27.4.11

ਗੀਤ-ਸ਼ਿਵ ਕੁਮਾਰ ਬਟਾਲਵੀ

ਗੀਤ
ਇੱਕ ਸਾਹ ਸੱਜਣਾਂ ਦਾ,ਇਕ ਸਾਹ ਮੇਰਾ,ਕਿਹੜੀ ਤਾਂ ਧਰਤੀ ਉੱਤੇ ਬੀਜੀਏ ਨੀ ਮਾਂ !
ਗਹਿਣੇ ਤਾਂ ਪਈ ਊ ਸਾਡੇ-
ਦਿਲੇ ਦੀ ਧਰਤੀ,ਹੋਰ ਮਾਏ ਜੱਚਦੀ ਕੋਈ ਨਾ !


ਜੇ ਮੈਂ ਬੀਜਾਂ ਮਾਏ -ਤਾਰਿਆਂ ਦੇ ਨੇੜੇ ਨੇੜੇ,ਰੱਬ ਦੀ ਮੈਂ ਜਾਤ ਤੋਂ ਡਰਾਂ !
ਜੇ ਮੈਂ ਬੀਜਾਂ ਮਾਏ-
ਸ਼ਰਾਂ ਦੀਆਂ ਢੱਕੀਆਂ ਤੇ
ਤਾਅਨਾ ਮਾਰੂ ਸਾਰਾ ਨੀ ਗਰਾਂ !
ਜੇ ਮੈਂ ਬੀਜਾਂ ਮਾਏ-
ਮਹਿਲਾਂ ਦੀਆਂ ਟੀਸੀਆਂ ਤੇ
ਅੱਥਰੇ ਤਾਂ ਮਹਿਲਾਂ ਦੇ ਨੀਂ ਕਾਂ !
ਜੇ ਮੈਂ ਬੀਜਾਂ ਮਾਏ-
ਝੁੱਗੀਆਂ ਦੇ ਵਿਹਰੜੇ,ਮਿੱਧੇ ਨੀ ਮੈਂ ਜਾਣ ਤੋਂ ਡਰਾਂ !
ਮਹਿੰਗੇ ਤਾਂ ਸਾਹ ਸਾਡੇ-
ਸੱਜਣਾਂ ਦੇ ਸਾਡੇ ਕੋਲੋਂ,ਕਿੱਦਾਂ ਦਿਆਂ ਬੀਜ ਨੀ ਕੁਥਾਂ
ਇਕ ਸਾਡੀ ਲੱਦ ਗਈ ਊ-
ਰੁੱਤ ਨੀ ਜਵਾਨੀਆਂ ਦੀ,ਹੋਰ ਰੁੱਤ ਜੱਚਦੀ ਕੋਈ ਨਾ
ਜੇ ਮੈਂ ਬੀਜਾਂ ਮਾਏ-
ਰੁੱਤ ਨੀ ਬਹਾਰ ਦੀ ',ਮਹਿਕਾਂ ਵਿਚ ਡੁੱਬ ਕੇ ਮਰਾਂ !
ਚੱਟ ਲੈਣ ਭੌਰ ਜੇ-
ਪਰਾਗ ਮਾਏ ਬੂਥੀਆਂ ਤੋਂ,ਮੈਂ ਨਾ ਕਿਸੇ ਕੰਮ ਦੀ ਰਵਾਂ !
ਜੇ ਮੈਂ ਬੀਜਾਂ ਮਾਏ-
ਸਾਉਣ ਦੀਆਂ ਭੂਰਾਂ ਵਿੱਚ
ਮੰਦੀ ਲੱਗੇ ਬੱਦਲਾਂ ਦੀ ਛਾਂ !
ਜੇ ਮੈਂ ਬੀਜਾਂ ਮਾਏ-
ਪੋਹ ਦਿਆਂ ਕੱਕਰਾਂ '
ਨੇੜੇ ਤਾਂ ਸੁਣੀਂਦੀ ਉ ਖਿਜ਼ਾਂ !
ਮਾਏ ਸਾਡੇ ਨੈਣਾਂ ਦੀਆਂ-
ਕੱਸੀਆਂ ਦੇ ਥੱਲਿਆਂ '
ਲੱਭੇ ਕਿਤੇ ਪਾਣੀ ਦਾ ਨਾ ਨਾਂ !
ਤੱਤੀ ਤਾਂ ਸੁਣੀਂਦੀ ਬਹੁੰ-
ਰੁੱਤ ਨੀ ਹੁਨਾਲਿਆਂ ਦੀ,ਦੁੱਖਾਂ ਵਿਚ ਫਾਥੀ ਉ ਨੀ ਜਾਂ !
ਇਕ ਸਾਹ ਸੱਜਣਾਂ ਦਾ-
ਇਕ ਸਾਹ ਮੇਰਾ
ਕਿਹੜੀ ਤਾਂ ਧਰਤੀ ਉੱਤੇ ਬੀਜੀਏ ਨੀ ਮਾਂ !
ਗਹਿਣੇ ਤਾਂ ਪਈ ਊ ਸਾਡੇ-
ਦਿਲੇ ਦੀ ਧਰਤੀ,ਹੋਰ ਮਾਏ ਜੱਚਦੀ ਕੋਈ ਨਾ !

No comments: