14.4.11

ਵੇ ਤੇਰੇ ਲਾਰਿਆਂ ....by Paramjit Chumber

 ਤੂੰ ਤੇ ਤੁਰ ਗਿਆ ਦੂਰ
ਦੱਸ ਸਾਡਾ ਕੀ ਕਸੂਰ
ਰਾਹਾਂ ਤਕ ਤਕ ਹੋਇਆ  ਬੁਰਾ ਹਾਲ ਸੱਜਣਾ
ਵੇ ਤੇਰੇ ਲਾਰਿਆਂ ਪਤਾ ਨਹੀਂ ਕਦ ਮੁੱਕਣਾ
ਮੁੱਕ ਗਿਆ ਸਾਲ ਸੱਜਣਾ


ਤੂੰ ਤਾਂ ਕਿਹਾ ਸੀ ਵਿਸਾਖੀ  ਨੂੰ ਹੈ ਆਉਣਾ
ਮੈਂ ਨਿੱਤ ਰਹੀ ਦਿਨ ਗਿਣਦੀ
ਮੇਰੇ ਜਿੱਡੀ ਵੇ ਜਵਾਨ ਸਰੋਂ ਹੋ ਗਈ
ਮੈਂ ਗਿੱਠਾਂ ਨਾਲ ਰਹੀ ਮਿਣਦੀ
ਨਾ ਤੂੰ ਆਉਣਾ ਸੀ, ਨਾ ਆਇਆ
ਸਾਨੂੰ ਐਵੇਂ ਤੜਪਾਇਆ
ਜਾ ਕੇ ਭੁੱਲ ਗਿਆ ਸਾਡਾ ਤੂੰ ਖਿਆਲ ਸੱਜਣਾ
ਵੇ ਤੇਰੇ ਲਾਰਿਆਂ ....

ਮੇਰੇ ਵਾਂਗੂ ਹਾਏ ਹੌਕੇ ਹਾਵੇ ਭਰਦਾ
ਲੰਘ ਗਿਆ ਮਹੀਨਾ ਸਾਉਣ ਵੇ
ਕਿਹਨੂੰ ਦੱਸਾਂ ਮੈਂ ਹਿਜ਼ਰ ਦੀਆਂ ਪੀੜਾਂ
ਤੇਰੇ ਬਿਨਾ ਸਾਡਾ ਕੌਣ ਵੇ
ਜਦੋਂ ਆਈ ਸੀ ਦਿਵਾਲੀ,
ਸਾਡੇ ਸੀਨੇ ਅੱਗ ਬਾਲੀ
ਕੀ ਕੀ ਦੱਸਾਂ, ਕੀ ਕੀ ਬੀਤੀ ਸਾਡੇ ਨਾਲ ਸੱਜਣਾ
ਵੇ ਤੇਰੇ ਲਾਰਿਆਂ.....

ਲੱਖਾਂ ਕੀਤੀਆਂ ਤੂੰ ਸੋਹਣਿਆਂ ਕਮਾਈਆਂ
ਸਾਡੀ ਵੇ ਜਵਾਨੀ ਰੋਲ ਕੇ
ਆ ਕੇ ਪੁੱਛ ਕੇ ਤਾਂ ਦੇਖ 'ਪੰਮੀ' ਹਾਲ ਵੇ
ਮੈਂ ਸਾਰੇ ਦੁਖ ਦੱਸਾਂ ਫੋਲ ਕੇ
ਮੁੱਕ ਜਾਣਾ ਏ ਆਖੀਰ
ਸਾਡੀ ਏਹੋ ਤਕਦੀਰ
ਨਹੀਓਂ ਮੁੱਕਣੇ ਜੁਦਾਈਆਂ ਦੇ ਜੰਜਾਲ ਸੱਜਣਾ
ਵੇ ਤੇਰੇ ਲਾਰਿਆਂ..

Paramjit Chumber

No comments: