29.7.13

ਗ਼ਜ਼ਲ - ਹਰਦਿਆਲ ਸਾਗਰ

ਗ਼ਜ਼ਲ - ਹਰਦਿਆਲ ਸਾਗਰ

ਆਦਮੀ ਦੇ ਜਿਸਮ ਵਿਚ ਕੁਝ ਛੇਕ ਹੁੰਦੇ ਸਾਰ ਹੀ
ਝੂਮ ਕੇ ਵਹਿਸ਼ਤ ਕਿਹਾ ਲਉ ਬਣ ਗਈ ਏ ਬੰਸਰੀ

ਪੌਣ ਨੂੰ ਆਖੋ ਕਿ ਛਤ ਤੇ ਚਹਿਲਕਦਮੀ ਨਾ ਕਰੇ
ਛੱਤ ਉਤੇ ਸੌਣ ਦਾ ਮਤਲਬ ਹੈ ਹੁਣ ਤਾਂ ਖੁਦਕਸ਼ੀ

ਹੁਣ ਅਸੀਂ ਹਿੰਦੂ ਹਾਂ ਜਾਂ ਫਿਰ ਸਿੱਖ ਜਾਂ ਫਿਰ ਮੁਸਲਮਾਨ
ਹੁਣ ਅਸਾਨੂੰ ਆਦਮੀ ਆਖੋ ਤਾਂ ਜਾਪੇ ਮਸ਼ਕਰੀ

ਮੈਂ ਜਾਂ ਤੂੰ ਜਾਂ ਉਹ ਜਾਂ ਫਿਰ ਕੋਈ ਵੀ ਹੋ ਸਕਦਾ ਹੈ ਇਹ
ਕਤਲ ਦੀ ਸੁਰਖੀ ਤਹਿਤ ਤਸਵੀਰ ਜਿਸਦੀ ਹੈ ਛਪੀ

ਆਪਣੇ ਹੀ ਘਰ ਗੁਫ਼ਾ ਵਰਗੇ ਨੇ ਕਿਉਂਕਰ ਹੋ ਗਏ
ਆਪਣੀ ਹੀ ਸ਼ਕਲ ਕਿਉਂ ਲਗਦੀ ਹੈ ਹੁਣ ਤੁਹਮਤ ਜਿਹੀ

ਜਿਸਮ ਅੰਦਰ ਸਰਕਦੀ ਹੈ ਮਰ ਗਏ ਦੀ ਪੀੜ ਜੇ
ਜ਼ਿਹਨ ਅੰਦਰ ਸੁਲਗਦੀ ਕਾਤਿਲ ਦੀ ਵੀ ਸ਼ਰਮਿੰਦਗੀ

ਕੀ ਪਤਾ ਕਦ ਆਖ ਦੇਵੇਂ ਲਾਟ ਬਣ ਕੇ ਲੇਟ ਜਾ
ਹੋ ਗਈ ਹਰ ਸੜਕ ਦੀ ਅਜਕਲ ਤਬੀਅਤ ਚੁਲਬਲੀ

ਹੁਣ ਬੜਾ ਆਸਾਨ ਹੈ ਮਾਰੂਥਲਾਂ ਨੂੰ ਚੀਰਨਾ
ਹੁਣ ਬੜਾ ਮੁਸ਼ਕਲ ਹੈ ਜਾਣਾ ਇਸ ਗਲੀ ਤੋਂ ਉਸ ਗਲੀ
.............................................................. - ਹਰਦਿਆਲ ਸਾਗਰ


Thanks for Reading this. Like us on Facebook https://www.facebook.com/shivbatalvi and Subscribe to stay in touch.