16.5.11

ਮਹਿਕ-Shiv Batalvi

ਮਹਿਕ

ਅਸੀਂ ਚੁੰਮ ਲਏ ਅੱਜ ਫੇਰ ਕਿਸੇ ਦੇ ਬੋਦੇ
ਅਸਾਂ ਰਾਤ ਗੁਜ਼ਾਰੀ ਸੱਜਣ ਦੀ ਗੋਦੇ
ਅੱਜ ਸਾਹ ਚੋਂ ਆਵੇ ਮਹਿਕ ਗੁਲਾਬਸ਼ੀ ਦੀ
ਅੱਜ ਕੌਣ ਪਿਆ ਪੁੱਠ-ਕੰਡਾ ਗਮ ਦਾ ਖੋਦੇ
ਅਸਾਂ ਪੀਤਾ ਨੀ ਊਹਦੇ ਹੰਝੂਆਂ ਦਾ ਚਰਨਾਮਤ
ਅਸਾਂ ਬਿੰਦੇ ਨੀ ਉਹਦੇ ਪੈਰ, ਨਿਵਾ ਕੇ ਗੋਡੇ
ਆਏ ਨਿਕਲ ਨੀ ਅੜੀਓ ਕਿੱਲ ਸਮੇਂ ਦੇ ਮੁੱਖ ਤੇ,ਅਸਾਂ ਨੈਣ ਉਹਦੇ ਜਦੋਂ ਨੈਣਾਂ ਦੇ ਵਿਚੱ ਡੋਬੇ
ਖੁੱਲਿਆ ਨੀ ਉਹਦੀ ਦੀਦ ਦਾ ਰੋਜ਼ਾ ਖੁੱਲਿਆ
ਪੜੀਆਂ ਨੀ ਅਸਾਂ ਦਿਲ ਦੀਆਂ ਆਇਤਾਂ ਪੜੀਆਂ
ਕਰੇ ਨਾਲ ਨਜ਼ਾਕਤ ਬਾਤੜੀਆਂ ਜਦ ਮਾਹੀ,ਹੋ ਜਾਣ ਪੁਰੇ ਦੀਆਂ ਸੀਤ ਹਵਾਵਾਂ ਖੜੀਆਂ
ਓਹਦੇ ਮੁੱਖ ਦੀ ਲਏ ਪਰਦੱਖਣਾਂ ਚੰਨ ਸਰਘੀ ਦਾ ਉਹਦੇ ਨੈਣਾਂ ਦੇ ਵਿਚ ਰਾਤੜੀਆਂ ਡੁੱਬ ਮਰੀਆਂ
ਉਹਦੇ ਵਾਲਾਂ ਦੇ ਵਿਚ ਖੇਡੇ ਪੋਹ ਦੀ ਮੱਸਿਆ
ਉਹਦੇ ਬੁਲੀਂ ਸੂਹੀਆਂ ਚੀਚ-ਵਹੁਟੀਆਂ ਖਰੀਆਂ
ਮੌਲੀ ਨੀ ਸਾਡੇ ਦਿਲ ਦੇ ਵੇਦਨ ਮੌਲੀ
ਪੀਤੀ ਨੀ ਅਸਾਂ ਪੀੜ ਚੁਲੀ ਭਰ ਪੀਤੀ
ਪੈ ਗਈ ਨੀ ਮੇਰੇ ਡੋਲ ਕਲੇਜੇ ਪੈ ਗਈ
ਅਸਾਂ ਤੋੜ ਕਲੀ ਸੱਤਬਰਗੇ ਦੀ ਅੱਜ ਲੀਤੀ
ਸੁੰਨ-ਮਸੁੰਨੀ ਸੰਘਣੀ ਦਿਲ ਦੀ ਝੰਗੀ
ਕੂਕ ਕੂਕ ਅੱਜ ਮੋਰਾਂ ਬੌਰੀ ਕੀਤੀ


ਹੋਈ ਨੀ ਮੇਰੀ ਨੀਝ ਸ਼ਰਾਬਣ ਹੋਈ,ਗਈ ਨੀ ਸਾਡੀ ਜੀਭ ਹਸ਼ਰ ਲਈ ਸੀਤੀ
ਜੁੜੀਆਂ ਨੀ ਯਾਦਾਂ ਦੇ ਪੱਤਣੀ ਛਿੰਜਾ,ਪਈਆਂ ਸੀ ਮੇਰੇ ਦਿਲ ਦੇ ਥੇਹ ਤੇ ਰਾਸਾਂ
ਲਾਈਆ ਨੀ ਮੈਂ ਦਿਲ ਦੇ ਵਿਹੜੇ ਮਰੂਆ,ਗੁੰਨੀ ਨੀ ਮੈਂ ਭਰ ਭਰ ਮਹਿਕ ਪਰਾਤਾਂ
ਮੇਰੇ ਸਾਹੀਂ ਕੂਲ ਵਗੇ ਨੀ ਅੱਜ ਨਸ਼ਿਆਂ ਦੀ ਪਿਆ ਮਾਰੇ ਨੀ ਦਰਿਆ ਮੱਧਰਾ ਦਾ ਠਾਠਾਂ
ਹੋਈਆ ਨੀ ਮੇਰੇ ਦਿਲ ਵਿਚ ਚਾਨਣ ਹੋਈਆ
ਮੈਥੋਂ ਮੰਗਣ ਆਈਆਂ ਖੈਰ ਨੀ ਅੱਜ ਪਰਭਾਤਾਂ......

No comments: