11.9.14

ਸ਼ਾਹ ਦੀ ਕੰਜਰੀ

ਸ਼ਾਹ ਦੀ ਕੰਜਰੀ

ਅੰਮ੍ਰਿਤਾ ਪ੍ਰੀਤਮ
ਉਹਨੂੰ ਹੁਣ ਨੀਲਮ ਕੋਈ ਨਹੀਂ ਸੀ ਆਖਦਾਸਾਰੇ ਸ਼ਾਹ ਦੀ ਕੰਜਰੀ ਆਖਦੇ ਸਨ....
ਨੀਲਮ ਨੂੰ ਲਾਹੌਰ ਹੀਰਾ ਮੰਡੀ ਦੇ ਇਕ ਚੁਬਾਰੇ ਵਿਚ ਜਵਾਨੀ ਚਡ਼੍ਹੀ ਸੀ। ਤੇ ਉਥੇ ਹੀ ਇਕ ਰਿਆਸਤੀ ਸਰਦਾਰ ਦੇ ਹੱਥੋਂ ਪੂਰੇ ਪੰਜ ਹਜ਼ਾਰ ਤੋਂ ਉਹਦੀ ਨੱਥ ਲੱਥੀ ਸੀ। ਤੇ ਉਥੇ ਹੀ ਉਹਦੇ ਹੁਸਨ ਨੇ ਅੱਗ ਬਾਲ ਕੇ ਸ਼ਹਿਰ ਲੂਹ ਦਿੱਤਾ ਸੀ। ਪਰ ਫੇਰ ਇਕ ਦਿਨ ਉਹ ਹੀਰਾ ਮੰਡੀ ਦਾ ਸਸਤਾ ਚੁਬਾਰਾ ਛੱਡ ਕੇ ਸ਼ਹਿਰ ਦੇ ਸਭ ਤੋਂ ਮਹਿੰਗੇ ਹੋਟਲ ਫਲੈਟੀ ਵਿਚ ਆ ਗਈ ਸੀ। ਉਹੀਉ ਸ਼ਹਿਰ ਸੀਪਰ ਸਾਰੇ ਸ਼ਹਿਰ ਨੂੰ ਜਿਵੇਂ ਰਾਤੋ ਰਾਤ ਉਹਦਾ ਨਾਂ ਭੁੱਲ ਗਿਆ ਹੋਵੇ, ਸਾਰਿਆਂ ਦੇ ਮੂੰਹ ਤੋਂ ਸੁਣੀਂਦਾ ਸੀ  ਸ਼ਾਹ ਦੀ ਕੰਜਰੀ

ਲੋਹਡ਼ੇ ਦਾ ਗਾਉਂਦੀ ਸੀ। ਕੋਈ ਗੌਣ ਵਾਲੀ ਉਹਦੇ ਵਾਂਗ ਮਿਰਜ਼ੇ ਦੀ ਸੱਦ ਨਹੀਂ ਸੀ ਲਾ ਸਕਦੀ। ਇਸ ਲਈ ਲੋਕ ਭਾਵੇਂ ਉਹਦਾ ਨਾਂ ਭੁੱਲ ਗਏ ਸਨਪਰ ਉਹਦੀ ਆਵਾਜ਼ ਨਹੀਂ ਸਨ ਭੁੱਲੇ। ਸ਼ਹਿਰ ਵਿਚ ਜਿਹਦੇ ਘਰ ਵੀ ਤਵਿਆਂ ਵਾਲਾ ਵਾਜਾ ਸੀਉਹ ਉਹਦੇ ਭਰੇ ਹੋਏ ਤਵੇ ਜ਼ਰੂਰ ਖਰੀਦਦਾ ਸੀ। ਪਰ ਸਾਰੇ ਘਰਾਂ ਵਿਚ ਤਵੇ ਦੀ ਫਰਮਾਇਸ਼ ਵੇਲੇਹਰ ਕੋਈ ਇਹੋ ਕਹਿੰਦਾ ਸੀ, ਅੱਜ ਸ਼ਾਹ ਦੀ ਕੰਜਰੀ ਵਾਲਾ ਤਵਾ ਜ਼ਰੂਰ ਸੁਣਨਾ ਹੈ

ਗੁੱਝੀ ਛਿਪੀ ਗੱਲ ਨਹੀਂ ਸੀਸ਼ਾਹ ਦੇ ਘਰਦਿਆਂ ਨੂੰ ਵੀ ਪਤਾ ਸੀ। ਸਿਰਫ਼ ਪਤਾ ਨਹੀਂ ਸੀਉਹਨੀਂ ਲਈ ਗੱਲ ਵੀ ਪੁਰਾਣੀ ਹੋ ਗਈ ਸੀ। ਸ਼ਾਹ ਦਾ ਵੱਡਾ ਮੁੰਡਾਜੋ ਹੁਣ ਵਿਆਹੁਣ ਜੋਗਾ ਸੀਜਦੋਂ ਕੁੱਛਡ਼ ਹੁੰਦਾ ਸੀ ਤਾਂ ਸ਼ਾਹਣੀ ਨੇ ਜ਼ਹਿਰ ਖਾ ਕੇ ਮਰਨ ਦੀ ਧਮਕੀ ਦਿੱਤੀ ਸੀਪਰ ਸ਼ਾਹ ਨੇ ਉਹਦੇ ਗਲ ਵਿਚ ਮੋਤੀਆਂ ਦਾ ਹਾਰ ਪਾ ਕੇ ਉਹਨੂੰ ਆਖਿਆ ਸੀ, ਸ਼ਾਹਣੀਏਉਹ ਤੇਰੇ ਘਰ ਦੀ ਬਰਕਤ ਏ। ਮੇਰੀ ਅੱਖ ਜਵਾਹਰੀਏ ਦੀ ਅੱਖ ਜੋ ਲੱਖੋਂ ਕੱਖ ਕਰਦਾ ਏਤੇ ਕੱਖੋਂ ਲੱਖ। ਜਿਹਨੂੰ ਪੁਠਾ ਪੈ ਜਾਏਉਹਦਾ ਲੱਖੋਂ ਕੱਖ ਕਰ ਦੇਂਦਾ ਏ। ਪਰ ਜਿਹਨੂੰ ਸਿੱਧਾ ਪੈ ਜਾਏ ਉਹਦਾ ਕੱਖੋਂ ਲੱਖ ਕਰ ਦੇਂਦਾ ਏ। ਉਹ ਵੀ ਨੀਲਮ ਏ ਸਾਡੀ ਰਾਸ ਨਾਲ ਮਿਲ ਗਈ ਏ। ਜਿਸ ਦਿਨ ਤੋਂ ਸੰਗ ਬਣਿਆ ਏਮੈਂ ਮਿੱਟੀ ਨੂੰ ਹੱਥ ਪਾਵਾਂ ਤਾ ਸੋਨਾ ਹੋ ਜਾਂਦੀ ਏ...

