ਕਿਸ ਦੀ ਅੱਜ ਯਾਦ -ਸ਼ਿਵ ਕੁਮਾਰ
ਇਹ ਕਿਸ ਦੀ ਅੱਜ ਯਾਦ ਹੈ ਆਈ !
ਚੰਨ ਦਾ ਲੌਂਗ ਬੁਰਜੀਆਂ ਵਾਲਾ,
ਪਾ ਕੇ ਨੱਕ ਵਿਚ ਰਾਤ ਹੈ ਆਈ !
ਪੁਰਤ ਪਲੇਠੀ ਦਾ ਮੇਰਾ ਬਿਰਹਾ,
ਫਿਰੇ ਚਾਨਣੀ ਕੁੱਛੜ ਚਾਈ !
ਇਹ ਕਿਸ ਦੀ ਅੱਜ ਯਾਦ ਹੈ ਆਈ !
ਉੱਡਦੇ ਬੱਦਲਾਂ ਦਾ ਇਕ ਖੰਡਰ,
ਵਿਚ ਚੰਨੇ ਦੀ ਮੱਕੜੀ ਬੈਠੀ,
ਬਿੱਟ-ਬਿੱਟ ਵੇਖੇ ਭੁੱਖੀ-ਭਾਣੀ
ਤਾਰਿਆਂ ਵੱਲੇ ਨੀਝ ਲਗਾਈ !
ਰਿਸ਼ਮਾਂ ਦਾ ਇਕ ਜਾਲ ਵਿਛਾਈ !
ਇਹ ਕਿਸ ਦੀ ਅੱਜ ਯਾਦ ਹੈ ਆਈ !
ਉਫਕ ਜਿਵੇਂ ਸੋਨੇ ਦੀ ਮੁੰਦਰੀ
ਚੰਨ ਜਿਵੇਂ ਵਿੱਚ ਸੁੱਚਾ ਥੇਵਾ,
ਧਰਤੀ ਨੂੰ ਅੱਜ ਗਗਨਾਂ ਭੇਜੀ
ਪਰ ਧਰਤੀ ਦੇ ਮੇਚ ਨਾ ਆਈ !
ਵਿਰਥਾ ਸਾਰੀ ਗਈ ਘੜਾਈ !
ਇਹ ਕਿਸ ਦੀ ਅੱਜ ਯਾਦ ਹੈ ਆਈ !
ਰਾਤ ਜਿਵੇਂ ਕੋਈ ਕੁੜੀ ਝਿਊਰੀ
ਪਾ ਬੱਦਲਾਂ ਦਾ ਪਾਟਾ ਝੱਗਾ
ਚੁੱਕੀ ਚੰਨ ਦੀ ਚਿੱਬੀ ਗਾਗਰ
ਧਰਤੀ ਦੇ ਖੂਹੇ ਤੇ ਆਈ !
ਟੁਰੇ ਵਿਚਾਰੀ ਊਂਧੀ ਪਾਈ !
ਇਹ ਕਿਸ ਦੀ ਅੱਜ ਯਾਦ ਹੈ ਆਈ !
ਅੰਬਰ ਦੇ ਅੱਜ ਕੱਲਰੀ ਥੇਹ ਤੇ
ਤਾਰੇ ਜੀਕਣ ਰੁਲਦੇ ਠੀਕਰ,ਚੰਨ
ਕਿਸੇ ਫੱਕਰ ਦੀ ਦੇਹਰੀ,
ਵਿਚ ਰਿਸ਼ਮਾਂ ਦਾ ਮੇਲਾ ਲੱਗਾ,
ਪੀੜ ਮੇਰੀ ਅੱਜ ਵੇਖਣ ਆਈ !
ਇਹ ਕਿਸ ਦੀ ਅੱਜ ਯਾਦ ਹੈ ਆਈ !
ਇਹ ਕਿਸ ਦੀ ਅੱਜ ਯਾਦ ਹੈ ਆਈ
ਚੰਨ ਦਾ ਲੌਂਗ ਬੁਰਜੀਆਂ ਵਾਲਾ,
ਪਾ ਕੇ ਨੱਕ ਵਿਚ ਰਾਤ ਹੈ ਆਈ !
ਪੁਰਤ ਪਲੇਠੀ ਦਾ ਮੇਰਾ ਬਿਰਹਾ,
ਫਿਰੇ ਚਾਨਣੀ ਕੁੱਛੜ ਚਾਈ !
ਇਹ ਕਿਸ ਦੀ ਅੱਜ ਯਾਦ ਹੈ ਆਈ !
No comments:
Post a Comment