ਹਮਦਰਦ
ਮੇਰੇ ਹਮਦਰਦ !
ਤੇਰਾ ਖਤ ਮਿਲਿਆ !
ਤੇਰੇ ਜਜ਼ਬਾਤ ਦੀ ਇਕ ਮਹਿਕ,ਦਾ ਇਹ ਗੁੰਚਾ
ਮੇਰੇ ਅਹਿਸਾਸ ਦੇ ਹੋਠਾਂ ਤੇ
ਇਵੇਂ ਖਿੜਿਆ
ਬਾਜ਼ਾਰੀ ਜਿਵੇਂ,ਸੋਹਣੀ ਕਿਸੇ ਨਾਰ ਦਾ ਚੁੰਮਣ
ਪ੍ਰਿਥਮ ਵਾਰ,ਕਿਸੇ ਕਾਮੀ ਨੂੰ ਹੈ ਜੁੜਿਆ
ਮੇਰੇ ਹਮਦਰਦ !
ਤੇਰਾ ਖਤ ਮਿਲਿਆ !
ਮੇਰੇ ਹਮਦਰਦ !
ਹਮਦਰਦੀ ਤੇਰੀ ਸਿਰ-ਮੱਥੇ
ਫਿਰ ਵੀ,ਹਮਦਰਦੀ ਤੋਂ ਮੈਨੂੰ ਡਰ ਲਗਦੈ
'ਹਮਦਰਦੀ'ਪੌਸ਼ਾਕ ਹੈ ਕਿਸੇ ਹੀਣੇ ਦੀ
'ਹੀਣਾ'ਸਭ ਤੋਂ ਤੋਂ ਬੜਾ ਮੇਹੜਾ ਜੱਗ ਦੇ
ਜਿਹੜੇ ਹੱਥਾਂ ਥੀਂ ਉਲੀਕੇ
ਨੇ ਤੂੰ ਇਹ ਅੱਖਰ
ਉਹਨਾਂ ਹੱਥਾਂ ਨੂੰ, ਮੇਰਾ ਸੌ ਸੌ ਚੁੰਮਣ
ਮੈਂ ਨਹੀਂ ਚਾਹੁੰਦਾ
ਤੇਰੇ ਹੋਠਾਂ ਦੇ ਗੁਲਾਬ
ਆਤਸ਼ੀ-ਸੂਹੇ
ਬੜੇ ਸ਼ੋਖ ਤੇ ਤੇਜ਼ਾਬੀ ਨੇ ਜੋ
ਮੇਰੇ ਸਾਹਾਂ ਦੀ ਬਦਬੂ 'ਚ
ਸਦਾ ਲਈ ਗੁੰਮਣ !
ਮੈਂ ਜਾਣਦਾ :
ਤੇਰੇ ਖਤ 'ਚ
ਤੇਰੇ ਜਿਸਮ ਦੀ ਖੁਸ਼ਬੋ ਹੈ
ਇਕ ਸੇਕ ਹੈ, ਇਕ ਰੰਗ ਹੈ
ਹਮਦਰਦੀ ਦੀ ਛੋਹ ਹੈ
ਹਮਦਰਦੀ ਮੇਰੀ ਨਜ਼ਰ 'ਚ
ਪਰ ਕੀਹ ਆਖਾਂ ?ਬੇ-ਹਿੱਸ ਜਹੇ ਕਾਮ ਦੇ
ਪੈਂਡੇ ਦਾ ਹੀ ਕੋਹ ਹੈ ?ਮੈਂ ਜਾਣਦਾਂ,ਮੈਂ ਜਾਣਦਾਂ, ਹਮਦਰਦ ਮੇਰੇ
ਜ਼ਿੰਦਗੀ ਮੇਰੀ
ਮੇਰੀ ਤਾਂ ਮਤਈ ਮਾਂ ਹੈ
ਫਿਰ ਵੀ ਹੈ ਪਿਆਰੀ ਬੜੀ
ਇਹਦੀ ਮਿੱਠੀ ਛਾਂ ਹੈ !
ਕੀਹ ਗਮ ਜੇ ਭਲਾ
ਲੰਮੇ ਤੇ ਇਸ ਚੌੜੇ ਜਹਾਂ ਵਿਚ
ਇਕ ਜ਼ੱਰਾ ਵੀ ਨਾ ਐਸਾ
ਕਿ ਜਿਨੂੰ ਆਪਣਾ ਹੀ ਕਹਿ ਲਾਂ
ਕੀਹ ਗਮ
ਜੇ ਨਸੀਬੇ ਨਾ
ਪੰਛੀ ਦਾ ਵੀ ਪਰਛਾਵਾਂ
ਇਸ ਉਮਰ ਦੇ ਸਹਿਰਾਂ 'ਚ
ਜਿਦੀ ਛਾਵੇਂ ਹੀ ਬਹਿ ਲਾਂ !
ਤੇਰੇ ਕਹਿਣ ਮੁਤਾਬਿਕ
ਜੇ ਤੇਰਾ ਸਾਥ ਮਿਲੇ ਮੈਨੂੰ
ਕੀਹ ਪਤਾ ਫਿਰ ਵੀ ਨਾ
ਦੁਨੀਆਂ 'ਚ ਮੁਬਾਰਿਕ ਥੀਵਾਂ !
ਮੇਰੇ ਹਮਦਰਦ !
ਹਮਦਰਦੀ ਤੇਰੀ ਸਿਰ ਮੱਥੇ
ਮੈਂ ਤਾਂ ਚਾਹੁੰਦੇ ਹਾਂ -ਜ਼ਿੰਦਗੀ ਦੀ ਜ਼ਹਿਰ
ਕੱਲਾ ਹੀ ਪੀਵਾਂ !
ਮੇਰੇ ਹਮਦਰਦ !
ਤੇਰਾ ਖਤ ਮਿਲਿਆ !ਮੇਰੇ ਹਮਦਰਦ !
ਤੇਰਾ ਖਤ ਮਿਲਿਆ.....
No comments:
Post a Comment