ਪਰ ਉਹੀਉ ਇਕ ਦਿਨ ਘਰ ਉਜਾਡ਼ ਦੇਵੇਗੀਲੱਖੋਂ ਕੱਖ ਕਰ ਦੇਵੇਗੀ ਸ਼ਾਹਣੀ ਨੇ ਛਾਤੀ ਦੇ ਸੱਲ ਨੂੰ ਸਹਿ ਕੇਉਸੇ ਪਾਸਿਉਂ ਦਲੀਲ ਦਿੱਤੀ ਸੀਜਿਸ ਪਾਸਿਉਂ ਸ਼ਾਹ ਨੇ ਗੱਲ ਤੋਰੀ ਸੀ

ਮੈਂ ਤਾਂ ਸਗੋਂ ਡਰਨਾਂ  ਕਿ ਇਹਨਾਂ ਕੰਜਰੀਆਂ ਦਾ ਕੀ ਭਰੋਸਾਕਲ੍ਹ ਨੂੰ ਕਿਸੇ ਹੋਰ ਨੇ ਸਬਜ਼ ਬਾਗ ਦਿਖਾਏ,ਤੇ ਜੇ ਇਹ ਹੱਥੋਂ ਨਿਕਲ ਗਈਤਾਂ ਲੱਖੋਂ ਕੱਖ ਹੋ ਜਾਣਾ ਏਂ ਸ਼ਾਹ ਨੇ ਫੇਰ ਆਪਣੀ ਦਲੀਲ ਦਿੱਤੀ ਸੀ

ਤੇ ਸ਼ਾਹਣੀ ਕੋਲ ਹੋਰ ਦਲੀਲ ਨਹੀਂ ਸੀ ਰਹਿ ਗਈ ਸਿਰਫ ਵਕਤ ਕੋਲ ਰਹਿ ਗਈ ਸੀਤੇ ਵਕਤ ਚੁੱਪ ਸੀ,ਕਈ ਵਰ੍ਹਿਆਂ ਤੋਂ ਚੁੱਪ ਸੀ। ਸ਼ਾਹ ਸੱਚੀ ਮੁਚੀ ਜਿੰਨੇ ਪੈਸੇ ਨੀਲਮ ਉੱਤੇ ਰੋਡ਼੍ਹਦਾ ਸੀਉਸ ਤੋਂ ਕਈ ਗੁਣਾ ਬਹੁਤੇਪਤਾ ਨਹੀਂ ਕਿੱਥੋਂ ਕਿੱਥੋਂ ਰੁਡ਼੍ਹ ਕੇ ਉਹਦੇ ਘਰ ਆ ਜਾਂਦੇ ਸਨ। ਅੱਗੇ ਉਹਦੀ ਛੋਟੀ ਜਿਹੀ ਦੁਕਾਨ,ਸ਼ਹਿਰ ਦੇ ਛੋਟੇ ਬਾਜ਼ਾਰ ਵਿਚ ਹੁੰਦੀ ਸੀਪਰ ਹੁਣ ਸਭ ਤੋ ਵੱਡੇ ਬਾਜ਼ਾਰ ਵਿਚ,  ਲੋਹੇ ਦੇ ਜੰਗਲਿਆਂ ਵਾਲੀ,ਸਭ ਤੋਂ ਵੱਡੀ ਦੁਕਾਨ ਉਹਦੀ ਸੀ। ਘਰ ਦੀ ਥਾਵੇਂ ਪੂਰਾ ਮੁਹੱਲਾ ਹੀ ਉਹਦਾ ਸੀਜਿਹਦੇ ਵਿਚ ਬਡ਼ੇ ਸਰਦੇ ਪੁਜਦੇ ਕਿਰਾਏਦਾਰ ਸਨ। ਤੇ ਜਿਹਦੇ ਵਿਚ ਤਹਿਖ਼ਾਨੇ ਵਾਲੇ ਘਰ ਦਾਉਹਦੀ ਸ਼ਾਹਣੀਕਦੇ ਇਕ ਦਿਨ ਵੀ ਵਸਾਹ ਨਹੀਂ ਸੀ ਖਾਂਦੀ

ਬਡ਼ੇ ਵਰ੍ਹੇ ਹੋਏਸ਼ਾਹਣੀ ਨੇ ਇਕ ਦਿਨ ਮੋਹਰਾਂ ਵਾਲੇ ਟਰੰਕ ਨੂੰ ਜੰਦਰਾ ਮਾਰਦਿਆਂਸ਼ਾਹ ਨੂੰ ਆਖਿਆ ਸੀ ਉਹਨੂੰ ਭਾਵੇਂ ਹੋਟਲ ਵਿਚ ਰੱਖਤੇ ਭਾਵੇਂ ਤਾਜ ਮਹੱਲ ਪੁਆ ਦੇਪਰ ਬਾਹਰ ਦੀ ਬਲਾ ਬਾਹਰ ਹੀ ਰੱਖੀਂ,ਉਹਨੂੰ ਮੇਰੇ ਘਰ ਨਾ ਵਾਡ਼ੀਂ। ਮੈਂ ਉਹਦੇ ਮੱਥੇ ਨਹੀਂ ਲੱਗਣਾ। ਤੇ ਸੱਚੀ ਮੁੱਚੀ ਸ਼ਾਹਣੀ ਨੇ ਅੱਜ ਤੱਕ ਉਹਦਾ ਮੂੰਹ ਨਹੀਂ ਸੀ ਵੇਖਿਆ। ਜਦੋਂ ਉਹਨੇ ਇਹ ਗੱਲ ਆਖੀ ਸੀਉਹਦਾ ਵੱਡਾ ਪੁੱਤਰ ਅਜੇ ਸਕੂਲੇ ਪਡ਼੍ਹਦਾ ਸੀਤੇ ਹੁਣ ਉਹ ਵਿਆਹੁਣ ਜੋਗਾ ਹੋ ਪਿਆ ਸੀਪਰ ਸ਼ਾਹਣੀ ਨੇ ਨਾ ਉਹਦੇ ਗੌਣਾਂ ਵਾਲੇ ਤਵੇ ਘਰ ਵਿਚ ਵਡ਼ਣ ਦਿੱਤੇ ਸਨਤੇ ਨਾ ਘਰ ਵਿਚ ਕਿਸੇ ਨੂੰ ਉਹਦਾ ਨਾਂ ਲੈਣ ਦਿੱਤਾ ਸੀ। ਉਂਜ ਉਹਦੇ ਪੁੱਤਰਾਂ ਨੇ ਹੱਟੀ ਹੱਟੀ ਉਹਦੇ ਗੌਣ ਸੁਣੇ ਹੋਏ ਸਨਤੇ ਜਣੇ ਖਣੇ ਤੋਂ ਸੁਣਿਆ ਹੋਇਆ ਸੀ  ਸ਼ਾਹ ਦੀ ਕੰਜਰੀ

ਵੱਡੇ ਪੁੱਤਰ ਦਾ ਵਿਆਹ ਸੀ। ਘਰ ਚਹੁੰ ਮਹੀਨਿਆਂ ਤੋਂ ਦਰਜ਼ੀ ਬੈਠੇ ਹੋਏ ਸਨਕੋਈ ਸੂਟਾਂ ਉਤੇ ਸਿਲਮਾ ਕੱਢ ਰਿਹਾ ਸੀਕੋਈ ਤਿੱਲਾਕੋਈ ਕਿਨਾਰੀ ਤੇ ਕੋਈ ਦੁਪੱਟਿਆਂ ਉਤੇ ਸਿਤਾਰੇ ਮਡ਼੍ਹ ਰਿਹਾ ਸੀ। ਸ਼ਾਹਣੀ ਦੇ ਹੱਥ ਭਰੇ ਹੋਏ ਸਨ  ਰੁਪਈਆਂ ਦੀ ਥੈਲੀ ਕੱਢਦੀਖੋਲ੍ਹਦੀਤੇ ਫੇਰ ਹੋਰ ਥੈਲੀ ਭਰਨ ਲਈ ਤਹਿਖਾਨੇ ਚਲੀ ਜਾਂਦੀ

ਸ਼ਾਹ ਦੇ ਯਾਰਾਂ ਨੇਸ਼ਾਹ ਨੂੰ ਯਾਰੀ ਦਾ ਵਾਸਤਾ ਪਾਇਆ  ਕਿ ਮੁੰਡੇ ਦੇ ਵਿਆਹ ਤੇ ਕੰਜਰੀ ਜ਼ਰੂਰ ਗੁਆਉਣੀ ਹੈ। ਉਂਜ ਗੱਲ ਉਹਨਾ ਨੇ ਬਡ਼ੇ ਤਰੀਕੇ ਨਾਲ ਆਖੀ ਸੀਤਾਕਿ ਸ਼ਾਹਣੀ ਕਿਤੇ ਵੱਟ ਨਾ ਖਾ ਜਾਏ. ਉਂਜ ਤਾਂ ਸ਼ਾਹ ਜੀ ਬਥੇਰੀਆਂ ਗੌਣ ਨੱਚਣ ਵਾਲੀਆਂ, ਜਿਹਨੂੰ ਮਰਜ਼ੀ ਜੇ ਬੁਲਾਉਪਰ ਉਥੇ ਮਲਕਾ-ਏ-ਤਰੰਨੁਮ ਜ਼ਰੂਰ ਆਵੇਭਾਵੇਂ ਮਿਰਜ਼ੇ ਦੀ ਇਕੋ ਸੱਦ ਲਾ ਜਾਵੇ

ਫ਼ਲੈਟੀ ਹੋਟਲ ਆਮ ਹੋਟਲਾਂ ਜਿਹਾ ਨਹੀਂ ਸੀ। ਉਥੇ ਬਹੁਤ ਅੰਗਰੇਜ਼ ਲੋਕ ਹੀ ਆਉਂਦੇ ਤੇ ਠਹਿਰਦੇ ਸਨਉਹਦੇ ਵਿਚ ਕੱਲੇ ਕੱਲੇ ਵੱਡੇ ਕਮਰੇ ਵੀ ਸਨਪਰ ਵੱਡੇ ਕਮਰੇ ਤਿੰਨ ਕਮਰਿਆਂ ਦੇ ਸੈੱਟ ਵੀ। ਇਹੋ ਜਿਹੇ ਇਕ ਸੈੱਟ ਵਿਚ ਨੀਲਮ ਰਹਿੰਦੀ ਸੀ। ਤੇ ਸ਼ਾਹ ਨੇ ਸੋਚਿਆ ਕਿ ਦੋਸਤਾਂ ਯਾਰਾਂ ਦਾ ਦਿਲ ਖੁਸ਼ ਕਰਨ ਲਈ ਉਹ ਇਕ ਦਿਨ ਨੀਲਮ ਵਾਲੇ ਪਾਸੇ ਇਕ ਰਾਤ ਦੀ ਮਹਿਫ਼ਲ ਰੱਖ ਲਏਗਾ

ਇਹ ਤਾਂ ਚੁਬਾਰੇ ਤੇ ਜਾਣ ਵਾਲੀ ਗੱਲ ਹੋਈ ਇਕ ਨੇ ਉਜ਼ਰ ਕੀਤਾਤਾਂ ਸਾਰੇ ਬੋਲ ਪਏ, ਨਹੀਂ ਸ਼ਾਹ ਜੀਉਹ ਤਾਂ ਸਿਰਫ਼ ਤੁਹਾਡਾ ਹੀ ਹੱਕ ਬਣਦਾ ਏ। ਅੱਗੇ ਕਦੀ ਅਸਾਂ ਏਨੇ ਵਰ੍ਹੇ ਕੁਝ ਆਖਿਆ ਏ ? ਉਸ ਥਾਂ ਦਾ ਨਾਂ ਵੀ ਕਦੇ ਨਹੀਂ ਲਿਆ। ਉਹ ਥਾਂ ਤੁਹਾਡੀ ਅਮਾਨਤ ਏ। ਅਸਾਂ ਤਾਂ ਭਤੀਜੇ ਦੇ ਵਿਆਹ ਦੀ ਖੁਸ਼ੀ ਕਰਨੀ ਏਉਹਨੂੰ ਖਾਨਦਾਨੀ ਘਰਾਂ ਵਾਂਗ ਆਪਣੇ ਘਰ ਬੁਲਾਉਸਾਡੀ ਭਾਬੀ ਦੇ ਘਰ...

ਗੱਲਸ਼ਾਹ ਦੇ ਮਨ ਲਗਦੀ ਸੀ। ਏਸ ਗੱਲੋਂ ਵੀ ਕਿ ਉਹ ਦੋਸਤਾਂ ਯਾਰਾਂ ਨੂੰ ਨੀਲਮ ਦਾ ਰਾਹ ਨਹੀਂ ਸੀ ਵਿਖਾਣਾ ਚਾਹੁੰਦਾ (ਭਾਵੇਂ ਉਹਦੇ ਕੰਨੀਂ ਭਿਣਕ ਪੈਂਦੀ ਰਹਿੰਦੀ ਸੀ ਕਿ ਉਹਦੀ ਗ਼ੈਰ-ਹਾਜ਼ਰੀ ਵਿਚ ਹੁਣ ਕੋਈ ਹੋਰ ਅਮੀਰਜ਼ਾਦਾ ਨੀਲਮ ਕੋਲ ਆਉਣ ਲੱਗ ਪਿਆ ਸੀ)  ਤੇ ਦੂਸਰਾ ਏਸ ਗੱਲੋਂ ਵੀਕਿ ਉਹ ਚਾਹੁੰਦਾ ਸੀ ਨੀਲਮ ਇਕ ਵਾਰੀ ਉਹਦੇ ਘਰ ਆ ਕੇ ਉਹਦੇ ਘਰ ਦੀ ਤਡ਼ਕ ਭਡ਼ਕ ਵੇਖ ਜਾਵੇ। ਪਰ ਉਹ ਸ਼ਾਹਣੀ ਤੋਂ ਡਰਦਾ ਸੀਦੋਸਤਾਂ ਨੂੰ ਹਾਮੀ ਨਾ ਭਰ ਸਕਿਆ

ਦੋਸਤਾਂ ਯਾਰਾਂ ਵਿਚੋਂ ਹੀ ਦੋਂਹ ਨੇ ਰਾਹ ਕੱਢਿਆ, ਤੇ ਸ਼ਾਹਣੀ ਕੋਲ ਜਾ ਕੇ ਉਹਨੂੰ ਆਖਣ ਲੱਗੇ, ਭਾਬੀਤੂੰ ਮੁੰਡੇ ਦਾ ਵਿਆਹ ਦਾ ਗੌਣ ਨਹੀਂ ਬਿਠਾਣਾ ? ਅਸਾਂ ਤਾ ਸਾਰੀ ਖੁਸ਼ੀ ਕਰਨੀ ਏ। ਸ਼ਾਹ ਨੇ ਸਲਾਹ ਬਣਾਈ ਏ ਕਿ ਇਕ ਰਾਤ ਯਾਰਾਂ ਦੀ ਮਹਿਫ਼ਲ ਨੀਲਮ ਦੇ ਪਾਸੇ ਹੋ ਜਾਵੇ ਗੱਲ ਤਾਂ ਠੀਕ ਏਪਰ ਹਜ਼ਾਰਾਂ ਉੱਜਡ਼ ਜਾਣਗੇ। ਆਖ਼ਰ ਘਰ ਤਾਂ ਤੇਰਾ ਏਅੱਗੇ ਉਸ ਕੰਜਰੀ ਕੇਲ ਥੋਡ਼੍ਹਾ ਖੁਆ ਲਿਆ ਏ? ਤੂੰ ਸਿਆਣੀ ਬਣਉਹਨੂੰ ਗੌਣ ਵਜਾਉਣ ਲਈ ਇਥੇ ਬੁਲਾ ਲੈ ਇਕ ਦਿਨ ? ਮੁੰਡੇ ਦੇ ਵਿਆਹ ਦੀ ਖੁਸ਼ੀ ਵੀ ਹੋ ਜਾਵੇਗੀਤੇ ਰੁਪਈਆ ਉਜਡ਼ਣੋਂ ਬਚ ਜਾਵੇਗਾ

ਸ਼ਾਹਣੀ ਪਹਿਲਾਂ ਤਾਂ ਭਰੀ ਪੀਤੀ ਬੋਲੀ, ਮੈਂ ਉਸ ਕੰਜਰੀ ਦੇ ਮੱਥੇ ਨਹੀਂ ਲੱਗਣਾ ਪਰ ਜਦੋਂ ਅਗਲਿਆਂ ਠਰ੍ਹਮੇਂ ਨਾਲ ਆਖਿਆ, ਇਥੇ ਤਾਂ ਭਾਬੀ ਤੇਰਾ ਰਾਜ ਏਉਹ ਬਾਂਦੀ ਬਣ ਕੇ ਆਵੇਗੀਤੇਰੇ ਹੁਕਮ ਦੀ ਬੱਧੀ। ਤੇਰੇ ਪੁੱਤਰ ਦੀ ਖੁਸ਼ੀ ਕਰਨ ਲਈ ਹੇਠੀ ਤਾਂ ਉਹਦੀ ਏਤੇਰੀ ਕਾਹਦੀ ਏ? ਜਹੇ ਕੰਮੀ ਕਮੀਣ ਆਏ,ਡੂਮ ਮਰਾਸੀਤਹੀ ਉਹ

ਗੱਲਸ਼ਾਹਣੀ ਦੇ ਮਨ ਲਗ ਗਈ। ਉਂਜ ਵੀ ਕਦੇ ਸੁੱਤਿਆਂ ਬੈਠਦਿਆਂ ਉਹਨੂੰ ਖ਼ਿਆਲ ਆਉਂਦਾ ਹੁੰਦਾ ਸੀ ਇਕ ਵਾਰੀ ਵੇਖਾਂ ਤਾਂ ਸਹੀਕਿਹੋ ਜਿਹੀ ਏ? ਉਹਨੇ ਕਦੀ ਉਹ ਵੇਖੀ ਨਹੀਂ ਸੀਪਰ ਕਿਆਸੀ ਜ਼ਰੂਰ ਸੀ ਭਾਵੇਂ ਡਰ ਕੇ ਸਹਿਮ ਕੇਤੇ ਭਾਵੇਂ ਇਕ ਕਰਿਹਤ ਨਾਲ ਤੇ ਸ਼ਹਿਰ ਵਿਚੋਂ ਲੰਘਦਿਆਂ ਪਾਂਦਿਆਂਜੇ ਕਿਸੇ ਕੰਜਰੀ ਨੂੰ ਉਹ ਟਾਂਗੇ ਵਿਚ ਬੈਠੀ ਨੂੰ ਵੇਖਦੀ, ਤਾਂ ਨਾ ਸੋਚਣਾ ਚਾਹੁੰਦੀ ਵੀ ਸੋਚ ਜਾਂਦੀ  ਕੀ ਪਤਾ ਉਹੀਉ ਹੋਵੇ ?

ਚੱਲ ਮੈਂ ਵੀ ਇਕ ਵਾਰੀ ਵੇਖ ਛੱਡਾਂ”, ਉਹ ਮਨ ਵਿਚ ਘੁਲ ਜਹੀ ਗਈ, ਜੋ ਉਹਨੇ ਮੇਰਾ ਵਗਾਡ਼ਣਾ ਸੀ,ਵਗਾਡ਼ ਲਿਆਹੁਣ ਹੋਰ ਕੀ ਕਰ ਲੈਣਾ ਏ! ਇਕ ਵਾਰੀ ਚੰਦਰੀ ਨੂੰ ਵੇਖ ਤੇ ਛੱਡਾਂ

ਤੇ ਸ਼ਾਹਣੀ ਨੇ ਹਾਮੀ ਭਰ ਦਿੱਤੀਪਰ ਇਕ ਸ਼ਰਤ ਲਾਈ, ਇਥੇ ਨਾ ਸ਼ਰਾਬ ਉਡੇਗੀਨਾ ਕਬਾਬ। ਭਲੇ ਘਰਾਂ ਵਿਚ ਜਿਵੇਂ ਗੌਣ ਬਹਿੰਦੇ ਨੇਉਸੇ ਤਰ੍ਹਾਂ ਗੌਣ ਬਿਠਾਵਾਂਗੀ। ਤੁਸੀਂ ਮਰਦ ਮਾਹਣੂ ਵੀ ਬਹਿ ਜਾਣਾ। ਉਹ ਆਵੇਤੇ ਸਿੱਧੀ ਤਰ੍ਹਾਂ ਗੌਂ ਕੇ ਤੁਰ ਜਾਏ। ਮੈਂ ਉਹੀਉ ਚਾਰ ਪਤਾਸੇ ਉਹਦੀ ਝੋਲੀ ਪਾ ਦਿਆਂਗੀਜੋ ਹੋਰ ਕੁਡ਼ੀਆਂ ਚਿਡ਼ੀਆਂ ਨੂੰ ਦਿਆਂਗੀ, ਜੋ ਘੋਡ਼ੀਆਂ ਗੌਣਗੀਆਂ

ਇਹੋ ਹੀ ਤੇ ਭਾਬੀਅਸੀਂ ਕਹਿਨੇ ਆਂ ਸ਼ਾਹ ਦੇ ਦੋਸਤਾਂ ਨੇ ਫੁਲਾਹੁਣੀ ਦਿੱਤੀ, ਤੇਰੀ ਸਿਆਣਪ ਨਾਲ ਹੀ ਤੇ ਘਰ ਬਣਿਆ ਹੋਇਆ ਏਨਹੀਂ ਤਾਂ ਖੌਰੇ ਕੀ ਭਾਣਾ ਵਰਤ ਜਾਂਦਾ

ਉਹ ਆਈ। ਸ਼ਾਹਣੀ ਨੇ ਆਪ ਆਪਣੀ ਬੱਘੀ ਭੇਜੀ ਸੀ। ਘਰ ਮੇਲ ਨਾਲ ਭਰਿਆ ਹੋਇਆ ਸੀ। ਵੱਡੇ ਕਮਰੇ ਵਿਚ ਚਿੱਟੀਆਂ ਚਾਦਰਾਂ ਵਿਛਾ ਕੇਅੱਧ ਵਿਚਕਾਰ ਢੋਲਕੀ ਰੱਖੀ ਹੋਈ ਸੀ। ਘਰ ਦੀਆਂ ਤੀਵੀਆਂ ਨੇ ਘੋਡ਼ੀਆਂ ਛੋਹੀਆਂ ਹੋਈਆਂ ਸਨ...

ਬੱਘੀ ਬੂਹੇ ਅੱਗੇ ਆ ਖਲੋਤੀਤਾਂ ਮੇਲਣਾਂ ਵਿਚੋਂ ਜੋ ਕਾਹਲੀਆਂ ਸਨਕੁਝ ਭੱਜ ਕੇ ਬਾਰੀਆਂ ਵਲ ਚਲੀਆਂ ਗਈਆਂਤੇ ਕੁਝ ਪੌਡ਼ੀਆਂ ਵਾਲੇ ਪਾਸੇ....

ਨੀ ਬਦਸਗਣੀ ਕਿਉਂ ਕਰਦੀਆਂ ਹੋਘੋਡ਼ੀ ਵਿੱਚੇ ਹੀ ਛੱਡ ਦਿੱਤੀ ਜੇ ਸ਼ਾਹਣੀ ਨੇ ਦਬਕਾ ਜਿਹਾ ਮਾਰਿਆਪਰ ਉਹਦੀ ਆਵਾਜ਼ ਉਹਨੂੰ ਆਪ ਹੀ ਮੱਠੀ ਜਿਹੀ ਲੱਗੀ। ਜਿਵੇਂ ਉਹਦੇ ਦਿਲ ਵਿਚ ਇਕ ਧਮਕ ਪਈ ਹੋਵੇ..

ਉਹ ਪੌਡ਼ੀਆਂ ਚਡ਼੍ਹ ਕੇਬੂਹੇ ਤਕ ਆ ਗਈ ਸੀ ਸ਼ਾਹਣੀ ਨੇ ਆਪਣੀ ਗੁਲਾਬੀ ਧੋਤੀ ਦਾ ਪੱਲਾ ਸਵਾਹਰਾ ਕੀਤਾਜਿਵੇਂ ਸਾਹਮਣੇ ਤੱਕਣ ਲਈ ਉਹ ਧੋਤੀ ਦੇ ਸਗਣਾਂ ਵਾਲੇ ਗੁਲਾਬੀ ਰੰਗ ਦੀ ਸ਼ਹਿ ਲੈ ਰਹੀ ਹੋਵੇ..

ਸਾਹਮਣੇ  ਉਹਨੇ ਹਰੇ ਰੰਗ ਦਾ ਬਾਂਕਡ਼ੀ ਵਾਲਾ ਗਰਾਰਾ ਪਾਇਆ ਹੋਇਆ ਸੀਗਲ ਸੂਹੇ ਰੰਗ ਦੀ ਕਮੀਜ਼ ਸੀਤੇ ਸਿਰ ਤੋਂ ਪੈਰਾਂ ਤਕ ਢਲਕੀ ਹੋਈ ਹਰੇ ਰੇਸ਼ਮ ਦੀ ਚੁੰਨੀ। ਇਕ ਝਿਲਮਿਲ ਜਹੀ ਹੋਈ। ਸ਼ਾਹਣੀ ਨੂੰ ਇਕ ਪਲ ਸਿਰਫ਼ ਇਹੀ ਜਾਪਿਆ  ਜਿਵੇਂ ਹਰਾ ਰੰਗ ਸਾਰੇ ਬੂਹੇ ਵਿਚ ਫੈਲ ਗਿਆ ਹੈ...

ਫੇਰ ਕੱਚ ਦੀਆਂ ਚੂਡ਼ੀਆਂ ਦੀ ਛਣ ਛਣ ਹੋਈਤਾਂ ਸ਼ਾਹਣੀ ਨੇ ਵੇਖਿਆ  ਇਕ ਗੋਰਾ ਗੋਰਾ ਹੱਥਇਕ ਉਡ਼ੇ ਹੋਏ ਮੱਥੇ ਨਾਲ ਛੋਹ ਕੇਉਹਨੂੰ ਸਲਾਮ ਦੁਆ ਜਿਹਾ ਕੁਝ ਆਖਦਾ ਪਿਆ ਹੈਤੇ ਨਾਲ ਹੀ ਇਕ ਛਣਕਦੀ ਜਹੀ ਆਵਾਜ਼ - ਬਡ਼ੀਆਂ ਮੁਬਾਰਕਾਂ ਸ਼ਾਹਣੀਬਡ਼ੀਆਂ ਮੁਬਾਰਕਾਂ...

ਉਹ ਬਡ਼ੀ ਛਮਕ ਜਿਹੀ ਸੀਪੁਤਲੀ ਜਿਹੀ। ਹੱਥ ਲਾਇਆਂ ਦੂਹਰੀ ਹੁੰਦੀ। ਸ਼ਾਹਣੀ ਨੇ ਉਹਨੂੰ ਇਕ ਢੋਅ ਵਾਲੇ ਸਿਰਹਾਣੇ ਵਲ ਹੱਥ ਕਰਕੇ ਬਹਿਣ ਲਈ ਆਖਿਆ, ਤਾਂ ਸ਼ਾਹਣੀ ਨੂੰ ਜਾਪਿਆ ਕਿ ਉਹਦੀ ਮਾਸ ਨਾਲ ਭਰੀ ਹੋਈ ਬਾਂਹ ਬਡ਼ੀ ਹੀ ਬੇਡੌਲੀ ਲਗਦੀ ਪਈ ਹੈ...

ਕਮਰੇ ਦੀ ਗੁੱਠੇ  ਸ਼ਾਹ ਵੀ ਸੀ, ਉਹਦੇ ਮਿੱਤਰ ਵੀ ਸਨਸਾਕਾਂ ਵਿਚੋਂ ਵੀ ਕੁਝ ਮਰਦ। ਉਸ ਛਮਕ ਜਿਹੀ ਨੇ ਉਸ ਗੁੱਠ ਵਲ ਤੱਕ ਕੇ ਵੀ ਇਕ ਵਾਰੀ ਸਲਾਮ ਆਖੀਤੇ ਫੇਰ ਪਰ੍ਹਾਂ ਢੋਅ ਵਾਲੇ ਸਰਹਾਣੇ ਕੋਲ ਠੁਮਕ ਕੇ ਬਹਿ ਗਈ। ਬਹਿਣ ਲੱਗੀ ਦੀਆਂਕੱਚ ਦੀਆਂ ਚੂਡ਼ੀਆਂਫੇਰ ਛਣਕੀਆਂ ਸਨਸ਼ਾਹਣੀ ਨੇ ਇਕ ਵਾਰੀ ਫੇਰ ਉਹਦੀਆਂ ਬਾਹਵਾਂ ਵਲ ਵੇਖਿਆਹਰੀਆਂ ਕੱਚ ਦੀਆਂ ਚੂਡ਼ੀਆਂ ਨੂੰਤੇ ਫੇਰ ਸੁਭਾਉਕੇ ਹੀ ਆਪਣੀਆਂ ਬਾਹਵਾਂ ਵਿਚ ਪਏ ਹੋਏ ਸੋਨੇ ਦੇ ਚੂਡ਼ੇ ਵਲ ਵੇਖਣ ਲੱਗ ਪਈ...

ਕਮਰੇ ਵਿਚ ਇਕ ਚਕਾਚੌਂਧ ਜਿਹੀ ਛਾ ਗਈ। ਹਰ ਇਕ ਦੀਆਂ ਅੱਖਾਂ ਜਿਵੇਂ ਇਕੋ ਪਾਸੇ ਉੱਲਰ ਪਈਆਂ,ਸ਼ਾਹਣੀ ਦੀਆਂ ਆਪਣੀਆਂ ਅੱਖਾਂ ਵੀਪਰ ਉਹਨੂੰ ਆਪਣੀਆਂ ਅੱਖਾਂ ਤੋਂ ਛੁੱਟ ਸਾਰੀਆਂ ਅੱਖਾਂ ਉਤੇ ਕਰੋਧ ਜਿਹਾ ਆ ਗਿਆ... ਉਹ ਫੇਰ ਇਕ ਵਾਰੀ ਆਖਣਾ ਚਾਹੁੰਦੀ ਸੀ  ਨੀ ਬਦਸਗਣੀ ਕਿਉਂ ਕਰਦੀਆਂ ਹੋ?ਘੋਡ਼ੀਆਂ ਗਾਉ ਨਾ... ਪਰ ਉਹਦੀ ਆਵਾਜ਼ ਉਹਦੇ ਸੰਘ ਵਿਚ ਮੇਲੀ ਗਈ। ਸ਼ਾਇਦ ਹੋਰਾਂ ਦੀ ਆਵਾਜ਼ ਵੀ ਉਹਨਾਂ ਦੇ ਸੰਘ ਵਿਚ ਮੇਲੀ ਗਈ ਸੀਕਮਰੇ ਵਿਚ ਇਕ ਚੁੱਪ ਛਾ ਗਈ। ਉਹ ਕਮਰੇ ਦੇ ਅੱਧ ਵਿਚ ਪਈ ਹੋਈ ਢੋਲਕੀ ਵਲ ਤੱਕਣ ਲੱਗ ਪਈਤੇ ਉਹਦਾ ਜੀਅ ਕੀਤਾ ਉਹ ਬਡ਼ੀ ਜ਼ੋਰ ਦੀ ਢੋਲਕੀ ਵਜਾਏ...

ਚੁੱਪ ਉਸੇ ਨੇ ਤੋਡ਼ੀਜਿਹਦੇ ਪਿੱਛੇ ਚੁੱਪ ਛਾ ਗਈ ਸੀ। ਕਹਿਣ ਲੱਗੀ ਮੈਂ ਤਾਂ ਸਭ ਤੋਂ ਪਹਿਲਾਂ ਘੋਡ਼ੀ ਗਾਵਾਂਗੀਮੁੰਡੇ ਦਾ ਸਗਣ ਕਰਾਂਗੀਕਿਉਂ ਸ਼ਾਹਣੀ ?” ਤੇ ਸ਼ਾਹਣੀ ਵਲ ਤੱਕਦੀ ਹੱਸਦੀ ਨੇ ਘੋਡ਼ੀ ਛੋਹ ਦਿੱਤੀ, ਨਿੱਕੀ ਨਿੱਕੀ ਬੂੰਦੀ ਨਿੱਕਿਆ ਮੀਂਹ ਵੇ ਵਰ੍ਹੇਤੇਰੀ ਮਾਂ ਵੇ ਸੁਹਾਗਣ ਤੇਰੇ ਸਗਣ ਕਰੇ..

ਸ਼ਾਹਣੀ ਨੂੰ ਅਚਾਨਕ ਠਰ੍ਹਮਾਂ ਜਿਹਾ ਆ ਗਿਆ  ਸ਼ਾਇਦ ਇਸ ਲਈ ਕਿ ਗੀਤ ਵਿਚਲੀ ਮਾਂ ਉਹੀ ਹੈਤੇ ਉਹਦਾ ਮਰਦ ਵੀ ਸਿਰਫ਼ ਉਹਦਾ ਮਰਦ ਹੈ  ਤਾਂਹੀਏਂ ਤਾਂ ਮਾਂ ਸੁਹਾਗਣ ਹੈ...

ਸ਼ਾਹਣੀਹੱਸਦੇ ਜਿਹੇ ਮੂੰਹ ਨਾਲਉਹਦੇ ਅਸਲੋਂ ਸਾਹਮਣੇ ਬਹਿ ਗਈ  ਜੋ ਇਸ ਵੇਲੇ ਉਹਦੇ ਪੁੱਤਰ ਦੇ ਸਗਣ ਕਰਦੀ ਪਈ ਸੀ...

ਘੋਡ਼ੀ ਖ਼ਤਮ ਹੋਈ ਤਾਂ ਕਮਰੇ ਦੀ ਬੋਲ ਚਾਲ ਪਰਤ ਪਈ। ਫੇਰ ਕੁਝ ਸੁਭਾਵਕ ਜਿਹਾ ਹੋ ਗਿਆ। ਔਰਤਾਂ ਾਲੇ ਪਾਸਿਉਂ ਫ਼ਰਮਾਇਸ਼ ਆਈ - ਢੋਲਕੀ ਰੋਡ਼ੇ ਵਾਲਾ ਗੀਤ ਮਰਦਾਂ ਵਾਲੇ ਪਾਸਿਉਂ ਫ਼ਰਮਾਇਸ਼ ਆਈਮਿਰਜ਼ੇ ਦੀਆਂ ਸੱਦਾਂ

ਗੌਣ ਵਾਲੀ ਨੇ ਮਰਦਾਂ ਵਾਲੇ ਪਾਸੇ ਦੀ ਫ਼ਰਮਾਇਸ਼ ਸੁਣੀ ਅਣਸੁਣੀ ਕਰ ਦਿੱਤੀਤੇ ਢੋਲਕੀ ਨੂੰ ਆਪਣੇ ਵੱਲ ਖਿੱਚ ਕੇ ਉਹਨੇ ਢੋਲਕੀ ਨਾਲ ਆਪਣਾ ਗੋਡਾ ਜੋਡ਼ ਲਿਆ। ਸ਼ਾਹਣੀ ਕੁਝ ਰਉਂ ਵਿਚ ਆ ਗਈ  ਸ਼ਾਇਦ ਇਸ ਲਈ ਕਿ ਗੌਣ ਵਾਲੀਮਰਦਾਂ ਵਾਲੇ ਪਾਸੇ ਦੀ ਫ਼ਰਮਾਇਸ਼ ਪੂਰੀ ਕਰਨ ਦੀ ਥਾਂ ਔਰਤਾਂ ਵਾਲੇ ਪਾਸੇ ਦੀ ਫ਼ਰਮਾਇਸ਼ ਪੂਰੀ ਕਰਨ ਲੱਗੀ ਸੀ...

ਮੇਲ ਆਈਆਂ ਔਰਤਾਂ ਵਿਚੋਂ ਸ਼ਾਇਦ ਕੁਝ ਨੂੰ ਪਤਾ ਨਹੀਂ ਸੀਉਹ ਇਕ ਦੂਜੀ ਕੋਲੋਂ ਕੁਝ ਪੁੱਛ ਰਹੀਆਂ ਸਨ,ਤੇ ਕਈ ਉਨ੍ਹਾਂ ਦੇ ਕੰਨ ਕੋਲ ਹੋ ਕੇ ਕਹਿ ਰਹੀਆਂ ਸਨ  ਉਹੀਉ ਹੀ ਏ ਸ਼ਾਹ ਦੀ ਕੰਜਰੀ.. ਕਹਿਣ ਵਾਲੀਆਂ ਨੇ ਭਾਵੇਂ ਬਹੁਤ ਹੌਲੀ ਕਿਹਾ ਸੀ  ਘੁਸਰ ਮੁਸਰ ਜਿਹਾਪਰ ਸ਼ਾਹਣੀ ਦੇ ਕੰਨੀਂ ਵਾਜ ਪੈ ਰਹੀ ਸੀ,ਕੰਨਾ ਨਾਲ ਵੱਜ ਰਹੀ ਸੀ  ਸ਼ਾਹ ਦੀ ਕੰਜਰੀ.. ਸ਼ਾਹ ਦੀ ਕੰਜਰੀ... ਤੇ ਸ਼ਾਹਣੀ ਦੇ ਮੂੰਹ ਦਾ ਰੰਗ ਫੇਰ ਖੁਰ ਗਿਆ...

ਏਨੇ ਨੂੰ ਢੋਲਕੀ ਦੀ ਆਵਾਜ਼ ਉੱਚੀ ਹੋ ਗਈਤੇ ਨਾਲ ਹੀ ਗੌਣ ਵਾਲੀ ਦੀ ਆਵਾਜ਼, ਸੂਹੇ ਵੇ ਚੀਰੇ ਵਾਲਿਆ ਮੈਂ ਕਹਿਨੀ ਆਂ...  ਤੇ ਸ਼ਾਹਣੀ ਦਾ ਕਲੇਜਾ ਥੰਮ ਜਿਹਾ ਗਿਆ  ਇਹ ਸੂਹੇ ਚੀਰੇ ਵਾਲਾ ਮੇਰਾ ਹੀ ਪੁੱਤਰ ਏ,ਸੁਖ ਨਾਲ ਅੱਜ ਘੋਡ਼ੀ ਚਡ਼੍ਹਨ ਵਾਲਾ ਮੇਰੀ ਪੁੱਤਰ...

ਫ਼ਰਮਾਇਸ਼ਾਂ ਦਾ ਅੰਤ ਨਹੀਂ ਸੀ। ਇਕ ਗੀਤ ਮੁਕਦਾ, ਦੂਜਾ ਗੀਤ ਸ਼ੁਰੂ ਹੁੰਦਾ। ਗੌਣ ਵਾਲੀਕਦੇ ਔਰਤਾਂ ਵਾਲੇ ਪਾਸੇ ਦੀ ਫ਼ਰਮਾਇਸ਼ ਪੂਰੀ ਕਰਦੀਕਦੇ ਮਰਦਾਂ ਵਾਲੇ ਪਾਸੇ ਦੀ। ਵਿਚ ਵਿਚ ਕਹਿ ਦੇਂਦੀ, ਕੋਈ ਹੋਰ ਵੀ ਗਾਉ ਨਾਮੈਨੂੰ ਸਾਹ ਦੁਆ ਦਿਉ”, ਪਰ ਕਿਹਦੀ ਹਿੰਮਤ ਸੀਉਹਦੇ ਸਾਹਮਣੇ ਹੋਣ ਦੀਉਹਦੀ ਟੱਲੀ ਵਰਗੀ ਆਵਾਜ਼ਹੂਕ ਵਰਗੀ ਆਵਾਜ਼.. ਉਹ ਵੀ ਸ਼ਾਇਦ ਕਹਿਣ ਨੂੰ ਕਹਿ ਰਹੀ ਸੀਉਂਜ ਇਕ ਪਿਛੋਂ ਝਟ ਦੂਜਾ ਕੁਝ ਹੋਰ ਛੋਹ ਦੇਂਦੀ ਸੀ

