7.4.20

( ਮਾਂ ਦਾ ਸੰਦੂਕ)

( ਮਾਂ ਦਾ ਸੰਦੂਕ)
ਮਾਂ ਦਾ ਸੰਦੂਕ ਭਰਿਆ ਹੋਇਆ ਹੈ
ਉਹਦੇ ਹੱਥੀਂ ਕੱਤੀਆਂ ਬੁਣੀਆਂ
ਦਰੀਆਂ ਚੁਤਹੀਆਂ ਰਜਾਈਆਂ ‌ਨਾਲ
ਤੇ ਤਹਿ ਲਾ ਕੇ ਰੱਖੇ ਲੀੜੇ ਪਏ ਹਨ
ਤਹਿਆਂ ਵਿਚ ਟਾਹਲੀ ਤੇ ਮੇਖਾਂ ਦੇ ਜੰਗਾਲ ਦੀ
ਮਹਿਕ ਲੰਮੀ ਪਈ ਹੈ
ਮਾਂ ਜਦ ਸੰਦੂਕ ਤੋਂ ਓਹਲੇ ਹੁੰਦੀ ਹੈ
ਤਾਂ ਵਿਚ ਪਈਆਂ ਸ਼ੈਆਂ ਗੱਲਾਂ ਕਰਨ ਲਗਦੀਆਂ ਹਨ
ਮਾਂ ਦੀਆਂ
ਮਾਂ ਦੇ ਨਿਆਣਿਆਂ ਦੀਆਂ
ਸਾਡੀ ਪਿੱਠ ਸੁਣਦੀ ਹੈ
ਮਾਂ ਦਾ ਸੂਟ ਚੁੱਪ ਰਹਿੰਦਾ ਹੈ
ਜਿਹੜਾ ਉਹਨੇ ਆਪਣੇ ਆਖ਼ਰੀ ਸਫ਼ਰ ਲਈ ਸਾਂਭ ਕੇ ਰੱਖਿਆ ਹੈ
ਇਹਨੂੰ ‌ਦੇਖ ਕੇ‌ ਮੇਰੀ ਫ਼ਰਾਕ ਦਾ‌ ਦਿਲ ਥੋੜ੍ਹਾ ਹੁੰਦਾ ਹੈ
ਮਾਂ ਕਹਿੰਦੀ ਹੈ -
ਜੇ ਮੈਂ ਨਾ ਹੋਈ ਪੁੱਤ
ਇਹ ਆਪਣੇ ਮੁੰਡੇ ਨੂੰ ਪਾਉਣਾ ਨਾ ਭੁੱਲੀਂ
ਵਿਚ ਗੱਠੜੀ ਪਈ ਹੈ
ਜਿਹਨੂੰ ਮਾਂ ਕਿਸੇ ਨੂੰ ਹੱਥ ਨਹੀਂ ਲਾਉਣ ਦਿੰਦੀ
ਮਾਂ ਦਾ ਸੰਦੂਕ ਕਿੱਥੇ ਹੈ
ਹੁਣੇ ਈ ਇਥੇ ਪਿਆ ਸੀ
-------ਅਮਰਜੀਤ ਚੰਦਨ




ਸਾਡੇ ਨਾਲ ਜੁੜਨ ਲਈ ਸ਼ੁਕਰੀਆ ! ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ I ਤੁਸੀਂ ਆਪਣੀ ਜਾਂ ਆਪਣੀ ਮਨ ਪਸੰਦ ਰਚਨਾ ਸਾਨੂੰ ਭੇਜ ਸਕਦੇ ਹੋ - rajlallysharma@gmail.com ਸ਼ੁਕਰੀਆ

No comments: