10.5.14

ਫੁੱਲਾਂ ਦੀ ਥਾਂ ਪੱਥਰ...ਗ਼ਜ਼ਲ... ਸੁਰਜੀਤ ਜੱਜ


ਫੁੱਲਾਂ ਦੀ ਥਾਂ ਪੱਥਰ

ਫੁੱਲਾਂ ਦੀ ਥਾਂ ਪੱਥਰ ਪੂਜੋ, ਕੁਦਰਤ ਨੇ ਕੁਰਲਾਉਣਾ ਹੀ ਸੀ
ਏਨੇ ਹੰਝੂ ਵਹਿ ਚੁੱਕੇ ਸਨ, ਪਰਲੋ ਨੇ ਤਾਂ ਆਉਣਾਂ ਹੀ ਸੀ
ਆਪਣੀ ਮਾਇਆ ਦੀ ਵਲਗਣ ਵਿਚ ਕ਼ੈਦ ਜਿਨ੍ਹਾਂ ਨੂੰ ਕਰ ਬੈਠੇ ਸੋ
ਇਕ ਨਾ ਇਕ ਦਿਨ ਉਨ੍ਹਾਂ ਨਦੀਆਂ, ਖ਼ੁਦ ਨੂੰ ਮੁਕਤ ਕਰਾਉਣ ਹੀ ਸੀ
ਚੱਪਾ-ਚੱਪਾ ਹਿੱਕ ਧਰਤੀ ਦੀ ਸਾਡੀ ਹਵਸ ਨੇ ਲੂਹ ਦਿੱਤੀ ਸੀ
ਉਹਦਾ ਤਪਦਾ ਤਨ ਠਾਰਨ ਨੂੰ, ਸਾਗਰ ਨੇ ਤਾਂ ਆਉਣਾ ਹੀ ਸੀ
ਏਨਾ ਬੋਝ ਕਿ ਜਿਸ ਤੋਂ ਤ੍ਰਹਿ ਕੇ ਬੌਲ ਖੁਦਕਸ਼ੀ ਕਰ ਚੁੱਕਾ ਸੀ
ਥੱਕ ਹਾਰ ਕੇ ਮਾਂ ਮਿੱਟੀ ਨੇ ਪਾਸਾ ਤਾਂ ਪਰਤਾਉਣਾ ਹੀ ਸੀ
ਜੀਹਦੇ ਚੀਰ ਹਰਨ ਦੀ ਲੀਲ੍ਹਾ, ਆਪਾਂ ਹੁੱਬ ਹੁੱਬ ਵੇਖ ਰਹੇ ਸਾਂ
ਕੁਦਰਤ ਪੰਚਾਲੀ ਨੇ ਆਪਣਾ, ਨੰਗਾ ਸੱਚ ਵਿਖਾਉਣਾ ਹੀ ਸੀ
ਸਿੱਪੀਆਂ ਵਿਚ ਸਮੁੰਦਰ ਭਰ ਕੇ ਜੋ ਜੇਬਾਂ ਵਿਚ ਪਾਈ ਫਿਰਦੇ
ਸੋਕੇ-ਡੋਬੇ ਨਾਲ ਉਨ੍ਹਾਂ ਨੇ, ਮੱਛੀਆਂ ਨੂੰ ਤੜਫਾਉਣਾ ਹੀ ਸੀ
ਤੂੰ ਸ਼ੀਸ਼ੇ ਦੇ ਮੂਹਰੇ ਲੈ ਕੇ, ਪੱਥਰਾਂ ਨਾਲ ਬਾਜੀਆਂ ਖੇਡੇਂ
ਆਖਰ ਕਦੇ ਤਾਂ ਉਹਨਾਂ ਨੇ ਵੀ ਆਪਣਾ ਹੁਨਰ ਵਿਖਾਉਣ ਹੀ ਸੀ
ਜਦ ਤਕ ਹਰ ਪਰਲੋ ਤੋਂ ਵੱਡੀ ਜੀਣ ਕਦੀ 'ਸੁਰਜੀਤ' ਨਾ ਹੁੰਦੀ
ਤੇਰੇ ਖ਼ਤ ਦਾ ਅੱਖਰ-ਅੱਖਰ, ਮੈਂ ਮੁੜ-ਮੁੜ ਦੁਹਰਾਉਣਾ ਹੀ ਸੀ


Thanks for Reading this. Like us on Facebook https://www.facebook.com/shivbatalvi and Subscribe to stay in touch.