ਗੀਤਾਂ ਦੀ ਗੱਲ ਹੋਰ ਸੀਪਰ ਜਦੋਂ ਉਹਨੇ ਮਿਰਜ਼ੇ ਦੀ ਹੇਕ ਲਾਈ ਉਠ ਨੀ ਸਾਹਿਬਾਂ ਸੁੱਤੀਏਉਠ ਕੇ ਦੇਹ ਦੀਦਾਰ... ਹਵਾ ਦਾ ਕਲੇਜਾ ਹਿੱਲ ਗਿਆ। ਕਮਰੇ ਵਿਚ ਬੈਠੇ ਹੋਏ ਮਰਦ ਬੁੱਤ ਬਣ ਗਏ। ਸ਼ਾਹਣੀ ਨੂੰ ਫੇਰ ਇਕ ਘਬਰਾਹਟ ਜਿਹੀ ਹੋਈਉਹਨੇ ਨੀਝ ਲਾ ਕੇ ਸ਼ਾਹ ਦੇ ਮੂੰਹ ਵੱਲ ਤੱਕਿਆ। ਸ਼ਾਹ ਵੀ ਹੋਰਾਂ ਬੁੱਤਾਂ ਜਿਹਾ ਬੁੱਤ ਬਣਿਆ ਹੋਇਆ ਸੀਪਰ ਸ਼ਾਹਣੀ ਨੂੰ ਜਾਪਿਆ  ਉਹ ਪੱਥਰ ਹੋ ਗਿਆ ਹੈ...

ਸ਼ਾਹਣੀ ਦੇ ਕਲੇਜੇ ਵਿਚ ਹੌਲ ਪਿਆਤੇ ਉਹਨੂੰ ਜਾਪਿਆ ਜੇ ਹੁਣ ਦੀ ਘਡ਼ੀ ਖੁੰਝ ਗਈਤਾਂ ਉਹ ਆਪ ਵੀ ਹਮੇਸ਼ਾ ਲਈ ਮਿੱਟੀ ਦਾ ਬੁੱਤ ਬਣ ਜਾਏਗੀ.. ਉਹ ਕਰੇਕੁਝ ਕਰੇਕੁਝ ਵੀ ਕਰੇਪਰ ਮਿੱਟੀ ਦਾ ਬੁੱਤ ਨਾ ਬਣੇ..

ਚੰਗੀ ਤਰਕਾਲ ਪੈ ਗਈਮਹਿਫ਼ਲ ਮੁੱਕਣ ਤੇ ਆ ਗਈ..

ਸ਼ਾਹਣੀ ਦਾ ਕਹਿਣਾ ਸੀ ਕਿ ਉਹ ਅੱਜ ਉਸੇ ਤਰ੍ਹਾਂ ਸਿਰਫ਼ ਪਤਾਸੇ ਵੰਡੇਗੀਜਿਸ ਤਰ੍ਹਾਂ ਲੋਕ ਉਸ ਦਿਨ ਵੰਡਦੇ ਹਨਜਿਸ ਦਿਨ ਗੌਣ ਬਿਠਾਂਦੇ ਹਨ। ਪਰ ਜਦੋਂ ਗੌਣ ਮੁੱਕੇ ਤਾਂ ਕਮਰੇ ਵਿਚ ਚਾਹ ਤੇ ਕਈ ਵੰਨਾਂ ਦੀ ਮਠਿਆਈ ਆ ਗਈ... ਤੇ ਸ਼ਾਹਣੀ ਨੇ ਮੁਠ ਵਿਚ ਵਲ੍ਹੇਟਿਆ ਹੋਇਆ ਸੌ ਦਾ ਨੋਟ ਕੱਢ ਕੇਆਪਣੇ ਪੁੱਤਰ ਦੇ ਸਿਰ ਤੋਂ ਵਾਰਿਆਤੇ ਫੇਰ ਉਹਨੂੰ ਫਡ਼ਾ ਦਿੱਤਾਜਿਸ ਨੂੰ ਲੋਕ ਸ਼ਾਹ ਦੀ ਕੰਜਰੀ ਆਖਦੇ ਸਨ

ਰਹਿਣ ਦੇ ਸ਼ਾਹਣੀ! ਅੱਗੇ ਵੀ ਤੇਰਾ ਹੀ ਖਾਨੀ ਆਂ ਉਹਨੇ ਅੱਗੋਂ ਜਵਾਬ ਦਿੱਤਾਤੇ ਹੱਸ ਪਈ। ਉਹਦਾ ਹਾਸਾ, ਉਹਦੇ ਰੂਪ ਵਾਂਗ ਝਿਲਮਿਲ ਕਰਦਾ ਪਿਆ ਸੀ

ਸ਼ਾਹਣੀ ਦੇ ਮੂੰਹ ਦਾ ਰੰਗ ਹੌਲਾ ਪੈ ਗਿਆ। ਉਹਨੂੰ ਜਾਪਿਆ ਜਿਵੇਂ ਸ਼ਾਹ ਦੀ ਕੰਜਰੀ ਨੇਅੱਜ ਭਰੀ ਸਭਾ ਵਿਚਸ਼ਾਹ ਨਾਲ ਆਪਣਾ ਸਬੰਧ ਜੋਡ਼ ਕੇ ਉਹਦੀ ਹੱਤਕ ਕਰ ਦਿੱਤੀ ਹੈ। ਪਰ ਸ਼ਾਹਣੀ ਨੇ ਆਪਣਾ ਆਪ ਥੰਮ੍ਹ ਲਿਆਇਕ ਜੇਰਾ ਜਿਹਾ ਕੀਤਾ ਕਿ ਅੱਜ ਉਹਨੇ ਹਾਰ ਨਹੀਂ ਖਾਣੀ। ਤੇ ਜ਼ੋਰ ਦੀ ਹੱਸ ਪਈ। ਨੋਟ ਫਡ਼ਾਂਦੀ ਆਖਣ ਲੱਗੀ, ਸ਼ਾਹ ਕੋਲੋਂ ਤਾਂ ਤੂੰ ਨਿੱਤ ਲੈਂਦੀ ਏਂਪਰ ਮੇਰੇ ਕੋਲੋਂ ਤੂੰ ਫੇਰ ਕਦੋਂ ਲੈਣਾ ਏਂ? ਚੱਲ ਅੱਜ ਲੈ ਲਾ...

ਤੇ ਸ਼ਾਹ ਦੀ ਕੰਜਰੀਸੌ ਦੇ ਉਸ ਨੂੰ ਫਡ਼ਦੀਇਕੋ ਵਾਰਗੀ ਨਿਮਾਣੀ ਜਿਹੀ ਹੋ ਗਈ...
ਕਮਰੇ ਵਿਚ ਸ਼ਾਹਣੀ ਦੀ ਧੋਤੀ ਦਾਸਗਣਾਂ ਵਾਲਾ ਗੁਲਾਬੀ ਰੰਗ ਫੈਲ ਗਿਆ...
(ਚੌਣਵੇਂ ਪੱਤਰੇ ਵਿਚੋਂ)
..................................................

Thanks for Reading this. Like us on Facebook https://www.facebook.com/shivbatalvi and Subscribe to stay in touch.

No comments: