾ
ਕੱਪੜ-ਲੀੜ ਉਡਾਂਵਦਾ, ਝੱਖੜ ਆਇਆ ਲਾਂਭ ਦਾ
ਮੈਂ ਤਾਂ ਸਭ ਕੁਝ ਸਾਂਭਦਾ ਯਾਰੋਂ ਝੱਲਾ ਹੋ ਗਿਆ

ਬੀਤੇ ਦਾ ਨਾ ਜ਼ਿਕਰ ਕਰ, ਬਸ ਤੂੰ ਅਗਲਾ ਫਿਕਰ ਕਰ
ਪੁੰਗਰੀ ਪੌਧ ਸੰਭਾਲ ਤੂੰ, ਮਰ ਨਾ ਮਰਦੇ ਨਾਲ ਤੂੰ
ਹੁਣ ਕੀ ਬਹਿ ਕੇ ਰੋਵਣਾ, ਗਮ ਦੀ ਚੱਕੀ ਝੋਵਣਾ
ਜਿਹੜਾ ਕੁੱਝ ਸੀ ਹੋਵਣਾ ਉਹ ਤਾਂ ਮੱਲਾ ਹੋ ਗਿਆ

ਸਿਮ ਸਿਮ ਬਰਫਾਂ ਢਲਦੀਆਂ, ਨਿਮ ਨਿਮ ਪਾਣੀ ਬਹਿ ਰਹੇ
ਛਮ ਛਮ ਕਣੀਆਂ ਵਰਦੀਆਂ, ਝਿਮ ਝਿਮ ਰਿਸ਼ਮਾਂ ਕਰਦੀਆਂ
ਕੀ ਸੁਣਨੇ ਉਪਦੇਸ਼ ਮੈਂ ਮੁੱਲਾਂ ਦੇ ਆਦੇਸ਼ ਮੈਂ
ਆਲਮ ਦਾ ਸੰਗੀਤ ਹੀ ਮੇਰਾ ਅੱਲਾ ਹੋ ਗਿਆ.....


ਸੁਰਜੀਤ ਪਾਤਰ
ਵਿਚੋਂ :-ਸੁਰਜ਼ਮੀਨ

Thanks for Reading this. Like us on Facebook https://www.facebook.com/shivbatalvi and Subscribe to stay in touch.