26.9.14

''ਹੁਣ ਸਾਡੇ ਨਾਲ ਕੋਈ ਵੀ ਵਧੀਆ ਮੁੰਡਾ ਵਿਆਹ ਨਹੀਂ ਕਰਵਾਏਗਾ!'' - ਸੱਚੀ ਕਹਾਣੀ

''ਹੁਣ ਸਾਡੇ ਨਾਲ ਕੋਈ ਵੀ ਵਧੀਆ ਮੁੰਡਾ ਵਿਆਹ ਨਹੀਂ ਕਰਵਾਏਗਾ!'' - ਸੱਚੀ ਕਹਾਣੀ

(ਅਸਟ੍ਰੇਲੀਆ ਵਿਖੇ ਆਪਾਂ ਕੁੜੀਆਂ ਨਾਲ ਵਾਪਰੀ ਸੱਚੀ ਕਹਾਣੀ)

ਪੰਜਾਬ ਵਿਚ ਰਹਿੰਦਿਆਂ ਹੋਇਆਂ ਜਦੋਂ ਵਿਦੇਸ਼ਾਂ ਵਿਚ ਵਸਦੇ ਸਾਡੇ ਰਿਸ਼ਤੇਦਾਰਾਂ, ਸਹੇਲੀਆਂ ਅਤੇ ਹੋਰ ਲੋਕਾਂ ਨੇ ਆਪਣੀ ਅਕੇਵੇਂ ਅਤੇ ਥਕੇਵੇਂ ਭਰੀ ਬਿਜ਼ੀ ਲਾਈਫ ਵਿਚੋਂ ਕੁੱਝ ਸਮਾਂ ਕੱਢ ਕੇ ਪੰਜਾਬ 'ਚ ਮੌਜ ਮੇਲਾ ਤੇ ਫਨ੍ਹ ਕਰਦਿਆਂ ਸਾਲ ਭਰ ਦਾ ਥਕੇਵਾਂ ਲਾਹੁਣ ਹਰ ਸਾਲ ਆਉਂਣਾ। ਉਨ੍ਹਾਂ ਵਲੋਂ ਕੀਤੇ ਜਾਂਦੇ ਅਵੱਲੇ ਖਰਚੇ ਅਤੇ ਕੀਤੀ ਜਾਂਦੀ ਮੌਜ ਮਸਤੀ ਵੇਖ ਮੇਰਾ ਵੀ ਸੱਤ ਸਮੂੰਦਰ ਪਾਰ ਸੁਪਨਮਈ ਧਰਤੀ ਦੀ ਚਕਾਚੌਂਦ ਨੂੰ ਨੇੜਿਓਂ ਹੋਕੇ ਵੇਖਣ ਅਤੇ ਉੱਥੇ ਅਪੜਨ ਲਈ ਦਿਲ ਕਾਹਲਾ ਪੈਣ ਉਪਰੰਤ ਡੋਲ ਹੀ ਗਿਆ। ਉਦੋਂ ਮੈਂ ਐਮ-ਐਸ-ਸੀ ਫਾਈਨਲ ਦੇ ਪੇਪਰ ਦੇ ਚੁੱਕੀ ਸਾਂ ਅਤੇ ਐਮ ਐੱਡ ਵਿਚ ਦਾਖਲਾ ਲੈਣ ਲਈ ਤਿਆਰੀ ਕਰਦੀ ਸਾਂ। ਉਦੋਂ ਮੇਰੀਆਂ ਸਹੇਲੀਆਂ ਵਿਚੋਂ ਜਿਆਦਾਤਰ ਸਟੂਡੈਂਟ ਵੀਜਾ ਲੈ ਕੇ ਅਸਟ੍ਰੇਲੀਆ 'ਚ ਪੜ੍ਹਨ ਲਈ ਆ ਰਹੀਆਂ ਸਨ। ਮੇਰੇ ਵੀ ਦਿਲ ਵਿਚ ਬਾਹਰੋਂ ਆਏ ਰਿਸ਼ਤੇਦਾਰਾਂ ਵਲੋਂ ਕੀਤੇ ਜਾਂਦੇ ਮੌਜ ਮੇਲੇ ਵੇਖ ਅਤੇ ਮੇਰੀਆਂ ਸਹੇਲੀਆਂ ਵਲੋਂ ਧੜਾਧੜ ਸਟੂਡੈਂਟ ਵੀਜਾ ਲੈ ਕੇ ਅਸਟ੍ਰੇਲੀਆ ਪਹੁੰਚਣ ਨਾਲ ਬਾਹਰ ਜਾਣ ਵਾਰੇ ਕੁਤਕਤਾੜੀਆਂ ਨਿਕਲਣ ਲੱਗੀਆਂ। ਐਮ ਐੱਡ ਵਿਚ ਦਾਖਲੇ ਦੀ ਤਿਆਰੀ ਨੂੰ ਛੱਡ ਮੈਂ ਆਇਲਿਟਸ ਦੀ ਕੋਚਿੰਗ ਲੈਣ ਲਈ ਕਪੂਰਥਲੇ ਕੋਚਿੰਗ ਸੈਂਟਰ ਵਿਚ ਦਾਖਲਾ ਲੈ ਲਿਆ। ਥੋੜੀ ਜਿਹੀ ਤਿਆਰੀ ਬਾਅਦ ਮੈਂ 6 ਬੈਂਡ ਲੈ ਕੇ ਆਇਲਿਟਸ ਦਾ ਇਮਤਿਹਾਨ ਪਾਸ ਕਰ ਕੇ ਇੱਕ ਚੰਡੀਗੜ੍ਹ ਦੇ ਏਜੰਟ ਰਾਹੀ ਸਟੂਡੈਂਟ ਵੀਜਾ ਲੈ ਅਸਟ੍ਰੇਲੀਆ ਆਣ ਪਹੁੰਚੀ। ਅਸਟ੍ਰੇਲੀਆ ਵਿਚ ਮੇਰੀਆਂ ਸਹੇਲੀਆਂ ਅਤੇ ਰਿਸ਼ਤੇਦਾਰੀਆਂ ਵਿਚੋਂ ਜਾਣ ਪਹਿਚਾਣ ਵਾਲੇ ਕਈ ਲੜਕੇ ਵੀ ਸਿਡਨੀ ਪਰਥ ਐਡੀਲੈਡ ਅਤੇ ਮੈਲਬੋਰਨ ਪੜ੍ਹਦੇ ਹਨ। ਜਿਸ ਜਹਾਜ ਰਾਹੀਂ ਮੈਂ ਦਿੱਲੀ ਏਅਰਪੋਰਟ ਤੋਂ ਚੜ੍ਹੀ ਸਾਂ ਉਸ ਜਹਾਜ ਨੇ ਵੀ ਅਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਖੇ ਹੀ ਉਤਰਨਾ ਸੀ। ਅਖਬਾਰਾਂ ਦੀਆਂ ਸੁਰਖੀਆਂ ਵਿਚ ਰਹੇ ਸਿਡਨੀ ਦੇ ਇੱਕ ਬਹੁਤ ਹੀ ਮਸ਼ਹੂਰ ਕਾਲਜ 'ਚ ਦਾਖਲ ਹੋਣ ਲਈ ਏਜੰਟ ਵਲੋਂ ਮੇਰਾ ਕੁਕਰੀ ਦੇ ਡਿਪਲੋਮੇ ਵਿਚ ਵੀਜਾ ਲਗਵਾਇਆ ਹੋਇਆ ਸੀ। ਜਦੋਂ ਮੈ ਸਿਡਨੀ ਏਅਰਪੋਰਟ 'ਤੇ ਪਹਿਲੀ ਵਾਰ ਇਸ ਸੁਪਨਮਈ ਸ਼ਹਿਰ 'ਚ ਪਹੁੰਚੀ ਉਦੋਂ ਸਿਡਨੀ ਦਾ ਸਾਫ ਸੁਥਰਾ ਏਅਰਪੋਰਟ ਵੇਖ ਮੇਰਾ ਦਿਲ ਬਹੁਤ ਹੀ ਪ੍ਰਭਾਵਿਤ ਅਤੇ ਖੁਸ਼ ਹੋਇਆ। ਇੰਮੀਗਰੇਸ਼ਨ ਵਿਭਾਗ ਦੇ ਕਰਮਚਾਰੀਆਂ ਸਮੇਤ ਅਫਸਰਾਂ ਵਲੋਂ ਅਸਟ੍ਰੇਲੀਆ ਸਿਡਨੀ ਆਉਂਣ ਤੇ ਸਵਾਗਤ ਕਰਨ ਸਮੇਤ ਇੱਜਤ ਭਰੇ ਵਿਵਹਾਰ ਰਾਹੀਂ ਸਮਾਨ ਨੂੰ ਚੈੱਕ ਕਰਦਿਆਂ ਵੇਖ ਦਿਲ ਖੁਸ਼ ਹੋਕੇ ਸ਼ਾਬਸ਼ੀ ਦੇਣ ਤੋਂ ਨਾ ਰਿਹਾ। ਉੱਧਰ ਦੂਜੇ ਬੰਨੇ ਆਪਣੇ ਹੀ ਭਾਰਤ ਦੇਸ਼ ਦੇ ਦਿੱਲੀ ਏਅਰਪੋਰਟ ਵਿਖੇ ਹੋਈ ਖੱਜਲ ਖੁਆਰੀ ਦੀ ਤੁਲਨਾ ਕਰਦਿਆਂ ਭਾਰਤੀ ਸਰਕਾਰੀ ਅਤੇ ਗੈਰਸਰਕਾਰੀ ਕਰਮਚਾਰੀ ਤੰਤਰ ਦੇ ਘਟੀਆ ਢਾਂਚੇ ਵਾਰੇ ਮੇਰਾ ਦੁੱਖੀ ਮਨ ਲਾਹੁਣਤਾਂ ਪਉਂਣ ਤੋਂ ਵੀ ਰਹਿ ਨਾ ਸਕਿਆ। ਮੈਨੂੰ ਲੈਣ ਆਉਂਣ ਵਾਲੀ ਮੇਰੀ ਸਹੇਲੀ ਨੂੰ ਕੋਈ ਜਰੂਰੀ ਕੰਮ ਹੋਣ ਦੀ ਵਜ੍ਹਾ ਕਰਕੇ ਉਹ ਲੇਟ ਹੋ ਗਏ ਸਮੇਂ ਸਿਰ ਨਾ ਅਉਂਣ ਵਾਰੇ ਉਹ ਕੋਈ ਸੁਨੇਹਾ ਵੀ ਨਾ ਦੇ ਸਕੇ। ਕਾਫੀ ਲੰਮੀ ਉਡੀਕ ਬਾਅਦ ਮੈਂ ਬਹੁਤ ਘਬਰਾ ਗਈ ਤੇ ਸੋਚਣ ਲੱਗੀ ਜੇ ਉਹ ਮੈਨੂੰ ਲੈਣ ਨਾ ਆਏ ਤਾਂ ਮੈਂ ਕਿੱਥੇ ਜਾਵਾਂਗੀ? ਸੋਚਾਂ ਦੇ ਸਮੂੰਦਰ ਵਿਚ ਘਿਰੀ ਹੋਈ ਮੈਂ ਏਅਰ ਪੋਰਟ ਤੋਂ ਬਾਹਰ ਦੇ ਪਾਸੇ ਆ ਗਈ। ਜਦੋਂ ਬਾਹਰ ਆਈ ਤਾਂ ਮੇਰੇ ਰੁਕ ਚੁੱਕੇ ਸਾਹਾਂ 'ਚ ਮੁੜ ਮਸਾਂ ਹੀ ਸਾਹ 'ਚ ਸਾਹ ਆਇਆ ਜਦੋਂ ਬਾਹਰ ਆਕੇ ਟੈਕਸੀ ਸਟੈਂਡ ਲਾਗੇ ਟੈਕਸੀ ਦੀ ਜੌਬ ਕਰਦੇ ਮੈਨੂੰ ਇੱਕ ਇੰਡੀਅਨ ਅੰਕਲ ਜੀ ਵਿਖਾਈ ਦਿੱਤੇ। ਅੰਕਲ ਜੀ ਨੂੰ ਮਿਲ ਕੇ ਮੈਂ ਸਤਿ ਸ਼ੀ੍ਰ ਅਕਾਲ ਬੁਲਾਉਂਣ ਬਾਅਦ ਆਪਣੀ ਘਬੜਾਹਤ ਵਾਰੇ ਦਸਿਆ ਕਿ ਜਿਨ੍ਹਾਂ ਨੇ ਮੈਨੂੰ ਲੈਣ ਆਉਂਣਾ ਸੀ ਕਿਸੇ ਕਾਰਨ ਉਹ ਆ ਨਹੀਂ ਸਕੇ।ਅਤੇ ਨਾ ਹੀ ਉਨ੍ਹਾਂ ਨੇ ਨਾ ਆਉਂਣ ਵਾਰੇ ਮੈਨੂੰ ਕੋਈ ਸੁਨੇਹਾ ਦਿੱਤਾ ਹੈ।ਅੰਕਲ ਜੀ ਨੇ ਮੈਨੂੰ ਹੌਂਸਲਾ ਦਿੰਦਿਆਂ ਕਿਹਾ ਬੀਬਾ ਘਬਰਾਉਂਣ ਦੀ ਕੋਈ ਲੋੜ ਨਹੀਂ ਜਿੱਥੇ ਵੀ ਤੁਸੀਂ ਜਾਣਾ ਹੈ ਮੈਂ ਤੁਹਾਨੂੰ ਉੱਥੇ ਛੱਡ ਦੇਵਾਂਗਾ।ਅਗਰ ਤੁਸੀਂ ਬੇਟਾ ਜੀ ਕਿਸੇ ਨੂੰ ਵੀ ਨਹੀਂ ਜਾਣਦੇ ਤੁਸੀਂ ਮੇਰੇ ਨਾਲ ਮੇਰੇ ਘਰ ਜਾ ਸਕਦੇ ਹੋ।ਅੰਕਲ ਜੀ ਦੀ ਬੋਲਚਾਲ ਅਤੇ ਹਮਦਰਦੀ ਸੁਣ ਮੇਰੇ ਸਰੀਰ ਵਿਚੋਂ ਗੁਆਚ ਚੁੱਕੀ ਜਾਨ 'ਚ ਜਾਨ ਮੁੜ ਤੋਂ ਆਣ ਪਹੁੰਚੀ।ਅੰਕਲ ਜੀ ਨੇ ਮੇਰਾ ਸਮਾਨ ਚੁੱਕ ਕੇ ਆਪਣੀ ਟੈਕਸੀ ਵਿਚ ਰੱਖਿਆ ਤੇ ਮੈਨੂੰ ਹਮਦਰਦੀ ਅਤੇ ਪਿਆਰ ਸਤਿਕਾਰ ਸਾਹਿਤ ਟੈਕਸੀ 'ਚ ਬੈਠਣ ਲਈ ਕਿਹਾ।ਟੈਕਸੀ ਵਿਚ ਬੈਠਦਿਆਂ ਹੀ ਅੰਕਲ ਜੀ ਦੀਆਂ ਗੱਲਾਂ „ਚੋਂ ਅਪਣਤ ਵਾਲਾ ਪਿਆਰ ਮੇਰੇ ਡੈਡੀ ਦਾ ਭੁਲੇਖਾ ਪਾ ਰਿਹਾ ਸੀ।ਅੰਕਲ ਜੀ ਟੈਕਸੀ ਲੈ ਹਾਲੇ ਨਿਕਲੇ ਹੀ ਸਨ ਉਦੋਂ ਮੈਨੂੰ ਰਸਤੇ ਵਿਚ ਮੇਰੀ ਸਹੇਲੀ ਦਾ ਫੋਨ ਆਇਆ ਕਿ ''ਭੈਣ ਅਸੀਂ ਬਹੁਤ ਸ਼ਰਮਿੰਦੇ ਹਾਂ ਸਾਡੇ ਵਲੋਂ ਲੇਟ ਹੋ ਜਾਣ ਲਈ ਬਹੁਤ ਬਹੁਤ ਸੌਰੀ। ਮੇਰੇ ਘਰ ਵਾਲੇ ਨੂੰ ਕੰਮ ਤੋਂ ਬਹੁਤ ਲੇਟ ਛੁੱਟੀ ਮਿਲੀ ਹੈ ਇਸ ਕਰਕੇ ਅਸੀਂ ਲੇਟ ਹੋ ਗਏ ਹਾਂ ਹੁਣ ਅਸੀਂ ਘਰੋਂ ਤੁਰਨ ਲੱਗੇ ਹਾਂ।ਤੂੰ ਸਾਡੇ ਆਉਂਣ ਤੱਕ ਏਅਰ ਪੋਰਟ ਤੇ ਮੁਸਾਫਰਾਂ ਦੇ ਇੰਤਜਾਰ ਲਈ ਰੱਖੀਆਂ ਕੁਰਸੀਆਂ ਵਿਚੋਂ ਕਿਸੇ ਇੱਕ ਉੱਤੇ ਤੂੰ ਬੈਠ ਜਾਹ।'' ਜਦੋਂ ਮੈਂ ਕਿਹਾ ਕੋਈ ਗੱਲ ਨਹੀਂ ਭੈਣ ਤੁਸੀਂ ਮੇਰੇ ਵਾਰੇ ਬਹੁਤਾ ਫਿਕਰ ਨਾ ਕਰੋ ਮੈਨੂੰ ਇੱਕ ਪੰਜਾਬੀ ਅੰਕਲ ਜੀ ਮਿਲ ਗਏ ਹਨ ਮੈਂ ਉਨ੍ਹਾਂ ਨਾਲ ਉਨਾਂ ਦੀ ਟੈਕਸੀ ਵਿਚ ਬੈਠ ਕੇ ਆ ਰਹੀ ਹਾਂ।ਉਦੋਂ ਮੇਰੀ ਸਹੇਲੀ ਨੇ ਕਿਹਾ ਤੂੰ ਅੰਕਲ ਨੂੰ ਪੁੱਛ ਉਨ੍ਹਾਂ ਨੇ ਕਿੱਥੇ ਜਾਣਾ ਹੈ।ਅੰਕਲ ਜੀ ਨੇ ਦਸਿਆ ਕਿ ਮੈਂ ਪੈਰਾਮੈਟਾ ਜਾਣਾ ਹੈ ਪਰ ਪੁੱਤਰ ਜੀ ਤੁਸੀਂ ਜਿੱਥੇ ਜਾਣਾ ਹੈ ਮੈਂ ਉੱਥੇ ਤੁਹਾਨੂੰ ਛੱਡ ਦੇਂਦਾ ਹਾਂ।ਮੇਰੀ ਸਹੇਲੀ ਨੇ ਮੈਨੂੰ ਕਿਹਾ ਅੰਕਲ ਹੋਰਾਂ ਨੂੰ ਤੂੰ ਕਹਿ ਦੇਹ ਕਿ ਤੈਨੂੰ ਉਹ ਪੈਰਾਮੈਟਾ ਸ਼ਟੇਸ਼ਨ ਪਾਸ ਬੱਸ ਸਟਾਪ ਲਾਗੇ ਲਾਹ ਦੇਣ। ਅੰਕਲ ਜੀ ਨੂੰ ਮੈਂ ਦਸਿਆ ਕਿ ਮੇਰੀ ਸਹੇਲੀ ਹੋਰੀਂ ਮੈਨੂੰ ਲੈਣ ਆ ਰਹੇ ਹਨ ਤੁਸੀਂ ਮੈਨੂੰ ਪੈਰਾਮੈਟਾ ਸ਼ਟੇਸ਼ਨ ਲਾਗੇ ਬੱਸ ਸਟਾਪ ਤੇ ਲਾਹ ਦਿਓ।ਅੰਕਲ ਜੀ ਨੇ ਮੈਨੂੰ ਮੇਰੇ ਟਿਕਾਣੇ ਤੇ ਲਾਹ ਕੇ ਮੈਨੂੰ ਆਪਣਾ ਫੋਨ ਨੰਬਰ ਦੇ ਕੇ ਕਿਹਾ ਕਿ ਪੁੱਤਰ ਜੀ ਬਾਈ ਚਾਨਸ ਮੇਰੀ ਲੋੜ ਪਈ ਤਾਂ ਮੈਨੂੰ ਫੋਨ ਕਰ ਲੈਣਾ।ਅੰਕਲ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕੀਤਾ ਉਹ ਮੇਰੇ ਸਿਰ ਤੇ ਹੱਥ ਰੱਖ ਕੇ ਪਿਆਰ ਵਜੋਂ ਮੇਰੇ ਡੈਡੀ ਦੀ ਤਰ੍ਹਾਂ ਅਸ਼ੀਰਵਾਦ ਦਿੰਦੇ ਹੋਏ ਅਲਵਿਦਾ ਲੈ ਸਾਵਧਾਨੀ ਨਾਲ ਇੱਥੇ ਰਹਿਣ ਦੀ ਹਦਾਇਤ ਕਰਕੇ ਚਲੇ ਗਏ।ਅੰਕਲ ਜੀ ਹੋਰਾਂ ਵਲੋਂ ਜਾਣ ਦੇ ਥੋੜੇ ਸਮੇਂ ਬਾਅਦ ਹੀ ਇੱਕ ਹੋਰ ਪੰਜਾਬੀ ਪੱਗੜੀਧਾਰੀ ਅੰਕਲ ਜੀ ਆਪਣੀ ਜੋਬ ਖਤਮ ਕਰਕੇ ਰੇਲ ਗੱਡੀ ਰਾਹੀਂ ਆਪਣੇ ਘਰ ਨੂੰ ਜਾਣ ਲਈ ਇੱਕ ਮੁਸਾਫਿਰ ਬੱਸ ਵਿਚੋਂ ਉੱਤਰੇ।ਮੈਨੂੰ ਵੇਖ ਉਨ੍ਹਾਂ ਪਛਾਣ ਲਿਆ ਕਿ ਇਹ ਲੜਕੀ ਅਸਟ੍ਰੇਲੀਆ ਵਿਚ ਨਵੀਂ ਆਈ ਲਗਦੀ ਹੈ।ਉਨ੍ਹਾਂ ਮਹਿਸੂਸ ਕੀਤਾ ਕਿ ਸ਼ਾਇਦ ਇਸ ਨੂੰ ਕਿਸੇ ਮਦਦ ਦੀ ਲੋੜ ਹੋ ਸਕਦੀ ਹੋਵੇਗੀ।ਮੈਂ ਜਦੋਂ ਉਨ੍ਹਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਇਸ ਦਾ ਉੱਤਰ ਦੇਣ ਬਾਅਦ ਝੱਟ ਹੀ ਉਨ੍ਹਾਂ ਮੈਨੂੰ ਪੁੱਛਿਆ ਪੁੱਤਰ ਇੱਥੇ ਨਵੇਂ ਆਏ ਲਗਦੇ ਹੋ।ਇਸ ਕਰਕੇ ਜੇ ਤੈਨੂੰ ਕਿਸੇ ਵੀ ਤਰ੍ਹਾਂ ਦੀ ਮੇਰੀ ਮਦਦ ਦੀ ਲੋੜ ਹੈ ਤਾਂ ਬੇਝਿਜਕ ਮੈਨੂੰ ਆਪਣੇ ਮਾਪਿਆਂ ਸਮਾਨ ਸਮਝ ਕੇ ਦਸ ਦੇਵੀਂ।ਮੈਂ ਅੰਕਲ ਜੀ ਦਾ ਉਨ੍ਹਾਂ ਵਲੋਂ ਪੇਸ਼ ਕੀਤੀ ਗਈ ਮਦਦ ਵਾਲੀ ਹਮਦਰਦੀ ਲਈ ਬਹੁਤ ਬਹੁਤ ਧੰਨਵਾਦ ਕੀਤਾ ਤੇ ਦਸਿਆ ਕਿ ਮੇਰੀ ਸਹੇਲੀ ਕਾਰ ਲੈਕੇ ਮੈਨੂੰ ਲੈਣ ਆ ਰਹੀ ਹੈ।ਪਿਆਰ ਸਤਿਕਾਰ ਸਾਹਿਤ ਉਨ੍ਹਾਂ ਫਿਰ ਮੈਨੂੰ ਕਿਹਾ ਪੁੱਤਰ ਜੀ ਤੁਸੀਂ ਬਹੁਤ ਵੱਧੀਆ ਦੇਸ਼ ਵਿਚ ਪਹੁੰਚ ਗਏ ਹੋ।ਇੱਥੇ ਤੁਹਾਡੇ ਆਪਣਿਆਂ ਸਮੇਤ ਕਈ ਅਣਜਾਣ ਲੋਕਾਂ ਨੇ ਤੁਹਾਨੂੰ ਬਹੁਤ ਕੁੱਝ ਕਹਿਣਾ ਹੈ ਕਿ ਤੂੰ ਇੱਥੇ ਕੀ ਕਰਨ ਆਈ ਏਂ? ਇੱਥੇ ਕੁੱਝ ਵੀ ਨਹੀਂ ਹੈ, ਇੱਥੋਂ ਦੇ ਵਿਦਿਆਰਥੀਆਂ ਦੀ ਲਾਈਫ ਬਹੁਤ ਹਾਰਡ ਹੈ।ਇੱਥੇ ਪੱਕੇ ਪੁੱਕੇ ਹੋਣਾ ਵੀ ਬਹੁਤ ਔਖਾ ਹੈ ਅਤੇ ਤੁਹਾਡੇ ਵੱਸ ਦੀ ਗੱਲ ਵੀ ਨਹੀਂ ਹੈ।ਉਨ੍ਹਾਂ ਵਿਚੋਂ ਬਹੁਤਿਆਂ ਨੇ ਕਹਿਣਾ ਹੈ ਕਿ ਤੂੰ ਪੜ੍ਹਾਈ ਪੜੂਈ ਦਾ ਖਹਿੜਾ ਛੱਡ, ਡਟ ਕੇ ਕੰਮ ਕਰ ਲਵੀਂ ਜਿਸ ਸਦਕਾ ਖੂਬ ਪੈਸੇ ਬਣਾ ਵਾਪਿਸ ਮੁੜ ਜਾਵੀਂ।ਇਨ੍ਹਾਂ ਗੱਲਾਂ ਨਾਲ ਇੰਡੀਆ ਤੋਂ ਆਏ ਹੋਏ ਨਵਿਆਂ ਦਾ ਮਨੋਬਲ ਢਾਉਣ ਲਈ ਪਹਿਲੇ ਆਏ ਹੋਏ ਜਿਆਦਾਤਰ ਲੋਕੀਂ ਇਵੇਂ ਹੀ ਕਰਦੇ ਹਨ।ਜਦ ਕਿ ਜੇ ਉਨ੍ਹਾਂ ਨੂੰ ਪੁੱਛਣ ਵਾਲਾ ਕੋਈ ਹੋਵੇ ''ਤੁਸੀਂ ਹੁਣ ਤੱਕ ਇੱਥੇ ਕੀ ਕਰ ਰਹੇ ਹੋ?, ਤੁਸੀਂ ਹੁਣ ਤੱਕ ਵਾਪਿਸ ਇੰਡੀਆ ਕਿਉਂ ਨਹੀਂ ਗਏ ਜਦ ਕਿ ਤੁਸੀਂ ਸਾਨੂੰ ਵਾਪਿਸ ਜਾਣ ਲਈ ਕਹਿ ਰਹੇ ਹੋ।'' ਉਨ੍ਹਾਂ ਮੈਨੂੰ ਹਦਾਇਤ ਕਰਦਿਆਂ ਦੁਬਾਰਾ ਫਿਰ ਕਿਹਾ ਬੀਬਾ ਕਿਸੇ ਦੀ ਵੀ ਕੋਈ ਵੀ ਇਹੋ ਜਹੀ ਗੱਲ ਨਹੀਂ ਸੁਨਣੀ ਜਿਹੜੀ ਤੇਰੇ ਆਪਣੇ ਜੀਵਨ ਅਤੇ ਤੇਰੇ ਮਾਪਿਆਂ ਦੀ ਇੱਜਤ ਸਮੇਤ ਉਨ੍ਹਾਂ ਵਲੋਂ ਕੀਤੀ ਕਮਾਈ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਪਹੁੰਚਾਉਂਣ ਵਾਲੀ ਹੋਵੇ।ਜਿਸ ਮਕਸਦ ਲਈ ਤੁਸੀਂ ਇੱਥੇ ਆਏ ਹੋ ਉਸ ਨੂੰ ਹਰ ਹਾਲਤ ਵਿਚ ਪੂਰਾ ਕਰਨਾ ਹੈ।ਆਪਣੇ ਸਕੂਲ, ਕਾਲਜ ਵਿਚੋਂ ਕਦੇ ਵੀ ਗੈਰ ਹਾਜਰ ਨਹੀਂ ਹੋਣਾ ਪੜ੍ਹਾਈ ਪੂਰਾ ਦਿਲ ਲਾਕੇ ਕਰਨੀ ਹੈ।ਪਹਿਲਾਂ ਪਹਿਲ ਥੋੜੇ ਜਿਹੇ ਦਿਨ ਮਾਤਾ-ਪਿਤਾ, ਭੈਣ-ਭਰਾਵਾਂ ਸਮੇਤ ਰਿਸ਼ਤੇਦਾਰਾਂ ਦੀ ਅਤੇ ਘਰ ਦੀ ਯਾਦ ਜਰੂਰ ਸਤਾਏਗੀ।ਜਦੋਂ ਪੁੱਤਰ ਤੁਸੀਂ ਪੜ੍ਹਾਈ ਅਤੇ ਕੰਮ ਵਿਚ ਵਿਜ਼ੀ ਹੋ ਜਾਓਗੇ ਪਤਾ ਵੀ ਨਹੀਂ ਲੱਗੇਗਾ ਕਿ ਕਦੋਂ ਦੋ ਸਾਲ ਬੀਤ ਜਾਣਗੇ।ਅੱਗੇ ਉਨ੍ਹਾਂ ਹੋਰ ਕਿਹਾ ਬੇਟੀ ਜੀ ਇੰਡੀਆ ਵਿਚ ਜਿਸ ਚੀਜ ਨੂੰ ਲੈਣ ਲਈ ਤੁਸੀਂ ਤਰਸਦੇ ਰਹਿੰਦੇ ਸੀ।ਮਾਪਿਆ ਦੀ ਮਾਇਕ ਸੱਥਿਤੀ
ਵੇਖ ਕੇ ਉਨ੍ਹਾਂ ਤੇ ਵੀ ਉਸ ਚੀਜ ਨੂੰ ਲੈਣ ਲਈ ਇੰਡੀਆ ਵਿਚ ਰਹਿੰਦੇ ਹੋਏ ਜੋਰ ਨਹੀਂ ਪਾ ਸਕਦੇ ਸੀ।ਪਰ ਇੱਥੇ ਤੁਸੀਂ ਆਪਣੀ ਕਮਾਈ ਕਰਕੇ ਬੜੀ ਅਸਾਨੀ ਨਾਲ ਹਰ ਤਰ੍ਹਾਂ ਦੀ ਵੱਧੀਆ ਤੋਂ ਵੱਧੀਆ ਸ਼ੈਅ ਲੈ ਸਕਦੇ ਹੋ ਜਦ ਕਿ ਇੰਡੀਆ 'ਚ ਤਰਸਦੇ ਰਹਿੰਦੇ ਸੀ।ਮੇਰੀ ਉਦਾਸੀ ਦੂਰ ਕਰਨ ਲਈ ਦੁਬਾਰਾ ਫਿਰ ਉਨ੍ਹਾਂ ਕਿਹਾ ਕਿ ਪੁੱਤਰ ਜੀ ਜਦੋਂ ਤੁਸੀਂ ਕਾਲਜ ਜਾਣ ਲੱਗ ਜਾਓਗੇ ਉੱਥੇ ਆਪਣੀਆਂ ਬਾਕੀ ਸਾਹਿਪਾਠਣ ਸਹੇਲੀਆਂ ਨੂੰ ਮਿਲ ਕੇ ਇੱਥੋਂ ਦੇ ਰਹਿਣ ਸਬੰਧੀ „ਤੇ ਕੰਮ ਕਰਨ ਦੇ ਹਰ ਤਰ੍ਹਾਂ ਦੇ ਤੌਰ ਤਰੀਕੇ ਸਿਖ ਜਾਓਗੇ।ਉਦੋਂ ਸਾਥਣਾ ਨਾਲ ਰਹਿਣ ਲਈ ਟਿਕਾਣਾ ਵੀ ਮਿਲ ਜਾਏਗਾ ਅਤੇ ਉਨ੍ਹਾਂ ਰਾਹੀਂ ਹੀ ਕੰਮ ਵੀ ਮਿਲ ਜਾਏਗਾ।ਜਦੋਂ ਕੰਮ ਅਤੇ ਪੜ੍ਹਾਈ ਵਿਚ ਵਿਜ਼ੀ ਹੋ ਜਾਓਗੇ ਉਦੋਂ ਤੁਹਾਨੂੰ ਘਰ ਦੀ ਯਾਦ ਵੀ ਭੁੱਲ ਜਾਏਗੀ।ਅੰਕਲ ਜੀ ਨੇ ਮੇਰੇ ਡੈਡੀ ਦੀ ਤਰ੍ਹਾਂ ਆਪਣੀ ਹੀ ਧੀ ਦੀ ਤਰ੍ਹਾਂ ਮੈਨੂੰ ਸੱਭ ਤਰ੍ਹਾਂ ਦੀਆਂ ਹਦਾਇਤਾਂ ਕਰਦਿਆਂ ਸਮਝਾਇਆ।ਏਨੇ ਨੂੰ ਮੇਰੀ ਸਹੇਲੀ ਦਾ ਇਹ ਪੁੱਛਣ ਲਈ ਫੋਨ ਆ ਗਿਆ ਕਿ ਮੈਂ ਕਿੱਥੇ ਏਂ ? ਉਸ ਨੂੰ ਜਿੱਥੇ ਮੈਂ ਖੜ੍ਹੀ ਸਾਂ ਵਾਰੇ ਦਸਿਆ, ਉਹ ਦੋ ਕੁ ਮਿੰਟਾਂ 'ਚ ਹੀ ਉੱਥੇ ਪਹੁੰਚ ਗਈ।ਅੰਕਲ ਜੀ ਵਲੋਂ ਦਿੱਤੀਆਂ ਹਦਾਇਤਾਂ ਅਤੇ ਸਿਖਿਆਵਾਂ ਲਈ ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਕਰਦਿਆਂ ਮੈਂ ਉਨ੍ਹਾਂ ਨੂੰ ਹੱਥ ਜੋੜ ਸਤਿ ਸ਼੍ਰੀ ਅਕਾਲ ਬੁਲਾ ਸਹੇਲੀ ਨਾਲ ਉਸ ਦੇ ਘਰੇ ਜਾਣ ਦੀ ਆਗਿਆ ਮੰਗੀ।ਉਨ੍ਹਾਂ ਨੂੰ ਕਿਹਾ ਅੰਕਲ ਜੀ ਮੈਂ ਤੁਹਾਡੀ ਇਸ ਮੁਲਾਕਾਤ ਨੂੰ ਸਾਰੀ ਜਿੰਦਗੀ ਵੀ ਭੁਲਾ ਨਹੀਂ ਸਕਦੀ। ਇਹ ਤੁਹਾਡੇ ਨਾਲ ਅਸਟ੍ਰੇਲੀਆ ਵਿਚ ਮੇਰੀ ਇਹ ਪਹਿਲੀ ਮਿਲਣੀ ਜਿੰਦਗੀ ਦੀ ਅਭੁੱਲ ਯਾਦ ਬਣ ਗਈ ਹੈ।ਅੰਕਲ ਜੀ ਤੋਂ ਆਗਿਆ ਲੈ ਉਨ੍ਹਾਂ ਨਾਲ ਫਿਰ ਕਦੇ ਮਿਲਣ ਦਾ ਵਾਇਦਾ ਕਰ ਸਹੇਲੀ ਨਾਲ ਕਾਰ ਰਾਹੀਂ ਸਿਡਨੀ ਦੇ ਕਸਬੇ ਕੋਗਰਾ ਵਿਖੇ ਉਸ ਦੇ ਤਿੰਨ ਬੈੱਡ ਰੂਮ ਵਾਲੇ ਯੂਨਿਟ ਨੁਮਾ ਘਰੇ ਪਹੁੰਚ ਗਈ।ਜਿੱਥੇ ਕਿ ਇੱਕ ਹੋਰ ਕਪਲ ਅਤੇ ਲੜਕੀ ਰਹਿੰਦੀ ਸੀ।ਦੂਜੇ ਦਿਨ ਮੇਰੀ ਸਹੇਲੀ ਟਰੇਨਾਂ ਅਤੇ ਬੱਸਾਂ ਰਾਹੀਂ ਆਉਂਣ ਜਾਣ ਦੇ ਸਿਸਟਮ ਵਾਰੇ ਸਮਝਾਉਂਦੇ ਹੋਏ ਮੈਨੂੰ ਮੇਰੇ ਕੁਕਰੀ ਕਾਲਜ „ਚ ਛੱਡ ਆਏ।ਉਸ ਕਾਲਜ ਦੇ ਪ੍ਰਬੰਧਕ ਮੇਰੇ ਸਮੇਤ ਮੇਰੀਆਂ ਹੋਰ ਸਾਥਣਾ ਤੇ ਸਾਥੀਆਂ ਨੂੰ ਵਰਦੀਆਂ, ਫੀਸਾਂ ਅਤੇ ਅਸਾਈਨਮੈਂਟ ਖਾਤਰ ਬਹੁਤ ਤੰਗ ਪ੍ਰੇਸ਼ਾਨ ਕਰਦੇ ਸਨ।ਥੋੜੇ ਸਮੇਂ ਬਾਅਦ ਹੀ ਉਸ ਸੰਸਥਾ ਦੇ ਮਾਲਕ ਸਾਨੂੰ ਬਿਨਾ ਕੁੱਝ ਦਸਿਆਂ ਕਾਲਜ ਨੂੰ ਸਦਾ ਲਈ ਬੰਦ ਕਰਕੇ ਕਿਧਰੇ ਅਲੋਪ ਹੋ ਗਏ।ਜਿਸ ਕਰਕੇ ਮੇਰੀ ਪੜ੍ਹਾਈ ਵੀ ਵਿਚਾਲੇ ਰਹਿ ਗਈ।ਮੈਨੂੰ ਤੇ ਮੇਰੇ ਸੱਭ ਸਹਿਪਾਠੀਆਂ ਨੂੰ ਸਾਡਾ ਕਾਲਜ ਬੰਦ ਹੋਣ ਬਾਅਦ ਬਹੁਤ ਔਖੀਆਂ ਪ੍ਰਸਿਥਤੀਆਂ ਚੋਂ ਗੁਜਰਨਾ ਪਿਆ। ਇਸ ਔਖੀ ਘੜੀ ਨਾਲ ਨਜਿਠਣ ਲਈ ਮਾਨਸਿਕ ਤੌਰ „ਤੇ ਬਹੁਤ ਪ੍ਰੇਸ਼ਾਨ ਵੀ ਹੋਣਾ ਪਿਆ।ਆਪਣਾ ਰਹਿੰਦਾ ਕੋਰਸ ਪੂਰਾ ਕਰਨ ਲਈ ਵੀ ਮੈਨੂੰ ਸਿਡਨੀ ਤੋਂ ਮੈਲਬੋਰਨ ਮੂਵ ਹੋਣਾ ਪਿਆ ਉੱਥੇ ਇੰਡੀਅਨ ਮੂਲ ਦੇ ਮਾਲਕਾਂ ਦੇ ਕਾਲਜ ਵਿਚ ਮੈਂ ਆਪਣਾ ਰਹਿ ਗਿਆ ਕੋਰਸ ਪੂਰਾ ਕੀਤਾ।ਇਸ ਕਾਲਜ ਦੀ ਮੈਨਜਮੈਂਟ ਸਮੇਤ ਸਟਾਫ ਬਹੁਤ ਮਿੱਤਰ ਰਵੱਈਏ ਵਾਲਾ ਹੋਣ ਕਰਕੇ ਅਸੀਂ ਪਿੱਛਲੇ ਕਾਲਜ ਵਲੋਂ ਦਿੱਤੇ ਗਏ ਤਸੀਹਿਆਂ ਨੂੰ ਭੁੱਲ ਗਏ।ਜਦੋਂ ਅਸੀਂ ਪੜ੍ਹ ਹੀ ਰਹੇ ਸਾਂ ਉਦੋਂ ਅਸਟ੍ਰੇਲੀਆ ਵੇਖਣ ਲਈ ਇੰਡੀਆ ਤੋਂ ਇੱਕ ਲੇਖਿਕਾ ਜਿਸ ਨੇ ਲੜਕੀਆਂ ਵਾਰੇ ਗਰਭ ਵਿਚ ਹੀ ਲਿੰਗ ਟੈਸਟ ਕਰਵਾਉਂਣ ਬਾਅਦ ਗਰਭ „ਚ ਲੜਕੀ ਸਿੱਧ ਹੋਣ „ਤੇ ਗਰਭਪਾਤ ਕਰਨ ਵਾਲੇ ਮਾਪਿਆਂ ਖਿਲਾਫ ਅਥਵਾ ਲੜਕੀਆਂ ਦੀਆਂ ਭਰੂਣ ਹਤਿਆਵਾਂ ਖਿਲਾਫ ਅਵਾਜ ਉਠਾ ਕੇ ਸਾਰੀ ਦੁਨੀਆਂ ਵਿਚ ਔਰਤਾਂ ਦੀ ਹਮਦਰਦ ਹੋਣ ਵਜੋਂ ਨਾਮਣਾ ਖੱਟ ਕੇ ਪ੍ਰਸਿੱਧੀ ਪ੍ਰਾਪਤ ਕੀਤੀ ਸੀ।ਜਿਸ ਕਰਕੇ ਸਾਡੇ ਦਿਲਾਂ ਵਿਚ ਉਸ ਲੇਖਿਕਾ ਵਾਰੇ ਬਹੁਤ ਵੱਧੀਆ ਪ੍ਰਤੀਬਿੰਬ ਬਣਿਆ ਹੋਇਆ ਸੀ।ਇੱਥੇ ਅਸਟ੍ਰੇਲੀਆ ਵਿਚ ਉਹ ਕੁੱਝ ਕੁ ਦਿਨਾਂ ਲਈ ਹੀ ਆਈ ਸੀ।ਇਨ੍ਹਾਂ ਕੁੱਝ ਕੁ ਦਿਨਾਂ ਦਾ ਸਮਾਂ ਤਾਂ ਅਸਟ੍ਰੇਲੀਆ ਵਿਚ ਦੂਰ ਦੂਰ ਵੱਸੇ ਵੱਖੋ-ਵੱਖਰੇ ਸ਼ਹਿਰਾਂ ਵਿਚ ਭਾਰਤੀ ਮੂਲ ਦੇ ਲੋਕਾਂ ਵਲੋਂ ਸਥਾਪਿਤ ਸਭਿਆਚਾਰਕ ਸਮਾਜਿਕ ਅਤੇ ਗੁਰਦਵਾਰਿਆਂ ਸਮੇਤ ਧਾਰਮਿਕ ਸੰਸਥਾਵਾਂ ਵਲੋਂ ਇਸ ਲੇਖਿਕਾ ਵਲੋਂ ਭਾਰਤ ਵਿਚ ਹੋ ਰਹੀ ਭਰੂਣ ਹਤਿਆ ਵਿਰੁੱਧ ਉਠਾਈ ਅਵਾਜ ਬਦਲੇ ਉਸ ਦਾ ਮਾਣ-ਸਨਮਾਨ ਕਰਨ ਵਿਚ ਹੀ ਲੱਗ ਗਿਆ ਸੀ।ਸਮਾਂ ਘੱਟ ਹੋਣ ਕਰਕੇ ਅਸਟ੍ਰੇਲੀਆ ਵਿਚ ਵੇਖਣਯੋਗ ਥਾਵਾਂ ਵੇਖਣ ਤੋਂ ਉਹ ਵਾਂਝੀ ਰਹਿ ਗਈ ਸੀ।ਅਸਟ੍ਰੇਲੀਆ ਤੋਂ ਵਾਪਿਸ ਇੰਡੀਆ ਜਾਕੇ ਉਸ ਨੇ ਅਸਟ੍ਰੇਲੀਆ ਵਿਚ ਕੁੱਝ ਕੁ ਦਿਨਾਂ ਦੇ ਕੀਤੇ ਗਏ ਟੂਰ ਸਬੰਧੀ ਸਾਰਾ ਕੁੱਝ ਅਸਟ੍ਰੇਲੀਆ ਵਿਚ ਪੜ੍ਹ ਰਹੇ ਵਿਦਿਆਰਥੀਆਂ ਖਿਲਾਫ ਬਿਨਾ ਕਿਸੇ ਤਰ੍ਹਾਂ ਦੀ ਉਨ੍ਹਾਂ ਨਾਲ ਕੋਈ ਮੁਲਾਕਾਤ ਕੀਤਿਆਂ ਅਤੇ ਬਿਨਾ ਕਿਸੇ ਤਰ੍ਹਾਂ ਦੀ ਜਾਂਚ-ਪੜਤਾਲ ਕੀਤਿਆਂ ਅਤੇ ਬਿਨਾ ਕੁੱਝ ਵੇਖਿਆਂ ਉਨ੍ਹਾਂ ਦੇ ਚਰਿਤਰ ਵਾਰੇ ਝੂਠ-ਮੂਠ ਲਿਖਕੇ ਕਲੰਕਿਤ ਕਰਕੇ ਉਨ੍ਹਾਂ ਦੇ ਜੀਵਨ ਨੂੰ ਤਬਾਹ ਕਰਨ ਵਾਲਾ ਨਾ ਮਿਟਣ ਯੋਗ ਧੱਬਾ ਲਗਾ ਦਿੱਤਾ ਗਿਆ
ਹੈ।ਖਾਸ ਕਰ ਅਸਾਂ ਲੜਕੀਆਂ ਵਾਰੇ ਇਸ ਲੇਖਿਕਾ ਨੇ ਉਹ ਕੁੱਝ ਲਿਖਿਆ ਜਿਹੜਾ ਕਿ ਗੈਰਤਵੰਦ ਇਨਸਾਨ ਲਈ ਨਾ ਪੜ੍ਹਨਯੋਗ ਸ਼ਰਮਿੰਦਾ ਕਰਨ ਯੋਗ ਹੈ।ਜਿਸ ਨੂੰ ਪੜ੍ਹਿਆ ਹੀ ਨਹੀਂ ਜਾ ਸਕਦਾ ਜਿਹੜਾ ਕਿ ਉਸ ਨੇ ਨਿਰਾ ਹੀ ਕੋਰਾ ਝੂਠ ਲਿਖਿਆ ਹੈ।ਜਿਸ ਨੂੰ ਪੜ੍ਹ ਕੇ ਹਰ ਇੱਕ ਦੇ ਦਿਲ ਨੂੰ ਦਹਿਲਣ ਬਾਅਦ ਕੰਬਣੀ ਛਿੜ ਜਾਂਦੀ ਹੈ।ਇਸ ਲੇਖਿਕਾ ਨੇ ਬਿਨਾ ਕੁੱਝ ਵੇਖਿਆਂ ਇਸ ਲੇਖ ਦੀ ਆੜ ਹੇਠ ਕਿਸੇ ਹੋਰ ਨੂੰ ਕੋਈ ਲਾਭ ਦੇਣ ਖਾਤਰ ਉਸੇ ਦੇ ਹੀ ਕਹਿਣ ਤੇ ਕੁੱਝ ਦਿਨਾਂ ਦੀ ਇਸ ਫੇਰੀ ਦੁਰਾਨ ਏਡੀਆਂ ਵੱਡੀਆਂ ਘਟਨਾਵਾਂ ਬਣਾ ਕੇ ਪੇਸ਼ ਕਰ ਦਿੱਤੀਆਂ ਜਿਸ ਨਾਲ ਅਸਟ੍ਰੇਲੀਆ ਪੜ੍ਹਦੀਆਂ ਸਾਰੀਆਂ ਹੀ ਪੰਜਾਬੀ ਕੁੜੀਆਂ ਅਤੇ ਸਾਰੇ ਹੀ ਮੁੰਡਿਆ ਦਾ ਦਾਮਨ ਕਲੰਕਿਤ ਕਰ ਵਿਖਾਇਆ ਗਿਆ ਹੈ।ਇਹ ਔਰਤ ਜਾਤ ਨਾਲ ਸਬੰਧਿਤ ਪੜ੍ਹੀ ਲਿਖੀ ਅਤੇ ਡਾਕਟਰੀ ਕਿੱਤੇ ਨਾਲ ਜੁੜੀ ਹੋਈ ਹੈ।ਜਿਹੜੀ ਕਿ ਇੱਕ ਵੱਧੀਆ ਸਾਹਿਤਕਾਰ ਬਾਪ ਦੀ ਬੇਟੀ ਵੀ ਹੈ।ਸਾਨੂੰ ਇਸ ਗੱਲ ਦੀ ਹਾਲੇ ਤੱਕ ਸਮਝ ਨਹੀਂ ਲੱਗੀ, ਵੱਧੀਆ ਪਿਛੋਕੜ ਨਾਲ ਸਬੰਧਿਤ ਹੋਣ ਦੇ ਬਾਵਯੂਦ ਵੀ ਉਸ ਨੂੰ ਇਹ ਸੱਭ ਕੁੱਝ ਲਿਖਣ ਲਈ ਕਿਹੜੀ ਮਜਬੂਰੀ ਨੇ ਘੇਰ ਲਿਆ ਸੀ।ਜਿਸ ਕਰਕੇ ਉਹ ਅਸਟ੍ਰੇਲੀਆ ਵਸਦੀ ਹਰ ਤੀਜੀ ਕੁੜੀ ਨੂੰ ਵੇਸਵਾਪੁਣੇ ਦਾ ਕਿੱਤਾ ਕਰਦੀ ਹੋਈ ਪੇਸ਼ ਕਰਨ ਤੋਂ ਇਲਾਵਾ ਅਸਟ੍ਰੇਲੀਆ ਦੇ ਹਰੇਕ ਮੁੰਡੇ ਨੂੰ ਚੋਰ ਉੱਚਕਾ ਬਣਾਉਂਣ ਤੋਂ ਇਲਾਵਾ ਅਸਟ੍ਰੇਲੀਆ ਵਿਚ ਟੈਕਸੀਆਂ ਚਲਾਉਂਦੇ ਅੱਧਖੜ੍ਹ ਉਮਰ ਦੇ ਸਾਰੇ ਹੀ ਬੰਦਿਆਂ ਨੂੰ ਬਦਕਾਰੀ ਦੇ ਅੱਡਿਆਂ ਅਥਵਾ ਚਕਲਿਆਂ ਵੱਲ ਜਾਂਦੇ ਦਸਦੀ ਹੋਈ ਨੂੰ ਰਤਾ ਵੀ ਸ਼ਰਮ ਹਿਆ ਮਹਿਸੂਸ ਨਹੀਂ ਹੋਇਆ।ਉਸ ਨੇ ਸ਼ਰਮ ਹਿਆ ਦੀਆਂ ਸਾਰੀਆਂ ਹੱਦਾਂ ਲੰਘਦੀ ਹੋਈ ਨੇ ਸਾਡੇ ਧਰਮ ਦੇ ਪਵਿਤਰ ਅਸਥਾਨ ਗੁਰੁਘਰ ਨੂੰ ਵੀ ਨਹੀਂ ਬਖਸ਼ਿਆ।ਜਦ ਕਿ ਉਨ੍ਹਾਂ ਗੁਰੂਘਰਾਂ ਵਿਚ ਉਹ ਸਿਰਫ ਅਪਨਾ ਮਾਣ-ਸਨਮਾਨ ਕਰਵਾਉਂਣ ਹੀ ਜਾਂਦੀ ਸੀ।ਆਸੇ ਪਾਸੇ ਵੇਖਣ ਲਈ ਉਸ ਵੇਲੇ ਉਸ ਪਾਸ ਕੋਈ ਸਮਾਂ ਹੀ ਨਹੀਂ ਹੁੰਦਾ ਸੀ। ਗੁਰੁਘਰ ਵਿਚ ਆਪਣੀ ਇਸ ਹਾਜਰੀ ਲੁਆਉਂਣ ਵੇਲੇ ਵੀ ਮਜਬੂਰੀ ਕਾਰਨ ਨਜਾਇਜ ਤੌਰ „ਤੇ ਗਰਭਵਤੀ ਹੋਈਆਂ ਕੁੜੀਆਂ ਵਲੋਂ ਫੋਨ ਆਉਂਣ ਵਾਰੇ ਵੀ ਕਿੱਡੀ ਵੱਡੀ ਹਾਸੋਆਣੀ ਗੱਲ ਲਿਖ ਗਈ ਹੈ।ਗੁਰੁਘਰ ਵਿਚ ਆਪਣੀ ਮੌਜੂਦਗੀ ਦੌਰਾਨ ਸਾਡੇ ਕੁੜੀਆਂ ਦੇ ਸਾਡੇ ਦਾਮਨ ਨੂੰ ਕਲੰਕਿਤ ਕਰਨ ਵਾਰੇ ਉਸ ਨੇ ਹੋਰ ਵੀ ਹੈਰਤਅੰਗੇਜ ਬਹੁਤ ਸਾਰੇ ਇਲਜਾਮ ਲਾਏ ਹਨ।ਜਿਨ੍ਹਾਂ ਨੂੰ ਲਿਖਦਿਆਂ ਔਰਤ ਹੋਣ ਕਰਕੇ ਸਾਨੂੰ ਤਾਂ ਬਹੁਤ ਸ਼ਰਮ ਆ ਰਹੀ ਹੈ ਪਰ ਉਸ ਪੜ੍ਹੀ ਲਿਖੀ ਔਰਤ ਜਾਤ ਡਾਕਟਰਨੀ ਨੂੰ ਕੋਈ ਸ਼ਰਮ ਨਹੀਂ ਆਈ।ਬੜੇ ਗਜਬ ਦੀ ਗੱਲ ਹੈ ਕਿ ਉਸ ਲੇਖਿਕਾ ਨੂੰ ਲੰਗਰ ਹਾਲ ਵਿਚ ਲੰਗਰ ਛਕਦਿਆਂ ਵੀ ਕੁੜੀਆਂ ਮੁੰਡੇ ਸੱਭ ਆਪਸ ਵਿਚ ਅਸ਼ਲੀਲ ਹਰਕਤਾਂ ਕਰਦੇ ਹੀ ਨਜਰ ਆਏ।ਜਦ ਕਿ ਗੁਰੂਘਰ ਗਿਆ ਵੱਡੇ ਤੋਂ ਵੱਡਾ ਜੁਰਮ ਕਰਨ ਵਾਲਾ ਮੁਜਰਮ ਤੇ ਬਦਮਾਸ਼ ਕਿਸਮ ਦਾ ਬੰਦਾ ਵੀ ਗੁਰੁਘਰ ਵਿਚ ਕਿਸੇ ਕਿਸਮ ਦੀ ਕੋਈ ਗਲਤੀ ਨਹੀਂ ਕਰਦਾ।ਪਰ ਇਹ ਲੇਖਿਕਾ ਗੁਰੂਘਰ ਦੇ ਸ਼ਰਧਾਲੂ ਸਿੱਖਾਂ ਦੇ ਬੱਚਿਆਂ ਨੂੰ ਵੀ ਅਸਟ੍ਰੇਲੀਆ ਦੇ ਗੁਰੂਘਰ ਵਿਚ ਅਸ਼ਲੀਲ ਹਰਕਤਾਂ ਕਰਦੇ ਹੋਇਆਂ ਦਰਸਾ ਕੇ ਕਈ ਅਖਬਾਰਾਂ ਵਿਚ ਲਿਖ ਗਈ ਹੈ।ਜਿਨ੍ਹਾਂ ਵਾਰੇ ਅਸੀਂ ਕਨੂੰਨੀ ਮਾਹਰਾਂ ਨਾਲ ਸਲਾਹ ਮਸ਼ਵਰਾਂ ਕਰਕੇ ਵੱਧੀਆ ਵਕੀਲਾਂ ਰਿਟਾਇਰਡ ਜੱਜਾਂ ਦੀਆਂ ਸਲਾਹਾਂ ਲੈ ਰਹੇ ਹਾਂ।ਤਾਂ ਕਿ ਸਾਡਾ ਜੀਵਨ ਤਬਾਹ ਕਰਨ ਵਾਲੀ ਲੇਖਿਕਾ ਤੇ ਅਸੀਂ ਇੱਜਤ ਹਤਕ, ਮਾਨਹਾਨੀ, ਚਰਿਤਰ ਨੂੰ ਬਿਨਾ ਕਿਸੇ ਸਬੂਤ ਕਲੰਕਿਤ ਕਰਕੇ ਜਨਤਕ ਤੌਰ „ਤੇ ਮੀਡੀਏ ਰਾਹੀਂ ਅਖਬਾਰਾਂ „ਚ ਸਾਡੀ ਹੋਈ ਬਦਨਾਮੀ ਸਬੰਧੀ ਇਵਜਾਨਾ ਅਤੇ ਹਰਜਾਨਾ ਲੈਣ ਅਤੇ ਸਜਾ ਦੁਆਉਂਣ ਲਈ ਮੁਕਦਮਾ ਦਰਜ ਕਰਨ ਸਬੰਧੀ ਇੰਡੀਆ „ਚ ਹਾਈ ਕੋਰਟ ਸੁਪਰੀਮ ਕੋਰਟ ਸਮੇਤ ਅਸਟ੍ਰੇਲੀਆ ਦੀ ਫੈਡਰਲ ਕੋਰਟ ਸੁਪਰੀਮ ਕੋਰਟ ਅਥਵਾ ਟ੍ਰਿਬਿਊਨਲ „ਚ ਲਿਜਾਉਂਣ ਬਾਅਦ ਯੂ-ਐੱਨ-ਓ ਸਮੇਤ ਸੰਸਾਰ ਭਰ ਦੇ ਦੇਸ਼ਾਂ ਵਲੋਂ ਇਨਸਾਫ ਲੈਣ ਖਾਤਰ ਬਣਾਈ ਨਿਆਂਇਕ ਪ੍ਰਣਾਲੀ ਤੱਕ ਜਾਣ ਤੋਂ ਵੀ ਗੁਰੇਜ ਨਹੀਂ ਕਰਾਂਗੇ।ਜਿੱਥੋਂ ਵੀ ਸਾਨੂੰ ਇਨਸਾਫ ਦੀ ਕਿਰਨ ਮਿਲੇਗੀ ਉੱਥੋਂ ਤੱਕ ਜਾਣ ਦੀ ਪੂਰੀ ਵਾਹ ਲਾਵਾਂਗੇ ।ਇਸ ਵਲੋਂ ਲਿਖੀਆਂ ਲਿਖਤਾਂ ਨੇ ਸਾਡੇ ਚਰਿਤਰ ਨੂੰ ਬਦਚਲਣ ਸਾਬਤ ਕਰਕੇ ਸਾਡੇ ਮਾਪਿਆਂ ਸਮੇਤ ਹੋਰ ਰਿਸ਼ਤੇਦਾਰਾਂ ਦਾ ਦਿਮਾਗੀ ਸੰਤੁਲਿਨ ਵਿਗਾੜ ਦਿੱਤਾ ਹੈ।ਉਸ ਵਾਰੇ ਵੀ ਵਖਰੇ ਤੌਰ ਤੇ ਨਿਆਂਇਕ ਲੜਾਈ ਲੜ ਕੇ ਹਰ ਤਰ੍ਹਾਂ ਦਾ ਨਿਆਂ ਲੈਣ ਦੀ ਪੂਰੀ ਕੋਸ਼ਿਸ਼ ਕਰਾਂਗੇ।ਸਾਡੇ ਚਰਿਤਰ ਤੇ ਇਸ ਲੇਖਿਕਾ ਨੇ ਜੋ ਦਾਗ ਲਾਇਆ ਹੈ ਇਸ ਤੋਂ ਵੱਧ ਵੱਡਾ ਜੁਲਮ ਕਿਸੇ ਹੋਰ ਨਾਲ ਕੋਈ ਕਰ ਹੀ ਨਹੀਂ ਸਕਦਾ।ਅਸੀਂ ਇਸ ਲੇਖਿਕਾ ਦਾ ਕੀ ਵਿਗਾੜਿਆ ਸੀ ਜਿਸਨੇ ਸਾਡੇ ਵਾਰੇ ਏਨਾਂ ਝੂਠ ਤੁਫਾਨ ਲਿਖ ਕੇ ਕੁਫਰ ਤੋਲਿਆ ਹੈ।ਇਸ ਲੇਖਿਕਾ ਨੂੰ ਏਡੀ ਵੱਡੀ ਕਿਹੜੀ ਮਜਬੂਰੀ ਪੈ ਗਈ ਸੀ ਜਿਸ ਨੇ ਅਸਟ੍ਰੇਲੀਆ ਵਿਚ ਵਸਦੇ ਪੰਜਾਬੀ ਭਾਈਚਾਰੇ ਦੇ ਕੁੜੀਆਂ ਮੁੰਡਿਆਂ ਸਮੇਤ ਅੱਧਖੜ
ਉਮਰ ਤੱਕ ਦੇ ਸਿਆਣਿਆਂ ਦੇ ਵਰਗ ਨੂੰ ਵੀ ਨਹੀਂ ਬਖਸ਼ਿਆ।ਕੀ ਇਹੋ ਇੱਕੋ-ਇੱਕ ਸੱਚੀ ਸੁੱਚੀ ਅਤੇ ਸਤੀ ਸਵੀਤਰੀ ਔਰਤ ਹੈ।ਜਿਸ ਨੂੰ ਬਾਕੀ ਸਾਰੀ ਦੁਨੀਆਂ ਦੇ ਸੱਭ ਲੋਕੀਂ ਅਸ਼ਲੀਲ ਹਰਕਤਾਂ ਕਰਦੇ ਹੀ ਨਜਰ ਆ ਰਹੇ ਹਨ।ਜਿਧਰ ਕਿਧਰੇ ਵੀ ਉਹ ਆਪਣੇ ਕੁੱਝ ਕੁ ਸਨੇਹੀਆਂ ਨਾਲ ਜਾਂਦੀ ਸੀ ਉਸ ਨੂੰ ਅਸਟ੍ਰੇਲੀਆ ਵਿਚ ਹਰ ਪੰਜਾਬੀ ਅਸ਼ਲੀਲ ਹਰਕਤਾਂ ਕਰਦਾ ਹੀ ਦਿਸਿਆ।ਇਸ ਵੱਧੀਆ ਸਾਹਿਤਕਾਰ ਲੇਖਿਕਾ ਨੂੰ ਅਸਟ੍ਰੇਲੀਆ ਦੀ ਹੋਰ ਕੋਈ ਵੀ ਵੱਧੀਆ ਜਾਂ ਘੱਟੀਆ ਥਾਂ ਜਾਂ ਚੀਜ ਬਿਲਕੁਲ ਹੀ ਦਿਸੀ ਨਹੀਂ।ਜਿਸ ਵਾਰੇ ਉਹ ਇਸ ਫੇਰੀ ਵਾਰੇ ਬਹੁਤ ਵੱਧੀਆ ਢੰਗ ਨਾਲ ਲਿਖ ਸਕਦੀ ਸੀ ਜਿਸ ਨਾਲ ਉਸ ਦਾ ਕੱਦ ਹੋਰ ਵਡੇਰਾ ਹੁੰਦਾ।ਮੈਨੂੰ ਵੀ ਇਸ ਦੇਸ ਵਿਚ ਵਿਚਰਦੀ ਨੂੰ ਚਾਰ ਕੁ ਸਾਲ ਤੋਂ ਉੱਤੇ ਹੋ ਗਏ ਹਨ।ਮੈਨੂੰ ਤਾਂ ਇੱਥੇ ਵੇਖਣ ਨੂੰ ਇਹੋ ਜਿਹਾ ਕੁੱਝ ਨਹੀਂ ਦਿਸਿਆ।ਜਿਹੋ ਜਿਹੀ ਇਸ ਲੇਖਿਕਾ ਨੇ ਸਾਡੇ ਵਾਰੇ ਸਾਡੇ ਸਮਾਜ ਸਾਹਮਣੇ ਸਾਡੀ ਤਸਵੀਰ ਨੂੰ ਪੇਸ਼ ਕੀਤਾ ਹੈ।ਬਾਈ ਚਾਨਸ ਉਸ ਨੂੰ ਸਾਡੇ ਵਾਰੇ ਕੁੱਝ ਬੁਰਾ ਭਾਸਿਆ ਹੀ ਸੀ ਉਸ ਹਾਲਤ ਵਿਚ ਵੱਧੀਆ ਤਾਂ ਇਹ ਸੀ ਕਿ ਸਮਾਜ ਸੁਧਾਰਕ ਲੇਖਿਕਾ ਹੋਣ ਦੇ ਨਾਤੇ ਸਮਾਜ ਨੂੰ ਸੇਧ ਦੇਣਯੋਗ ਕੋਈ ਉਪਰਾਲਾ ਕਰਨ ਯੋਗ ਕੰਮ ਕਰਦੀ।ਇਸ ਸਮਾਜ ਸੁਧਾਰਕ ਡਾਕਟਰਨੀ ਨੇ ਤਾਂ ਸਾਨੂੰ ਸਾਰੀਆਂ ਕੁੜੀਆਂ ਨੂੰ ਵੇਸਵਾਵਾਂ ਅਤੇ ਸਾਡੇ ਭਰਾ ਮੁੰਡਿਆਂ ਨੂੰ ਚੋਰ ਉੱਚਕੇ ਬਣਾ ਸਾਡੇ ਸਾਰਿਆਂ ਦਾ ਜੀਵਨ ਤਬਾਹ ਕਰ ਦਿੱਤਾ ਹੈ।ਮੈਨੂੰ ਤਾਂ ਲਗਦਾ ਹੈ ਕਿ ਉਸ ਦੇ ਦਿਮਾਗ ਵਿਚ ਗ੍ਰਹਿਸਤੀ ਜੀਵਨ ਵਿਚ ਕੋਈ ਅਹਿਮ ਕਿਸਮ ਦੀ ਕੋਈ ਵਿਸ਼ੇਸ਼ ਘਾਟ ਰਹਿ ਗਈ ਹੈ।ਜਿਸ ਕਰਕੇ ਉਸ ਦੇ ਜਿਹਨ ਅਤੇ ਦਿਮਾਗ „ਤੇ ਕੋਈ ਅਸਰ ਪੈ ਗਿਆ ਹੈ।ਜਿਸ ਦੀ ਵਜ੍ਹਾ ਨੇ ਉਸ ਵਿਚ ਖਾਸ ਤੌਰ „ਤੇ ਸੈਕਸੀ ਵਿਸ਼ਿਆਂ ਵਾਰੇ ਲਿਖਣ ਦਾ ਸ਼ੌਕ ਪੈਦਾ ਕਰ ਦਿੱਤਾ ਹੈ।ਉਸ ਦੀਆਂ ਬਹੁਤੀਆਂ ਸਾਰੀਆਂ ਲਿਖਤਾਂ ਨੂੰ ਚੰਗੀ ਤਰਾਂ੍ਹ ਘੋਖ ਕਰਨ ਤੇ ਪਤਾ ਲਗਦਾ ਹੈ ਕਿ ਇਸ ਪਾਸ ਲਿਖਣ ਲਈ ਜਿਅਦਾਤਰ ਇਹ ਇਕੋ ਇੱਕ ਵਿਸ਼ਾ ਰਹਿ ਗਿਆ ਹੈ।ਜਿਹੜਾ ਕਿ ਹਰ ਵੇਲੇ ਸੈਕਸ ਦੁਆਲੇ ਘੁੰਮਦਾ ਰਹਿੰਦਾ ਹੈ।ਮੇਰੇ ਦਿਮਾਗ ਵਿਚ ਇਹ ਗੱਲ ਬਹੁਤ ਖਲਬਲੀ ਮਚਾ ਰਹੀ ਹੈ ਕਿ ਜਿਹੜੀ ਲੇਖਿਕਾ ਔਰਤਾਂ ਦੇ ਹੱਕਾਂ ਸਮੇਤ ਭਰੂਣ ਹਤਿਆਵਾਂ ਸਬੰਧੀ ਅਵਾਜ ਨੂੰ ਬੁਲੰਦ ਕਰਨ ਵਾਲੀ ਸੀ।ਉਸ ਨੂੰ ਅਸਟ੍ਰੇਲੀਆ ਆਕੇ ਕਿਹੜੀ ਮਜਬੂਰੀ ਨੇ ਘੇਰ ਲਿਆ ਹੋਵੇਗਾ।ਜਿਹਦੇ ਕਰਕੇ ਕਿਸੇ ਹੋਰ ਵਲੋਂ ਲਿਖੇ ਲੇਖ ਨੂੰ ਉਹ ਦੇ ਨਿੱਜੀ ਸਵਾਰਥਾਂ ਖਾਤਰ ਆਪਣੇ ਨਾਮ ਹੇਠ ਛੱਪਵਾਉਂਣ ਦੀ ਗਲਤੀ ਕਰਨੀ ਪਈ।ਜਿਹੜਾ ਲੇਖ ਸਾਡੇ ਚਾਲਚਲਣ „ਤੇ ਬਹੁਤ ਸਾਰੇ ਸਵਾਲੀਆਂ ਚਿੰਨ ਲਾ ਗਿਆ ਹੈ।ਜਿਸ ਕਰਕੇ ਹੁਣ ਰੇਸ਼ਮਾ ਵਿਚਾਰੀ ਕੀ ਕਰੇ ਜਿਹਦੀ ਇੱਜਤ ਹੀ ਲੀਰੋ-ਲੀਰ ਹੋਈ „ਤੇ ਜਿਹਨੂੰ ਹੁਣ ਦੁਨੀਆਂ ਵਿਚ ਮੂੰਹ ਵਿਖਾਉਂਣ ਜੋਗਾ ਵੀ ਨਹੀਂ ਛੱਡਿਆ।ਸਾਡੇ ਨਾਲ ਹੁਣ ਇੰਡੀਆ ਵਿਚ ਵਿਆਹ ਕਰਵਾਉਂਣ ਲਈ ਕੋਈ ਵੀ ਵੱਧੀਆ ਮੁੰਡਾ ਰਾਜੀ ਨਹੀਂ ਹੋਵੇਗਾ।ਅਸਟ੍ਰੇਲੀਆ ਤੋਂ ਪੰਜਾਬ ਗਈਆਂ ਕੁੜੀਆਂ ਨੂੰ ਸੱਭ ਵੇਸਵਾਵਾਂ ਸਮਝਣਗੇ।ਇਸ ਲੇਖਿਕਾ ਦੀ ਲਿਖਤ ਕਰਕੇ ਸਾਡੀ ਜਿੰਦਗੀ ਬਰਬਾਦ ਹੋ ਗਈ ਹੈ ਅਤੇ ਸਾਡਾ ਜੀਵਨ ਇਸ ਲੇਖਿਕਾ ਨੇ ਤਬਾਹ ਕਰ ਦਿੱਤਾ ਹੈ।ਅਸਟ੍ਰੇਲੀਆ ਤੋਂ ਪੰਜਾਬ ਗਈ ਹੋਈ ਹਰ ਕੁੜੀ ਨੂੰ ਲੋਕੀਂ ਸ਼ੱਕ ਦੀ ਨਿਗ੍ਹਾ ਨਾਲ ਵੇਖਣਗੇ।ਅਸੀਂ ਉਸ ਲੇਖਿਕਾ ਨੂੰ ਪੁੱਛਣਾ ਚਾਹੁੰਦੀਆਂ ਹਾਂ ਸਾਨੂੰ ਉਨ੍ਹਾਂ ਕੁੜੀਆਂ ਵਾਰੇ ਦਸ ਜਿਨ੍ਹਾਂ ਨਾਲ ਇਹ ਕੁੱਝ ਹੋਇਆ ਅਤੇ ਜਿਨ੍ਹਾਂ ਨੇ ਤੈਨੂੰ ਫੋਨ ਕੀਤੇ? ਉਨ੍ਹਾਂ ਦੇ ਫੋਨ ਨੰਬਰ ਵੀ ਤਾਂ ਤੇਰੇ ਪਾਸ ਹੋਣਗੇ? ਸਾਨੂੰ ਇਹ ਵੀ ਦਸ ਤੂੰ ਉਨ੍ਹਾਂ ਕਿਹੜੀਆਂ ਕਿਹੜੀਆਂ ਗਲੀਆਂ ਸੜਕਾਂ ਅਤੇ ਥਾਵਾਂ „ਤੇ ਗਈ? ਜਿਨ੍ਹਾਂ ਥਾਵਾਂ „ਤੇ ਤੈਨੂੰ ਪੰਜਾਬੀ ਕੁੜੀਆਂ ਵੇਸਵਾਵਾਂ ਵਜੋਂ ਧੰਦਾ ਕਰਦੀਆਂ ਹੀ ਦਿਸੀਆਂ।ਉਹ ਥਾਂ ਵੀ ਸਾਨੂੰ ਦਸ ਜਿੱਥੇ ਅੱਧਖੜ ਉਮਰ ਦੇ ਪੰਜਾਬੀ ਤੂੰ ਚਕਲਿਆਂ ਵਿਚ ਮੌਜ ਮੇਲੇ ਕਰਦੇ ਵੇਖੇ? ਉਸ ਜਗਾ ਤੋਂ ਵੀ ਸਾਨੂੰ ਜਾਣੂ ਕਰਵਾ ਜਿੱਥੇ ਪੰਜਾਬੀ ਮੰਡੇ ਤੂੰ ਚੋਰੀਆਂ ਯਾਰੀਆਂ ਕਰਦੇ ਵੇਖੇ? ਇੱਕ ਥਾਵੇਂ ਕਿਸੇ ਅਖਬਾਰ ਵਾਲੇ ਵਾਰੇ ਵੀ ਇਸ ਲੇਖਿਕਾ ਨੇ ਲਿਖਿਆ ਹੈ ਕਿ ਉਸ ਨੇ ਵੀ ਕਿਸੇ ਇਸ ਤਰ੍ਹਾਂ ਦੀ ਕੁੜੀ ਦੀ ਮਦਤ ਕੀਤੀ ਸੀ।ਉਹ ਲਿਖਦੀ ਹੈ ਕਿ ਉਸ ਅਖਬਾਰ ਵਾਲੇ ਨੂੰ ਵੀ ਉਸ ਕੁੜੀ ਨੇ ਕਿਹਾ ਸੀ ਕਿ ਤੁਸੀਂ ਕਿੰਨੀਆਂ ਕੁ ਦੀ ਮਦਤ ਕਰੋਗੇ ਇੱਥੇ ਤਾਂ ਸਾਰੀਆਂ ਹੀ ਇਸ ਤਰ੍ਹਾਂ ਦੀਆਂ ਹਨ।ਇਸ ਡਾਕਟਰਨੀ ਨੂੰ ਮੈਂ ਪੁਛਣਾ ਚਾਹੁੰਦੀ ਹਾਂ ਕਿ ਉਸ ਅਖਬਾਰ ਵਾਲੇ ਵਾਰੇ ਹੀ ਸਾਨੂੰ ਦਸ ਉਹ ਅਖਬਾਰ ਵਾਲਾ ਕੌਣ ਹੈ? ਜਿਸ ਨੇ ਸਾਡੀ ਭੈਣ ਦੀ ਪੱਤ ਰੁਲਣ ਤੋਂ ਬਚਾਈ ਹੋਵੇਗੀ।ਕੀ ਅਖਬਾਰ ਵਾਲਾ ਜਿਹੜਾ ਸਮਾਜ ਸੁਧਾਰਕ ਹੈ ਉਸ ਨੇ ਤੇਰੇ ਅਸਟ੍ਰੇਲੀਆ ਦੌਰੇ ਤੱਕ ਇਸ ਗੱਲ ਨੂੰ ਛੁੱਪਾਈ ਰੱਖਿਆ? ਉਸ ਨੇ ਆਪਣੀ ਅਖਬਾਰ ਰਾਹੀਂ ਆਪਣੇ ਹੀ ਸਮਾਜ ਨੂੰ ਪਿਆਰ ਮੁਹਬਤ ਨਾਲ ਸਿੱਧੇ ਰਾਹੇ ਪਾਉਂਣ ਦਾ ਕੋਈ ਹੰਭਲਾ ਨਹੀਂ ਮਾਰਿਆ? ਉਹ ਤੇਰੇ ਆਉਂਣ ਦੀ ਹੀ ਉਡੀਕ ਕਰਦਾ ਰਿਹਾ? ਜਿਹੜਾ ਕਿ ਤੇਰੇ ਪਾਸੋਂ ਆਪਣੇ ਦੇਸ ਵਿਚ ਹੀ ਵਸਦੇ ਆਪਣੇ ਹੀ ਬੱਚਿਆਂ ਦੀ ਇੱਜਤ
ਦੀਆਂ ਧੱਜੀਆਂ ਉਡਾਉਂਣ ਲਈ ਤੇਰੇ ਆਉਂਣ ਦੀ ਉਡੀਕ ਤੀਕ ਇੰਤਜਾਰ ਕਰਦਾ ਰਿਹਾ।ਉਸ ਅਖਬਾਰ ਵਾਲੇ ਦੀ ਜਮੀਰ ਨੇ ਤੇਰੇ ਨਾਲ ਤਾਂ ਇਹ ਸਾਰੀ ਗੱਲ ਕਰ ਲਈ ਪਰ ਉਸ ਨੇ ਆਪਣੀ ਅਖਬਾਰ ਰਾਹੀਂ ਇਸ ਮਸਲੇ ਨੂੰ ਕਿਊਂ ਨਹੀ ਉਠਾਇਆ? ਇਹ ਗੱਲ ਹਰ ਕੋਈ ਜਾਣਦਾ ਹੈ ਕਿ ਅਖਬਾਰਾਂ ਵਾਲੇ ਤਾਂ ਸਮਾਜ ਸੇਵਕ ਸਮਾਜ ਸੁਧਾਰਕ ਹੋਣ ਦੇ ਨਾਲ ਸਮਾਜ ਦੇ ਅਸਲੀ ਬੁੱਧੀਜੀਵੀ ਹੁੰਦੇ ਹਨ।ਇਹ ਲੇਖਿਕਾ ਕਹਿ ਰਹੀ ਹੈ ਕਿ ਉਸ ਬੁੱਧੀਜੀਵੀ ਨੇ ਇਹ ਸੱਭ ਕੁੱਝ ਵੇਖਿਆ ਤੇ ਨਿੱਜੀ ਤੌਰ „ਤੇ ਉਸ ਕੁੜੀ ਦੀ ਮਦਤ ਵੀ ਕੀਤੀ।ਇਹ ਗੱਲ ਲੇਖਿਕਾ ਦੀ ਨਾ ਮੰਨਣਯੋਗ ਹੈ ਕਿ ਉਹ ਬੁਧੀਜੀਵੀ ਆਪਣੇ ਬੱਚਿਆਂ ਦੀ ਕਿਸੇ ਗੱਲ ਨੂੰ ਆਪ ਸੁਧਾਰਨ ਦੀ ਵਜਾਏ ਇਸ ਲੇਖਿਕਾ ਦੇ ਆਉਂਣ ਦੀ ਉਡੀਕ ਕਰਦਾ ਰਿਹਾ ਹੋਵੇ ਕਿ ਕਦੋਂ ਲੇਖਿਕਾ ਆਸਟ੍ਰੇਲੀਆ ਵਿਚ ਆਵੇ ਉਸ ਪਾਸੋਂ ਆਪਣੇ ਹੀ ਦੇਸ ਦੇ ਆਪਣੇ ਹੀ ਬੱਚਿਆਂ ਦੀ ਇੱਜਤ ਦੀਆਂ ਧੱਜੀਆਂ ਉਡਵਾ ਲਵੇ।ਬਹੁਤ ਸਾਰੀਆਂ ਮੇਰੀਆਂ ਭੈਣਾਂ ਅਤੇ ਵੀਰਾਂ ਨੇ ਡਾਕਟਰਨੀ ਦੇ ਲਿਖੇ ਹੋਏ ਲੇਖ ਸਬੰਧੀ ਅਵਾਜ ਵੀ ਉਠਾਈ ਫੋਨਾਂ ਰਾਹੀਂ ਵੀ ਡਾਕਟਰਨੀ ਸਾਹਿਬਾਂ ਨੂੰ ਪੁੱਛਿਆ ਗਿਆ।ਜਿਸ ਵਾਰੇ ਉਹ ਕੋਈ ਸਹੀ ਜਵਾਬ ਨਾ ਦੇਕੇ ਇਸ ਘਟਨਾ ਤੋਂ ਅਣਜਾਣ ਬਣਦੀ ਹੋਈ ਇਸ ਨੂੰ ਹੋਰਨਾ ਸਿਰ ਮੜ੍ਹਦੀ ਹੋਈ ਅਸਲੀ ਗੱਲ ਨੂੰ ਲਾਂਭੇ ਕਰਕੇ ਟਾਲ ਗਈ।ਪਰ ਦੂਜੇ ਪਾਸੇ ਸਾਡੇ ਵੀਰਾਂ ਵਲੋਂ ਉਠਾਈ ਅਵਾਜ ਤੋਂ ਕੁੱਝ ਕੁ ਲੋਕੀ ਬਹੁਤ ਅੱਗ ਭਬੂਕਾ ਹੋਏ।ਇਸ ਲੇਖ ਨੂੰ ਅੰਜਾਮ ਦੇਣ ਵਾਲੇ ਇਸ ਲੇਖਿਕਾ ਦੇ ਇਨ੍ਹਾਂ ਕਈ ਹਿਤੈਸ਼ੀਆਂ ਨੇ ਸ਼ਾਇਦ ਇਸ ਲੇਖ ਦੀ ਆੜ ਹੇਠ ਕਈ ਤਰ੍ਹਾਂ ਦੇ ਲਾਭ ਲੈਣੇ ਸਨ ਜਿਸ ਕਰਕੇ ਉਨ੍ਹਾਂ ਨੂੰ ਬਹੁਤ ਤਕਲੀਫ ਹੋਈ ਸੀ।ਇਸੇ ਕਰਕੇ ਉਨ੍ਹਾਂ ਨੇ ਵੀ ਇੱਕ ਹੋਰ ਅਖਬਾਰ ਵਿਚ ਆਪਣੇ ਵਲੋਂ ਲੇਖ ਲਿਖਿਆ।ਪਰ ਉਸ ਲੇਖ ਦਾ ਲੇਖਕ ਵਜੋਂ ਨਾਮ ਕਿਸੇ ਹੋਰ ਇਨਸਾਨ ਦਾ ਵਰਤਦਿਆਂ ਉਸ ਨੂੰ ਆਪਣਾ ਸਾਥੀ ਬਣਾ ਕੇ ਕਿਸੇ ਸੰਸਥਾ ਵਲੋਂ ਸਾਡੇ ਅਲ਼ੇ ਜਖਮਾਂ ਤੇ ਲੂਣ ਛਿੜਕਣ ਵਾਲਾ ਇੱਕ ਹੋਰ ਲੇਖ ਲਿਖ ਕੇ ਹਰਸ਼ਿੰਦਰ ਕੌਰ ਵਲੋਂ ਲਿਖੇ ਲੇਖ ਦੇ ਸਹੀ ਹੋਣ ਵਾਰੇ ਹਾਮੀਂ ਭਰੀ।ਉਸ ਤੋਂ ਸਿੱਧ ਹੁੰਦਾ ਹੈ ਕਿ ਇਸ ਲੇਖ ਲਿਖਵਾਉਣ ਪਿੱਛੇ ਇਨ੍ਹਾਂ ਦਾ ਹੀ ਹੱਥ ਹੋ ਸਕਦਾ ਹੈ।ਉਨ੍ਹਾਂ ਨੇ ਵੀ ਆਪਣੇ ਲੇਖ ਵਿਚ ਲਿਖਿਆ ਹੈ ਕਿ ਹਰਸ਼ਿੰਦਰ ਕੌਰ ਲੇਖਿਕਾ ਨੇ ਆਪਣੇ ਲੇਖ ਵਿਚ ਅਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਵਿਚ ਪੰਜਾਬੀ ਵਿਦਿਆਰਥੀਆਂ ਦੀ ਸਹੀ ਤਸਵੀਰ ਖਿੱਚੀ ਹੈ।ਅੱਗੇ ਉਹ ਲੇਖਕ ਲੇਖ ਵਿਚ ਲਿਖਦਾ ਹੈ ਕਿ ਲੇਖਿਕਾ ਨੇ ਉਨ੍ਹਾਂ ਦਾ ਜਾਣੀ ਕਿ ਸਾਡਾ ਅਸਲੀ ਮੂੰਹ ਸ਼ੀਸ਼ੇ ਵਿਚ ਵਿਖਾਉਂਣ ਦਾ ਸਾਡੀ ਭਲਾਈ ਲਈ ਹੀ ਯਤਨ ਕੀਤਾ ਹੈ।ਉਹ ਭਾਈ ਸਾਹਿਬ ਲੇਖ ਵਿਚ ਅੱਗੇ ਜਿਕਰ ਕਰਦਾ ਹੈ ਕਿ ਉਸ ਲੇਖਿਕਾ ਵਲੋਂ ਤੁਹਾਡਾ ਜਾਣੀ ਕਿ ਸਾਡਾ ਬਦਸੂਰਤ ਚਿਹਰਾਂ ਸ਼ੀਸ਼ੇ ਰਾਹੀਂ ਤੁਹਾਨੂੰ ਵਿਖਾਇਆ ਗਿਆ ਹੈ।ਉਹ ਕਹਿੰਦਾ ਹੈ ਕਿ ਤੁਸੀਂ ਉਸ ਆਪਣੇ ਬਦਸੂਰਤ ਚਿਹਰੇ ਨੂੰ ਸ਼ੀਸ਼ੇ ਵਿਚ ਵੇਖਕੇ ਉਸ ਨੂੰ ਬਦਸੂਰਤ ਮੰਨ ਹੀ ਨਹੀਂ ਰਹੇ।ਸਗੋਂ ਅਸਲੀ ਸਚਾਈ ਨੂੰ ਝੂਠਲਾਉਂਣ ਦਾ ਯਤਨ ਕਰ ਰਹੇ ਹੋ।ਅੱਗੇ ਉਸੇ ਲੇਖ ਵਿਚ ਉਹੀ ਲੇਖਕ ਸਾਡੇ ਲਈ ਲਿਖਦਾ ਹੈ ਕਿ ਸੱਚ ਨੂੰ ਪਰਦੇ ਹੇਠ ਲੁਕਾਉਂਣ ਦਾ ਯਤਨ ਨਾ ਕਰੋ।ਇਸ ਲੇਖਕ ਦੀਆਂ ਇਹ ਸਾਰੀਆਂ ਗੱਲਾਂ ਸਾਬਤ ਕਰਦੀਆਂ ਹਨ ਕਿ ਹਰਸ਼ਿੰਦਰ ਕੌਰ ਵਾਲਾ ਲੇਖ ਇਨਾਂ ਨੇ ਹੀ ਲਿਖ ਕੇ ਦਿੱਤਾ ਹੋ ਸਕਦਾ ਹੈ।ਤਾਹੀਓਂ ਹੀ ਇਹ ਲੋਕੀ ਉਸ ਲੇਖਿਕਾ ਨੂੰ ਸੱਚੀ ਸਾਬਤ ਕਰਨ ਦਾ ਪੂਰਾ ਪੂਰਾ ਯਤਨ ਕਰ ਰਹੇ ਹਨ।ਇਹ ਲੇਖਕ ਅੱਗੇ ਹੋਰ ਸਾਡੇ ਵਾਰੇ ਲਿਖਦਾ ਹੈ ਕਿ ਹਰਸ਼ਿੰਦਰ ਕੌਰ ਔਰਤਾਂ ਦੀ ਹੀ ਰੱਖਿਅਕ ਅਤੇ ਹਮਦਰਦ ਹੈ।ਇਸ ਕਰਕੇ ਅਸਟ੍ਰੇਲੀਆ ਦੀਆਂ ਉਨ੍ਹਾਂ ਜਾਣੀ ਅਸੀਂ ਪੀੜਤ ਕੁੜੀਆਂ ਨੇ ਆਪਣਾ ਦੁੱਖ ਉਸ ਪਾਸ ਸਾਂਝਾ ਕੀਤਾ ਸੀ।ਅੱਗੇ ਉਹ ਹੋਰ ਲਿਖਦਾ ਹੈ ਕਿ ਤੁਹਾਡੇ ਜਾਣੀ ਕਿ ਸਾਡੇ ਸਾਰੀਆਂ ਕੁੜੀਆਂ ਦੇ ਮਾਪੇ ਸਾਡੀ ਕੋਈ ਵੀ ਗੱਲ ਸੁਨਣ ਲਈ ਤਿਆਰ ਨਹੀਂ ਹਨ।ਉਹ ਫਿਰ ਹੋਰ ਲਿਖਦਾ ਹੈ ਕਿ ਜੇ ਫਿਰ ਤੁਸੀ ਸਾਰੀਆਂ ਆਪਣਾ ਦੁੱਖ ਹਰਸ਼ਿੰਦਰ ਕੌਰ ਪਾਸ ਨਹੀਂ ਦਸੋਗੀਆਂ ਤਾਂ ਫਿਰ ਹੋਰ ਕਿਸ ਪਾਸ ਦਸੋਗੀਆਂ।ਅੱਗੇ ਉਹ ਫਿਰ ਲਿਖਦਾ ਹੈ ਕਿ ਇਹ ਜੋ ਹਰਸ਼ਿੰਦਰ ਕੌਰ ਨੇ ਲਿਖਿਆ ਹੈ ਇਹ ਗੁਰਬਾਣੀ ਦੇ ਵਾਕ ''ਸੱਚ ਸੁਣਾਇਸ ਸੱਚ ਕੀ ਵੇਲਾ'' ਅਨੁਸਾਰ ਬਿਲਕੁਲ ਸੱਚ ਹੈ। ਇਹ ਲੇਖਕ ਆਪਣੇ ਲੇਖ ਰਾਹੀਂ ਸਾਨੂੰ ਅਸਟ੍ਰੇਲੀਆ ਵਸਦੀਆਂ ਪੰਜਾਬੀ ਕੁੜੀਆਂ ਨੂੰ ਵੇਸਵਾਵਾਂ ਅਤੇ ਮੁੰਡਿਆਂ ਨੂੰ ਚੋਰ ਉੱਚਕੇ ਅਤੇ ਅੱਧਖੜ ਬੰਦਿਆਂ ਨੂੰ ਚਕਲਿਆਂ ਵਿਚ ਜਾਣ ਵਾਰੇ ਹਰਸ਼ਿੰਦਰ ਕੌਰ ਡਾਕਟਰਨੀ ਵਲੋ ਲਿਖੇ ਝੂਠ ਨੂੰ ਸੱਚ ਕਰਨ ਵਾਰੇ ਪੱਕੀ ਤਰ੍ਹਾਂ ਮੋਹਰ ਲਾਉਂਦਾ ਹੈ।ਅੱਗੇ ਇਹ ਲੇਖਕ ਸਾਡੇ ਭਰਾ-ਮੁੰਡਿਆਂ ਨੂੰ ਅਨਪੜ੍ਹ ਗਵਾਰ ਤੱਕ ਦੀ ਸ਼ਬਦਾਵਲੀ ਵਰਤਦਾ ਹੋਇਆ ਲਿਖ ਕੇ ਸੱਭਨਾ ਨੂੰ ਬੇਸ਼ਰਮ ਬੇਹਿਆ ਬੇਵਕੂਫ ਗਵਾਰ ਤੱਕ ਵੀ ਲਿਖ ਰਿਹਾ ਹੈ।ਅਸਾਂ ਸੱਭਨਾ ਕੁੜੀਆਂ ਅਤੇ ਸਾਡੇ ਭਰਾ-ਮੁੰਡਿਆਂ ਦੇ ਚਰਿਤਰ „ਤੇ ਵੀ ਸਵਾਲੀਆ ਚਿੰਨ ਲਾਉਂਦਾ ਹੋਇਆ ਸਾਡੇ ਮਾਪਿਆਂ ਦੇ ਕ੍ਰੈਕਟਰ ਵਾਰੇ ਵੀ
ਕਾਫੀ ਭੱਦੀ ਸ਼ਬਦਾਵਲੀ ਵਰਤਦਾ ਹੈ।ਇਸ ਲੇਖਕ ਨੂੰ ਮੈਂ ਤਾਂ ਇਹੀ ਸਲਾਹ ਦਿੰਦੀ ਹਾਂ ਕਿ ਇਹ ਸੱਭ ਕੁੱਝ ਲਿਖਣ ਤੋਂ ਪਹਿਲਾਂ ਆਪਣੀ ਮੰਜੀ ਹੇਠਾਂ ਚੰਗੀ ਤਰ੍ਹਾਂ ਸੋਟਾ ਫੇਰ ਲੈਣਾ ਸੀ।ਇਹ ਵੀ ਵੇਖ ਲੈਣਾ ਸੀ ਕਿ ਤੁਸੀਂ ਕੋਣ ਹੋ ਤੇ ਤੁਸੀਂ ਕਿਥੋਂ ਆਏ ਹੋ? ਤੇ ਤੁਸੀਂ ਪਿੱਛੇ ਕੀ ਕੁੱਝ ਕਰਦੇ ਰਹੇ ਹੋ?ਇਸ ਤੋਂ ਇਲਾਵਾ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੀ ਹੋਵੇਗਾ ਕਿ ਪੰਜਾਬ ਰਾਜ ਮੰਡੀ ਬੋਰਡ ਵਿਚ ਤੁਸੀਂ ਆਮ ਕਰਮਚਾਰੀ ਦੀ ਤਰ੍ਹਾਂ ਚੌਥੇ ਦਰਜੇ ਵਾਲੀ ਚਪੜਾਸੀ ਦੀ ਨੌਕਰੀ ਤੋਂ ਇੱਕ ਦਰਜਾ ਉੱਤੇ ਤੀਜੇ ਦਰਜੇ ਦੇ ਕਰਮਚਾਰੀ ਵਜੋਂ ਬਤੌਰ ਸੈਕਟਰੀ (ਸਕੱਤਰ) ਨੌਕਰੀ ਕਰਦੇ ਸੀ।ਪਰ ਇੱਥੇ ਅਸਟ੍ਰੇਲੀਆ ਵਿਚ ਆਮ ਲੋਕਾਂ ਨੂੰ ਤੁਸੀਂ ਇੱਕ ਵੱਡਾ ਸਰਕਾਰੀ ਅਫਸਰ ਦਸ ਰਹੇ ਹੋ।ਜਿੱਥੇ ਕਿ ਜਦੋਂ ਉਸ ਮਹਿਕਮੇ ਦੇ ਚੈਅਰਮੈਨ ਮੱਲ ਸਿੰਘ ਘੁਮਾਣ ਵਲੋਂ ਵਿਭਾਗੀ ਜਾਂਚ ਕਰਵਾਈ ਗਈ ਉਸ ਜਾਂਚ ਵਿਚ ਤੁਹਾਨੂੰ ਦੋਸ਼ੀ ਪਾਇਆ ਗਿਆ ਕਿ ਸਕੱਤਰ ਵਲੋਂ ਦਫਤਰ ਦਾ ਦਫਤਰੀ ਸਮਾਨ ਚੋਰੀ ਕਰਕੇ ਘਰ ਲਿਜਾਇਆ ਗਿਆ।ਉਸ ਜਾਂਚ ਵਿਚ ਇਹ ਵੀ ਸਿੱਧ ਹੋਇਆ ਕਿ ਦਫਤਰ ਦੇ ਦਰਜਾ ਚਾਰ ਕਰਮਚਾਰੀ ਦੀ ਹਾਜਰੀ ਤਸਦੀਕ ਕਰਨ ਦਾ ਹੱਕ ਨਾ ਹੋਣ ਦੇ ਬਾਵਯੂਦ ਵੀ ਉਸ ਕਰਮਚਾਰੀ ਦੀ ਹਾਜਰੀ ਤਸਦੀਕ ਕੀਤੀ ਗਈ।ਵਿਭਾਗੀ ਜਾਂਚ ਵਿਚ ਲੱਗੇ ਦੋਸ਼ ਸਿੱਧ ਹੋਣ ਬਾਅਦ ਚੈਅਰਮੈਨ ਮੱਲ ਸਿੰਘ ਘੁਮਾਣ ਹੋਰਾਂ ਵਿਭਾਗੀ ਕਾਰਵਾਈ ਕਰਦਿਆਂ ਰੋਜਾਨਾ ਅਜੀਤ ਅਖਬਾਰ ਸਮੇਤ ਕਈ ਹੋਰ ਅਖਬਾਰਾਂ ਵਿਚ ਇਸ਼ਤਿਹਾਰ ਰਾਹੀਂ ਤੁਹਾਨੂੰ ਡਿਸਮਿਸ ਕਰਨ ਸਬੰਧੀ ਹੁਕਮ ਦੇਕੇ ਨੌਕਰੀਓਂ ਕੱਢ ਦਿੱਤਾ ਗਿਆ ਸੀ।ਜਿਹੜਾ ਕਿ ਤੁਸੀਂ ਅਖਬਾਰਾਂ ਵਿਚ ਲਿਖ ਕੇ ਲੋਕਾਂ ਨੂੰ ਦਸ ਰਹੇ ਹੋ ਕਿ ਮੈਂ ਮੰਡੀ ਬੋਰਡ ਵਿਚ ਫਸਟ ਕਲਾਸ ਅਫਸਰ ਦੀ ਨੌਕਰੀ ਆਪ ਛੱਡ ਕੇ ਅਸਤੀਫਾ ਦੇ ਕੇ ਅਸਟ੍ਰੇਲੀਆ ਆਇਆ ਹਾਂ।ਚੈਅਰਮੈਨ ਵਲੋਂ ਜਾਰੀ ਉਸ ਪੱਤਰ ਦੀ ਕਾਪੀ ਵੀ ਇਸ ਆਰਟੀਕਲ ਨਾਲ ਨੱਥੀ ਕਰ ਰਹੀ ਹਾਂ।ਤਾਂ ਕਿ ਅਖਬਾਰ ਵਾਲਿਆਂ ਸਮੇਤ ਪਾਠਕਾਂ ਨੂੰ ਭੁਲੇਖਾ ਨਾ ਰਵੇ ਕਿ ਝੂਠ ਦੇ ਬਲਬੂਤੇ ਸਮਾਜ ਵਿਚ ਸਤਿਕਾਰ ਕਰਵਾਉਂਣ ਵਾਲਿਆਂ ਦੀ ਅਸਲੀ ਤਸਵੀਰ ਕੀ ਹੈ।ਇਸ ਦੇ ਨਾਲ ਹੀ ਹਰਸ਼ਿੰਦਰ ਕੌਰ ਵਲੋਂ ਰੋਜਾਨਾ ਸਪੋਕਸਮੈਨ ਵਿਚ ਲਿਖਿਆ ਲੇਖ ਵੀ ਨੱਥੀ ਕਰ ਰਹੀ ਹਾਂ।
ਇਨ੍ਹਾਂ ਨੂੰ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਅਸਟ੍ਰੇਲੀਆ ਵਿਚ ਆਕੇ ਤੁਸੀਂ ਕੀ ਕੁੱਝ ਨਹੀਂ ਕੀਤਾ।ਜਿਨ੍ਹਾਂ ਨੇ ਧਾਰਮਿਕ ਅਸਥਾਨਾਂ ਨੂੰ ਵੀ ਆਪਣੇ ਲਾਭ ਲੈਣ ਖਾਤਰ ਨਹੀਂ ਬਖਸ਼ਿਆ।ਅਖਬਾਰਾਂ ਵਿਚ ਲਿਖੇ ਇਸ ਲੇਖ ਦੀ ਆੜ ਥੱਲੇ ਵੀ ਤੁਸੀਂ ਇੱਕ ਤੀਰ ਨਾਲ ਦੋ ਨਿਸ਼ਾਨੇ ਵਿੰਢਣ ਦੀ ਵਿਊਂਤ ਬਣਾਈ ਹੈ।ਸਾਨੂੰ ਕੁੜੀਆਂ ਨੂੰ ਵੇਸਵਾਵਾਂ ਤੇ ਮੁੰਡਿਆਂ ਨੂੰ ਚੋਰ ਉੱਚਕੇ ਬਨਾਉਂਣ ਬਾਅਦ ਅਸਟ੍ਰੇਲੀਆ ਵਿਚ ਸਰਕਾਰ ਵਲੋਂ ਬਦਲੇ ਕਨੂੰਨਾਂ ਵੇਲੇ ਆਪਣਾ ਤੋਰੀ ਫੁਲਕਾ ਚਲਦਾ ਰੱਖਣ ਦੀ ਆੜ ਵਿਚ ਤੁਸਾਂ ਫਿਰ ਸਾਡੇ ਨਾਲ ਹਮਦਰਦੀ ਪ੍ਰਗਟ ਕਰਨੀ ਸ਼ੁਰੂ ਕੀਤੀ।ਜਿਸ ਤਹਿਤ ਤੁਸੀਂ ਸਾਡੇ ਲਈ ਹਮਦਰਦੀ ਜਾਹਰ ਕਰਦਿਆਂ ਦੁਨੀਆਂ ਪਾਸ ਤਰਲਾ ਕਰਨ ਹਿੱਤ (ਹਾੜਾ ਵੇ ਕਲਮਾਂ ਵਾਲਿਓ ਹਾੜਾ ਵੇ ਅਕਲਾਂ ਵਾਲਿਓ) ਦਾ ਢੌਂਗ ਰਚਾ ਕੇ ਅਖਬਾਰਾਂ ਵਿਚ ਲੇਖ ਲਿਖਿਆ ਤਾਂ ਕਿ ਤੁਹਾਡਾ ਤੋਰੀ ਫੁਲਕਾ ਚਲਾਉਂਣ ਲਈ ਅਸੀਂ ਤੁਹਾਡੇ ਮਗਰ ਲੱਗ ਜਾਈਏ।ਉਸ ਤੋਂ ਬਾਅਦ ਵਿਚ ਸਾਡੇ ਵਾਰੇ ਫਿਕਰ ਨਾ ਕਰਨ ਵਾਲਾ ਸਾਨੂੰ ਹੌਂਸਲਾ ਦੇਣ ਵਾਲਾ ਇੱਕ ਹੋਰ ਲੇਖ ਵੀ ਅਖਬਾਰਾਂ ਵਿਚ ਆਇਆ ਹੈ।ਜਿਹੜਾ ਕਿ ਸਾਨੂੰ ਆਪਣੇ ਮਗਰ ਲਾਉਂਣ ਲਈ ਲਿਖਿਆ ਗਿਆ ਹੈ।ਜਿਸ ਨੂੰ ਪੜ੍ਹਕੇ ਅਸੀਂ ਸਾਰੇ ਵਿਦਿਆਰਥੀ ਆਪਣੀ ਮੁਸ਼ਕਲ ਦਾ ਹੱਲ਼ ਲੱਭਣ ਲਈ ਤੁਹਾਡੀ ਕਮਾਨ ਵਿਚੋਂ ਨਿਕਲ ਰਹੇ ਤੀਰਾਂ ਦਾ ਨਿਸ਼ਾਨਾ ਬਣ ਸਕੀਏ।ਅਤੇ ਜਿਸ ਨਾਲ ਅਸੀਂ ਤੁਹਾਡੇ ਜਾਲ „ਚ ਫਸ ਕੇ ਤੁਹਾਡਾ ਤੋਰੀ ਫੁਲਕਾ ਚਲਦਾ ਰੱਖਣ ਦਾ ਜੁਗਾੜ ਬਨਾਉਂਦੇ ਰਹੀਏ।ਮੈ ਤਾਂ ਤੁਹਾਨੂੰ ਇਹ ਸਲਾਹ ਦੇਵਾਂਗੀ ਕਿ ਤੁਸੀਂ ਸਾਡਾ ਫਿਕਰ ਕਰਨਾ ਛੱਡ ਦਿਓ ਅਤੇ ਸਾਨੂੰ ਆਪਣੇ ਹਾਲ „ਤੇ ਰਹਿਣ ਦਿਓ।ਕਦੇ ਤੁਸੀ ਸਾਨੂੰ ਵੇਸਵਾਵਾਂ ਦਾ ਖਿਤਾਬ ਦਿੰਦੇ ਹੋ ਤੇ ਸਾਰੀ ਦੁਨੀਆਂ ਵਿਚ ਇਸ ਦੇ ਸਹੀ ਹੋਣ ਦੀ ਦੁਹਾਈ ਪਾਉਂਦੇ ਹੋ। ਦੂਜੇ ਬੰਨੇ ਸਾਡੇ ਹਮਦਰਦ ਬਣ ਕੇ ਆਪਣੀ ਤੋਰੀ ਫੁਲਕੇ ਦਾ ਜੁਗਾੜ ਵੀ ਬਨਾਉਂਣਾ ਚਾਹੁੰਦੇ ਹੋ।ਸਾਨੂੰ ਹੁਣ ਇੱਥੇ ਠੋਕਰਾਂ ਖਾ ਖਾ ਕੇ ਪਤਾ ਲੱਗ ਗਿਆ ਹੈ ਕਿ ਕੌਣ ਸਾਡਾ ਹਮਦਰਦ ਹੈ ਤੇ ਕੌਣ ਸਾਡਾ ਦੁਸ਼ਮਣ ਹੈ।ਇਸ ਦੇਸ਼ ਵਿਚ ਇਹ ਸਿੱਖ ਲਿਆ ਹੈ ਕਿ ਆਪਣਾ ਕੋਈ ਵੀ ਬਿਨਾ ਕਿਸੇ ਮਤਲਵ ਦੇ ਸਾਡੇ ਨਾਲ ਹਮਦਰਦੀ ਨਹੀਂ ਕਰ ਸਕਦਾ।ਹਮਦਰਦੀ ਦੀ ਆੜ ਹੇਠ ਸਾਡੀਆਂ ਕਈ ਊਣਤਾਈਆਂ ਨੂੰ ਲੱਭ ਕੇ ਮੁੜ ਸਾਡੇ ਤੇ ਹੀ ਵਾਰ ਕਰੇਗਾ।ਇਹ ਆਪਣਿਆ ਵਲੋਂ ਹਮਦਰਦੀ ਦੇ ਰੂਪ ਵਿਚ ਕੀਤੀ ਜਾਣ ਵਾਲੀ ਅਟੱਲ ਸਚਾਈ ਹੈ।ਇਸ ਕਰਕੇ ਮੈਨੂੰ ਉਸ ਬਜੁਰਗ ਦੀ ਕਹੀ ਹੋਈ ਗੱਲ ਜਿੰਦਗੀ ਵਿਚ ਸਦਾ ਯਾਦ ਰਵੇਗੀ ਜਿਸ ਨੇ ਮੈਨੂੰ ਅਸਟ੍ਰੇਲੀਆ ਵਿਚ ਪਹਿਲੀ ਵੇਰ ਆਈ ਹੋਈ ਨੂੰ ਮਿਲ
ਕੇ ਕਿਹਾ ਸੀ ''ਪੁੱਤਰ ਜੀ ਜਿੰਦਗੀ ਵਿਚ ਇਮਾਨਦਾਰ ਰਹਿੰਦਿਆਂ ਸੱਖਤ ਮਹਿਨਤ ਕਰਦੇ ਰਹਿਣਾ।ਪੁੱਤਰ ਕਦੇ ਵੀ ਕਿਸੇ ਨਾਲ ਧੋਖਾ ਨਾ ਕਰਨਾ ਆਪਣੇ ਕੰਮ „ਚ ਸਦਾ ਮਸਤ ਰਹਿਣਾ ਤੇ ਪੜ੍ਹਾਈ ਦਿਲ ਲਾਕੇ ਕਰਨੀ।ਸਮਾਜ ਵਿਚ ਵਿਚਰਦਿਆਂ ਕਦੇ ਵੀ ਆਪਣਿਆਂ ਦਾ ਵਿਸ਼ਵਾਸ਼ ਨਾ ਕਰਨਾ।ਜਦੋਂ ਕਦੇ ਵੀ ਤੁਹਾਡਾ ਨੁਕਸਾਨ ਕਰਨਗੇ ਉਹ ਤੁਹਾਡੇ ਆਪਣੇ ਹੀ ਹੋਣਗੇ ਵਿਗਾਨਾ ਕੋਈ ਵੀ ਤੁਹਾਡਾ ਨੁਕਸਾਨ ਨਹੀਂ ਕਰ ਸਕਦਾ।ਸਗੋਂ ਉਹ ਤਾਂ ਤੁਹਾਡੀ ਹਮੇਸ਼ਾਂ ਹੀ ਮਦਤ ਕਰਦੇ ਹੋਏ ਇੱਜਤ ਕਰਨਗੇ।'' ਅਸਾਂ ਪੰਜਾਬੀ ਵਿਦਿਆਰਥੀਆਂ ਦਾ ਅਸਟ੍ਰੇਲੀਆ ਵਿਚ ਜਿੰਨਾ ਵੀ ਨੁਕਸਾਨ ਸਾਡੇ ਆਪਣਿਆਂ ਨੇ ਕੀਤਾ ਅਤੇ ਕੰਮਾਂ ਕਾਰਾਂ ਵੇਲੇ ਵੀ ਟ੍ਰੇਨਿੰਗ ਦੀ ਆੜ ਵਿਚ ਮੁਫਤ ਵਿਚ ਕੰਮ ਕਰਵਾਇਆ ਹੈ।ਸ਼ਾਇਦ ਹੀ ਦੂਜੀ ਕਿਸੇ ਹੋਰ ਕੌਮ ਦਾ ਇਸ ਤਰ੍ਹਾਂ ਇਵੇਂ ਕਰ ਸਕਦਾ।ਸਾਡੇ ਚਾਲ ਚਲਣ ਤੇ ਵੀ ਸਵਾਲੀਆ ਚਿੰਨ ਸਾਡੇ ਆਪਣਿਆ ਨੇ ਲਗਵਾ ਦਿੱਤੇ ਹਨ।ਹੁਣ ਸ਼ਾਇਦ ਸਾਡੇ ਨਾਲ ਕੋਈ ਵੀ ਵੱਧੀਆ ਮੁੰਡਾ ਵਿਆਹ ਨਹੀਂ ਕਰਵਾਏਗਾ।ਇਸ ਲਈ ਭਲੇ ਮਾਣਸੋ ਸਾਨੂੰ ਹੁਣ ਤੁਹਾਡੀ ਹਮਦਰਦੀ ਦੀ ਕੋਈ ਲੋੜ ਨਹੀਂ ਹੈ ਸਾਨੂੰ ਸਾਡੇ ਹਾਲ ਤੇ ਹੀ ਛੱਡ ਦਿਓ।ਪ੍ਰਮਾਤਮਾ ਜਰੂਰ ਸਾਡੀ ਕੋਈ ਨਾ ਕੋਈ ਮਦਤ ਕਰੇਗਾ ਤੁਹਾਡੀ ਮਤਲਵ ਪ੍ਰਸਤ ਹਮਦਰਦੀ ਦੀ ਸਾਨੂੰ ਹੁਣ ਕੋਈ ਵੀ ਲੋੜ ਨਹੀਂ ਹੈ।
ਮੇਰੇ ਸਤਿਕਾਰਯੋਗ ਵੀਰੋ ਅਤੇ ਭੈਣੋਂ ਮੈਂ ਕੋਈ ਪ੍ਰੋਫੈਸ਼ਨਲ ਲੇਖਿਕਾ ਅਤੇ ਸਾਹਿਤਕਾਰ ਨਹੀਂ ਹਾਂ।ਮੈਂ ਕਦੇ ਵੀ ਅਖਬਾਰਾਂ ਰਸਾਲਿਆਂ ਲਈ ਕਵਿਤਾ, ਕਹਾਣੀ, ਚੁਟਕਲੇ ਅਤੇ ਲੇਖ ਆਦਿ ਕੁੱਝ ਵੀ ਨਹੀਂ ਲਿਖਿਆ।ਹਾਂ ਸਕੂਲ ਕਾਲਜ ਵਿਚ ਪੜ੍ਹਦੀ ਹੋਈ ਜਰੂਰ ਆਪਣੇ ਸਕੂਲ ਅਤੇ ਕਾਲਜ ਵਿਚ ਪੰਜਾਬੀ, ਹਿੰਦੀ ਅਤੇ ਅੰਗਰੇਜੀ ਦੇ ਵਿਸ਼ਿਆਂ „ਚ ਪੜ੍ਹਾਏ ਜਾਂਦੇ ਸਿਲੇਬਸ ਅਨੁਸਾਰ ਅਧਿਆਪਕਾਂ ਵਲੋਂ ਲਏ ਜਾਂਦੇ ਟੈਸਟਾਂ ਸਮੇਤ ਵਿਭਾਗੀ ਤਿਮਾਹੀ, ਛਿਮਾਹੀ, ਨੌਮਾਹੀ ਅਤੇ ਸਲਾਨਾ ਪ੍ਰੀਖਿਆਵਾਂ „ਚ ਲੇਖ ਲਿਖਦੀ ਹੁੰਦੀ ਸਾਂ।ਬਾਅਦ „ਚ ਕਦੇ ਵੀ ਕਿਸੇ ਵੀ ਕਿਸਮ ਦਾ ਮੌਕਾ ਨਹੀਂ ਮਿਲਿਆ ਨਾ ਹੀ ਮੈਨੂੰ ਲਿਖਣ ਦਾ ਸ਼ੌਕ ਹੈ ਅਤੇ ਨਾ ਹੀ ਸਾਡੇ ਪਾਸ ਏਨਾ ਸਮਾਂ ਹੈ ਕਿ ਐਵੇਂ ਇਹੋ ਜਹੇ ਫਜੂਲ ਕੰਮਾਂ „ਚ ਅਪਣਾ ਸਮਾਂ ਬਰਬਾਦ ਕਰੀਏ।ਇਹ ਤਾਂ ਜਦੋਂ ਇੰਡੀਆ ਅਤੇ ਜਰਮਨ ਤੋਂ ਸਾਡੇ ਆਪਣੇ ਹੀ ਰਿਸ਼ਤੇਦਾਰਾਂ ਨੇ ਫੋਨਾਂ ਰਾਹੀਂ ਮੈਨੂੰ ਪੁੱਛਿਆ ਕਿ ਤੁਸੀਂ ਪੰਜਾਬੀ ਵਿਦਿਆਰਥੀ ਅਸਟ੍ਰੇਲੀਆ ਵਿਚ ਕੀ ਕਰ ਰਹੇ ਹੋ?ਸਾਨੂੰ ਇੱਥੇ ਅਖਬਾਰਾਂ ਤੌਂ ਪਤਾ ਲੱਗਿਆ ਹੈ ਕਿ ਤੁਸੀਂ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਰਹੀਆਂ ਹੋ ਇਹ ਤੁਹਾਡੇ ਲਈ ਚੰਗਾਂ ਕੰਮ ਨਹੀਂ ਹੈ।ਤੁਸੀਂ ਕੁੱਝ ਤਾਂ ਸ਼ਰਮ ਹਿਆ ਕਰੋ!ਘੱਟੋ-ਘਟ ਆਪਣੇ ਮਾਪਿਆਂ ਸਮੇਤ ਰਿਸ਼ਤੇਦਾਰਾਂ ਦੀ ਇੱਜਤ ਦਾ ਤਾਂ ਖਿਆਲ ਕਰੋ।ਅਸਾਂ ਅਖਬਾਰਾਂ ਰਾਹੀਂ ਪੜ੍ਹਿਆ ਹੈ ''ਮਾਂ-ਬੋਲੀ ਪੰਜਾਬੀ ਦੀ ਬਹੁਤ ਮਸ਼ਹੂਰ ਲੇਖਿਕਾ ਨੇ ਆਪਣੀ ਅਸਟ੍ਰੇਲੀਆ ਫੇਰੀ ਸਬੰਧੀ ਤੁਸਾਂ ਅਸਟ੍ਰੇਲੀਆ ਵਸਦੀਆਂ ਕੁੜੀਆਂ ਵਿਚੋਂ ਹਰ ਤੀਜੀ ਪੰਜਾਬੀ ਕੁੜੀ ਦੇ ਚਰਿਤਰ ਸਬੰਧੀ ਬਹੁਤ ਕੁੱਝ ਲਿਖਿਆ ਹੈ। ਜੋ ਤੁਹਾਡੇ ਪਾਕਿ-ਪਵਿਤਰ ਦਾਮਨ ਨੂੰ ਦਾਗੀ ਕਰ ਰਿਹਾ ਹੈ।ਜਿਹੜਾ ਕਿ ਪੱਕੇ ਰੰਗਾਂ ਵਾਂਗ ਨਾ ਮਿਟਣਯੋਗ ਸਦਾ ਵਾਸਤੇ ਧੱਬਾ ਲਗਾ ਦਿੱਤਾ ਗਿਆ ਹੈ।ਉਸ ਵੇਲੇ ਇਹ ਸੱਭ ਫੋਨ ਰਾਹੀਂ ਸੁਣਕੇ ਮੇਰੇ ਤਾਂ ਪੈਰਾਂ ਥੱਲਿਓਂ ਜਮੀਨ ਖਿਸਕਦੀ ਜਾਪੀ ਅਤੇ ਮੇਰਾ ਦਿਮਾਗ ਚਕਰਾਉਂਦਾ ਹੋਇਆ ਸੁੱਨ ਹੋ ਗਿਆ।ਸਾਰੀ ਰਾਤ ਸੋਚਾਂ ਦੇ ਸਮੁੰਦਰ ਵਿਚ ਡੁਬੀ ਰਹੀ ਕਿ ਕਮਾਲ ਹੈ ਰਿਸ਼ਤੇਦਾਰਾਂ ਵਲੋਂ ਵੀ ਸਾਡੇ ਤੇ ਸ਼ੱਕ ਕਰਨ ਲੱਗੇ ਹਨ।ਜਦੋਂ ਨੀਂਦ ਨਾ ਆਉਂਣ ਕਰਕੇ ਬੈੱਡ ਤੇ ਲੇਟੀ ਹੋਈ ਇੱਧਰ ਉੱਧਰ ਪਾਸੇ ਵੱਟ ਰਹੀ ਸਾਂ ਇੱਕ ਦਮ ਖਿਆਲ ਆਇਆ ਇਕ ਵੇਰ ਪੜ੍ਹ ਕੇ ਵੇਖਾਂ ਕਿ ਉਸ ਲੇਖਿਕਾ ਅਤੇ ਉਸ ਦੇ ਹਮਾਇਤੀ ਨੇ ਸਾਡੇ ਵਾਰੇ ਕੀ ਲਿਖਿਆ।ਇਨ੍ਹਾਂ ਵਲੋਂ ਲਿਖੇ ਲੇਖ ਪੜ੍ਹ ਕੇ ਬਹੁਤ ਗੁੱਸਾ ਆਇਆ।ਪਰ ਕੁੱਝ ਵੀ ਨਾ ਕਰ ਸਕਣ ਦੀ ਬੇਵਸੀ ਨਾਲ ਆਪਣੇ ਨਿਰਾਸ ਹੋ ਚੁਕੇ ਦਿਲ ਨੂੰ ਢਾਰਸ ਦੇ ਕੇ ਸੌਣ ਦਾ ਯਤਨ ਕਰਦੀ ਨੂੰ ਬਹੁਤ ਗੁੱਸਾ ਚੜ੍ਹ ਕੇ ਸੋਚ ਆਈ ਕਿ ਇਸ ਲੇਖਿਕਾ ਨੂੰ ਇੰਡੀਆ ਵਿਚ ਜਿੱਥੇ ਚਿੱਟੇ ਦਿਨ ਦਿਹਾੜੇ ਇਹ ਸੱਭ ਕੁੱਝ ਹੋ ਰਿਹਾ ਹੈ ਕਿਉਂ ਨਹੀਂ ਦਿਸਿਆ?ਜਿਹੜਾ ਇੱਥੇ ਕੁੱਝ ਕੁ ਦਿਨਾ ਦੇ ਬਹੁਤ ਵਿਜ਼ੀ ਟੂਰ 'ਚ ਉਸ ਨੂੰ ਦਿਸ ਗਿਆ। ਉਸ ਵੇਲੇ ਅਸੀਂ ਤਾਂ ਅਣਭੋਲਪੁਣੇ „ਚ ਆਪਣੇ ਜੀਵਨ ਨਾਲ ਸਘਰਸ਼ ਕਰਦੀਆਂ ਹੋਈਆਂ ਪੜ੍ਹਾਈ ਕਰਨ ਦੇ ਨਾਲ ਆਪਣੇ ਕੰਮਾਂ ਵਿਚ ਹੀ ਵਿਜ਼ੀ ਰਹਿੰਦੀਆਂ ਸਾਂ।ਕੁੱਝ ਲਿਖਣ ਪੜ੍ਹਨ ਲਈ ਕੋਈ ਵੀ ਸਮਾਂ ਹੀ ਨਹੀਂ ਸੀ ਅਤੇ ਨਾ ਇਨ੍ਹਾਂ ਫਜੂਲ ਬਾਦ ਵਿਵਾਦ ਵਾਲੀਆਂ ਗੱਲਾਂ ਨਾਲ ਵਾਸਤਾ ਰੱਖਣ ਦਾ ਕੋਈ ਸੌਕ ਹੈ।
ਇਹ ਲੇਖ ਲਿਖਣ ਲਈ ਤਾਂ ਮੇਰੇ ਰਿਸ਼ਤੇਦਾਰਾਂ ਨੇ ਇੰਡੀਆ ਤੋਂ ਅਤੇ ਜਰਮਨ ਤੋਂ ਡਾਕਟਰਨੀ ਸਮੇਤ ਇੱਕ ਹੋਰ ਭਾਈ ਵੰਦ ਦੁਆਰਾ ਲਿਖੇ ਲੇਖਾਂ ਵਾਰੇ ਫੋਨ ਰਾਹੀਂ ਜਦੋਂ ਸਾਨੂੰ ਦਸਿਆ ਗਿਆ।ਉਦੋਂ ਮੈਨੂੰ ਇਹ ਲੇਖ ਲਿਖਣ ਦੀ ਪ੍ਰੇਰਨਾ ਮਿਲੀ।ਸਾਡੇ ਪੂਰਵਜ ਵਲੋਂ ਉਚਾਰੀ ਇਕ ਲਕੋਕਿਤੀ ਅਥਵਾ ਕਹਾਵਤ ''ਜਬੇ ਫੱਟ ਲਾਗੇ ਤਬੇ ਰੋਹ ਜਾਗੇ'' ਅਨੁਸਾਰ ਹੀ ਇਹ ਉਪਰੋਕਤ ਲਿਖਣ ਦੀ ਸ਼ਕਤੀ ਮਿਲੀ ਹੈ।ਮੈਂ ਇਸ ਤੋਂ ਪਹਿਲਾਂ ਕਦੇ ਕੁੱਝ ਵੀ ਨਹੀਂ ਲਿਖਿਆ ਅਤੇ ਨਾਹੀਂ ਹੁਣ ਅੱਗੇ ਤੋਂ ਕੁੱਝ ਲਿਖਾਗੀ।ਇਹ ਲੇਖ ਮੇਰਾ ਪਹਿਲਾ ਅਤੇ ਆਖਰੀ ਹੈ।ਇਹ ਤਾਂ ਸਿਰਫ ਆਪਣੀਆਂ ਭੈਣਾਂ ਅਤੇ ਭਰਾਵਾਂ ਨੂੰ ਸੁਚੇਤ ਕਰਨ ਦਾ ਅਤੇ ਕੁੱਝ ਲੋਕਾਂ ਵਲੋਂ ਸਾਡੇ ਨਾਲ ਕੀਤੀ ਜਾਂਦੀ ਝੂਠੀ ਹਮਦਰਦੀ ਵਾਰੇ ਲੋਕਾਂ ਨੂੰ ਜਾਣੂ ਕਰਵਾਉਂਣ ਦਾ ਹੀ ਉਪਰਾਲਾ ਹੈ।ਬੇਸ਼ੱਕ ਸਾਡੀ ਇੱਜਤ ਦੀਆਂ ਇਨ੍ਹਾਂ ਲੋਕਾਂ ਵਲੋਂ ਧੱਜੀਆਂ ਉੱਡਾ ਕੇ ਲੀਰੋ ਲੀਰ ਕਰ ਦਿੱਤਾ ਗਿਆ ਹੈ।ਇਸ ਦੇ ਬਾਵਯੂਦ ਵੀ ਮੈਂ ਉਨ੍ਹਾਂ ਸੱਭਨਾ ਪਾਸੋਂ ਮੁਆਫੀ ਚਾਹਾਵਾਂਗੀ।ਜਿਨ੍ਹਾਂ ਦੀ ਸ਼ਾਨ ਦੇ ਖਿਲਾਫ ਮੇਰੀ ਸੀਮਤ ਜਿਹੀ ਨਿਗੁਣੀ ਬੁੱਧੀ ਰਾਹੀਂ ਅਣਜਾਣ ਪੁਣੇ ਵਿਚ ਇਸ ਲੇਖ ਵਿਚ ਮੇਰੇ ਪਾਸੋਂ ਕੁੱਝ ਗਲਤ ਲਿਖ ਹੋ ਗਿਆ ਹੋਏਗਾ।ਇਹ ਮੇਰਾ ਪਹਿਲਾ ਅਤੇ ਆਖਰੀ ਲੇਖ ਹੀ ਹੋਏਗਾ ਕਿਉਂ ਕਿ ਮੇਰੀ ਵਿਜ਼ੀ ਲਾਈਫ ਪਾਸ ਕੋਈ ਫਾਲਤੁ ਸਮਾਂ ਬਿਲਕੁਲ ਨਹੀਂ ਹੈ।ਇਸ ਲਈ ਮੈਂ ਆਪਣੇ ਮਨੋਂ ਦਿਲ ਦੀਆਂ ਡੁੰਘਾਈਆਂ ਤੋਂ ਦੁਆ ਕਰਦੀ ਹਾਂ ਕਿ ਕੁਲ ਸੰਸਾਰ ਦੇ ਹੇ ਸਿਰਜਣਹਾਰ ਸੱਚੇ ਰਬਾ ਤੂੰ ਦੁਨੀਆਂ ਵਿਚ ਵੱਸਦੀ ਕੁੱਲ ਲੁਕਾਈ ਦਾ ਸਦਾ ਹੀ ਭਲਾ ਕਰਦਾ ਰਵੀਂ।
- ਮੈਲਬੋਰਨ ਤੋਂ ਗੁਰਇਕਬਾਲ ਕੌਰ ਗਰੇਵਾਲ

ਸਾਡੇ ਨਾਲ ਜੁੜਨ ਲਈ ਸ਼ੁਕਰੀਆ ! ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ I ਤੁਸੀਂ ਸਾਡੇ ਨਾਲ ਫੇਸਬੁਕ ਤੇ ਵੀ ਜੁੜ ਸਕਦੇ ਹੋ https://www.facebook.com/shivbatalvi

No comments: