20.10.12

ਗ਼ਜ਼ਲ - ਦੀਪਕ ਜੈਤੋਈ

ਗ਼ਜ਼ਲ - ਦੀਪਕ ਜੈਤੋਈ

ਇਸ਼ਕ ਵਾਲੇ ਇਸ਼ਕ ਫ਼ਰਮਾਓਂਦੇ ਨੇ ਹਸਦੇ-ਖੇਡਦੇ
ਜਾਨ ਤਕ ਤੋਂ ਭੀ ਗੁਜ਼ਰ ਜਾਂਦੇ ਨੇ ਹਸਦੇ-ਖੇਡਦੇ

ਠੀਕ ਹੈ ਮਤਕਲ ਦਾ ਨਕਸ਼ ਦਿਲ ਹਿਲਾਊ ਹੈ ਬੜਾ
ਜਾਣ ਵਾਲੇ ਫ਼ੇਰ ਭੀ ਜਾਂਦੇ ਨੇ ਹੱਸਦੇ-ਖੇਡਦੇ

ਐ ਸਮੇਂ ਦੇ ਗੇੜ ! ਕੁਝ ਮੇਰੇ ਜਿਹੇ ਕੱਲੇ ਭੀ ਹਨ
ਜੋ ਤਿਰੇ ਸਾਹਵੇਂ ਵੀ ਡਟ ਜਾਂਦੇ ਨੇ ਹਸਦੇ-ਖੇਡਦੇ

ਬਾਗ਼ ਸੜਦੈ ; ਤਾਂ ਅਜਿਹੇ ਪੰਛੀ ਭੀ ਹੁੰਦੇ ਹਨ ਕੁਝ
ਖੰਭ ਹੁੰਦਿਆ ਭੀ ਜੋ ਸੜ ਜਾਂਦੇ ਨੇ ਹਸਦੇ-ਖੇਡਦੇ

ਤੂੰ ਕਿਨਾਰੇ ਤੇ ਖੜਾ ਰੋਨੈ ਦਿਲਾ ! ਪਰ ਕੁਝ ਦਲੇਰ
ਚੀਰਦੇ ਦਰਿਆ ਨੂੰ ਓਹ ਜਾਂਦੇ ਨੇ ਹਸਦੇ-ਖੇਡਦੇ

ਬਦਤਮੀਜ਼ੀ ਦੇਖ ਕੇ ਸਾਕੀ ਦੀ; ਬਾ-ਗੈਰਤ ਪਿਆਕ!
ਜਾਮ ਆਪਣਾ ਛੱਡ ਦੇਂਦੇ ਨੇ ਹਸਦੇ-ਖੇਡਦੇ

ਕਿੰਨੇ ਖ਼ੁਸ਼ਕਿਸਮਤ ਨੇ “ਦੀਪਕ”! ਜਿਹੜੇ ਇਸ ਮਹਿਫ਼ਿਲ ਦੇ ਵਿੱਚ
ਰੋਂਦਿਆਂ ਆਓਂਦੇ ਨੇ, ਜਾਂਦੇ ਨੇ ਹਸਦੇ-ਖੇਡਦੇ



Thanks for Reading this. Like us on Facebook https://www.facebook.com/shivbatalvi and Subscribe to stay in touch.