27.4.11

ਗੀਤ-ਸ਼ਿਵ ਕੁਮਾਰ ਬਟਾਲਵੀ

ਗੀਤ
ਸਈਓ ਨੀ ਸਈਓ
ਪੀਲੀ ਚੰਨੇ ਦੀ ਤਿਤਲੀ,ਮਾਰੇ ਪਈ ਗਗਨੀਂ ਉਡਾਰੀਆਂ ਵੇ ਹੋ
ਲਹਿੰਦੇ ਦਿਆਂ ਪੱਤਨਾਂ ਤੇ -
ਤਾਰੀਆਂ ਦੇ ਫੁੱਲ ਖਿੜੇ,ਸਰੋਂ ਦੀਆਂ ਹੋਣ ਜਿਉਂ ਕਿਆਰੀਆਂ ਵੇ ਹੋ


ਅੱਧੀ ਰਾਤੀਂ ਚਾਨਣ ਦੀ-
ਕੱਚੜੀ ਜਹੀ ਬੌਲੀ ਉੱਤੇ,ਨਾਉਣ ਪਈਆਂ ਫੰਬੀਆਂ ਕੁਆਰੀਆਂ ਵੇ ਹੋ ਦੂਰ ਕਿਤੇ ਪਿੰਡ ਦੇ ਨੀ
ਮੈਰੇ 'ਚ ਟਟੀਰੀਆਂ
ਰੋਣ ਪਈਆਂ ਕਰਮਾਂ ਨੂੰ ਮਾਰੀਆਂ ਵੇ ਹੋ
ਸਈਓ ਨੀ ਸਈਓ -
ਭਿੰਨੀ ਪੌਣ ਵਗੇਂਦੜੀ ਤੋਂ,ਲੈ ਦਿਉ ਸੁਗੰਧੀਆਂ ਉਧਾਰੀਆਂ ਵੇ ਹੋ
ਮਿਲੂਗਾ ਜਦੋਂ ਮੈਨੂੰ -
ਸੱਜਣ ਮੈਂਡੜਾ ਨੀ,ਮੋੜ ਦਊਂਗੀ ਗਿਣ ਗਿਣ ਸਾਰੀਆਂ ਵੇ ਹੋ
ਸੱਜਣ ਤਾਂ ਮੇਰਾ ਇਕ -
ਘੁੱਟ ਕਿਓਰੜੇ ਦਾ ਅੱਖੀਆਂ ਅੰਗੂਰੀ ਲੋਹੜੇ ਮਾਰੀਆਂ ਵੇ ਹੋ
ਸੱਜਣ ਤਾਂ ਮੇਰੇ ਦੀਆਂ -
ਥਿੰਦੀਆਂ ਲਟੂਰੀਆਂ ਨੀ,ਮਹਿਕਾਂ ਦੀਆਂ ਭਰੀਆਂ ਪਟਾਰੀਆਂ ਵੇ ਹੋ
ਸਾਉਣ ਦੀਆਂ ਸੱਧਰਾਂ -
ਦੇ ਵਾਂਗ ਨੀ ਉਹ ਸਾਂਵਲਾ,ਦਿਲਾ ਦੀਆਂ ਕਰੇ ਸਰਦਾਰੀਆਂ ਵੇ ਹੋ
ਆਤਸ਼ੀ ਗੁਲਾਬੀ ਲੱਖਾਂ -
ਸ਼ਾਮਾਂ ਗੁਲਾਨਾਰੀਆਂ ਨੀ,ਅਸਾਂ ਉਹਦੇ ਮੁੱਖੜੇ ਤੋਂ ਵਾਰੀਆਂ ਵੇ ਹੋ
ਸਈਓ ਨੀ ਸਈਓ -
ਨਾ ਨੀ ਪੁੱਛੋ ਅਸਾਂ ਓਸ ਬਾਂਝੋ,ਕਿਵੇਂ ਨੇ ਇਹ ਉਮਰਾਂ ਗੁਜ਼ਾਰੀਆਂ ਵੇ ਹੋ ਅਸੀਂ ਓਸ ਬਾਝੋਂ ਸਈਓ
ਅੱਗ ਚ ਨਹਾਤੀਆਂ ਹਾਂ,ਫੱਕੀਆਂ ਨੇ ਮਘੀਆਂ ਅੰਗਾਰੀਆਂ ਵੇ ਹੋ
ਅਸਾਂ ਓਸ ਬਾਝੋਂ ਸਹੀਓ
ਖਾਕ ਕਰ ਛੱਡੀਆਂ ਨੇ,ਦਿਲੇ ਦੀਆਂ ਉੱਚੀਆਂ ਅਟਾਰੀਆਂ ਵੇ ਹੋ ਓਸ ਬਾਝੋਂ ਫਿੱਟ ਗਿਐ-
ਰੰਗ ਸਾਡੇ ਰੂਪ ਦਾ ਨੀ,ਦਗਾ ਕੀਤਾ ਸਮੇਂ ਦੇ ਲਲਾਰੀਆਂ ਵੇ ਹੋ
ਪਿਆ ਭੁਸ ਹੌਂਕੀਆਂ ਦਾ -
ਮੂੰਹ ਸਾਨੂੰ ਚੁੰਮਣੇ ਦਾ,ਬਿਰੋਂ ਸੰਗ ਲੱਗੀਆਂ ਨੇ ਯਾਰੀਆਂ ਵੇ ਹੋ
ਸਈਓ ਨੀ ਸਈਓ -
ਪੀਲੀ ਚੰਨੇ ਦੀ ਤਿਤਲੀ,ਮਾਰੇ ਪਈ ਗਗਨੀਂ ਉਡਾਰੀਆਂ ਵੇ ਹੋ
ਲਹਿੰਦੇ ਦਿਆਂ ਪੱਤਨਾਂ ਤੇ -
ਤਾਰੀਆਂ ਦੇ ਫੁੱਲ ਖਿੜੇ,ਸਰੋਂ ਦੀਆਂ ਹੋਣ ਜਿਉਂ ਕਿਆਰੀਆਂ ਵੇ ਹੋ

No comments: