10.12.12

ਪਰਿੰਦੇ -ਸੁਖਵਿੰਦਰ ਅੰਮ੍ਰਿਤ


ਪਰਿੰਦੇ ਜਜ਼ਬਿਆਂ ਦੇ ਜਦ ਉਡਾਰੀ ਭਰਨ ਲਗਦੇ ਨੇ
ਇਹ ਪਿੰਜਰੇ ਪਿਘਲ ਜਾਂਦੇ ਨੇ ਸ਼ਿਕਾਰੀ ਡਰਨ ਲਗਦੇ ਨੇ
ਕਦੋਂ ਤਕ ਰੱਖਿਆ ਜਾਂਦਾ ਦਬਾ ਕੇ ਜਿਉਣ ਦਾ ਜਜ਼ਬਾ
ਲਹੂ 'ਚੋਂ ਲਹਿਰ ਜਦ ਉਠਦੀ ਕਿਨਾਰੇ ਖਰਨ ਲਗਦੇ ਨੇ
ਉਹ ਪਾ ਕੇ ਝਾਂਜਰਾਂ ਅੰਗਿਆਰਿਆਂ ਤੋਂ ਇਉਂ ਗੁਜ਼ਰਦੀ ਹੈ
ਕਿ ਉਸ ਦੀ ਇਸ ਅਦਾ 'ਤੇ ਚੰਨ ਸੂਰਜ ਮਰਨ ਲਗਦੇ ਨੇ
ਘਰਾਂ ਨੂੰ ਭੁੱਲਿਆ ਕਿੱਥੇ ਹਨ੍ਹੇਰੀ ਦਾ ਸਿਤਮ ਹਾਲੇ
ਹਵਾ ਸਰਗੋਸ਼ੀਆਂ ਕਰਦੀ ਤੇ ਬੂਹੇ ਡਰਨ ਲਗਦੇ ਨੇ
ਅਜੇ ਵੀ ਉਤਰ ਆਉਂਦੀ ਹੈ ਮੇਰੇ ਚੇਤੇ 'ਚ ਉਹ ਆਥਣ
ਮੇਰੇ ਸੀਨੇ 'ਚ ਜਗਦੇ ਦੀਪ ਅੱਖੀਆਂ ਭਰਨ ਲਗਦੇ ਨੇ
ਹਵਾ ਐਸੀ ਵੀ ਉਠਦੀ ਹੈ ਕਿ ਹਰ ਜ਼ੰਜੀਰ ਟੁੱਟਦੀ ਹੈ
ਇਹ ਟਿੱਬੇ ਢਹਿਣ ਲਗਦੇ ਨੇ ਇਹ ਟੋਏ ਭਰਨ ਲਗਦੇ ਨੇ
ਹਨ੍ਹੇਰੇ ਦੀ ਪਕੜ 'ਚੋਂ ਨਿਕਲ ਆਉਂਦੇ ਨੇ ਜਦੋਂ ਦੀਵੇ
ਸਮੇਂ ਦੇ ਨੈਣ ਖੁੱਲ੍ਹ ਜਾਂਦੇ ਨੇ ਤੇ ਚਾਨਣ ਝਰਨ ਲਗਦੇ ਨੇ - ਸੁਖਵਿੰਦਰ ਅੰਮ੍ਰਿਤ


Thanks for Reading this. Like us on Facebook https://www.facebook.com/shivbatalvi and Subscribe to stay in touch.