13.5.11

Ghazal-Baljit Saini



ਹਰ ਕਦਮ 'ਤੇ ਹਾਦਸੇ ਝਲਦੀ ਰਹੀ |
ਜ਼ਿੰਦਗੀ ਏਸੇ ਤਰ੍ਹਾਂ ਚਲਦੀ ਰਹੀ |

ਨੇਰ੍ਹ ਪਾ ਕੇ ਤੁਰ ਗਿਆ ਸੂਰਜ ਵੀ ਜਦ ,
ਲਾਟ ਤੇਰੀ ਯਾਦ ਦੀ ਬਲਦੀ ਰਹੀ |


ਜ਼ਖ਼ਮ ਭਾਵੇਂ ਭਰ ਗਏ ਉਂਜ ਵਕਤ ਨਾਲ,
ਪੀੜ ਪਰ ਦਿਨ-ਰਾਤ ਸੀ ਫਲਦੀ ਰਹੀ|

ਝੱਲ ਨਾ ਹੋਈ ਤੇਰੀ ਇਕ ਬੇਰੁਖੀ ,
ਉਂਜ ਮੈਂ ਕੀ ਕੀ ਨਹੀਂ ਝਲਦੀ ਰਹੀ |

ਕੈਦ ਹੋ ਕੇ ਅੱਖੀਆਂ ਵਿਚ ਰਹਿ ਗਏ ,
ਨੀਂਦ ਮੈਨੂੰ ਖ਼ਾਬ ਜੋ ਘਲਦੀ ਰਹੀ |

ਏਸ ਖੰਡਰ ਦਿਲ 'ਚ ਗ਼ਮ ਦੇ ਨਾਲ ਨਾਲ ,
ਰੀਝ ਤੈਨੂੰ ਮਿਲਣ ਦੀ ਪਲਦੀ ਰਹੀ |

ਧੁੱਪਾਂ ਵਿਚ ਸੜਿਆ ਮੁਕੱਦਰ ਦੇਖ ਕੇ ,
ਛਾਂ ਵੀ ਨੇੜੇ ਆਉਣ ਤੋਂ ਟਲਦੀ ਰਹੀ |