ਇੰਜ ਹੀ ਸਹੀ - ਪਾਸ਼
ਅਸੀਂ ਬੱਕਰ ਬੁਲਾਉਂਦੇ ਉਨਾਂ ਨੂੰ ਚੰਗੇ ਨਹੀਂ ਲੱਗਦੇ
ਚਲੋ ਇੰਜ ਹੀ ਸਹੀ
ਉਹ ਤਾਂ ਬਸ ਸ਼ੁਗਲ ਫਰਮਾਉਂਦੇ ਰਹੇ
ਵੈਣ ਸੁਣਦੇ ਆਏ
ਦਾਦ ਦਿੰਦੇ ਰਹੇ....
ਜ਼ਿੰਦਗੀ ਜੇ ਕਵਿਤਾ ਜੇਹੀ ਹੁੰਦੀ
ਅਸੀਂ ਖਾਮੋਸ਼ ਹੀ ਰਹਿੰਦੇ
ਸੁਫਨੇ ਜੇ ਪੱਥਰ ਦੇ ਹੁੰਦੇ
ਗੀਟਿਆਂ ਸੰਗ ਹੀ ਪਰਚ ਛੱਡਦੇ
ਪਾਣੀ ਨਾਲ ਜੇ ਢਿੱਡ ਭਰ ਸਕਦਾ
ਤਾਂ ਪੀ ਕੇ ਸੌਂ ਰਹਿੰਦੇ
ਚਾਂਦਨੀ ਜੇ ਓੜੀ ਜਾ ਸਕਦੀ
ਸਿਊਂ ਕੇ ਪਾ ਲੈਂਦੇ.....
ਏਥੇ ਪਰ ਕੁੱਝ ਨਹੀਂ ਦਿਸਦਾ
ਅਮਨ ਦੀਆਂ ਘੁੱਗੀਆਂ ਵਰਗਾ
ਗੀਤਾਂ ਦੇ ਦਰਖੱਤ ਨਹੀਂ ਲੱਭਦੇ
ਜਿਨਾਂ ਸੰਗ ਪੀਂਘ ਪਾ ਲਈਏ
ਅਸੀਂ ਤਾਂ ਖੋਹਣੀ ਹੈ
ਆਪਣੀ ਚੋਰੀ ਹੋਈ ਰਾਤਾਂ ਦੀ ਨੀਂਦ
ਅਸੀਂ ਟੋਹਣਾ ਹੈ ਜ਼ੋਰ
ਖੂਨ-ਲਿੱਬੜੇ ਹੱਥਾਂ ਦਾ
ਉਨਾਂ ਨੂੰ ਭਲੇ ਲੱਗਣ ਲਈ
ਅਸੀਂ ਹੁਣ ਵੈਣ ਨਹੀਂ ਪਾਉਣੇ
Thanks for Reading this. Like us on Facebook https://www.facebook.com/shivbatalvi
and Subscribe to stay in touch.