21.9.14

ਹੁੰਦੇ ਨੇਂ ਕੁਝ ਕੁ ਚਾਨਣ - ਸੁਖਵਿੰਦਰ ਅੰਮ੍ਰਿਤ




ਹੁੰਦੇ ਨੇਂ ਕੁਝ ਕੁ ਚਾਨਣ - ਸੁਖਵਿੰਦਰ ਅੰਮ੍ਰਿਤ

ਹੁੰਦੇ ਨੇਂ ਕੁਝ ਕੁ ਚਾਨਣ ਚਿਰਕਾਲ ਰਹਿਣ ਵਾਲੇ
ਮੇਰੇ ਦਿਲ ਦਿਆ ਓ ਚੰਨਾਂ ਇਹ ਨਾਂ ਦਾਗ਼ ਲਹਿਣ ਵਾਲੇ

ਤੂੰ ਹੈਂ ਸੱਚ ਦਾ ਮੁਸਾਫ਼ਿਰ ਤੇ ਇਹ ਹੈ ਕੂੜ ਦਾ ਪਸਾਰਾ
ਕਿਤੇ ਬਹਿ ਨਾਂ ਜਾਈਂ ਛਾਵੇਂ ਇਹ ਮੀਨਾਰ ਢਹਿਣ ਵਾਲੇ

ਕਹਿ ਕੇ ਗਿਆ ਹੈ ਸੂਰਜ ਦੀਵੇ ਨੂੰ ਜਾਣ ਲੱਗਿਆਂ
ਜਗਦੇ ਨੇਂ ਅੰਤ ਕਾਇਆ ’ਤੇ ਸੇਕ ਸਹਿਣ ਵਾਲੇ

ਮੇਰੇ ਨਾਮ ਕਰ ਗਿਆ ਹੈ ਕੋਈ ਖ਼ੁਦਕੁਸ਼ੀ ਤੋਂ ਪਹਿਲਾਂ
ਉਹਦੀ ਜ਼ਿੰਦਗੀ ’ਤੇ ਰਹਿੰਦੇ ਸੀ ਜੋ ਕਹਿਰ ਢਹਿਣ ਵਾਲੇ

ਮੇਰੀ ਪਿਆਸ ਦਾ ਸਫ਼ਰ ਹੈ ਨਿਰਛਾਵਾਂ ਅੰਤਹੀਣਾਂ
ਤੇ ਮੁਹੱਬਤਾਂ ਦੇ ਪਾਣੀਂ ਪਲ-ਛਿਣ ’ਚ ਲਹਿਣ ਵਾਲੇ

ਡਾਢਾ ਹੈ ਸੇਕ ਸੱਚ ਦਾ ਬਚ ਜਾਏ ਕੁਝ ਜੇ ਬਚਦਾ
ਹਟ ਕੇ ਜ਼ਰਾ ਕੁ ਬਹਿੰਦੇ ਸੀਨੇਂ ’ਚ ਰਹਿਣ ਵਾਲੇ

ਵਰ੍ਹਿਆਂ ਦੇ ਬਾਅਦ ਫੁੱਟੇ ਕਾਇਆ ਮੇਰੀ ’ਚੋਂ ਪੱਤੇ
ਪਰਤੇ ਮੁਸਾਫ਼ਰੀ ਤੋਂ ਮੇਰੀ ਛਾਂ ’ਚ ਬਹਿਣ ਵਾਲੇ

...................................................................- ਸੁਖਵਿੰਦਰ ਅੰਮ੍ਰਿਤ


ਸਾਡੇ ਨਾਲ ਜੁੜਨ ਲਈ ਸ਼ੁਕਰੀਆ ! ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ I ਤੁਸੀਂ ਸਾਡੇ ਨਾਲ ਫੇਸਬੁਕ ਤੇ ਵੀ ਜੁੜ ਸਕਦੇ ਹੋ https://www.facebook.com/shivbatalvi

No comments: