‘ ਕੁਝ ਕਹਾਣੀ ‘’ ਬਲੌਰ ‘’ ਬਾਰੇ ‘ – ਕਹਾਣੀਕਾਰ
ਲਾਲ ਸਿੰਘ
ਬਲੌਰ ਕਹਾਣੀ ਦਾ ਨਾਇਕ ਬਹਾਦਰ ਚੀਨੀ ਕਹਾਣੀ “ ਦੇਹ ਤੇ ਆਤਮਾ
“ ਦੇ ਨਾਇਕ ਸਿੳਚੀ ਦੀ ਸੁਰ ਨਾਲ ਸੁਰ ਮੇਲਦੇ ਉਸ ਵਰਗਾ ਐਲਾਨ ਕਰ ਮਾਰਦਾ ਹੈ
ਕਿ , “ ਜੇ ਸਾਨੂੰ ਰੋਟੀ ਮਿਲ ਸਕਦੀ ਹੈ ਤਾਂ ਦੁੱਧ ਵੀ ਮਿਲਣਾ ਚਾਹਿਦਾ ਕਰਦਾ ਹੈ “........” ਜੇ ਸ਼ਾਹਾਂ
ਦੇ ਮੁੰਡੇ ਨੂੰ ਕੁਲਫੀ ਮਿਲ ਸਕਦੀ ਹੈ ਤਾਂ ਮੈਨੂੰ ਕਿਉਂ ਨਹੀ ? ਜੇ ਮਿਲਦੀ ਦਾਂ ਖੋਹਣੀ ਦਾਂ
ਪਵੇਗੀ ਹੀ । “ ਹੁਣ ਖੋਹ ਕੇ ਖਾਣ ਲਈ ਤਾਣ ਚਾਹਿਦਾ – ਵਿਅਕਤੀਗਤ ਵੀ ਤੇ
ਜਥੇਬੰਦਕ ਵੀ । ਬਹਾਦਰ ਨੇ ਆਪਣੇ ਹਿੱਸੇ ਦੀ ਵਿਅਕਤੀਗਤ ਦਲੇਰੀ ਤਾਂ ਕਰ ਲਈ ਹੈ । ਕੁਲਫ਼ੀ ਤਾਂ ਉਸ
ਨੇ ਖੋਹ ਲਈ ਹੈ , ਸ਼ਾਹਾਂ ਦੇ ਮੁੰਡੇ ਤੋਂ , ਪਰ ਉਸ ਦਾ ਸਾਥ ਕੋਈ ਨਹੀ ਦਿੰਦਾ । ਕੇਵਲ ਇੱਕ ਮੁੰਡਾ
ਮੀਕਾ ਉਸ ਦੀ ਬਾਂਹ ਫੜਦਾ ਹੈ , ਸਾਰੇ ਪਿੰਡ ਵਿੱਚ । ਬਾਕੀ ਸਾਰੇ ਸ਼ਾਹਾਂ ਦੀ ਧਿਰ ਬਣ ਜਾਦੇਂ ਹਨ ।
ਵਿਵਸਥਾਂ ਨੂੰ ਬਦਲ ਦੇਣ ਦੀਆਂ ਟਾਹਰਾਂ ਮਾਰਦੀ ਇੱਕ ਰਾਜਨੀਤਕ ਪਾਰਟੀ ਦੇ ਟੋਟੇ ਹੋਏ ਤਿੰਨ
ਗਰੁੱਪਾਂ ਤੱਕ ਪਹੁੰਚ ਵੀ ਕਰਦਾ । ਉਨ੍ਹਾਂ ਸਭਨਾਂ ਨੂੰ ਆਪਣੇ ਮਾਂ –ਪਿਉ ਨੂੰ ਬਰਦਾਸ਼ਤ ਕਰਨੀ ਪੈ ਰਹੀ ਦੁਰਗਤ ਦੀ ਜਾਣਕਾਰੀ ਵੀ
ਦਿੰਦਾ ,ਪਰ ਉਹ ਸਾਰੇ ਉਸ ਉੱਤੇ ਆਪਣੇ ਆਪਣੇ ਹਿਸਾਬ ਟੋਟੇ ਕੀਤੇ ਸਿਧਾਂਤ ਦੀ ਵਾਛੜ ਤਾਂ ਖੂਬ ਕਰਦੇ
ਹਨ,ਅਮਲ ਵਿੱਚ ਉਸ ਨਾਲ ਕੋਈ ਨਹੀ ਤੁਰਦਾ । ਜੇ ਉਸ ਨਾਲ ਕੋਈ ਤੁਰਦਾ ਹੈ ਤਾਂ ਸਾਹਿਤਕਾਰ ਹੈ ,
ਸਾਹਿਤ ਹੈ । ਸਾਹਿਤਕਾਰਤਾ ਨਾਲ ਸਨੇਹ
ਪਾਲਣ ਵਾਲਾ “ ਕਹਾਣੀਕਾਰ ਸੁਜਾਨ ਸਿੰਘ “ ਹੈ । ਜਿਸ ਨੇ ਆਪਣੀ
ਕਹਾਣੀਆਂ ਵਰਗਾ ਜੀਵਨ ਜੀਣ ਨੂੰ ਸਮਤਲ ਰੱਖਦਿਆਂ ਆਪਣੀਆਂ ਕਹਾਣੀਆਂ ਵਰਗਾ ਜੀਵਨ ਜੀਣ ਦੀ ਨਿੱਗਰ
ਉਦਾਹਰਨ ਪੇਸ਼ ਕੀਤੀ ਹੈ ।
-------
ਬਲੌਰ
ਲਾਲ
ਸਿੰਘ ਦਸੂਹਾ
ਗੱਲ ਪਰੂੰ ਦੀ ਐ ਜਾਂ ਪਰਾਰ ਦੀ , ਚੰਗੀ ਤਰ੍ਹਾਂ ਚੇਤੇ
ਨਈਂ , ਪਰ ਹੋਇਆ ਐਉਂ ਪਈ ਸੁਜਾਨ ਸਿੰਘ ਦੀ ਕਹਾਣੀ ‘ਕੁਲਫੀ
’ ਦਾ ਨੌਜਵਾਨ ਪਾਤਰ ਬਹਾਦਰ , ਮਹੀਨੇ ਭਰ ਦੇ
ਤਰਸੇਵੇਂ ਪਿੱਛੋਂ , ਧਿਆਨ ਸ਼ਾਹ ਦੇ ਮੁੰਡੇ ਬਾਲ ਕ੍ਰਿਸ਼ਨ ਤੋਂ ਝਿੜੀ ਵੱਲ ਨੂੰ ਦੌੜ ਪਿਆ । ਇਕ ਤਾਂ
ਵਿਚਾਰੇ ਨੂੰ ਸ਼ਾਹਾਂ ਦੀ ਗਲੀਓ ਭੱਜ ਕੇ ਪਿੰਡੋਂ ਬਾਹਰ ਆਉਣ ਲਈ ਪਹਿਲੋਂ ਸ਼ੀਲੋ ਝੀਊਰੀ ਦੀ ਕੱਚੀ
ਕੰਧ ਟੱਪਣੀ ਪਈ , ਦੂਜੇ ਲੰਬੜਾਂ ਦੀ ਵਿੰਗ-ਬੜਿੰਗੀ ਗਲੀ ਵਿਚੋਂ ਦੀ ਦੌੜਦਿਆਂ ਕਿੰਨਾਂ ਸਾਰਾ
ਸਮਾਂ ਹੋਰ ਲੱਗ ਗਿਆ । ਹਲਕੇ ਗੁਲਾਬੀ ਰੰਗ ਦੀ
ਡੰਡਾ-ਕੁਲਫੀ , ਝਬੂਟੀ ਮਾਰ ਕੇ ਖੋਹਣ ਵੇਲੇ ਤੋਂ ਲੈ ਕੇ ਪਾਂਧਿਆਂ ਦੀ ਹਲਟੀ ਤੱਕ ਪਹੁੰਚਦਿਆਂ ਊਂ
ਈਂ ਲੱਕ ਵਿਚਕਾਰੋਂ ਜਿਵੇਂ ਘੁੱਟੀ ਗਈ ਹੋਵੇ । ਸਾਹੋ-ਸਾਹੀ ਹੋਏ ਦੌੜਦੇ ਬਹਾਦਰ ਨੇ ਜਿੰਨੀ ਵਾਰ ਵੀ
ਪਿਛਾਂਹ ਮੁੜ ਕੇ ਦੇਖਿਆ , ਓਨੀਂ ਵਾਰ ਹੀ ਉਸ ਨੂੰ ਆਪਣੇ ਕਾਰਨਾਮੇ ‘ ਤੇ ਜੀਅ ਭਰ ਕੇ ਤਸੱਲੀ ਹੋਈ ਕਿ ਕੁਲਫੀ ਖੋਹਣ
ਵੇਲੇ ਖੜ੍ਹੀ ਸ਼ਾਹਾਂ ਦੇ ਧੁੱਥ-ਮੁੱਥ ਜਿਹੇ ਨਿਆਣਿਆਂ ਦੀ ਫੌਜ ਦੀ ਫੌਜ ਵਿਚੋਂ ਕਿਸੇ ਨੇ ਵੀ ਉਸਦੀ
ਪੈੜ ਨਹੀਂ ਸੀ ਨੱਪੀ ।
ਬਾਹਰਲੀ ਫਿਰਨੀ ਲਾਗੇ ਪਹੁੰਚ ਕੇ ਉਸਦੇ ਪੈਰਾਂ ਅੰਦਰ ਆਈ
ਬਿਜਲੀ ਵਰਗੀ ਫੁਰਤੀ ਤਾਂ ਰਤਾ ਕੁ ਮੱਠੀ ਪੈ ਗਈ , ਪਰ ਛੋਹਲੇ ਕਦਮੀਂ ਰਿੜ੍ਹਿਆ ਉਹ ਝਿੜੀ ਅੰਦਰਲੇ
ਬੋੜੇ ਖੂਹ ਦੀ ਟੁੱਟੀ ਮੌਣ ‘ਤੇ ਜਾ ਚੜਿਆ ਅਤੇ ਲੱਤਾਂ ਚੌੜੀਆਂ ਕਰਕੇ ਜੇਤੂ
ਅੰਦਾਜ ਵਿਚ ਖੜ੍ਹਾ ਕੁਲਫੀ ਚੂਸਣ ਲੱਗ ਪਿਆ , ਜਿਉਂ ਪਹਿਲ-ਵਾਨ ਦਾਰਾ ਸੂੰਹ , ਫਿਲਮੀਂ ਕਿੰਗ-ਕਾਂਗ
ਨੂੰ ਢਾਹ ਕੇ ਕੈਮਰੇ ਮੂਹਰੇ ਫੋਟੇ ਖਿਚਵਾਉਣ ਲਈ ਅਰਕਾਂ ਤਾਣ ਕੇ ਖੜੋ ਗਿਆ ਹੋਵੇ ।
ਖੱਬੇ ਹੱਥ ਦੀਆਂ ਪੰਜਾਂ ਉਂਗਲਾਂ ਦੇ ਕੂਲੇ ਪੋਟਿਆਂ
ਵਿਚਕਾਰ ਤੀਖਾ ਜਿਹੀ ਡੰਡੀ ਘੁੱਟ ਕੇ, ਕੁਝ ਚਿਰ ਲਈ ਉਹ ਆਪਣੀ ਨਰਮ-ਨਾਜ਼ਕ ਜੀਭ ਉਤੇ ਰਗੜ ਹੁੰਦੀ
ਠੰਡੀ-ਠਾਰ ਕੁਲਫੀ ਦਾ ਆਨੰਦ ਮਾਣਦਾ ਰਿਹਾ । ਫਿਰ ਛੇਤੀ ਹੀ ਉਸਦਾ ਧਿਆਨ ਆਪਣੇ ਸੱਜੇ ਹੱਥ ਦੀਆਂ
ਕੂੰਗੜ ਹੋਈਆਂ ਗੰਢਾਂ ਵੱਲ ਚਲਾ ਗਿਆ । ਝੱਟ ਦੇਣੀ
ਉਸ ਨੇ ਖਾਕੀ ਨਿੱਕਰ ਦੀ ਪਾਟੀ ਜੇਬ ਅੰਦਰ ਆਪਣਾ ਠਰਿਆ ਹੱਥ ਲੁਕੋ ਲਿਆ । ਬਲੌਰੀ ਕੱਚ ਵਰਗੇ ਉਸਦੇ ਸੋਹਣੇ ਹੱਥ ਦੀਆਂ ਪੰਜਾਂ ਉਂਗਲਾਂ ਨੂੰ
ਚੜ੍ਹੀ ਠਰਨ ਨੂੰ ਲੁਕੂੰ-ਛਿਪੂੰ ਹੋਇਆਂ ਹਲਕਾ ਜਿਹਾ ਰੌਲਾ ,ਉਸ ਦੇ ਕੰਨੀਂ ਆਣ ਪਿਆ । ਰਾਤ ਪੁਰ
ਦਿਨੇ ਆਦਿ-ਧਰਮੀਆਂ ਵਿਹੜੇ ਪੈਣ ਵਾਲੇ ਚੀਕ-ਚਿਹਾੜੇ ਨੂੰ ਸੁਣੀ ਜਾਣ ਦਾ ਤਾਂ ਉਹ ਆਦਿ ਹੀ ਸੀ । ਪਰ
ਐਹੋ ਜਿਹੀ ਲਾਂਬੂ ਲੱਗੀ ਦੁਪਹਿਰ ਨੂੰ ਕਿਸੇ ਲੜਾਈ ਝਗੜੇ ਦੇ ਹੋਣ ਦੀ ਉਸ ਨੂੰ ਕਦਾਚਿੱਤ ਵੀ ਉਮੀਦ
ਨਹੀਂ ਸੀ । ਉਸਦੇ ਪੈਰਾਂ ਹੇਠਲੇ ਖੂਹ ਦੀ ਉਖੜੀ ਮੌਣ ਨੂੰ ਛਾਂ ਕਰਦੇ ਬੁੱਢੇ ਬੋਹੜ ਦੇ ਰੁੰਡ-ਮੁੰਡ
ਟਾਹਣਿਆਂ ਅੰਦਰ ਘਿਰੇ ਵਿਰਲੇ-ਵਿਰਲੇ ਪੱਤਿਆਂ ਦੇ ਖੜਾਕ ਨੇ ਪਹਿਲੋਂ ਤਾਂ ਉਸ ਤੱਕ ਪਹੁੰਚਦੇ
ਰੌਲੇ-ਰੱਪੇ ਨੂੰ ਰੋਕੀ ਰੱਖਿਆ , ਪਰ ਸਹਿਜੇ –ਸਹਿਜੇ ਸਾਰੀ ਬੋਹੜ ਸਮੇਤ ਕਿੱਲਾ ਭਰ ਥਾਂ ‘ ਤੇ ਖਿੱਲਰੀ ਸੰਘਣੀ ਝਿੜੀ ਅੰਦਰੋਂ ਆਉਂਦੀਆਂ ,
ਘੁੱਗੀਆਂ-ਚਿੜੀਆਂ-ਕਾਵਾਂ ਦੀਆਂ ਬੇਸੁਰੀਆਂ ਆਵਾਜ਼ਾਂ ਵੀ ਉਸ ਪਾਸੇ ਵੱਲ ਨੂੰ ਵਧੀ ਆਉਂਦੀ ਪੈੜ-ਚਾਲ
ਦੀ ਸ਼ੂਕ ਨੂੰ ਰੋਕ ਨਾ ਸਕੀਆਂ ।
ਹੱਥਲੇ ਚੂਸੇ ਨੂੰ ਥਾਂ ਸਿਰ ਰੋਕ ਕੇ ਉਸ ਨੇ ਇਕਾ –ਇਕ ਤੋਂ ਵਗਹਾਵੀਂ ਛਾਲ ਕੇ ਮਾਰੀ ਅਤੇ ਦੌੜ ਕੇ ਬਾਬਿਆਂ
ਦੀ ਹਵੇਲੀ ਦੀ ਨੁਕਰੇ ਲੁਕ ਕੇ ਸਾਰੇ ਦਾ ਸਾਰਾ ਧਿਆਨ ਹਵੇਲੀ ਪਿੱਛੋਂ ਲੰਘਦੀ ਗਲੀ ‘ ਤੇ ਵਿਛਾ ਦਿੱਤਾ । ਪਰ ਉਸ ਦੀਆਂ ਪੱਟਾਂ ਤੱਕ
ਨੰਗੀਆਂ ਲੱਤਾਂ ਨੂੰ ਚੜ੍ਹਦੇ ਪੱਕੀ ਕੰਧ ਦੇ ਸੇਕ ਦਾ ਕੱਦ , ਉਸਦੇ ਸੜਦੇ ਪੈਰਾਂ ਨੂੰ ਲੱਗੀ ਜਲੂਣ
ਨਾਲੋਂ ਇਕ ਦਮ , ਕਈ ਗੁਣਾਂ ਉੱਚਾ ਹੋ ਤੁਰਿਆ । ਅੱਖ-ਫਰੋਕੇ ਅੰਦਰ ਹੀ ,ਹਵੇਲੀ ਦਾ ਉਹਲਾ ਛੱਡ ਕੇ
ਉਹ ਮੀਹਾਂ-ਸੂੰਹ ਦੀ ਪੇਂਦੀ ਬੇਰੀ ਦੇ ਲੱਕੇ ਦੁਸਾਂਗੜ ਤੇ ਜਾ ਚੜਿਆ । ਹਰੇ-ਕਚੂਰ ਪੱਤਿਆਂ ਦੇ
ਪਰਦੇ ਉਹਲੇ ਲੁਕੇ ਬਹਾਦਰ ਦੇ ਮੱਥੇ ਵਿਚ , ਇਕ ਵਾਰ ਫਿਰ ਓਸੇ ਪਾਸੇ ਤੁਰੀ ਆਉਂਦੀ ਵਹੀਰ ਦਾ ਸ਼ੋਰ
ਸਿੱਧਾ ਆ ਵੱਜਾ । ਬੇਰੀ ਦੇ ਜੋੜ ਉੱਤੇ ਖੜ੍ਹਾ ਹੋ ਕੇ ਉਸ ਨੇ ਗਲ੍ਹੀ ਅੰਦਰਲੇ ਘਰਾਂ ਦੀ ਪਾਲ ਦੇ
ਅੰਦਰ ਬਾਹਰ ਪਿੰਡ ਦੇ ਅਨੇਕਾਂ ਜੀਅ ਸਰਪੰਚਾਂ ਦੇ ਬਾਹਰਲੇ ਡੇਰੇ ਨੂੰ ਤੁਰੇ ਜਾਂਦੇ ਦੇਖੇ । ਟਾਹਣੇ
‘ਤੇ ਥੋੜ੍ਹਾਂ ਹੋਰ ਉੱਪਰ ਚੜ੍ਹ ਕੇ ਉਸ ਨੇ ਸੁਣਿਆਂ
ਕਿ ਭੀੜ ਸੱਚ-ਮੁੱਚ ਹੀ ਕਿਸੇ ਚੋਰੀ-ਯਾਰੀ ਵਰਗੇ ਗਰਮਾ-ਗਰਮ ਮਸਲੇ ਨੂੰ ਉੱਚਾ – ਨੀਵਾਂ ਉਭਾਰਦੀ
ਤਿੱਖੀ ਚਾਲੇ ਤੱਥ-ਪਲੱਥੀ ਤੁਰੀ ਜਾ ਰਹੀ ਸੀ । ਬੇਰੀ ਤੋਂ ਸਿੱਧੀ ਹੇਠਾਂ ਛਾਲ ਮਾਰ, ਕੰਡਿਆਂ ਦੀ
ਵਾੜ ਟੱਪ ਕੇ ,ਉਹ ਅੱਖ-ਫਰੋਕੇ ਅੰਦਰ ਹੀ ਮੀਹਾਂ ਸੂੰਹ ਦੇ ਵਾੜਿਉਂ ਬਾਹਰ ਨਿਕਲ ਗਿਆ । ਗੇਲੂਕਿਆਂ
ਦੀ ਨਿਆਈਂ ਵਿਚੋਂ ਦੀ ਸਿੱਧਾ ਤੀਰ ਹੋਇਆ , ਉਹ ਫਿਰ ਕਿਸੇ ਅਛੋਪਲੇ ਜਿਹੇ ਥਾਂ ਦੀ ਭਾਲ ਕਰਨ ਲੱਗਾ । ਜਿਥੋਂ , ਲਾਗਿਓਂ ਦੀ ਲੰਘਦੀ ਭੀੜ ਅੰਦਰ ਚਲਦੀ ਚਰਚਾ ਦਾ ਕੋਈ ਨਾ ਕੋਈ ਥਹੁ-ਪਤਾ ਉਸ ਨੂੰ
ਵੀ ਲੱਗ ਸਕੇ । ਆਖਿਰ ਰੁਲਦੇ –ਭੈਂਗੇ ਦੇ ਕੱਚੇ ਵਾਗਲੇ ਦਾ ਉੱਚਾ ਕੋਨਾ ਉਸ ਨੂੰ
ਠੀਕ ਥਾਂ ਲੱਭ ਗਿਆ । ਵਾਹੋ-ਦਾਹੀ ਪਿੰਡੋਂ ਨਿਕਲਦਿਆਂ ਭਾਂਤ-ਸੁਭਾਂਤੀਆਂ ਆਵਾਜ਼ਾਂ ਅੰਦਰ ਆਪਣਾ ਅਤੇ
ਆਪਣੇ ਪਿਓ ਦਾ ਨਾਂ ਵਾਰ ਵਾਰ ਉਭਰਦਾ ਸੁਣ ਕੇ , ਇਕ ਵਾਰ ਤਾਂ ਉਸ ਦੀ ਖਾਨਿਓਂ ਜਾਂਦੀ ਰਹੀ , ਪਰ
ਅਗਲੇ ਹੀ ਪਲ ਬਚਦੀ ਕੁਲਫੀ ਦਾ ਅਗਲਾ ਚੂਸਾ ਭਰ ਕੇ ਉਹ ਥੋੜਾ ਸੰਭਲ ਗਿਆ ।
‘’ - ਓਏ ਓਸ ਸਾਲੇ ਦੀ ਇਹ ਹਿੰਮਤ ਪਈ ਕਿੱਦਾਂ ...?’’ ਲੰਬੜਾਂ ਦਾ ਜ਼ੋਰਾ ਖੰਘੂਰਾ ਮਾਰ ਕੇ ਲਲਕਾਰਦਾ ਉਸ ਨੇ ਸੁਣਿਆ ।
ਨਓ ਬੀ ... ਨਿਹ ਤਾਂ ਕੰਨ ਨੂੰ ਮਾਂਤੜਾਂ ਦਾ ਈਣਾ ਹਰਾਮ
ਕੰਨਗੇ ...’ ਬਿਸ਼ਨੂੰ ਗੁਣਗੁਣਾ ਹਿਰਖ ਛਾਂਟਦਾ ਲੰਘ ਗਿਆ ।
ਇਨ੍ਹਾਂ ਵੱਢੀਆਂ-ਟੁੱਕੀਆਂ ਜਾਤਾਂ ਨੂੰ ਸਿਰੇ ਕਿੰਨਾਂ ਚਾੜ੍ਹਿਆ , ਪਹਿਲਾਂ ਉਨ੍ਹਾਂ
ਦੀ ਖ਼ਬਰ ਕਿਉਂ ਨੀ ਲੈਂਦੇ ... ‘’
ਫੂਲਾ ਸੂੰਹ ਦਾ ਰੋਹ ਦੂਰ ਤੱਕ ਖਿਲਰੀ ਪੈਹੇ ਦੀ ਧੜ ਉੱਤੇ ਵਿਛਦਾ ਚਲਾ ਗਿਆ ।
ਵਾਗਲ੍ਹੇ ਦੇ ਕੋਨੇ ਉਹਲੇ ਲੁਕੇ ਬਹਾਦਰ ਨੂੰ ਝੱਟ-ਪੱਟ
ਸਾਰਾ ਮਾਜਰਾ ਸਮਝ ਪੈ ਗਿਆ । ਇਕ ਵਾਰ ਤਾਂ ਉਸਦਾ ਡਾਵਾਂਡੋਲ ਹੌਂਸਲਾ ਉਸਦੇ ਹੱਥੋਂ ਖਿਸਕਣ ਹੀ
ਲੱਗਾ ਸੀ ,ਪਰ ਛੇਤੀ ਹੀ ਕਈ ਸਾਰੀਆਂ ਸਾਹਿਤਕ ਗੋਸ਼ਟੀਆਂ ਅੰਦਰ ਹੋਈ ਉਸਦੀ ਭਰਪੂਰ ਚਰਚਾ ਉਸ ਦੇ ਸਿਰ
ਆ ਚੜ੍ਹੀ , ਜਿਹਨਾ ਅੰਦਰ ਉਸਨੂੰ ਪ੍ਰੀਵਰਤਨ ਕਾਲ ਦੇ ਪੂਰੇ ਯੁੱਗ ਦਾ ਮਹਾਨ ‘ਨਾਇਕ ’
ਤੱਕ ਦੇ ਮੈਡਲਾਂ ਨਾਲ ਸਨਮਾਨਿਆ ਗਿਆ ਸੀ ।
ਪਿੰਡ ਦੇ ਪਰਮੁਖੀਆਂ ਦੀ ਵਹੀਰ ਪਿੱਛੇ ਚੀਕਾਂ-ਕਿਲਕਾਰੀਆਂ
ਮਾਰਦੇ ਤੁਰੇ ਜਾਂਦੇ ਆਪਣੇ ਜਾਣੇ-ਪਛਾਣੇ ਹਾਣੀਆਂ ਦੀ ਸੂਝ ‘ਤੇ ਉਸ ਨੂੰ ਤਰਸ ਵੀ ਆਇਆ ‘ਤੇ
ਰੋਹ ਵੀ , ਪਰੰਤੂ ਅਛੋਪਲੇ ਜਿਹੇ ਲੁਕਿਆ ਉਹ ਉਹਨਾਂ ਵਿਚੋਂ ਕਿਸੇ ਇਕ ਨੂੰ ਵੀ ਆਵਾਜ਼ ਨਾ ਮਾਰ ਸਕਿਆ
। ਗਲ੍ਹੀ ਦਾ ਮੋੜ ਚੁੱਪ ਹੋਣ ਪਿਛੋਂ ਉਹ ਸਹਿਜ-ਧੀਰਜ ਨਾਲ ਉੱਠਿਆ ਅਤੇ ਹੱਥਲੀ ਕੁਲਫੀ ਦਾ ਹੋਰ
ਚੂਸਾ ਲਾ ਕੇ ਸਿੱਧਾ ਆਪਣੇ ਘਰ ਨੂੰ ਹੋ ਤੁਰਿਆ ।
ਉਸਦੇ ਗਲ੍ਹੀ-ਗੁਆਂਡ ਦੇ ਕਈਆਂ ਜੀਆਂ ਨੂੰ ਉਸ ਦਾ ਇਉਂ
ਲਟਬਾਉਰਿਆਂ ਵਾਂਗ ਫਿਰਦਾ ਹੱਦੋਂ ਵੱਧ ਭੈੜਾ ਲੱਗਾ । ਭਾਵੇਂ ਉਸ ਦਾ ਮੂੰਹ ਫਿਟਕਾਰਨ ਦੀ ਹਿੰਮਤ
ਕਿਸੇ ਨਾ ਕੀਤੀ । ਮਸਤ-ਚਾਲੇ ਤੁਰਿਆ ਉਹ ਆਪਣੇ ਘਰ ਦੇ ਇਕੋ-ਇਕ ਦਰਵਾਜ਼ੇ ਕੋਲ ਪਹੁੰਚਿਆ ਹੀ ਸੀ ਕਿ
ਉਸ ਦੀਆਂ ਦੋਨੋਂ ਭੈਣਾਂ ਉਹਦੀ ਵੱਲ ਦੇ ਕੇ ਭੁੱਬੀਂ ਰੋ ਪਈਆਂ । ਮਾਸੂਮ ਭੈਣਾਂ ਦੇ ਡੁਸਕਦੇ
ਹਟਕੋਰਿਆ ਨੂੰ ਕੁਝ ਮਿੰਨਤ ਤਰਲਾ ਕਰਕੇ ਅਤੇ ਕੁਝ
ਕੁਲਫੀ ਦਾ ਲਾਲਚ ਦੇ ਕੇ ਉਸ ਨੇ ਚੁੱਪ ਤਾਂ ਕਰਾ ਲਿਆ , ਪਰ ਉਹਨਾਂ ਦੇ ਟੁੱਟਵੇਂ ਬੋਲਾਂ ਰਾਹੀਂ
ਸੁਣੀ , ਵਿਹੜੇ –ਮਹੱਲੇ ਸਾਹਮਣੇ ਸ਼ਾਹਾਂ –ਜ਼ਿਮੀਦਾਰਾਂ ਨੇ ਰਲ੍ਹ ਕੇ ਕੀਤੀ ਆਪਣੇ ਮਾਂ-ਪਿਓ ਦੀ
ਧੂਹ-ਘਸੀਟ , ਉਸ ਨੂੰ ਸੇਹ ਦੇ ਤੱਕਲੇ ਵਾਂਗ ਸਿਨ੍ਹ ਗਈ । ਧਿਆਨ ਸ਼ਾਹ ਦੇ ਮੁੰਡੇ ਹੱਥੋਂ ਕੁਲਫੀ
ਖੋਹਣ ਵੇਲੇ ਤੋਂ ਚੜ੍ਹਿਆ ਥੋੜਾ ਜਿੰਨਾ ਰੋਹ , ਡੁਸਕਦੀਆਂ ਭੈਣਾਂ ਵੱਲ , ਦੇਖ ਕੇ ਕਈ ਗੁਣਾਂ ਹੋਰ
ਜ਼ਰਬ ਖਾ ਗਿਆ । ਬਾਘ ਦੇ ਬਲੂੰਗੜੇ ਵਾਂਗ ,ਉਸ ਦੀਆਂ ਅੱਖਾਂ ਅੰਦਰ ਲਾਲ-ਲਾਲ ਡੋਰੇ ਉੱਭਰ ਆਏ । ਤੇ
ਛਾਲ ਮਾਰ ਕੇ ਭਿੱਤ ਪਿੱਛੇ ਰੱਖਿਆ ਆਪਣੇ ਬਾਬੇ ਦ ਟਾਕੂਆ ਚੁੱਕ ਲਿਆਇਆ । ਬਚਦੀ ਕੁਲਫੀ ਦੀ ਪੱਚਰ
ਨਾਲ ਰੀਝ ਗਈਆਂ ਦੋਨਾਂ ਭੈਣਾਂ ਨੂੰ ਪੱਤਾ ਤੱਕ ਨਾ ਲੱਗਾ ਕਿ ਕਦੋਂ ਬਹਾਦਰ ਚੰਗਾ-ਮੰਦਾ ਬੋਲਦਾ
ਆਪਣੇ ਬੀਬੀ-ਭਾਪੇ ਨੂੰ ਭਾਂਤ-ਸੁਭਾਂਤ ਦੀ ਨਮੋਸ਼ੀ ਤੋਂ ਬਚਾਉਣ ਲਈ ਟਾਕੂਆ ਸਾਂਭੀ ਸਰਪੰਚਾਂ ਦੇ
ਡੇਰੇ ਵੱਲ ਨੂੰ ਜਾਣ ਲਈ ਨਿਕਲ ਗਿਆ ਸੀ ।
ਆਪਣੇ ਵਿਹੜੇ ਦੀ ਲੰਮੀ –ਤੰਗ ਗਲ੍ਹੀ ਉਸ ਦੇ ਮਿੰਟਾਂ
ਸਕਿੰਟਾਂ ਅੰਦਰ ਦੁੜੱਕੀ ਲਾ ਕੇ ਪਾਰ ਕੀਤੀ ਹੀ ਸੀ ,ਖੇਤਾਂ-ਬੰਨਿਓ ਮੁੜਦਾ ਉਸਦਾ ਪੁਰਾਣਾ ਹਮਜਮਾਤੀ
ਮੀਕਾ , ਉਸਨੁੰ ਲਹਿੰਦੇ ਪਾਸੇ ਦੀ ਫਿਰਨੀ ਚੜ੍ਹਦਿਆ ਸਾਰ ਸਾਹਮਣਿਓ ਆਉਂਦਾ ਟੱਕਰ ਗਿਆ । ਬਹਾਦਰ
ਨੂੰ ਹਫਿਆ –ਖਫਿਆ ਦੇਖ ਕੇ ਮੀਕੇ ਨੇ ਉਸ ਦੇ ਨਿੱਕੇ-ਨਿੱਕੇ ਹੱਥਾਂ ਵਿੱਚ ਫੜੇ ਵੱਡੇ ਸਾਰੇ
ਸਫਾ-ਜੰਗ ਤੋਂ ਭੈ-ਭੀਤ ਹੋਏ ਨੇ ਉਸ ਨੂੰ ਪੁਛ ਹੀ ਲਿਆ – ਹਾਅ ਕੀ ਲਈ ਫਿਰਦਾ ਆਂ, ਕਾਕੇ ... ? ‘ ਸਕੂਲ ਅੰਦਰ ਬਹਾਦਰ ਦਾ ਛੋਟਾ ਨਾਂ ਕਾਕਾ ਚਲਦਾ ਸੀ
।
ਟਾਕੂਆ ... ਆ , ਤੈਨੂੰ ਨਈਂ ਦੀਹਦਾ ... ! ‘ ਕਾਕੇ ਦੇ ਹਮੇਸ਼ਾ ਹੱਸ-ਮੁੱਖ ਦਿਸਦੇ ਚਿਹਰੇ ਵੱਲੋਂ
ਆਏ ਰੁੱਖੇ ਜਿਹੇ ਉੱਤਰ ਦੀ ਮੀਕੇ ਨੂੰ ਕਦਾਚਿੱਤ ਵੀ ਆਸ ਨਹੀਂ ਸੀ ।
ਦੀਹਦਾ ਤਾਂ ਆ , ਪਰ ਚੱਲਿਆ ਕਿੱਥੇ ਆਂ ... ਤੂੰ ? ਸਿਖਰ
ਦੁਪ੍ਹੈਰੇ ... ! ‘ ਘਾਬਰੇ ਜਿਹੇ ਮੀਕੇ ਨੂੰ ਵੀ ਪੁੱਛ ਪੜਤਾਲ ਔਖੀ
ਔਖੀ ਜਾਪਣ ਲੱਗੀ ।
ਸ਼ਾਹਾਂ ਦੀ
ਭੈਣ ਦੀ ...’, ਚੰਗੀ ਮੋਟੀ ਗਾਲ੍ਹ ਵਾਹ ਕੇ ਬਹਾਦਰ ਨੇ ਮੀਕੇ
ਨੂੰ , ਬਾਲੇ ਤੋਂ ਕੁਲਫੀ ਖੋਹਣ ਕਰਕੇ ਘਰਦਿਆਂ ਸਿਰ ਆ ਪਈ ਆਫ਼ਤ ਦੀ ਕਹਾਣੀ ਇਕੋ ਸਾਹੇ ਆਖ ਸੁਣਾਈ ।
ਓਏ ਕੱਲਾ ਤੂੰ ਕੀ ਖੋਂਹਣ ਖੋਹੇਂਗਾ ! ... ਅੱਧੇ ਪਿੰਡ
ਸਾਹਮਣੇ .... ‘, ਸੰਖੇਪ ਜਿਹੀ ਮੀਕੇ ਦੀ ਸਲਾਹ , ਬਹਾਦਰ ਨੂੰ ਏਨੀ
ਸਿਆਣੀ ਲੱਗੀ ਕਿ ਟਾਕੂਆਂ ਹੇਠਾਂ ਕਰਕੇ ਉਹ ਪਲ ਦੀ ਪਲ ਸੋਚੀਂ ਪੈ ਗਿਆ ।
ਕਿੱਦਾਂ ਕਰੀਏ ਫੇ ... ਏ .... ! ਦੋ-ਚਿੱਤੀ ਅੰਦਰ ਘਿਰੇ ਬਹਾਦਰ ਨੇ ਮੀਕੇ ਨੂੰ ਕੋਈ ਚਾਰਾ ਕਰਨ ਹਿਤ ਪੁੱਛਿਆ ।
ਚੱਲ , ਤਖਾਣਾਂ ਦੇ ਸੁੱਖੇ ਤੋਂ ਪੁਛਦੇ ਆਂ ... ਉਹਨੂੰ
ਇਹੋ ਜਿਹੇ ਬੜੇ ਗੁਰ ਆਉਂਦੇ ਆ, ਸੁਣਿਆ । ‘
ਨਾਮੇਂ ਦਰਜ਼ੀ ਦੀ ਹੱਟੀ ਦੇ ਖੁੱਲੇ ਭਿੱਤ ਉਹਲੇ ਟਾਕੂਆਂ
ਲੁਕੋ ਕੇ ਉਹ ਦੋਵੇਂ ਰਵਾਂ-ਰਵੀਂ ਸੁਖੇ ਹੋਰਾਂ ਦੇ ਘਰ ਦੀ ਪਿੱਛਵਾੜੀ ਜਾ ਖੜ੍ਹੇ ਹੋਏ । ਟਿਕੀ
ਦੁਪ੍ਹੇਰੇ ਵਿਹੜੇ ‘ ਚੋਂ ਦੀ ਲੰਘ ਕੇ ਚੁਬਾਰੇ ਦੀਆਂ ਪੌੜੀਆਂ ਚੜ੍ਹਨ
ਦੀ ਉਹਨਾਂ ਦੀ ਹਿੰਮਤ ਨਾ ਪਈ । ਗੁੱਲ ਹੋਰਾਂ ਦੇ ਵੱਢ ‘
ਚੋਂ ਮੀਕੇ ਨੇ ਹਲਕੀ ਜਿਹੀ ਢੀਮ ਚੁੱਕ ਕੇ ਚੁਬਾਰੇ ਦੀ ਭਿੜੀ ਖਿੜਕੀ ਵਿਚ ਪੋਲੇ ਜਿਹੇ ਉਛਾਲ ਮਾਰੀ
। ਸੁੱਤ-ਉਨੀਂਦਾ ਸੁੱਖਾ ਘਰ ਦੀ ਪਿਛਵਾੜੀ ਚੋਰਾਂ ਵਾਂਗ ਖੜ੍ਹੇ ਦੋਨੋਂ ਮੁੰਡਿਆਂ ਨੂੰ ਦੇਖ ਕੇ
ਪਹਿਲਾਂ ਤਾਂ ਖਿਝ ਗਿਆ , ਪਰ ਛੇਤੀ ਹੀ ਮੀਕੇ ਦਾ ਹਾਕ – ਹੇਠਾਂ ਆਈਂ ਭਾਅ, ਜ਼ਰੂਰੀ ਕੰਮ ਐ । ‘ ਸੁਣ ਕੇ ਜ਼ਰਾ ਛਿੱਥਾ ਜਿਹਾ ਪੈ ਗਿਆ ।
ਛੱਤ-ਪੱਖਾ ਬੰਦ ਕਰਕੇ ਸੁੱਖੇ ਨੇ ਨੰਗਾ ਸਿਰ ਤੌਲੀਏ
ਨਾਲ ਢਕਿਆ ਅਤੇ ਚੁਬਾਰਿਓਂ ਉੱਤਰ ਆਪਣੇ ਸਫੈਦਿਆਂ ਦੀ ਪਾਲ ਕੋਲ ਭੈ-ਭੀਤ ਖੜ੍ਹੇ ਮੁੰਡਿਆਂ ਦੇ ਲਾਗੇ
ਢਕ ਕੇ ਥੈਹ-ਸੋਟ ਮਾਰਨ ਵਾਂਗ ਆ ਪੁੱਛਿਆ – ਕੀ ਆਫ਼ਤ ਆ ਪਈ , ਦੁਪ੍ਹੈਰੇ ਦਿਨ ਦੇ .... ? ‘
-ਗੱਲ ਇਹ ਆ ਭਾਅ, ਮੈਤੋਂ ਅੱਜ ਇਕ ਨਿੱਕੀ ਜਿਹੀ
ਗ਼ਲਤੀ ਹੋ ਗਈ । ਸੜਦੀਆਂ ਦੁਪ੍ਹੈਰਾਂ ਨੂੰ ਰੋਜ਼-ਰੋਜ਼ ਸੜਦੇ ਪੈਰਾਂ ਤੋਂ ਅੱਕਿਆ , ਮੈਂ ਅੱਜ
ਠੰਢੇ-ਠੰਢੇ ਅੱਧੀ-ਛੁੱਟੀ ਵੇਲੇ ਈ ਸਕੂਲੋਂ ਨੱਠ ਕੇ ਘਰ ਨੂੰ ਤੁਰਿਆ ਆਉਂਦਾ ਸੀ ਕਿ ਉਹ ਸ਼ਾਹਾਂ ਦਾ
ਬਾਲਾ ਐ ਨਾ , ਭੈਣ ਦਾ ਦੀਨਾ ...ਮੈਨੂੰ ਦਿਖਾਲ –ਦਿਖਾਲ ਕੁਲਫੀ ਚੁੰਘਦਾ ਸੀ ,ਮੰਦਰ ਦੀ ਕੰਧ ਤੇ
ਬੈਠਾ । ... ਸੱਚੀ ਗੱਲ ਆ ਭਾਅ , ਮੈਂਤੋਂ ਨਹੀਂ ਰਿਹਾ ਗਿਆ ।ਉਹਤੋਂ ਕੁਲਫੀ ਖੋਹ ਕੇ ਅੱਧ-ਪਚੱਧੀ
ਤਾਂ ਮੈਂ ਖਾ ਲਈ , ਪਰ ਬਹੁਤੀ ... ਮੈਂ ਤਾਂ ਕਿਸੇ ਦੇ ਹੱਥ ਨਈਂ ਆਇਆ ਹਾਲੇ , ਪਰ ਭਾਪੇ –ਬੀਬੀ
ਨੂੰ ਸ਼ਾਹਾਂ ਦਾ ਸਾਰਾ ਕੁਨਬਾ ਸਮੇਤ ਜੱਟਾਂ ਦੇ , ਹੱਕ ਦੇ ਸਰਪੰਚ ਡੇਰੇ ਲੈ ਗਿਆ ।ਹੁਣ , ਤੂੰ ਦੱਸ
ਕੀ ਉਪਾ ਹੋ ਸਕਦਾ ਉਹਨਾਂ ਨੂੰ ਛੁੜਾਉਣ ਦਾ ... ?’
ਬੜਾ ਸੋਚਵਾਨ ਜਿਹਾ ਹੋ ਕੇ ਸੁੱਖੇ ਨੇ ਵੱਡਾ ਸਾਰਾ
ਉੱਤਰ ਥੋੜੇ ਜਿਹੇ ਵਾਕਾਂ ਅੰਦਰ ਹੀ ਇਕੋ – ਸਾਹੇ ਗੁਲੱਛ ਮਾਰਿਆ – ਸ਼ਾਬਾਸ਼ ਬਹਾਦਰਾ ... ਪੂਰਾ ਠੀਕ
ਪੈਂਤੜਾ ਆਪਣਾਇਆ ਤੈਂ ।...ਇਹ ਉਲਝੀ ਤਾਣੀ ਸਾਲੀ ਐਂ ਈਂ ਸੂਤ ਹੋਣੀ ਆਂ । ... ਏਸ ਢਿਚਕੂ-ਢਿਚਕੂ
ਕਰਦੇ ਢਾਂਚੇ ਦਾ ਇਲਾਜ ਈ ਬੰਦੂਕ ਦੀ ਨੋਕ ਆ । ... ਜਿੱਥੇ ਜਿੱਥੇ ਵੀ ਕੋਈ ਜਗੀਰੂ – ਅਰਧ
ਜਗੀਰੂ-ਸਾਮਰਾਜੀ ਪਿਠੂ ਬੈਠਾ ਦਿਸਦਾ , ਓਥੇ ਓਥੇ ਹੀ ਉਹਦਾ ਸਫਾਇਆ ਕਰਕੇ ਘਾਣੀ ਲੋਟ ਆਉਣੀ ਆ ।
... ਲੋਕ-ਜਮਹੂਰੀ-ਇਨਕਲਾਬ ਦੀ ਪ੍ਰਾਪਤੀ ਲਈ ਇਕ ਦੋ ਚਾਰ ਨਈਂ ਅਨੇਕਾਂ ਫਰੰਟਾਂ ‘ ਤੇ ਇਕੱਠਿਆਂ ਲੜਾਈ ਦੇਣੀ ਪੈਣੀ ਆਂ , ਬਹਾਦਰਾ ।
ਸਾਡੀ ਖਾੜਕੂ ਜਥੇਬੰਦੀ ਤੇਰੇ ਵਰਗੇ ਸਿਰਲੱਥ ਕਾਡਰ ਨੂੰ ਪੂਰੀ ਤਨਦੇਹੀ ਨਾਲ ਜੀ –ਆਇਆਂ ਕਹਿੰਦੀ ਆ
...।
ਸਾਥੀ ਸੁੱਖੇ ਤੋਂ ਸੌਖਾ ਜਿਹਾ ਢੰਗ ਤਰੀਕਾ ਪੁੱਛਣ
ਆਏ ਮੁੰਡਿਆਂ ਨੂੰ , ਉਸ ਦਾ ਆਲੋਕਾਰ ਭਾਸ਼ਨ
ਵਾਕ-ਦਰ-ਵਾਕ , ਸਗੋਂ ਹੋਰ ਅਚੋਆਈ ਲਾਉਂਦਾ ਗਿਆ । ਡੌਰ-ਭੌਰ ਹੋਏ ਬਹਾਦਰ ਨੇ ਆਖਿਰ ਉਸ ਨੂੰ
ਵਿਚਕਾਰੋਂ ਟੋਕਦਿਆਂ ਆਖਿਆ –ਭਾਅ... ਤੇਰੀ ਹੈਸ ਬੋਲੀ ਦੀ ਸਾਨੂੰ ਰਤੀ ਭਰ ਸਮਝ ਨਈਂ ਆਈ । ਸਾਨੂੰ
ਤਾਂ ਕੋਈ ਮੋਟਾ ਠੁੱਲਾ ਇਲਾਜ ਦੱਸ ਮਾਂ-ਪਿਓ ਨੂੰ ਸ਼ਾਹਾਂ –ਸਰਪੰਚਾਂ ਦੀ ਕੁੜਿਕੀ ‘ਚੋਂ ਕੱਢਣ ਦਾ ? ‘
-ਕਿਹੜੀ ਕੁੜਿਕੀ ...! ਹੇਠਲੀਆਂ ਕਿਰਤੀ ਜਮਾਤਾਂ
ਦੀ ਵਿਰੋਧਤਾਈ ਨਾਲ –ਅਨਟੈਗੋਨਿਸਟਿਕ ਹੁੰਦੀ ਐ ,ਇਸ ਨੂੰ ਹੋਰ ਤਿੱਖਿਆ ਨਹੀਂ ਕਰਨਾ ਹੁੰਦਾ ...! ਇਨਕਲਾਬ
ਦੀ ਰਾਹੇ ਤੁਰਦਿਆਂ ਭਲਾ ਗੁਰੂ ਗੋਬਿੰਦ ਸਿੰਘ ਨੂੰ ਆਪਣੇ ਮਾਤਾ-ਪਿਤਾ, ਬਾਲ-ਬੱਚਿਆਂ ਦੀ ਕੁਰਬਾਨੀ
ਨਈਂ ਸੀ ਦੇਣੀ ਪਈ ... । ਕਾਮਾ ਜਮਾਤ ਨੇ ਤਾਂ ਹਰ
ਹੀਲੇ , ਹਰ ਕਦਮ ‘ ਤੇ ਜਿੱਤਣਾ ਹੀ ਜਿੱਤਣਾ ਹੁੰਦਾ ਐ, ਗੁਆਉਣ ਲਈ ਇਸ
ਦੇ ਪਾਸ ਹੁੰਦੀਆਂ ਨੇ ਸਿਰਫ਼ ਹੱਥ-ਕੜੀਆਂ , ਕਾਮਰੇਡ ‘ਨਾਥੀ
...’ ਮੂੰਹ-ਜ਼ੁਬਾਨੀ ਰਟੇ ਸਾਰੇ ਵਾਕ ਸੁੱਖੇ ਨੇ ਲੈਕਚਰੀ
ਅੰਦਾਜ਼ ਵਿਚ ਤਣ ਕੇ ਖਲੋਂਦਿਆ ਇਕੋ-ਟੱਕ ਬੋਲ ਦਿੱਤੇ । ਫਿਰ , ਭੁੱਲੀ ਵਿਸਰੀ ਰਹਿ ਗਈ ਕੋਈ ਤੁਕ
ਯਾਦ ਕਰਨ ਲਈ ਉਸ ਨੇ ਕਿਸੇ ਪਹੁੰਚੇ ਸਾਧ ਵਾਂਗ ਅੱਖਾਂ ਮੀਟ ਲਈਆਂ ਅਤੇ ਆਪਣੇ ਤੱਕ ਸੁਣਦੀ ਕੁਝ
ਬੁੜ-ਬੁੜ ਜਿਹੀ ਕਰਨ ਲੱਗ ਪਿਆ ।
ਸਫੈਦਿਆਂ ਦੀ ਡੱਬ-ਖੜੱਬੀ ਛਾਂ ਅੰਦਰ ਖੜ੍ਹੇ ਬਿਪਤਾ
ਮਾਰੇ ਮੁੰਡਿਆਂ ਦੇ ਨਰਮ-ਨਾਜ਼ਕ ਮੋਢਿਆਂ ‘ਤੇ
ਪਤਾ ਨਹੀਂ ਸੁੱਖੇ ਨੇ ਕਿੰਨਾ ਚਿਰ ਹੋਰ ਆਪਣਾ ਗਰਮ-ਸਿਧਾਂਤ ਲੱਦੀ ਜਾਣਾ ਸੀ । ਜੇ ਕਿਧਰੇ ਤਾਲ
ਵਾਲੀ ਫਿਰਨੀ ਦਾ ਪਹਿਲਾ ਮੋੜ ਮੁੜਦਾ ,ਤਾਰੀ ਮਾਸਟਰ ਦਾ ਬਜਾਜ –ਚੇਤਕ ਉਹਨਾਂ ਦੀ ਨਜ਼ਰੀਂ ਨਾ ਪੈਂਦਾ
। ਅੱਖਾਂ –ਮੁੰਦੀ ਖੜ੍ਹੇ ਸੁੱਖੇ ਨੂੰ ਥਾਏਂ ਛੱਡ , ਉਹਨਾਂ ਅੱਗਲ-ਵਾਂਡੀ ਹੋ ਕੇ ਹਰੀਏ ਦੇ ਅੰਬ
ਹੇਠ ਤਾਰੀ ਨੂੰ ਜਾ ਰੋਕਿਆ । ਪੱਕੇ ਟੋਟੇ ‘
ਤੇ ਉਡਦਾ ਆਉਦਾ ਤਾਰੀ ਦਾ ਸਕੂਟਰ ਅਚਨਚੇਤ ਕੀਤੇ ਇਸ਼ਾਰੇ ਕਾਰਨ ਕਿੰਨੀ ਦੂਰ ਅੱਗੇ ਲੰਘ ਕੇ ਮਸਾਂ
ਰੁਕਿਆ । ਸੜਦੀ-ਤਪਦੀ ਸੜਕ ‘ ਤੇ ਖਿਲਰੀ ਅੱਗ ਵਰਗੀ ਗਰਮੀ ਦੀ ਪ੍ਰਵਾਹ ਕੀਤੇ
ਬਿਨਾਂ , ਦੋਨਾਂ ਦੇ ਨੰਗੇ ਪੈਰ , ਉਖੜੀ ਰੌੜੀ ਦੀਆਂ ਚੌਭਾਂ ਖਾਂਦੇ , ਖੜ੍ਹੇ ਸਕੂਟਰ ਤੱਕ ਆਪਣੀ
ਫਰਿਆਦ ਲੈ ਕੇ ਪਹੁੰਚ ਗਏ । ਨਿੱਕੇ ਨਿੱਕੇ ਹੱਥ ਜੋੜ ਕੇ ਦੋਨਾਂ ਨੇ ਤਾਰੀ ਮਾਸਟਰ ਨੂੰ ਪਹਿਲੀ ਵਾਰ
ਆਪਣੇ ਅਧਿਆਪਕਾਂ ਵਾਂਗ ਨਿੱਘੀ ਸਤਿ ਸ੍ਰੀ ਅਕਾਲ ਬੁਲਾਈ ਅਤੇ ਅਗਲਾ ਹੁੰਗਾਰਾ ਉਡੀਕੇ ਬਿਨਾਂ ਹੀ
ਮੀਕੇ ਨੇ ਬਹਾਦਰ ਦੀ ਸਾਰੀ ਵਿਥਿਆ ਉਸ ਨੂੰ ਆਖ ਸੁਣਾਈ ।
ਅੱਖਾਂ ਉੱਤੇ ਲਾਏ ਚਸ਼ਮੇਂ ਵਿਚੋਂ ਦੀ ਤੇਜ਼-ਤੇਜ਼ ਝਮਕ
ਹੁੰਦੀਆਂ ਦਿਸਦੀਆਂ ਤਾਰੀ ਮਾਸਟਰ ਦੀਆਂ ਨਿੱਕਿਆਂ-ਨਿੱਕਿਆਂ ਅੱਖਾਂ ਦੋਨਾਂ ਮੁੰਡਿਆਂ ਦੇ ਅਨਭੋਲ
ਚਿਹਰਿਆਂ ‘ ਤੇ ਛਾਈ ਫਿਕਰਮੰਦੀ ਦੇਖ ਕੇ ਜਿਵੇਂ ਹੋਰ ਛੋਟੀਆਂ
ਹੋ ਗਈਆਂ ਹੋਣ । ਬੜੇ ਠਰੰਮੇਂ ਨਾਲ ਉਸ ਨੇ ਚਲਦਾ
ਇੰਜਨ ਬੰਦ ਕਰ ਕੇ ਸਕੂਟਰ ਨੂੰ ਸਟੈਂਡ ‘
ਤੇ ਖੜਾ ਕੀਤਾ ਅਤੇ ਦੋਨਾਂ ਨੂੰ ਨਾਲ ਲੈ ਕੇ , ਪਿਛਾਂਹ ਰਹਿ ਗਈ ਅੰਬ ਦੀ ਸੰਘਣੀ ਛਾਂ ਹੇਠਾਂ ਮੁੜ
ਗਿਆ ।
ਅੱਖਾਂ ਤੋਂ ਚਸ਼ਮਾ ਲਾਹੁੰਦਿਆਂ ਸਾਰ ਉਸ ਨੇ ਬਹਾਦਰ
ਵਲ ਦੇਖਦਿਆਂ ਆਖਿਆ – ਦੇਖੋ ਸਾਥੀ , ਖੱਬੀ ਮਾਰਕੇਬਾਜ਼ੀ ਨੂੰ ਲੈਨਿਨ ਨੇ ਠੀਕ ਹੀ ਬਚਕਾਨਾ ਰੋਗ
ਕਿਹਾ ਹੈ ...।‘’
ਤਾਰੀ ਦੀ ਸਾਰੀ ਗੱਲ ਸੁਨਣ ਤੋਂ ਪਹਿਲਾਂ ਹੀ ਦੋਨੋਂ
ਮੁੰਡੇ ਇਕ ਦੂਜੇ ਵੱਲ ਝਾਕਣ ਲੱਗ ਪਏ ।
-
ਘਾਬਰੋ ਨਾ ਮੁੰਡਿਓ , ਤੁਹਾਡੀ ਮਰਜ਼ ਦਾ ਇਲਾਜ ਵੀ , ਇਸ ਸਮਾਜਿਕ-ਆਰਥਿਕ ਵਿਵਸਥਾ
ਅੰਦਰ ਹੀ ਲੁਕਿਆ ਪਿਆ ਹੈ । ‘
ਦੋਨਾਂ ਮੁੰਡਿਆਂ ਦੀਆਂ ਆਪਸ ਵਿਚ ਟਕਰਾਉਦੀਆਂ
ਨਜ਼ਰਾਂ ਧਰਤੀ ਵਿੱਚ ਗੱਡੀਆਂ ਗਈਆਂ ।
-
ਕੇਵਲ ਜਥੇਬੰਦਕ ਦਬਾ ਹੀ ਤੁਹਾਡੇ ਮਾਂ-ਬਾਪ ਨੂੰ ਸਮੇਂ ਦੇ ਹਾਕਮਾਂ ਤੋਂ ਨਿਜਾਤ ਦੁਆ
ਸਕਦਾ ਹੈ । ਇਸ ਲਈ
ਪਿਆਰੇ ਬਾਲਕੋਂ , ਤੁਸਾਂ ਨੂੰ ਆਪਣੀ ਅਤੇ ਅਪਣੇ
ਵਰਗੇ ਅਨੇਕਾਂ ਕਾਮਿਆਂ ਦੀ ਬੰਦ-ਖਲਾਸੀ ਲਈ , ਰਾਜਕਰਨੀਆਂ ਜਮਾਤਾਂ ਵਿਰੁਧ ਜ਼ੋਰਦਾਰ ਲੋਕ-ਰਾਏ ਕਾਇਮ
ਕਰਨੀ ਪਵੇਗੀ । ਆਪਣੇ ਵਿਹੜੇ ਦੇ ਸਾਰੇ ਘਰਾਂ ਤੋਂ
ਇਲਾਵਾ ਤਖਾਣਾਂ-ਲੁਹਾਰਾਂ,ਝੀਰਾਂ-ਜੁਲਾਹਿਆਂ , ਚੂਹੜਿਆਂ-ਸਰੈੜਿਆਂ ਨਾਲ ਸਾਂਝਾ ਫਰੰਟ ਉਸਾਰਨਾ
ਪਵੇਗਾ । ਤਾਂ ਕਿਤੇ ਤੁਸੀਂ ਸ਼ਾਹਾਂ ਤੇ ਜੱਟਾਂ ਦੀਆਂ ਧਾਂਦਲੀਆਂ
ਵਿਰੁੱਧ ਆਵਾਜ਼ ਉੱਚੀ ਕਰਨ ਵਿਚ ਲਾਮਬੰਦੀ ਕਰ ਸਕੋਗੇ । ਫਿਰ ਕਦੀ ਵੀ ਤੁਹਾਡੀ ਸੱਚੀ-ਸੁੱਚੀ ਕਿਰਤ ਉਤੇ ਨਾ
ਕੋਈ ਬੜਾ-ਬਾਜ਼ ਝਬੂਟੀ ਮਾਰ ਸਕੇਗਾ ਤੇ ਨਾ ਹੀ ਕੋਈ ਅਮੀਰ-ਜ਼ਾਦਾ ਕਿਸੇ ਗਰੀਬ-ਗੁਰਬੇ ਨੂੰ ਦਿਖਾਲ ਕੇ
ਕੁਲਫੀਆ ਖਾ ਸਕੇਗਾ । ‘
ਅੰਬ ਦੀ ਠੰਡੀ ਛਾਵੇਂ ਖੜ੍ਹੇ ਦੋਨਾਂ ਮੁੰਡਿਆਂ ਨੂੰ
ਇਉਂ ਜਾਪਿਆ , ਜਿਵੇਂ ਉਹਨਾਂ ਦੇ ਪੈਰਾਂ ਹੇਠਲੀ ਧਰਤੀ ਖਿਸਕ ਕੇ ਕਿਤੇ ਦੂਰ ਗਈ ਹੋਵੇ ਤੇ ਉਹ
ਦੋਵੇਂ ਪਾਤਾਲ ਵੱਲ ਹੇਠਾਂ , ਹੋਰ ਸਰਕਣ ਤੋਂ ਬਚਣ ਲਈ ਐਧਰ – ਉਧਰ ਹੱਥ ਮਾਰਦੇ ਇਕ ਦੂਜੇ ਨੂੰ
ਸੰਭਾਲਣ ਦਾ ਯਤਨ ਕਰਦੇ ਹੋਸ਼-ਹਵਾਸ ਗਵਾ ਬੈਠੇ ਹੋਣ ।
ਤਾਰੀ ਮਾਸਟਰ ਆਪਣਾ ਉਪਦੇਸ਼ ਕਿੰਨਾਂ ਚਿਰ ਉਚਾਰਦੇ
ਕਦੋਂ ਚਲਾ ਗਿਆ , ਉਹਨਾਂ ਦੋਨਾਂ ਵਿਚੋਂ ਕਿਸੇ ਨੂੰ ਪਤਾ ਤੱਕ ਨਾ ਲੱਗਾ । ਪਰ ਥੋੜੀ ਦੂਰ ਹਟਵੇਂ
ਖੜ੍ਹੇ ਸਕੂਟਰ ਦਾ ਇੰਜਣ ਚਾਲੂ ਹੋਣ ਦੀ ਆਵਾਜ਼ ਸੁਣ ਕੇ ਮੀਕੇ ਦੀ ਹੋਸ਼ ਬਹਾਦਰ ਨਾਲੋਂ ਜ਼ਰਾ ਪਹਿਲਾਂ
ਪਰਤੀ ਸੁੰਨ-ਵੱਟਾ ਹੋਏ ਖੜ੍ਹੇ ਬਹਾਦਰ ਦਾ ਮੋਢਾ ਹਿਲਾ ਕੇ ਮੀਕੇ ਨੇ ਪੁੱਛਿਆ – ਆਈ ਕੋਈ ਗੱਲ ਸਮਝ ‘ ਚ ਮਾੜੀ ਮੋਟੀ .... ? ‘’
ਅਨਾੜੀ ਜਿਹਾ ਸਿਰ ਨਾਂਹ ਹਿਲਾਉਂਦਿਆਂ ਬਹਾਦਰ ਦੇ
ਚਿਹਰੇ ਦੀ ਚਿੰਤਾ ਉਸ ਦੇ ਅੰਗਾਂ –ਪੈਰਾਂ ਤਕ ਫੈਲ
ਗਈ ।
ਤੈਨੂੰ ਕਿਸ
ਭੜੂਏ ਨੇ ਕਿਹਾ ਸੀ ਕਿ ਉਸ ਬੁਲੀ ਦੀ ਕੁਲਫੀ ਖੋਹ ਕੇ ਸਾਰੇ ਟੱਬਰ ਨੂੰ ਬਲਦੀ –ਦੀ –
ਬੁੱਥੇ ਲਿਆ ਸੁੱਟ .... ‘ ਮੀਕੇ ਦੇ ਚਿਹਰੇ ‘ ਤੇ ਸੱਚ-ਮੁੱਚ ਹੀ ਹਿਰਖ ਦੇ ਨਿਸ਼ਾਨ ਉੱਭਰ ਆਏ ਸਨ
।
ਕਹਿਣ ਕਿੰਨ ਸੀ – ਮੈਂ ਆਪਣੀ ਮਰਜ਼ੀ ਨਾਲ ਖੋਹੀ ਆ , ਆਪਣੀ
ਕਹਾਣੀ ਦਾ ਮੈਂ ਆਪ ਹੀਰੋ ਆਂ .... ਮੈਂ ਕਈ ਰੱਬ ਦੇ ਮਾਂਹ ਮਾਰੇ ਆ ਕਿ ਸਹੁਰੀ ਦਸੀ ਦੀ ਕੁਲਫੀ
ਨੂੰ ਬੀ ਤਰਸੀ ਜਾਮਾਂ ... !..!!...!!! – ਬਹਾਦਰ ਦੇ ਤਲਖ
ਬੋਲਾਂ ‘ਚੋਂ
ਉਭਰੀ ਸਿਆਣਪ ਨੂੰ ਮੀਕੇ ਨੇ ਬੜੀ ਨਰਮਾਈ ਨਾਲ ਸਿਆਣਿਆਂ ਵਰਗੀ ਸਲਾਹ ਦਿੱਤੀ – ਕਾਕੇ , ਤੂੰ ਵੀ
ਨਿਰਾ ਭੌਦੂ ਈ ਏ ਭੌਦੂ ! ਤੂੰ ਦੱਸ , ਤੂੰ
ਕੋਈ ਰਾਜਾ-ਮਹਾਰਾਜਾ ਜਾਂ ਮੰਤਰੀ –ਸੰਤਰੀ ਸੀ ਕਿ
ਜੋ ਤੇਰੇ ਦਿਲ ‘ ਚ ਆਈ ਕਰ ਕੇ ਈ ਸਾਹ ਲਿਆ ...ਓਏ ਵੀਰਿਆਂ ਆਹ ਜਿਹੜੇ ਭਾਈ ਐਹੋ ਜਿਹੀਆਂ ਸਾਖੀਆਂ ਲਿਖਦੇ ਆ
ਨਾ, ਉਹ ਸਿਰਫ਼ ਆਪਣੀ ਈ ਫੂ-ਫਾਂ ਬਣਾਉਣ ਲਈ ਲਿਖਦੇ ਆ ,ਤੇਰੀ ਤਰ੍ਹਾਂ ਆਪ ਕਦੇ ਬਲੀ ਦੇ ਬੱਕਰੇ
ਨਹੀਂ ਬਣਦੇ .... ਕੀ ਨਾਂ ਆਂ ਤੈਨੂੰ ਬੁਧੂ ਬਣਾਉਣ
ਵਾਲੇ ਲਿਖਾਰੀ ਦਾ , ਹੈ ਕੋਈ ਥੋਹ-ਪਤਾ ਉਹਦਾ .... ? ‘
-ਸ਼ੈਂਤ , ਸੱਜਣ ਸੂੰਹ ਆ ... ਆਪਣੇ ਨੇੜੇ-ਤੇੜੇ ਦਾ
ਈ ਆ , ਸੁਣਿਆ , ਡੇਰੇ ਆਲੇ ਪੰਛੀ ਨੂੰ ਪੂਰਾ ਪਤਾ ਹੋਣਾ ਉਹਦਾ ... ?
ਸਿਰ ਚੜ੍ਹੀ ਦੁਪਹਿਰ ਦੀਆਂ ਸਿੱਧੀਆਂ ਰਿਸ਼ਮਾਂ
ਸੇਕਦੇ , ਉਹ ਜਗਤ-ਪ੍ਰਸਿਧ ਲੋਕ-ਕਵੀ ਗੁਲਜ਼ਾਰ ਪੰਛੀ ਕੋਲੋਂ , ਆਪਣੀ ਕਹਾਣੀ ਦੇ ਲੇਖਕ ਦਾ ਸਰਨਾਵਾਂ
ਪੁੱਛਣ ਚੱਲ ਪਏ । ਚੌੜੇ ਚੋਅ ਦੇ ਪਾਰਲੇ ਕੰਢੇ ‘
ਤੇ ਕਸਟੋਡੀਅਨ ਦੀ ਅਲਾਟ ਹੋਈ ਦੋ ਕਿੱਲੇ ਜ਼ਮੀਨ ਦੇ
ਇਕ ਕੋਨੇ ਬਣਾਏ , ਚੌਂਹ ਖਾਨਿਆਂ ਦੇ ਇਕੋ-ਇਕ ਕਮਰੇ ਦੇ ਦਰਵਾਜ਼ੇ-ਖਿੜਕੀਆਂ , ਭੋਲੇ –ਸਾਈਂ ਦੇ
ਤੱਕੀਏ ਵਾਂਗ ਖੁਲ੍ਹੇ ਪਏ ਸਨ । ਖੁਲ੍ਹੇ- ਮੋਕਲੇ
ਵਿਹੜੇ ਨੂੰ ਕੀਤੀ ਚਾਰ-ਦੀਵਾਰੀ , ਦੱਸਾਂ-ਪੰਦਰਾਂ ਥਾਵਾਂ ਤੋਂ ਉਖੜੀ ਪਈ ਸੀ । ਵਿਹੜੇ ਅੰਦਰ ਲਾਏ ਤੂਤਾਂ ਦੀ ਸੰਘਣੀ ਛਾਂ ਹੇਠ
ਲੱਕੜ ਦੇ ਤਖ਼ਤ –ਪੋਸ਼ ਸਮੇਤ ਚੌਂਹ ਅਲਾਣੀਆਂ ਮੰਜੀਆਂ
ਉੱਤੇ ਇਕੋ-ਜਿਹੇ ਚਾਰ ਸਰੀਰ ਬੇ-ਹਿੱਸ ਜਿਹੇ ਪਏ ਸਨ । ਹਿਲਦੀਆਂ ਲੱਤਾਂ ਵਾਲੀ ਇਕ ਲੱਕੜ ਦੀ ਥਿੰਤੀ ਤਰਪਾਈ ਉੱਤੇ ਸਿਲਵਰ ਦਾ ਖਾਲੀ ਪਤੀਲਾ ਟੇਢਾ
ਹੋਇਆ ਸੀ । ਭੁੰਜੇ ਡਿੱਗੀ ਕੜਛੀ ਨੂੰ ਇਕ ਖਰਸ-ਖਾਧਾ ਡੱਬੂ ਮੂਹਰਲੇ ਪੰਜਿਆਂ ਵਿਚ ਫਸਾਈ ਹੌਲੀ-ਹੌਲੀ
ਚੱਟੀ ਜਾਂ ਰਿਹਾ ਸੀ । ਵੱਡੇ ਤੂ ਤ
ਦੀ ਓਟ ਨਾਲ ਟਿਕੀਆਂ ਪੰਜ-ਛੇ ਬੋਤਲਾਂ ਦੁਪਹਿਰੇ ਖਾਧੀ ‘
ਰੋਟੀ ‘ ਹੁੰਗਾਰਾ ਭਰ ਰਹੀਆਂ ਸਨ ।
ਟਿਕੀ ਦੁਪਹਿਰ ਦੀ ਚੁੱਪ-ਚਾਂ , ਕਿਧਰੇ –ਕਿਧਰੇ
ਆਉਂਦੇ ਹਵਾ ਦੇ ਹਲਕੇ ਬੁੱਲਿਆਂ ਨਾਲ ਟੁੱਟਦੀ ਸੀ ਜਾਂ ਤਿੰਨਾਂ ਮੰਜੀਆਂ ਤੋਂ ਆਉਂਦੇ ਬੇ-ਸੁੱਧ
ਘੁਰਾੜਿਆਂ ਨਾਲ । ਪੋਲੇ ਪੈਰੀਂ ਦੋਨੋਂ ਮੁੰਡੇ ਤੂਤ ਦੀ ਸੁਤ –ਉਣੀਂਦਰੀ ਛਾਂ ਹੇਠ ਖੜੇ ਹੋ ਕੇ ਕਵੀ
ਪੰਛੀ ਦੀ ਪਛਾਣ ਕਰਨ ਵਿਚ ਰੁਝ ਗਏ । ਬੜੇ ਧਿਆਨ ਨਾਲ ਉਹਨਾਂ ਚੌਹਾਂ ਸਰੀਰਾਂ ਦੀਆਂ ਕੱਸੀਆਂ
ਗੋਗੜਾਂ ਤੇ ਗੋਲ ਉਭਾਰਾਂ ਤੇ ਜੱਤਲ ਛਾਤੀਆਂ ਨੂੰ ਵਾਚਿਆ , ਪਰ ਕਿਸੇ ਇਕ ਦੇ ਪਿੰਡੇ ‘ ਤੇ ਵੀ ਉਹਨਾਂ ਨੂੰ ਪੰਛੀਆਂ ਦੇ ਖੰਭਾਂ-ਪੰਖਾਂ
ਵਰਗੀ ਕੋਮਲਤਾ ਦਿਖਾਈ ਨਾ ਦਿੱਤੀ । ਇਕ-ਅੱਧ ਵਾਰ ਉਹਨਾਂ ਲਾਗਿਓਂ ਲੰਘਦੇ ਰਾਹੀਆਂ ਤੋਂ ਕਵੀ ਪੰਛੀ
ਦੀ ਪਛਾਣ ਕਰਾਉਣ ਦਾ ਯਤਨ ਵੀ ਕੀਤਾ , ਪਰ ਕਿਸੇ ਅਣ-ਕਿਆਸੇ ਖ਼ਤਰੇ ਦਾ ਪਹਾੜ ਸਿਰ ‘ ਤੇ ਆ ਡਿੱਗਣ ਡਰੋਂ ਉਹਨਾਂ ਇੰਝ ਕਰਨਾ ਵੀ
ਮੁਨਾਸਿਬ ਨਾ ਸਮਝਿਆ । ਭੈ-ਭੀਤ ਹੋਏ ਦੋ ਕਦਮ ਤੁਰ
ਕੇ ਕਦੀ ਉਹ ਡੇਰਿਓਂ ਬਾਹਰ ਨਿਕਲ ਜਾਂਦੇ ਤੇ ਕਦੀ ਝਕਦੇ ਫਿਰ ਉਸੇ ਤੂਤ ਦੀ ਛਾਵੇਂ ਜਾ ਖੜ੍ਹੇ
ਹੁੰਦੇ । ਉਨ੍ਹਾਂ ਨੇ ਪਤਾ ਨਹੀਂ ਇਸ ਖੁਲ੍ਹੀ ਕੈਦ ਦੀ ਚਾਰ –ਦੀਵਾਰੀ ਵਿਚ ਕਿੰਨ੍ਹਾਂ ਚਿਰ ਹੋਰ
ਰਹਿਣਾ ਸੀ , ਜੇ ਕਿਧਰੇ ਤਖ਼ਤਪੋਸ਼ ਉਪਰਲਾ ਅਲਸਾਇਆ ਸਰੀਰ ਪਾਸਾ ਪਰਤਣ ਲੱਗਾ ,ਧੜੰਮ ਕਰਦਾ ਹੇਠਾਂ
ਨਾ ਡਿੱਗ ਪੈਂਦਾ । ਗੰਦੀਆਂ ਗਾਲ੍ਹਾਂ ਦੀ ਭਰਵੀਂ ਲੜੀ ਉਚਾਰਦਾ , ਉਹ ਸੱਜੀ ਕੂਹਣੀ ਪਲੋਸਦਾ ਬੜੀ
ਮੁਸ਼ਕਲ ਨਾਲ ਉੱਠ ਕੇ ਹਾਲੀਂ ਸੰਭਲਿਆ ਹੀ ਸੀ ਕਿ ਉਸ ਦੀ ਨਿਗਾਹ ਸਹਿਮੇਂ ਖੜ੍ਹੇ ਦੋਨੋਂ ਮੁੰਡਿਆਂ ਨੂੰ ਆਏ ਹਲਕੇ ਹਾਸੇ ਵੱਲ
ਖਿੱਚੀ ਗਈ ।
-ਖੜੋ, ਤੁਹਾਡੀ ਮਾਂ ਦੀ ... ਕੀ ਕਰਦੇ ਓਏ ...ਏ
ਹੈਥੇ , ਭੈਣ ਦੀ । ‘
ਡਰੇ ਜਿਹੇ ਬਾਲ ਨੰਗੀਆਂ ਚਿੱਟੀਆਂ ਗਾਲ੍ਹਾਂ ਦੀ ਇਕ
ਰੀਲ੍ਹ ਖਿੜੇ ਮੱਥੇ ਸਹਾਰ ਗਏ- ਜੀ ਈ ..ਈ , ਅਸੀਂ
ਪੰਛੀ ਸ੍ਹੈਬ ਨੂੰ ਮਿਲਣਾ ...। ‘
ਕੁਝ ਹੌਸਲਾ ਕਰਕੇ ਬਹਾਦਰ ਨੇ ਡਿੱਗ ਕੇ ਉੱਠੇ ਸਰੀਰ ਨੂੰ ਆਖਿਆ ।
-ਤੇਰੀ ਭੈਣ ਨੇ ਲਾਮਾਂ ਲੈਣੀਆਂ ਉਹਦੇ ਨਾਲ ... । ਕੀ ਕੰਮ ਆ ,...
ਦੱਸ , ਫੁੱਟਦਾ ਕਿਉਂ ਨਈਂ ਮੂੰਹੋਂ ...? ਹਰਾਮਜ਼ਾਦਾ ...। ‘
-ਜੀ ਈ ...ਅਸੀਂ ਸੱਜਣ ਸੂੰਹ ਦਾ ਪਿੰਡ ਪੁੱਛਣਾ ਉਹਨਾਂ ਤੋਂ ਜੀਨ੍ਹੇ ਕਹਾਣੀ ਲਿਖੀ ਆ , ਕੁਲਫੀ । ‘
ਅਨਾੜੀ ਜਿਹੇ ਮੁੰਡੇ ਮੂੰਹੋਂ , ਸਾਹਿਤਕ ਕਿਰਤ ਦਾ ਨਾਂ ਸੁਣ ਕੇ , ਤਖ਼ਤਪੋਸ਼ ਉਤੇ ਪੱਸਰ ਬੈਠਾ ਆਕਾਰ ਕੁਝ ਗੰਭੀਰ ਹੋ ਕੇ ਬੋਲਿਆ – ਕੇੜ੍ਹਾ ਸੱਜਣ ਸੂੰਹ ... ਕੀ ਕੰਮ ਆ ੳਦ੍ਹੇ ਨਾਲ ਤੈਨੂੰ ... ? ਨਾਲੇ ਸਾਲਿਆ ਉਦ੍ਹਾਂ ਨਾਂ ਸੱਜਣ ਸੂੰਹ ਨਈਂ ਸੁਜਾਨ ਸੂੰਹ ਐ ... ਸੁਜਾਨ ਸੂੰਹ । ਉਹ ਕਿਸੇ ਪੜੇ-ਪਿੰਡ ਨਈਂ ਰਹਿੰਦਾ , ਸ਼ਹਿਰ ਰਹਿੰਦਾ ਸ਼ਹਿਰ ... ਗੁਰਦਾਸਪੁਰ । ‘
-ਜੀ ਈ ...ਅਸੀਂ ਸੱਜਣ ਸੂੰਹ ਦਾ ਪਿੰਡ ਪੁੱਛਣਾ ਉਹਨਾਂ ਤੋਂ ਜੀਨ੍ਹੇ ਕਹਾਣੀ ਲਿਖੀ ਆ , ਕੁਲਫੀ । ‘
ਅਨਾੜੀ ਜਿਹੇ ਮੁੰਡੇ ਮੂੰਹੋਂ , ਸਾਹਿਤਕ ਕਿਰਤ ਦਾ ਨਾਂ ਸੁਣ ਕੇ , ਤਖ਼ਤਪੋਸ਼ ਉਤੇ ਪੱਸਰ ਬੈਠਾ ਆਕਾਰ ਕੁਝ ਗੰਭੀਰ ਹੋ ਕੇ ਬੋਲਿਆ – ਕੇੜ੍ਹਾ ਸੱਜਣ ਸੂੰਹ ... ਕੀ ਕੰਮ ਆ ੳਦ੍ਹੇ ਨਾਲ ਤੈਨੂੰ ... ? ਨਾਲੇ ਸਾਲਿਆ ਉਦ੍ਹਾਂ ਨਾਂ ਸੱਜਣ ਸੂੰਹ ਨਈਂ ਸੁਜਾਨ ਸੂੰਹ ਐ ... ਸੁਜਾਨ ਸੂੰਹ । ਉਹ ਕਿਸੇ ਪੜੇ-ਪਿੰਡ ਨਈਂ ਰਹਿੰਦਾ , ਸ਼ਹਿਰ ਰਹਿੰਦਾ ਸ਼ਹਿਰ ... ਗੁਰਦਾਸਪੁਰ । ‘
ਪੰਛੀ ਦੀ ਪਛਾਣ ਕਰਦੇ , ਛਛੋ-ਪੰਜ ਅੰਦਰ ਪਏ , ਘੜੀ
ਪਲ ਉਵੇਂ ਦੇ ਉਵੇਂ ਖੜਿਆਂ ਮੁੰਡਿਆਂ ਨੂੰ ਦੇਖ ਕੇ ਖਿਝਿਆ ਮੱਥਾ ਇਕ ਵਾਰ ਫਿਰ ਘੁਰਕਿਆ – ਓਏ
ਜਾਂਦੇ ਓ ਕਿ ਨਈਂ , ਉਠਾਂ ਮੈਂ ਫੇ ...ਏ , ਸਾਲੇ ਰਾਣੀ ਖਾਂ ਦੇ । ਜਾਓ , ਦਫਾ ਹੋ ਜਾਓ , ਨੀਂਦ
ਹਰਾਮ ਨਾ ਕਰੋ ਮੇਰੀ ... ਜੇ ਪੂਰਾ ਸਰਨਾਂਮਾ ਚਾਹੀਦਾ , ਲਾਲੇ ਆਪਣੇ ਦਾ ,ਤਾਂ ...ਤ ਮਾਂ ਆਪਣੀ
ਨੂੰ ਭੇਜੋ ਜਾ ਕੇ ... ।‘
ਮਿੱਟੀ ਝਾੜ ਕੇ ਲੰਮਿਆਂ ਪੈਣ ਲੱਗੇ ਕਵੀ ਸੂੰਹੋਂ ,
‘ ਮਾਂ-ਆਪਣੀ ’ ਦਾ ਸੰਬੋਧਨ ਸੁਣ ਕੇ ਬਹਾਦਰ ਨੂੰ ਜਿਵੇਂ ਕਿਸੇ ਨੇ ਸੜਦੇ ਬਲਦੇ ਅੰਗਿਆਰਾਂ ‘ ਤੇ ਸੁੱਟ ਦਿੱਦਾ ਹੋਵੇ । ਉਸ ਦਾ ਜੀਅ ਕੀਤਾ ਕਿ
ਵਾਗਲੇ ਦੀਆਂ ਉੱਖੜੀਆਂ ਇੱਟਾਂ ਮਾਰ ਮਾਰ ਕੇ ਕਵੀ ਖੋਪੜੀ ਖੱਖੜੀ ਕਰ ਦੇਵੇ । ਪਰ , ਦੁਵੱਲਿਓ ਘਿਰੇ
ਬਹਾਦਰ ਨੂੰ ਇਸ ਸਮੇਂ ਆਪਣੀ ਬੇਇਜ਼ਤੀ ਨਾਲੋਂ ਮਾਂ-ਪਿਓ ਦੀ ਇੱਜ਼ਤ ਕੀਮਤੀ ਜਾਪੀ । ਕਿਸੇ ਨਾ ਕਿਸੇ
ਤਰ੍ਹਾਂ ਆਪਣੇ ਅੰਦਰ ਉੱਠਿਆ ਉਬਾਲ , ਹੱਥਾਂ –ਬਾਹਵਾਂ ਤੱਕ ਲਿਆਉਣ ਤੋਂ ਤਾਂ ਭਾਵੇ ਉਸ ਨੇ ਰੋਕ
ਲਿਆ , ਪਰ ਸੂੰਹ ਅੰਦਰੋਂ ਕਈ ਸਾਰੇ ਅਜਿਹੇ ਵਾਕ ਉਸ ਤੋਂ ਆਪ-ਮੁਹਾਰੇ ਉਗਲੇ ਗਏ , ਜਿਹਨਾਂ ਦੀ ਨਾਲ
ਤੁਰੇ ਮੀਕੇ ਨੂੰ ਬਿਲਕੁਲ ਆਸ-ਉਮੀਦ ਨਹੀਂ ਸੀ ।
-ਭਲਾ –ਮਾਣਸ ਬਣ ਕੇ ਤੁਰਿਆ ਚੱਲ ... ਇਕ ਕੰਮ
ਸੁਆਰਦਾ, ਕਿਤੇ ਹੋਰ ਨਾ ਪੰਗਾ ਖੜ੍ਹਾ ਕਰ ਲਈਂ ...’
ਮੀਕੇ ਦੀ ਦਲੀਲ ਉਸ ਅੰਦਰ ਉੱਠੀ ਹਨ੍ਹੇਰੀ ਨੂੰ ਥੰਮਣ ਲਈ ਸਹਾਈ ਤਾਂ ਜ਼ਰੂਰ ਹੋਈ , ਪਰ ਮਾਂ ਦੀ
ਦਿੱਤੀ ਕਵੀ ਵਲੋਂ ਗਾਲ੍ਹ ਦੀ ਪੱਚਰ ਉਸਦੇ ਧੁਰ ਅੰਦਰ ਤੱਕ ਲਹਿ ਕੇ ਜਿਵੇਂ ਖੁੱਭ ਹੀ ਗਈ ਹੋਵੇ ।
ਅੰਦਰੋ-ਅੰਦਰ ਲਹੂ-ਲੁਹਾਣ ਹੋਇਆ ਉਹ ਮੀਕੇ ਦੀ
ਬਾਂਹ ਫੜੀ ਚੌਂਹ-ਕੋਹਾਂ ‘ ਤੇ ਦਿਸਦੇ ਸ਼ਹਿਰ ਗੁਰਦਾਸਪੁਰ ਨੂੰ ਦੌੜ ਪਿਆ । ਸਾਹਮਣੇ ਲਹਿੰਦਾ ਸੂਰਜ ਉਹਨਾਂ ਦੀਆਂ ਅੱਖਾਂ ਵਿਚ ਸਿੱਧਾ ਢਲਦਾ ਆਖਿਰ ਸੁੱਕੇ ਬੁੱਲਾਂ ਤੱਕ
ਫੈਲ ਗਿਆ । ਪਾਣੀ ਦੇ ਘੁੱਟ ਦੀ ਚਿੰਤਾ ਕੀਤੇ ਬਿਨਾਂ ਉਹ ਦੋ-ਤਿੰਨ ਦੁੜੱਕੀਆਂ ਮਾਰ ਕੇ ਸ਼ਹਿਰੋਂ ਬਾਹਰ –ਬਾਹਰ
ਚੁੰਗੀ ਲਾਗੇ ਸੜਕ ਕੰਢੇ ਰੱਖੇ ‘ਮੁੱਛ-ਮਰੋੜ ਚਾਹ ’ ਵਾਲੇ ਇਕ ਖੋਖੇ ਪਾਸ ਜਾ ਖੜ੍ਹੇ ਹੋਏ ।
-ਆਓ ਪੁੱਤਰੋ ... ਲੰਘ ਆਓ । ‘ ਅੰਦਰ , ਚਾਹ ਵਾਲੇ ਨੇ ਬੜੀ ਅਪਣੱਤ ਨਾਲ ਬਿਨਾਂ
ਪੁੱਛਿਆਂ ਉਹਨਾਂ ਸਾਹਮਣੇ ਪਏ ਲੱਕੜ ਦੇ ਕਾਲੇ –ਪੀਲੇ ਬੈਂਚ ਉਤੇ ਦੋ ਗਲਾਸ ਪਾਣੀ ਲਿਆ ਰੱਖਿਆ ।
ਚੌਂਹ ਕੋਹਾਂ ਦੀ ਲੰਮੀਂ ਦੌੜ ਕਾਰਨ ਉਖੜੇ ਦੋਨਾਂ ਦੇ ਸਾਹ , ਡੀਕ ਲਾ ਕੇ ਪੀਤੇ ਪਾਣੀ ਨਾਲ ਟਿਕਾਣੇ
ਆਏ ਹੀ ਸਨ ਕਿ ਖੋਖੇ ਵਾਲਾ ਚਾਹ ਬਣਾਉਣ ਦੇ ਇਸ਼ਾਰੇ ਦੀ ਭਾਲ ਕਰਦਾ ਕਿੰਨਾ ਹੀ ਚਿਰ ਦੋਨਾਂ ਦੇ
ਹੱਥਾਂ ਵੱਲ ਦੇਖਦਾ ਰਿਹਾ । ਕੋਈ ਹੁੰਗਾਰਾ ਨਾ ਮਿਲਿਆ ਦੇਖ ਕੇ ਆਖਿਰ ਹਲਕੇ ਜਿਹੇ ਗੁੱਸੇ ਨਾਲ ਉਸ
ਨੇ ਕੋਨੋਂ ਖਾਲੀ ਗਲਾਸ ਉਹਨਾਂ ਮੂਹਰਿਓਂ ਚੁਕਦਿਆਂ ਖਰ੍ਹਵੇਂ ਜਿਹੇ ਢੰਗ ਨਾਲ ਪੁੱਛਿਆ – ਕੀਹਨੂੰ
ਮਿਲਣੈਂ ! ‘
-ਸਰਦਾਰ ਸੁਜਾਨ ਸੂੰਹ ਨੂੰ ... ਕਹਾਣੀਆਂ ਲਿਖਦਾ ਆ
ਉਹ ... ।‘
-ਕਹਾਣੀਆਂ ਲਿਖਣ ਆਲੇ ਚਾਹਾਂ ਦੇ ਖੋਖਿਆਂ ‘ਤੇ ਨਹੀਂ , ਦਾਰੂ ਦੇ ਹਾਤਿਆਂ ‘ ਚ ਮਿਲਦੇ ਆ ...। ਬੱਸਾਂ ਦੇ ਅੱਡੇ ਲਾਗਲੇ
ਸਰਕਾਰੀ ਹਾਤੇ ‘ ਚ ਭੱਜ ਜਾਓ , ਹੈਨੀਂ ਪੈਰੀਂ .... । ‘
ਖੋਖੇ ਵਾਲੇ ਦੀ ਕੀਤੀ ਠਿੱਠ ਨੂੰ ਨੇਕ ਸਲਾਹ ਮੰਨ
ਕੇ , ਪੁੱਛਦੇ –ਪੁੱਛਾਂਦੇ ਉਹ ਦੱਸੇ ਟਿਕਾਣੇ ਵੱਲ ਨੂੰ ਤੁਰ ਪਏ । ਵੱਖ-ਵੱਖ ਕਿਸਮਾਂ ਦੀਆਂ
ਸਜੀਆਂ-ਧਜੀਆਂ ਦੁਕਾਨਾਂ ਦੇ ਸਿਰਾਂ ‘
ਤੇ ਬੰਨ੍ਹੇ ਰੰਗ ਬਰੰਗੇ ਬੋਰਡ ਪੜ੍ਹਦੇ ਆਖਿਰ ਉਹ ਖੋਖੇ ਵਾਲੇ ਦੇ ਦੱਸੇ ਟਿਕਾਣੇ ਤੱਕ ਪਹੁੰਚ ਗਏ । ਗੁਜ਼ਾਰੇ ਮਾਤਰ ਅੰਗਰੇਜ਼ੀ ਤੇ ਸਰਦੀ-ਪੁਜਦੀ ਪੰਜਾਬੀ ਉਚਾਰ ਸਕਣ ਦੇ ਯੋਗ ਹੋਣ ਕਰਕੇ , ਇਕ ਦੋ-ਹੱਟੇ ਦੇ ਸਾਰੇ ਦੇ ਸਾਰੇ
ਮੱਥੇ ਉੱਪਰ ਲਿਖੀ ਇਬਾਰਤ – ‘ ਸਰਕਾਰੀ ਮਨਜ਼ੂਰ –ਸ਼ੁਦਾ ਇਹਾਤਾ ਠੇਕਾ ਦੇਸੀ ਸ਼ਰਾਬ,
ਕੋਲਡ ਬੀਅਰ ‘ ਪੜ੍ਹ ਕੇ ਉਹਨਾਂ ਨੂੰ ਸਹੀ ਟਿਕਾਣਾ ਲੱਭ ਪੈਣ ਦੀ
ਆਸ ਪੂਰੀ ਤਰ੍ਹਾਂ ਪੱਕੀ-ਠੱਕੀ ਹੋ ਗਈ । ਇਹਾਤੇ
ਦੇ ਬਿਲਕੁਲ ਸਾਹਮਣੇ , ਸੜਕ ਕੰਢੇ , ਤਰਪਾਲ ਨਾਲ ਛੱਤੀ ਮੱਛੀ ਦੀ ਰੇੜ੍ਹੀ ਲਾਗੇ ਖੜ੍ਹੇ , ਲਾਲ –
ਲਾਲ ਅੱਖਾਂ ਵਾਲੇ ਫੌਜੀ ਨੁਮਾ ਬੰਦੇ ਤੋਂ ਉਹਨਾਂ ਬੇਝਿਜਕ ਹੋ ਕੇ ਸੁਜਾਨ ਸਿੰਘ ਦੇ ਅੰਦਰ ਹੋਣ
ਬਾਰੇ ਪੁੱਛ ਲਿਆ । ਬਿਨਾਂ ਗੱਲ ਸਮਝਿਆਂ ਮੱਛੀ ਵਾਲੇ ਨੇ ਸਾਰੇ ਦਾ ਸਾਰਾ ਸਿਰ ਹਾਂ ਕਰਨ ਲਈ ਉੱਪਰ
ਥੱਲੇ ਕਈ ਵਾਰ ਹਿਲਾ ਮਾਰਿਆ ।
ਮਿਥੇ ਨਿਸ਼ਾਨੇ ਦੀ ਪ੍ਰਾਪਤੀ ਐਨ ਸਾਹਮਣੇ ਦੇਖ ,
ਬੇਧੜਕ ਹੋਏ , ਉਹ ਦੋਨੋਂ ਅੱਗੜ-ਪਿੱਛੜ ਦੁਕਾਨ ਅੰਦਰ ਟਿਕਿਆਂ ਦਸ-ਬਾਰਾਂ ਕੁਰਸੀਆਂ ਦੀ ਪਾਲ ਲੰਘ
ਕੇ , ਪਿਛਵਾੜੇ ਖੁਲ੍ਹਦੇ ਖੁਲ੍ਹੇ ਇਹਾਤੇ ਅੰਦਰ ਪਹੁੰਚ ਗਏ । ਲੋਹੇ ਦੀਆਂ ਧੁਆਂਖੀਆਂ , ਪੁਰਾਣੀਆਂ
ਚਾਦਰਾਂ ਖੜੀਆਂ ਕਰਕੇ ਕੀਤੇ ਵਾਗਲੇ ਅੰਦਰ , ਸੱਠ-ਸੱਤਰ ਸੀਟਾਂ ਜਿਵੇਂ ਕਿਸੇ ਜਚਦੀ-ਮਿੱਚਦੀ ਬਰਾਤ
ਦੀ ਉਡੀਕ ਅੰਦਰ ਬੈਠੀਆਂ ਬਾਹਰ ਵੱਲ ਝਾਕ ਰਹੀਆਂ ਸਨ । ਇਕ ਕੋਨੇ ਉੱਗੀ ਛੋਟੀ ਜਿਹੀ ਨਿੰਮ ਹੇਠਲੇ
ਬੈਂਚ ਉੱਤੇ ,ਕਸੀਆਂ ਪੈਂਟਾਂ ਤੇ ਖੁਲ੍ਹੇ –ਢਿਲਕੇ ਕੁੜਤਿਆਂ ਵਾਲੇ ਕੁਝ ਬੰਦੇ, ਬਾਜਦਾਰਾਂ ਵਾਂਗ
ਖਿਲਰੇ ਬੈਠੇ ਸਨ । ਦੂਜੇ ਕੋਨੇ ਅਛੋਪਲੇ ਜਿਹੇ ਛਹਿ ਕੇ ਖਲੋਤਿਆਂ ਦੋਨਾਂ ਮੁੰਡਿਆਂ ਸਾਹਮਣੇ ਆਪਣੇ
ਕਹਾਣੀ ਲੇਖਕ ਦਾ ਪਤਾ ਲਾਉਣਾ , ਪਹਾੜ ਜਿੱਡੀ ਸਮੱਸਿਆ ਬਣੀ ਪਈ ਸੀ । ਆਖਿਰ ਮੀਕੇ ਨੇ ਖਿੱਲਰੀਆਂ
ਜਟੂਰੀਆਂ ਵਾਲੇ ਇਕ ਕੱਲੇ ਬੈਠੇ ਬੰਦੇ ਹੌਸਲਾ
ਕਰਕੇ ਸੁਜਾਨ ਸਿੰਘ ਬਾਰੇ ਪੁੱਛ ਹੀ ਲਿਆ । ਆਪਣੀ ਗਥਲੀ ਫਰੋਲਦੀ ਉਸ ਦੀ ਬੇਹੋਸ਼ੀ ਵਰਗੀ ਮਸਤੀ ਨੂੰ
ਸੁਜਾਨ ਸਿੰਘ ਦਾ ਨਾਂ ਸੁਣ ਕੇ ਜਿਵੇਂ ਬਿਜਲੀ ਦਾ ਤੜਕਾ ਆ ਲੱਗਾ ਹੋਵੇ ।
ਮੀਕੇ ਨੂੰ ਉੱਤਰ ਦੇਣ ਤੋਂ ਪਹਿਲਾਂ ਉਸ ਨੇ ਕਾਉਂਟਰ
‘ ਤੇ ਗਏ ਆਪਣੇ ਹਮਜੋਲੀ ਨੂੰ ਉੱਚੀ ਆਵਾਜ਼ ਦੇ ਮਾਰੀ –
ਓਏ ਵਰਮਿਆਂ , ਓਏ ਸਾਲਿਆ ਤੂੰ ਹੈਥੇ ਈ ਛਾਉਣੀ ਪਾ ਕੇ ਬਹਿ ਗਿਆ , ਐਧਰ ‘ ਵੱਡੇ ਬੁੜ੍ਹੇ ’ ਦੇ ਪਾਠਕ ਆਏ ਖੜ੍ਹੇ ਆ ।‘
ਵੱਡੇ –ਬੁੜ੍ਹੇ ਦਾ ਜ਼ਿਕਰ ਸੁਣ ਕੇ ਦੂਜੀ ਪਾਲ ਅੰਦਰ
ਬੈਠਾ ਸਾਹਿਤਕਾਰਾਂ ਦਾ ਪੂਰਾ ਕਾਫ਼ਲਾ , ਵਰਮੇਂ ਦੇ ਮਗਰ-ਮਗਰ ਤੁਰਿਆ , ਭੂੰਡਾਂ ਵਾਂਗ ਦੋਨਾਂ
ਬਾਲਾਂ ਦੁਆਲੇ ਆ ਖੜ੍ਹਾ ਹੋਇਆ ।
-ਕਿਧਰੋਂ ਆਏ ਜੇ ... ? ਗਿੱਲ ਨੇ ਮੀਕੇ ਦੇ ਮੋਢੇ ‘ ਤੇ ਆਪਣਾ ਪਾਥੀ ਵਰਗਾ ਭਾਰ ਹੱਥ ਰੱਖ ਕੇ ਪੁੱਛਿਆ
।
-ਕੋਟਲੀਓਂ ...’ ਡਰਦੇ ਡਰਦੇ ਮੀਕੇ ਤੋਂ ਆਪਣੇ ਪਿੰਡ ਦਾ ਨਾਂ ਮਸਾਂ
ਬੋਲਿਆ ਗਿਆ ।
-ਵੱਡੇ – ਬੁੜ੍ਹੇ ਨੇ ਪਤਾ ਨੀ ਥਾਡੇ ਸਿਰਾਂ ‘ ਚ ਕੀ ਜਾਦੂ ਧੂੜਿਐ , ਉਹਤੋਂ ਬਿਨਾਂ ਹੋਰ ਕੋਈ
ਘਾਣੀਕਾਰ ਈ ਥਾਡੇ ਨੱਕ ਹੇਠ ਨੀਂ ਆਉਂਦਾ । ... ਦਰਦੀ , ਸਿਦਕੀ,ਰਿਸ਼ੀ, ਭੱਟੀ, ਗਿੱਲ,
ਬਰਾੜ,ਸੰਧੂ, ਸੰਧਜ਼, ਸ਼ਰਮਾ, ਵਰਮਾ, ਮੱਟੂ,ਮਠਾਰੂ ਅਨੇਕਾਂ ਕਥਾ-ਆਕਾਸ਼ ਦੇ ਚਮਤਕਾਰ ਤਾਰਿਆਂ ‘ ਚੋਂ ਪਤਾ ਨਈਂ ਬੁੜ੍ਹੇ ਦਾ ਚੱਲਿਆ ‘ ਨਾਰ ਤ੍ਹਾਨੂੰ ਕਿਉਂ ਪਸੰਦ ਐ ... ਸਾਲਿਓ ...!’
-ਜੀ...ਈ...ਈ...,ਨਈਂ ....ਨਈਂ ਅਸੀਂ ਤਾਂ ... ! ‘
-ਨਈਂ
ਤਾਂ ਨਾ ਸਈ ... ਜਾਓ ਵੜੋ ਭਾਂੜੇ ‘ਚ
...ਹਾਨੂੰ ਨਈਂ ਪਤਾ ਕੌਣ ਐ ਉਹ ਤੇ ਕਿੱਥੇ ਰਹਿੰਦੈ ...’ ਸਿਦਕੀ ਨੇ ਮੀਕੇ ਦੇ ਟੁੱਟਵੇਂ ਬੋਲ , ਬਾਜ਼ ਵਾਂਗ ਝਬੂਟੇ ਤੇ ਹੱਥਲੇ ਗਲਾਸ ਤਾ
ਹਲਕਾ ਸੰਗਤਰੀ ਰੰਗ ਡੀਕ ਲਾ ਕੇ ਪੀਂਦਿਆਂ ਚਿੱਟਾ-ਥਿੱਦਾ ਕਰਾ ਦਿੱਤਾ ।
-ਤੁਹੀ ਪੁੱਤਰੋ, ਖਾਲਸਾ ਕਾਲਜ ਪਹੁੰਚੋ ਦੋ ਵਜੇ , ਸੈਹਤ
ਸਭਾ ਦੀ ਮੀਟਿੰਗ ਆ ਲੈਬਰੇਰੀ ਆਲ ‘ਚ । ਕੱਲ ਸੋਜਾਨ
ਸੂੰਹ ਤਾਂ ਕੀ ‘ ਲਾਕੇ ਭਰ ਦੇ ਕਲਮਕਾਰਾਂ ਦੇ ਦਰਸ਼ਨ-ਪਰਸ਼ਨ ਕਰ ਲਿਆ ਜੇ ਬੇਸ਼ਕ ... ‘ ਸਿਆਣੀ ਉਮਰ ਦੇ ਗਾਫਿਲ ਨੇ ਦੋਨਾਂ ਬੱਚਿਆਂ ਨੂੰ
ਅਣਕਿਆਸੀ ਘੁੰਮਣ-ਘੇਰੀ ‘ਚੋਂ ਕੱਢ ਕੇ ਇਕ ਵਾਰ ਫਿਰ ਪੱਕੀ ਸੜਕ ‘ ਤੇ ਤੁਰਦਾ ਕਰ ਦਿੱਤਾ ।
ਕੁਝ ਸਮੇਂ ਪਿੱਛੋਂ ਟੱਕਰਾਂ ਮਾਰਦੇ, ਠੋਕਰਾਂ –ਖਾਂਦੇ ਉਹ
ਦੋਨੋਂ ਜਰਨੈਲੀ ਸੜਕ ਨੂੰ ਜੁੜਦੀ ਛੰਭ-ਰੋੜ ‘
ਤੇ ਉਸਰੇ ਖਾਲਸਾ ਕਾਲਿਜ ਦੇ ਵੱਡੇ ਦਰਵਾਜ਼ੇ ਦੀ ਆਰਕ ਸਾਹਮਣੇ , ਦੋ ਵਜਣ ਦੀ ਉਡੀਕ ਕਰਨ ਲਈ ਆ ਖੜੇ
ਹੋਏ । ਤਪਦੀ ਭੱਠੀ ਵਾਂਗ ਸੜਦੀ ਸੜਕ ਤੇ ਦੌੜਦਾ ਕੋਈ ਕੋਈ ਖਾਲੀ ਜਾਂ ਭਰਿਆ ਰਿਕਸ਼ਾ ,ਉਹਨਾਂ ਦੀਆਂ
ਨੰਗੀਆਂ ਲੱਤਾਂ-ਬਾਹਾਂ ‘ਤੇ ਜੰਮੀ ਕਲਰੀ ਮਿੱਟੀ ਨੂੰ ਹਲਕੀ ਜਿਹੀ ਹਵਾ
ਦਿੰਦਾ , ਲੰਘਦਾ ਗਿਆ । ਮੁੱਖ-ਦੁਆਰ ਦੀ ਟੀਸੀ ਉੱਪਰ ਇੱਟਾਂ-ਸੀਮਿੰਟ ਨਾਲ ਬੀੜੀ ਗੁਰੂ ਗੋਬਿੰਦ
ਸਿੰਘ ਦੀ ਰੋਹ ਭਰੀ ਆਦਮ-ਕੱਦ ਤਸਵੀਰ ,ਉਹਨਾਂ ਦੋਨਾਂ ਵੱਲ ਨੂੰ ਓਨੀ ਦੇਰ ਤੱਕ ਲਗਾਤਾਰ ਦੇਖਦੀ ਰਹੀ
ਜਿੰਨਾਂ ਚਿਰ ਇਕ ਰਿਕਸ਼ਾ ਉਹਨਾਂ ਦੇ ਐਨ ਬਰਾਬਰ ਆ ਕੇ ਰੁਕ ਨਾ ਗਈ । ਬੜੇ ਹੀ ਸਹਿਜ-ਧੀਰਜ ਨਾਲ ਇਕ ਲੰਮਾ-ਉੱਚਾ ਰੋਹਬ-ਦ੍ਹਾਰ ਬਜੁਰਗ , ਖੂੰਟੀ ਆਸਰੇ ਰਿਕਸ਼ੇ ‘ਚੋਂ ਹੇਠਾਂ ਉਤਰਿਆ । ਇਕ ਹੱਥ ਫੜਿਆ ਕੀਮਤੀ ਬੈਗ
ਉਸ ਨੇ ਖੱਬੀ ਬਗਲ ਹੇਠ ਦਬਾ ਕੇ ਪਹਿਲਾਂ ਦੋ ਕਦਮ ਅੰਦਰ ਵੱਲ ਨੂੰ ਭਰੇ ਫਿਰ ਇਕ-ਟੱਕ ਉਹਦੀ ਵਲ
ਦੇਖਦੇ ਬਾਲਾਂ ਨੂੰ ਦੇਖ ਕੇ , ਉਹ ਥਾਏਂ ਰੁੱਕ ਗਿਆ ।
ਭੁੱਖੇ –ਤਿਹਾਏ ਸਹਿਮੇ ਬੱਚੇ ਉਸਨੂੰ ਰੁਕਿਆ ਦੇਖ ਕੇ
ਪਹਿਲਾਂ ਤਾਂ ਸਹਿਮ ਜਿਹੇ ਗਏ , ਪਰ ਉਸ ਦੀਆਂ ਮੋਟੇ ਸ਼ੀਸ਼ੇ ਦੀਆਂ ਐਨਕਾਂ ‘ ਚੋਂ ਛਣਦੀ ਘੋਖਵੀਂ ਨਿਗਾਹ , ਅਗਲੇ ਹੀ ਪਲ ਉਹਨਾਂ
ਨੂੰ ਪਿਆਰੀ ਪਿਆਰੀ ਲੱਗਣ ਲੱਗੀ । ਮੋਹ ਵੱਸ ਹੋਏ। ਥੋੜੀ ਦੂਰ ਹਟਵੇਂ ਖੜ੍ਹੇ ਛੇਆਂ ਪੈਰਾਂ ਦੇ
ਪੋਲੇ –ਪੋਲੇ ਕਦਕ ਦੋਨਾਂ ਪਾਸਿਆਂ ਤੋਂ , ਇਕ ਦੂਜੇ ਵਲ ਆਪ-ਮੁਹਾਰੇ ਵਧ ਕੇ , ਵਿਚਕਾਰ ਬਣਦੀ ਸਾਰੀ
ਵਿੱਥ ਮੁਕਾ , ਕੇਲੇ ਦੀਆਂ ਜੜ੍ਹਾਂ ਲਾਗੇ ਉੱਗੇ ਅੰਬਾਂ ਦੇ ਕੋਮਲ ਬੂਟਿਆਂ ਵਾਂਗ ਖੜੋ ਗਏ ।
ਨਿੱਕਿਆਂ-ਨਿੱਕਿਆਂ ਹਿੱਕਾਂ ਅੰਦਰ ਲਟਕਦਾ ਵੱਡਾ ਸਾਰਾ ਪ੍ਰਸ਼ਨ ,ਸਾਹਮਣੇ ਖੜ੍ਹੀ ਚੌੜੀ ਛਾਤੀ ਤੇ
ਇਸ਼ਤਿਹਾਰ ਵਾਂਗ ਚਿਪਕ ਗਿਆ । ਖੂੰਟੀ ਵਾਲਾ ਕੰਬਦਾ ਹੱਥ ਜੁੜੇ ਛੋਟੇ-ਛੋਟੇ ਹੱਥ ਦੁੱਧ-ਚਿੱਟੀ
ਬੁਸ਼-ਸ਼ਰਟ ‘ ਤੇ ਮਿੱਟੀ –ਘੱਟੇ ਦਾ ਠੱਪਾ ਮਾਰ ਗਏ । ਥੰਮਾਂ
ਜਿੱਡੀਆਂ ਲੱਤਾਂ ਨਾਲ ਚਿਮੜਿਆ ਨਿਰਛਲ ਮੋਹ , ਲਾਲ ਸੁਰਖ ਖਾਖਾਂ ‘ ਤੇ ਤਰੇਲ-ਮੋਮੀ ਬਣ ਕੇ ਵੱਗਣ ਲੱਗਾ । ਉੱਧਰ ਭਰੇ
ਹੋਏ ਗੱਚ ‘ ਚੋਂ ਨਿਕਲਦੇ ਟੁੱਟਵੇਂ ਬੋਲ ਹੌਲੀ-ਹੌਲੀ ਬਲੂਰ
ਬਾਲਾਂ ਦਾ ਥਾਂ ਟਿਕਾਣਾ , ਘਰ ਗਿਰਾਂ ਪੁੱਛਣ ਲਈ ਉਤਾਵਲੇ ਹੋ ਗਏ ।
-ਅਸੀਂ ਸੁਜਾਨ ਸਿੰਘ ਜੀ ਨੂੰ ਮਿਲਣਾਂ.. ‘ ਦੋਨਾਂ ਮੂੰਹੋ ਨਿਕਲਿਆ ਸਵਾਲ ਵਰਗਾ ਜਵਾਬ , ਪਹਾੜ
ਜਿੱਡੀ ਦੇਹ ਨੂੰ ਰੇਤ ਦੀ ਢੇਰੀ ਵਾਂਗ ਵਿੱਛਦਾ ਕਰ ਗਿਆ ।
-ਕੀ ਕੰਮ ਐ, ਉਹਦੇ ਨ ....?’ ਵਾਕ ਦਾ ਅਖੀਰਲਾ ਅੱਖਰ ਸੰਘੋਂ ਵਿਚਕਾਰ ਫਿਰ
ਘੁੱਟਿਆ ਗਿਆ ।
-ਉਹਦੀ ਕੁਲਫੀ ਕਹਾਣੀ ਨੇ ਮੇਰੇ ਮਾਂ-ਪਿਓ ਦੀ ਜਾਨ ਛਕੰਜੇ ‘ ਚ ਫਾਹੀ ਪਈ ਐ । ਉਹਨਾਂ ਨੂੰ ਛੁੜਾਉਣ ਦੀ , ਉਸ
ਤੋਂ ਅਸੀਂ ਕੋਈ ਤਰਕੀਬ ਪੁੱਛਣ ਆਏ ਆਂ ! ‘
ਬਹਾਦਰ ਦੇ ਬੋਲਾਂ ਅੰਦਰ ਇਕ ਦਮ ਦ੍ਰਿੜਤਾ ਪੱਸਰ ਗਈ ।
ਆਦਮਕੱਦ ਭਾਵਕਤਾ ਇਕੋ ਝਟਕੇ ਅੰਦਰ ਉੱਡ-ਪੁੱਡ ਕੇ ਦੋਨਾਂ
ਸਾਹਮਣੇ ਪ੍ਰਸ਼ਨ ਚਿੰਨ੍ਹ ਬਣ ਕੇ ਫੈਲ ਗਈ – ਕੀ ਹੋਇਆ ...? ਉਹਨਾਂ ਨੂੰ ! ‘
ਮੀਕੇ ਦਾ ਵਿਸਥਾਰ ਸਾਹਮਣੇ ਖੜ੍ਰ੍ਹੇ ਬ੍ਹਿਛ ਨੂੰ
ਪੱਤਾ-ਪੱਤਾ ਕਰ ਗਿਆ –ਚਲੋ ਉਹਨਾਂ ਨੂੰ ਬਚਾਉਣ ਬਾਰੇ ਵਿਚਾਰ ਚਰਚਾ ਕਰੀਏ ..ਹੁਣੇ ਈ , ਦੋ ਵਜੇ ... ਸਭਾ ਦੀ ਇਕੱਤਰਤਾ ‘ ਚ । ‘
ਹਰੇ-ਭਰੇ ਕਾਲਿਜ ਦੀਆਂ ਟੇਢੀਆਂ –ਮੇਢੀਆਂ ਲਾਨਾਂ ਦੇ ਨਾਲ
ਨਾਲ ਉਗਾਏ ਅਨੇਕਾਂ ਕਿਸਮਾਂ ਦੇ ਫੁੱਲਾਂ –ਬੂਟਿਆਂ ਕੋਲੋਂ ਦੀ ਲੰਘਦੇ ਤਿੰਨੇ ਜਣੇ , ਦੋ ਵੱਜਣ ਤੋਂ ਪਹਿਲਾਂ ਹੀ ਲਾਇਬਰੇਰੀ ਹਾਲ ਅੰਦਰ ਜਾ ਬੈਠੇ
। ਵਿਸ਼ਾਲ ਖੁਲ੍ਹੇ ਕਮਰੇ ਦੀ ਛੱਤ ਨੂੰ ਛੋਂਹਦੇ ਰੈਕਾਂ ਅੰਦਰ ਚਾਰਾਂ ਕੰਧਾਂ ਨਾਲ ਚਿਪਕੀਆਂ
ਕਿਤਾਬਾਂ ਦੀਆਂ ਟੋਕਣਾਂ ਦੇਖ ਕੇ ਕੁਝ ਚਿਰ ਲਈ ਤਾਂ ਉਹਨਾਂ ਨੂੰ ਭੁੱਲ ਹੀ ਗਿਆ ਕਿ ਉਹ ਕਿੱਥੇ ਅਤੇ
ਕਿਸ ਕੰਮ ਆਏ ਹਨ ।
-ਐਨ੍ਹਾਂ ਸਾਰੀਆਂ ਕਿਤਾਬਾਂ ਅੰਦਰ ਕੁਲਫੀਆਂ ਈ ਲਿਖਿਆਂ
ਆਂ, ਮਹਾਟਰ ਜੀ ? ‘ ਬਿਰਧ ਨਾਲ ਢੁੱਕ ਕੇ ਬੈਠੇ ਮੀਕੇ ਨੇ ਸ਼ੰਕਾ ਨਵਿਰਤ
ਕਰਨ ਲਈ ਆਖਿਰ ਪੁੱਛ ਹੀ ਲਿਆ ।
-ਨਈਂ ਬੇਟੇ , ਦੁੱਖ ਤਾਂ ਇਹੀ ਐ ... , ਇਨ੍ਹਾਂ ਵਿਚ
ਕਿਸੇ ਅੰਦਰੋਂ ਵੀ ਕੁਲਫੀ ਨਹੀਂ ਲੱਭਣੀ । ‘
ਭੋਲੇ-ਭਾਲੇ ਮੀਕੇ ਦਾ ਸਹਿ-ਸੁਭਾ ਪੁੱਛਿਆ ਪ੍ਰਸ਼ਨ , ਬਿਰਧ ਦਾ ਉੱਤਰ ਸੁਣ ਕੇ ਹੋਰ ਦੁਬਧਾ ਅੰਦਰ
ਲਟਕ ਗਿਆ ।
ਮਾਸਟਰ ਬਾਬੇ ਦੇ ਦੂਜੇ ਹੱਥ ਗੱਦੇ-ਦਾਰ ਕੁਰਸੀ ‘ ਤੇ ਬੈਠੇ ਬਹਾਦਰ ਦੇ ਖਿੱਲਰੇ ਵਾਲਾਂ ਨੂੰ ਛੇੜਦੀ
ਛੱਤ-ਪੱਖੇ ਦੀ ਬੁੱਲੇਦਾਰ ਹਵਾ , ਉਸਨੂੰ ਨੀਂਦ ਦੀ ਲਪੇਟ ਅੰਦਰ ਸੁੱਟਣ ਹੀ ਲੱਗੀ ਸੀ ਕਿ ਸਾਹਮਣਲੀ
ਪਾਲ ਦੇ ਸੋਫੇ ‘ ਤੇ ਟਿਕੇ ਖੁੱਲੀ-ਚਿੱਟੀ ਵਰਦੀ ਵਾਲੇ ਇਕ ਵਿਸ਼ੇਸ਼
ਵਿਅਕਤੀ ਨੇ , ਉਹਨਾਂ ਦੋਨਾਂ ਵੱਲ ਇਸ਼ਾਰਾ ਕਰਕੇ ਬਿਰਧ ਤੋਂ ਪੁੱਛਿਆ – ਹਾਆ , ਪੰਖੇਰੂ ਕਿਥੋਂ
ਫ਼ਸਾਏ ਆ ... ? ‘
ਬਿਰਧ ਨੂੰ ਆਇਆ ਉਬਾਲ ਕਿਸੇ ਯੋਗ ਉੱਤਰ ਦੀ ਭਾਲ ਬਿਨਾਂ ਹੀ
ਨੀਵੀਂ ਪਾ ਕੇ ਰਹਿ ਗਿਆ ।
ਥੋੜੇ ਹੀ ਚਿਰ ਪਿੱਛੋਂ , ਸੋਫੇ ‘ ਤੇ ਬਿਰਾਜੀ ਚਿੱਟੀ ਵਰਦੀ ਦੀ ਬਾਂਹ –ਘੜੀ ਨੂੰ
ਫਿਰ ਅੱਚਵੀ ਲੱਗਣ ਲੱਗ ਪਈ । ਉਸਨੇ ਸੱਜਾ ਗੁੱਟ ਉਤਾਂਹ ਉਛਾਲ ਕੇ ਉੱਚੀ ਕੀਤੀ ਬਾਂਹ ਤੋਂ ਕਈ
ਗੁਣਾਂ ਉੱਚੀ ਆਵਾਜ਼ ਕੱਢੀ –ਤਿੰਨ ਵੱਜਣ ਨੂੰ ਫਿਰਦੇ ਆ, ਆਏ ਹਾਲੀਂ ਢਾਈ ਟੋਟਰੂ ਵੀ ਨਈਂ ...!’
-ਬਾਬਾ ਜੀ, ਸੁਜਾਨ ਸੂੰਹ ਹਾਲੀਂ ਆਇਆ ਕਿ ਨਈਂ ... ? ‘ ਆਲਾ-ਦੁਆਲਾ ਘੋਖਦੇ ਮੀਕੇ ਨੇ ਅੰਦਰ ਆਏ
ਬੈਠੇ ਪੰਜ ਸੱਤ ਰੋਹਬਦਾਰ ਚਿਹਰਿਆਂ ਨੂੰ
ਨਿਹਾਰਦਿਆਂ ਪੁੱਛਿਆ ।
-ਆਇਆ ਕਿ ਆਇਆ ਸਮਝੋ ... ! ਫਿਕਰ ਨਾ ਕਰੋ , ਤੁਹਾਨੂੰ ਉਹ
ਜ਼ਰੂਰ ਮਿਲੇਗਾ ... ।‘ ਬਿਰਧ ਵੱਲੋਂ ਮਿਲੀ ਢਾਰਸ ਕਮਰਿਉਂ ਬਾਹਰ , ਉੱਠੇ
ਬੇਤਸ਼ਾਹਾ ਰੌਲੇ ਅੰਦਰ ਰਲ-ਗੱਡ ਜਿਹੀ ਹੋ ਗਈ । ਮਨਜ਼ੂਰ – ਸ਼ੁਦਾ ਇਹਾਤੇ ਵਾਲੀ ਸਾਰੀ ਦੀ ਸਾਰੀ ਟੋਲੀ
ਅੰਦਰ ਆਉਂਦੀ ਦੇਖ ਕੇ ਮੀਕੇ ਨੇ ਜਾਚਿਆ ਕਿ ਹਾਲ ਅੰਦਰ ਬੈਠੀ ਟਾਵੀਂ ਟਾਵੀਂ ਕੁਰਸੀ ਨੂੰ ਜਿਵੇਂ
ਚਾਅ ਜਿਹਾ ਚੜ੍ਹ ਗਿਆ ਹੋਵੇ । ਸੋਫੇ ‘
ਤੇ ਪਸਰੀ ਚਿੱਟੀ –ਖੁੱਲੀ ਵਰਦੀ ਨੇ ਤਾਂ ਪਿਛਾਂਹ ਸੁੱਟੀ ਢੋਅ ਸਿੱਧੀ ਕਰਦੇ ‘ਜੀ ਆਇਆਂ ’ ਕਹਿਣ ਵਰਗੀ ਟਕੋਰ ਲਾਉਣ ਵਿਚ ਕੋਈ ਢਿੱਲ ਨਾ ਵਰਤੀ – ਸੰਗਤਾਂ ਕਿਤੋਂ ਧਾਰ ਲਾ ਕੇ
ਆਈਆਂ ਜਾਪਦੀਆਂ ...!
-ਭਾਈਆਂ ਨੂੰ ਆਖ਼ਰ ਭਾਈ ਈ ਪਛਾਣਦੇ ਐ ... ਕਿਉਂ ਬਾਬਿਓ ,
ਸੂਤ ਐ ਨਾ ,ਕੀਲੀ ... ? ‘ ਟੋਲੀ ‘
ਚੋਂ ਆਈ ਚੀਕ ਵਰਗੀ ਆਵਾਜ਼ ਸੋਫੇ ਨੂੰ ਮੋੜਵਾਂ ਉੱਤਰ ਦਿੰਦੀ ਅਗਲੀ ਪਾਲ ਵੱਲ ਨੂੰ ਸਰਕ ਗਈ ।
-ਪੂਰੀ ਜਿੰਦਾਬਾਦ ਕਿ ... ।‘ ਖੰਘੂਰਾ ਮਾਰ ਕੇ ਉਠਿਆ ਸੋਫਾ ਝੂਮਦੀਆਂ ਕਰਸੀਆਂ
ਅੰਦਰ ਜਾ ਰਲਿਆ ।
-ਸੁਜਾਨ ਸੂੰਹ ਇਨ੍ਹਾਂ ‘ ਚੋਂ ਕੇੜ੍ਹਾ ਆ ,ਬਾਬਾ ਜੀ ... ? ‘ ਭੈ-ਭੀਤ ਹੋਏ ਮੀਕੇ ਨੇ ਦਿਨ-ਦੁਪੇਹਰੇ ਹੁੰਦੀ ਖਰਮਸਤੀ
ਤੋਂ ਘਬਰਾ ਕੇ ਬਿਰਧ ਦੇ ਐਨ ਨਾਲ ਚਿਮੜਦਿਆਂ ਪੁੱਛਿਆ ।
- ਨਈਂ, ਬੱਲੀਏ ਨਈਂ , ਉਹ ਇਨ੍ਹਾਂ ਵਿਚ ਕਦੀ ਵੀ ਨਹੀਂ
ਹੋਇਆ । ‘ ਭਾਰੇ ਗੰਭੀਰ ਬੋਲਾਂ ਅੰਦਰਲਾ ਦਿਲਾਸਾ ਮੀਕੇ ਨੂੰ
ਪੂਰਾ ਠੁਮਕਾ ਨਾ ਦੇ ਸਕਿਆ ।
-ਉਹ ਕਦੋਂ ਆਵੇਗਾ ਫੇਰ ... ? ‘ ਚਿੰਤਾਤੁਰ ਹੋਇਆ ਬਹਾਦਰ ਅੱਬੜ-ਬਾਹਾ ਉੱਠਿਆ ਤੇ
ਅਕਾਰਣ ਹੀ ਐਧਰ ਓਧਰ ਦੇਖਣ ਲੱਗ ਪਿਆ ।
ਬਹਾਦਰ ਮੂੰਹੋ ਨਿਕਲੇ ਰੋਣ-ਹਾਕੇ ਬੋਲਾਂ ਅੰਦਰ ਦੀ ਚਿੰਤਾ
, ਮਹਿਸੂਸਦਿਆਂ ਬਿਰਧ ਹੱਥ ਫੜੀ ਖੂੰਟੀ ਇਕ ਦਮ ਸਿੱਧੀ ਤਣ ਕੇ ਖੜ੍ਹੀ ਹੋ ਗਈ । ਹੁਣੇ ਹੁਣੇ
ਧੀਮਾ-ਧੀਮਾ ਬੋਲਦੀ ਆਵਾਜ਼ ਬਰਸਾਤੀ ਬੱਦਲ ਦੀ ਗਰਜ ਵਾਂਗ ਕਮਰੇ ਅੰਦਰ ਫੈਲ ਗਈ ।
-ਸਾਹਿਤਕਾਰ ਵੀਰੋ , ਪ੍ਰਗਤੀਵਾਦੀ ਦ੍ਰਿਸ਼ਟੀ ਤੋਂ ਸਾਹਿਤ
ਦੀ ਸਿਰਜਣਾ ਕਰਨ ਦਾ ਇਕੋ ਇਕ ਮੁੱਖ ਮੰਤਵ ਅਨਿਆਂ
ਵਿਰੁੱਧ ਡਟਣਾ ਅਤੇ ਜਾਬਰ ਨੂੰ ਵੰਗਾਰਨਾ ਰਿਹਾ ਹੈ । ਜਿਹਨਾਂ ਲੇਖਕਾਂ ਨੇ ਸਾਹਿਤ ਦੇ ਇਸ
ਮੰਤਵ ਤੇ ਅੰਗ-ਸੰਗ ਖੜੋ ਕੇ ਲੋਕਾਂ ਦੇ ਸਮਾਜਕ ਵਿਕਾਸ ਦੀ ਗਤੀ ਨੂੰ ਨਿਰਧਾਰਤ ਕਰਨ ਦਾ ਯਤਨ ਕੀਤੈ
, ਉਹਨਾਂ ਦ ਜਨ-ਸਮੂਹ ਅੱਜ ਇਕ ਗੰਭੀਰ ਸੰਕਟ ਅੰਦਰ ਘਿਰਿਆ ,ਅਸਲੋਂ ਹੀ ਅਣ-ਮਨੁੱਖੀ ਪਰਿਸਥਿਤੀਆਂ
ਹੰਢਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ । ਕੀ ਅੱਜ ਦੀ ਨੌਜਵਾਨ ਪੀੜ੍ਹੀ ਸਾਹਿਤ ਦੀ ਸਾਰਥਿਕਤਾ ਨੂੰ
ਕਬੂਲਦੀ , ਸੱਚੀ ਸੁੱਚੀ ਲੋਕ ਆਵਾਜ਼ ਬਣਨ ਹਿਤ ਕਲਮਕਾਰੀ ਤੋਂ ਅਗਾਂਹ, ਜੀਵਨ ਦੇ ਵਿਸ਼ਾਲ ਖੁਲ੍ਹੇ
ਖੇਤਰ ਵਿਚ ਕਰਮਸ਼ੀਲ ਹੋਣ ਲਈ ਹੱਥ ਖੜ੍ਹੇ ਕਰੇਗੀ ...?....??...???
-ਗੱਲ ਸਾਧ , ਭਾਖਾ ‘ ਚ ਨਈਂ , ਲੋਕ ਬੋਲੀ ‘ਚ
ਹੋਣੀ ਚਾਹੀਦੀ ਐ , ਕੀ ਚਾਹੁੰਦੇ ਓ ਤੁਸੀਂ , ਬਾਬਿਓ ,ਜ਼ਰਾ ਸਾਫ਼-ਸਾਫ਼ ਉਚਰੋ ... ਗੋਡਿਆਂ ਤੱਕ
ਲਮਕਦਾ ਲੰਮਾ ਥੈਲਾ ਮੋਢਿਓਂ ਲਾਹ ਕੇ , ਆਪਣੀ ਸੀਟ ਤੋਂ ਉੱਠ ਖੜੋਤੇ ‘ ਅਨਪੜ੍ਹ ’ ਨੇ ਬਾਹਾਂ ਟੁੰਗਦਿਆਂ ਬਿਰਧ ਨੂੰ ਚਿਤਾਰਿਆ ।
-ਕੁਲਫੀ ਕਹਾਣੀ ਦੇ ਮੁੱਖ ਪਾਤਰ ਬਹਾਦਰ ਦਾ ਮਾਂ-ਪਿਓ
ਸਥਾਪਤੀ ਦੇ ਬੂਟ-ਚੱਟਾਂ ਦੀ ਬਾ-ਮੁਸ਼ੱਕਤ ਕੈਦ ਅੰਦਰ ਘਿਰ ਗਿਐ , ... ਤੁਸੀਂ ਉਹਨਾਂ ਦੀ ਰਿਹਾਈ ਲਈ
ਕੀ ਯੋਗਦਾਨ ਪਾ ਸਕਦੇ ਹੋ ? ‘
-ਐ ਗਾਹਕ ਬਣਦੇ ਆ ,ਬੁੜੇ ਦੇ ... ਪਾਤਰਾਂ ਦੀਆਂ
ਮਾਵਾਂ-ਭੈਣਾਂ ਨਾਲ ਸਿੱਧਾ ਕੰਨਨੈਕਨ ਕਰਕੇ – ਕਿਸੇ ਹੋਰ ਦੀ ਛੱਡੀ ਛੁਰਲੀ ‘ ਸਾਥਰ ’
ਦੇ ਥਥਲਾਉਂਦੇ ਬੋਲਾਂ ਹੇਠ ਨੱਪੀ ਗਈ – ਜਗ...ਜੁਗ...ਜੋਗਦਾਨ ਪਾਉਣ ਪ...ਪਭ.....ਪਾਲਟੀਆਂ ਦਾ
ਕੰਮ ਆ , ਹ....ਹ.....ਹਾਡਾ.....ਨਈਂ । ਹ....ਹ...ਹਾਡੀ ਉਨ੍ਹਾਂ ਨਾ ਦ.....ਦ....ਦਿਲੀ
ਹਮਦਰਦੀ ਐ । ਬ......ਬ....ਬੱਧ ਤੋਂ ਬੱਧ ਮਤਾ
ਪਾਸ ਕ....ਕ.....ਕਰ ਸਕਦੇ ਆਂ , ਉਨ੍ਹਾਂ ਦੇ ਹ.....ਹ.....ਹੱਕ ‘ ਚ ।
ਹੁਣੇ ਹੁਣੇ ਹੱਸਦਾ ਹਾਲ ਕੌੜੇ ਕੁਸੈਲੇ ਸਾਹਾਂ ਨਾਲ ਭਰਨਾ
ਚਾਲੂ ਹੋ ਗਿਆ – ਨਹੀਂ ਇਹ ਨਹੀਂ ਹੋ ਸਕਦਾ , ਮਤਾ ਪਾਸ ਕਰਨ ਤੋਂ ਪਹਿਲਾਂ ਦੋਨੋਂ ਪੱਖ ਵਿਚਾਰਨੇ
ਪੈਣਗੇ ।....ਹੋ ਸਕਦਾ ਬਹਾਦਰ ਹੋਰਾਂ ਦਾ ਕਸੂਰ ਸਾਵੇਂ ਤੋਂ ਵੀ ਕਿਤੇ ਵੱਧ ਹੋਵੇ ...!’ ਚਿੱਟੀ ਖੁੱਲ੍ਹੀ ਵਰਦੀ ਵੱਡੀ ਟੋਲੀ ‘ਚੋਂ ਉੱਠ ਕੇ ਮੁੜ ਸੋਫੇ ‘ ਤੇ ਮੁੜਦਿਆਂ ਪੂਰਾ ਖੁੱਲ ਕੇ ਬੋਲੀ ।
-ਬਿਲਕੁਲ ਠੀਕ ਆਖਿਆ ‘ ਦਰਦੀ ’ ਨੇ ... ਤਾੜੀ ਇਕ ਹੱਥ ਨਾਲ ਕਦੇ ਨਈਂ ਵੱਜਦੀ
...ਭਾਊ ਨੀਲ ਗਿਰੀ । ‘ ’ ਦਰਦੀ ’ ਦੀ ਧਿਰ ਬਣ ਕੇ ਪੁੱਗਰਦਾ ਵਾਕ-ਆਊਟ ਵਰਗੀ ਅਵਸਥਾ
ਅੰਦਰ ਖੜ੍ਹਾ ਹੋ ਗਿਆ ।
-ਸਾਰੇ ਮੱਤ-ਭੇਦ ਖ਼ਤਮ ਕਰਕੇ ਆਪਸੀ ਲੈਣ-ਦੇਣ ਅਤੇ ਮੇਲ –ਮਿਲਾਪ
ਦੀ ਲਚਕਦਾਰ ਨੀਤੀ ਰਾਹੀਂ , ਹਰ ਮਸਲੇ ਦਾ ਹੱਲ ਟੇਬਲਟਾਕ ‘ ਤੇ ਸਮਝੌਤਾ ਬਣ ਕੇ ਨਿਕਲ ਸਕਦਾ ... ਕਾਮਰੇਡ ਸਖੀ ਰਾਮ ਦਾ ਸੁਝਾ ਭਰੀਆਂ ਕੁਰਸੀਆਂ
ਤੱਕ ਪਹੁੰਚਣ ਤੋਂ ਪਹਿਲਾਂ ਹੀ ਅਛੋਪਲੇ ਜਿਹੇ ਪਿਛਲੀਆਂ ਸੀਟਾਂ ‘ ਚੋਂ ਇਕ ‘ ਤੇ ਆ ਬੈਠੇ ਕਾਮਰੇਡ ਜੋਸ਼ੀਲੇ ਨੇ ਪੈਂਦੀ ਸੱਟੇ ਉਸ ਦੇ ਮੂੰਹੋਂ ਬੋਚ ਲਿਆ ।
ਝੂਠ ...ਫਰੇਬ ....ਧੋਖਾ , ਮੇਲ-ਮਿਲਾਪ ਦੀ ਪਿੱਛਲ-ਖੁਰੀ
ਨੀਤੀ ਕਿਰਤੀ ਵਰਗ ਦੀ ਜੁਝਾਰ – ਧਾਰਾ ਸਰਾ-ਸਰ ਧੋਖਾ ਸਿੱਧ ਹੋਈ ਐ .... । ਸਥਾਪਤੀ ਦੀ ਪਿੱਠੂ ਤੇ
ਚਗੜੀ ਬਚਾਉ ਸਾਹਿਤ ਰਚਨਾ ਦੀ ਭਾਂਜਵਾਦੀ ਸੁਰ ਨੇ ਮਜ਼ਦੂਰ ਜਮਾਤ ਦੇ ਮੁਕਤੀ ਘੋਲਾਂ ਨਾਲ ਸਦਾ ਲਈ ਗਦਾਰੀ ਕੀਤੀ ਐ .... । ਇਸ ਲਈ ਜੁਝਾਰ
ਸਾਥੀਓ , ਆਓ ਸਮੇਂ ਦੀ ਨਬਜ਼ ਪਛਾਣਦਿਆਂ ਨਾਮਧਰੀਕ ਅਗਾਂਹਵਧੂ ਸਾਹਿਤ ਸਭਾਵਾਂ ਦੇ ਮਤੇ-ਪਾਊ ਅਤੇ
ਪਿਛਲੱਗ ਖਾਸੇ ਨੂੰ ਨਿਖੇੜਦਿਆਂ ਕ੍ਰਾਤੀਕਾਰੀ ਸਾਹਿਤ ਰਚਨਾ ਦੇ ਐਲਾਨਨਾਮੇਂ ‘ ਤੇ ਦਸਖ਼ਤ ਕਰੀਏ ਤਾਂ ਜੋ ਆਉਂਦੇ ਭਵਿਖ ਵਿਚ ਬਹਾਦਰ ਵਰਗੇ ਇਨਕਲਾਬੀ ਪਾਤਰਾਂ ਨੂੰ ਮਰਨ
ਕੰਢੇ ਪਹੁੰਚਿਆ ਬੋਦਾ ਖੋਖਲਾ ਨਿਜ਼ਾਮ ਮੁੜ ਕਦੀ ਵੀ
ਹੈਰਾਸ ...। ਉੱਚੀ ਉੱਚੀ ਬਾਹਾਂ ਉਲਾਰਦੇ ‘
ਜੋਸ਼ੀਲੇ ’ ਨੇ ਪਤਾ ਨਹੀਂ ਹੋਰ ਕਿੰਨਾਂ ਚਿਰ ਇਵੇਂ ਹੀ
ਪਸੀਨਿਓ – ਪਸੀਨੀ ਹੁੰਦੇ ਰਹਿਣਾ ਸੀ ਜੇ ਭਾਊ ਨੀਲ ਗਿਰੀ ਨਾਲ ਛਿੜੀ ਉਸਦੀ ਸਿੱਧੀ ਝੜੱਪ , ਹੱਥੋਂ
ਪਾਈ ਤੱਕ ਨਾ ਪਹੁੰਚਦੀ ।
ਕਮਰੇ ਅੰਦਰ ਬੈਠੇ ਹਾਜ਼ਰ ਮੈਂਬਰਾਂ ਨੇ ਪੈ-ਪੁਆ ਕੇ ਦੋਨਾਂ
ਧਿਰਾਂ ਠੰਢੇ ਕਰਨ ਲਈ ਕੁਝ ਨ-ਕੁਝ ਹਿੱਸਾ ਜ਼ਰੂਰ ਪਾਇਆ , ਪਰ ਮੀਕਾ ਤੇ ਬਹਾਦਰ ਆਪਣੇ ਲਾਗੇ ਬੇਚੈਨ
ਹੋਏ ਬਿਰਧ-ਬਾਬੇ ਤੋਂ ਵਾਰ ਵਾਰ ਸੁਜਾਨ ਸਿੰਘ ਦੀ ਆਮਦ ਬਾਰੇ ਹੀ ਪੁੱਛਦੇ ਰਹੇ ।
ਡਰੇ ਸਹਿਮੇਂ ਬਾਲਕਾਂ ਦੀ ਕੰਡ ਪਲੋਸਦੇ ਬਿਰਧ ਲਈ ਕਿੰਨਾਂ
ਹੀ ਚਿਰ ਤੱਕ ਇਹ ਨਿਰਨਾ ਕਰਨ ਸੰਭਵ ਨਾ ਹੋ ਸਕਿਆ ਕਿ ਗਾਲੀ ਗਲੋਚ ਤੱਕ ਪਹੁੰਚੇ ਝਗੜੇ ਪਿੱਛੋਂ ਛਾਈ
ਗੰਭੀਰਤਾ , ਕਿਸੇ ਤੇਜ਼-ਰਫ਼ਤਾਰ ਤੂਫਾਨ ਦੇ ਆਉਣ ਦੀ ਸੂਚਕ ਹੈ ਜਾਂ ਹੋਈ ਬੀਤੀ ਮਾੜੀ ਮੋਟੀ ਘਟਨਾ
ਦੇ ਨਿਪਟਾਰੇ ਦੀ .... ।
-ਇਹ ਸ੍ਹੈਤ-ਸਭਾ ਦੀ ਮੀਟਿੰਗ ਆ .... ਇੱਥੇ ਹੋਣ ਵਾਲੀ
ਚਰਚਾ ਨਿਰੋਲ ਸਾਹਿਤਕ ਹੋਣੀ ਚਾਹੀਦੀ ਐ , ਸਿਆਸੀ ਨਹੀਂ ....ਪੱਖਿਆਂ ਦੀ ਘੂਕਰ ਨਾਲੋਂ ਰਤਾ ਕੁ
ਉੱਚੀ ਆਵਾਜ਼ ਵਿਚ ‘ ਦਬੁਰਜੀ ’ ਦੀ ਹਲਕੀ –ਫੁਲਕੀ ਨਸੀਅਤ ਨੇ ਬੈਠਕ ਅੰਦਰ ਖਿੱਲਰੀ ਸਾਰੀ ਕੁੜੱਤਣ ਜਿਵੇਂ ਇਕੋ
ਸਾਹੇ ਸਮੇਟ ਲਈ ਹੋਵੇ । ਆਪਣੀ ਆਪਣੀ ਕੁਰਸੀ ‘
ਤੇ ਬੈਠੇ ਨਿੰਮੋਝਾਣ ਹੋਏ ਸਾਰੇ ਸਾਹਿਤਕ ਚਿਹਰੇ , ਪਲਾਂ ਅੰਦਰ ਹੀ ਗਜ਼ਲ-ਚਰਚਾ ਛੇੜਨ ਲਈ ਉਸਲਵੱਟੇ
ਲੈਣ ਲੱਗ ਪਏ ।
ਛਿਨ ਭਰ ਦੀ ਹੋਰ ਚੁੱਪ-ਚਾਂ ਪਿੱਛੋਂ , ਨਵਚੇਤਨ
ਸਾਹਿਤ-ਰਸੀਆਂ ਦੀ ਮੀਟਿੰਗ ਆਰੰਭ ਕਰਨ ਦੇ ਆਦੇਸ਼
ਵਰਗੇ ਸੁਝਾ ਨੂੰ ਜੀ – ਆਇਆਂ ਆਖਿਆ ਗਿਆ । ਪ੍ਰਧਾਨਗੀ ਪਦ ਲਈ ਨਾਮਵਰ ਆਲੋਚਕ ਡਾਕਟਰ ਨਾਕਸ ਹੋਰਾਂ
ਦਾ ਨਾਂ ਤਜਵੀਜ਼ ਹੋਇਆ । ਤਾੜੀਆਂ ਦੀ ਗੂੰਜ ਅੰਦਰ ਇਕ ਹੋਰ ਆਵਾਜ਼ ਇਸ ਦੀ ਤਾਈਦ ਕਰਕੇ ਚੁੱਪ ਹੋ ਗਈ
।
ਬੀਤੇ ਮਹੀਨੇ ਦੀਆਂ ਨਵੀਨਤਮ ਰਚਨਾਵਾਂ ਜੇਬਾਂ ਥੈਲਿਆਂ ‘ਚੋਂ ਬਾਹਰ ਆ ਕੇ ਕੰਬਦੇ ਹੱਥਾਂ ਅੰਦਰ ਸਾਂਭੀਆਂ ਗਈਆਂ । ‘
ਕਿਰਤੀ ’ ਦੀ ਗਾਈ ਪਹਿਲੀ ਗਜ਼ਲ ਵਿਚਕਾਰ ‘ ਮਰਹਬਾ – ਕਿਆ ਬਾਤ ਐ-ਜੀਈ ਓਏ ਸ਼ੇਰਾ ’ ਦੇ ਗੁਛੇਦਾਰ ਬੋਲ , ਪੱਖਿਆਂ ਦੀ ਹਵਾ ਉਲੰਘ ਕੇ
ਛੱਤ ਨਾਲ ਜਾ ਜੁੜੇ । ਰਚਨਾਵਾਂ ਦਾ ਦੌਰ ਸ਼ੁਰੂ
ਹੁੰਦਿਆਂ ਸਾਰ, ਸਭ ਦੇ ਸਭ ਚੇਹਰਿਆਂ ਤੋਂ , ਘੜੀ ਭਰ ਪਹਿਲਾਂ ਵਾਲੀ ਫਿਕਰਮੰਦੀ ਕਿਤੇ ਪਰ ਲਾ ਕੇ
ਉੱਡ ਗਈ । ਉਪਰੰਤ ਵਾਰੀ ਵਾਰੀ ਕਈ ਗੂੰਜੇ ਹਾਲ
ਅੰਦਰ ਸਾਰੀਆਂ ਬਾਹਵਾਂ ‘ ਵਾਹਵਾ-ਵਾਹਵਾ ’ ਕਰਦੀਆਂ ਅਨੇਕ ਵਾਰ ਹਵਾ ਵਿੱਚ ਲਹਿ-ਰਾਈਆਂ । ‘ ਵਿਦਰੋਹੀ ’ ਕਾਵਿ ਪੰਗਤੀਆਂ ‘
ਤੇ ਥੋੜੀ ਬਹੁਤ ਬਹਿਸ ਵੀ ਹੋਈ ਤੇ ਕਿਤੇ ਕਿਤੇ ਤੂੰ ਤੂੰ ਮੈਂ ਮੈਂ ਵੀ । ਪਰੰਤੂ ‘ ਸਰਵ ਉੱਚ ’ ਕਿਰਤਾਂ ਦੀ ਨਿਸ਼ਾਨਦੇਹੀ ਕਰਨ ਵਿਚ ਕਿਸੇ ਵੱਲੋਂ ਕੋਈ ਕਸਰ ਬਾਕੀ ਨਾ ਰਹੀ ।
ਡੇੜ ਦੋ ਘੰਟੇ ਅੰਦਰ ਅੰਦਰ ,ਭੱਖਦੀਆਂ ‘ ਪਾਰਖੂ ’ ਅੱਖਾਂ ਦਾ ਰੁਮਾਂਸ ਹੌਲੀ-ਹੌਲੀ ਓਝਲ ਹੁੰਦਾ ਦਿਸਣ ਲੱਗ ਪਿਆ । ਛਿੱਥੇ ਪਏ ਬੇਹਿਸ
ਚਿਹਰੇ ਉਬਾਸੀਆਂ ਮਾਰਦੇ ਕਮਰਿਉਂ ਬਾਹਰ ਉੱਠ ਤੁਰਨ ਲਈ ਉਤਾਵਲੇ ਹੋ ਗਏ । ਨਸ਼ਰ ਕੀਤੀਆਂ ਕਿਰਤਾਂ
ਵਿਚਲਾ ‘ ਦਰਦ ’
ਤਰਕਾਲਾਂ ਦੀ ‘ ਚਿੰਤਾ ’ ਅੰਦਰ ਅੰਕੜੇ ਇਕੱਠੇ ਕਰਨ ਲਈ ਇਕ ਦੂਜੇ ਨੂੰ ਹੁੱਝਾਂ ਮਾਰਨ ਲੱਗ ਪਿਆ ।
ਹਾਜ਼ਰ ਮੈਂਬਰਾਂ ਦੀ ਨਬਜ਼ ਪਛਾਣਦੇ ਸਟੇਜ ਸਕੱਤਰ ਨੇ ਮਾਸਿਕ
ਇਕੱਤਰਤਾ ਸਮੇਟਣ ਲਈ ਸ਼ਲਾਘਾਯੋਗ ਰੁਚੀ ਦਰਸਾਈ । ਰਹਿੰਦੇ ਵਕਤਿਆਂ ਤੋਂ ਸਮੇਂ ਦੀ ਘਾਟ ਦੀ ਮੁਆਫੀ
ਮੰਗੀ , ਪਰੰਤੂ ਪ੍ਰਧਾਨਗੀ ਭਾਸ਼ਣ ਪੂਰਨ ਸਤਿਕਾਰ ਨਾਲ ਸੁਣ ਕੇ ਉੱਠਣ ਤੱਕ ਬੈਠੇ ਰਹਿਣ ਦੀ ਪੁਰਜ਼ੋਰ
ਅਪੀਲ ਕੀਤੀ ।
ਅਤਿ ਕਾਵਿਕ ਅੰਦਾਜ਼ ਵਿਚ ਡਾਕਟਰ ਨਾਕਸ ਸਟੇਜ ‘ ਤੇ ਆਏ । ਸਾਹਿਤ ਨਾਲ ਸਦੀਵੀ ਰਿਸ਼ਤਾ ਨਿਭਾਉਣ
ਵਾਲੇ ਕਲਮਕਾਰਾਂ ਦੀ ਪ੍ਰਸੰਸਾ ਲਈ ਲੱਭੇ ਵਿਸ਼ੇਸ਼ ਸ਼ਬਦਾਂ ਦਾ ਉਚਾਰਨ ਕਰਦਿਆਂ ,ਵਾਕ ਬਣਤਰ ਦੇ
ਨਿਯਮਾਂ ਦੀ ਪ੍ਰਵਾਹ ਤੱਕ ਨਾ ਕੀਤੀ ।ਕਲਾਸਕੀ ਗ੍ਰੰਥਾਂ ‘ ਚੋਂ ਲਈਆਂ ਅਨੇਕਾਂ ਉਦਾਹਰਣਾਂ,ਅਜੋਕੀ ਪੀੜ੍ਹੀ ਦੀ ਪ੍ਰਤਿਭਾਸ਼ਾਲੀ ਰਚਨਾ ਸਾਹਮਣੇਂ
ਅਸਲੋਂ ਹੀ ਨਿਰਮੂਲ ਸਿੱਧ ਕੀਤੀਆਂ ਗਈਆਂ । ਕਾਵਿ-ਖੇਤਰ ਅੰਦਰ ਆਈ ਲੰਮੇਂ ਸਮੇਂ ਦੀ ਖੜੋਤ ਨੂੰ
ਤੋੜਨ ਲਈ ਕੀਤੇ ਸਭਾ ਦੇ ਮੈਂਬਰਾਂ ਦੇ ‘
ਸੰਘਰਸ਼-ਪੂਰਨ ’ ਉਪਰਾਲੇ ਦੀ ਬੇਹੱਦ ਪ੍ਰਸੰਸਾ ਕੀਤੀ ਗਈ । ‘ ਚਰਚਾ ‘
ਅਧੀਨ ਆਈ ਹਰ ਇਕ ਕਿਰਤ ‘ ਚੋਂ ਨੋਟ ਕੀਤੀਆਂ ‘ ਅਟੱਲ ਸਚਾਈਆਂ ’ ਵਰਗੀਆਂ ਟੂਕਾਂ ਦਾ ਲੜੀਵਾਰ ਪਾਠ ਕਰਨ ਤੋਂ
ਪਿੱਛੋਂ , ਜਦ ਪ੍ਰਧਾਨ ਜੀ ਦਾ ਧਿਆਨ ਮੁੜ ਸਾਹਮਣੇ ਬੈਠੇ ਸਰੋਤਿਆਂ ਵੱਲ ਮੁੜਿਆ ਤਾਂ ਬਿਰਧ ਬਾਬੇ
ਸਮੇਤ ਖਾਲੀ ਹੋਈਆਂ ਤਿੰਨਾਂ ਕੁਰਸੀਆਂ ਦੇਖ ਕੇ , ਉਹਨਾਂ ਦਾ ਸਾਰਾ ਪ੍ਰਸੰਸਾਤਕਮ ਵਿਖਿਆਨ ਥਾਏਂ
ਥਿਕੜ ਗਿਆ ।ਪ੍ਰਧਾਨਗੀ ਪਦ ਦੀ ਕਾਰਜ – ਕੁਸ਼ਲਤਾ ਦੀ ਧੂਹ-ਘਸੀਟ ਕਰਦੇ ਡਾਕਟਰ ਸਾਹਿਬ ਨੂੰ ਪਤਾ ਤੱਕ
ਨਹੀਂ ਸੀ ਲੱਗ ਸਕਿਆ ਕਿ ਕਦੋਂ ਬਿਰਧ-ਬਾਬਾ , ਆਧੁਨਿਕ ਸਾਹਿਤਕਾਰੀ ਨੂੰ ਦਿਮਾਗੀ-ਅਯਾਸ਼ੀ ਦਾ ਸਾਧਨ
ਸਮਝਣ ਵਾਲੀ ਇਕੱਤਰਤ ਜੁੰਡਲੀ ਨੂੰ ਮੂਕ ਅਲਵਿਦਾ ਆਖ਼ ਕੇ , ਅਛੋਪਲੇ ਜਿਹੇ ਕਮਰਿਓਂ ਬਾਹਰ ਨਿਕਲ
ਗਿਆ ।
ਕਾਲਿਜ ਦੇ ਵੱਡੇ ਦਰਵਾਜ਼ੇ ਕੋਲ ਪਹੁੰਚ ਕੇ ਉਹਨੇ ਇਕ ਹੱਥ
ਸਾਂਭਿਆ ਕੀਮਤੀ ਬੈਗ ,ਕਿਆਰਿਆਂ ਕੰਢੇ ਉਗਾਏ ਮੈਂਹਦੜ ਉਪਰੋਂ ਦੀ ਉਛਾਲ ਕੇ ਹਰੀ ਭਰੀ ਲਾਅਨ ਅੰਦਰ
ਵਗਾਹ ਮਾਰਿਆ । ਦੂਜੇ ਹੱਥ ਘਸੀਟ ਹੁੰਦੀ ਖੂੰਟੀ ਚਿੱਟੀ ਕਮੀਜ਼ ਦੇ ਕਾਲਰ ਵਿਚ ਪਿੱਠ-ਪਿੱਛੇ ਟੰਗ ਲਈ
ਅਤੇ ਆਪ , ਪੱਕੀ ਸੜਕ ਉਤੇ ਖਿੱਲਰੀ ਸਫੈਦਿਆਂ ਦੀ ਚਿੱਤਰਕਾਰੀ ਛਾਂ ਵਿਚਕਾਰ ਦੋਨਾਂ ਬਾਲਕਾਂ ਨੂੰ
ਉਂਗਲੀ ਲਾਈ ਵਾਹੋਦਾਹੀ ਤੁਰਿਆ , ਘੜੀ-ਦੋ-ਘੜੀਆਂ ਅੰਦਰ ਹੀ ਉਹ ਸ਼ਹਿਰ ਨੂੰ ਦੂਰ ਪਿਛਾਂਹ ਛੜ ਕੇ
ਖੁਲ੍ਹੇ ਆਕਾਸ਼ ਦੀ ਮੋਕਲੀ ਛੱਤ ਹੇਠ ਪਹੁੰਚ ਗਿਆ ।
-ਆਪਾਂ ਹੁਣ ਸੁਜਾਨ ਸਿੰਘ ਦੇ ਘਰ ਨੂੰ ਜਾਮਾਂਗੇ ਨਾ ,ਬਾਬਾ
ਜੀ ...? ‘ ਥੋੜੀ ਦੂਰ ਹੋਰ ਅਗਾਂਹ ਜਾ ਕੇ ਡਿੱਕੋਡੋਲੇ ਖਾਂਦੇ
ਬਹਾਦਰ ਅਤੇ ਮੀਕੇ ਦੀ ਇਕੱਠੀ ਆਵਾਜ਼ ਧਰਤੀ ਵੱਲੋਂ ਉੱਠੀ ਹੂਕ ਵਾਂਗ ਉੱਭਰੀ ।
-ਨਹੀਂ ਬੱਲਿਓ...ਹੁਣ ਸੁਜਾਨ ਸਿੰਘ ਆਪਣੇ ਬਹਾਦਰ ਪਾਤਰਾਂ
ਦੇ ਘਰੀਂ ਜਾਵੇਗਾ ਤਾਂ ਕਿ ਉਹ ਵੀ ਆਪਦੀ ਸਿਰਜਨਾ ਅੰਦਰਲੇ ਸਾਹਿਤਕ ਸੱਚ ਨੂੰ , ਲੋਕਯਾਨ ਦੀ ਪੀੜ
ਦੇ ਸਨਮੁੱਖ ਖੜੋਣ ਵਾਲੇ ਕਾਫ਼ਲਿਆਂ ਦੇ ਸੱਚ ਦਾ ਹਮਸਫ਼ਰ ਬਣਾਉਣ ਲਈ ਯਥਾ-ਸੰਭਵ ਉਪਰਾਲਾ ਕਰ ਸਕੇ ।
‘
ਨਾਲ ਨਾਲ ਤੁਰੇ ਆਉਂਦੇ ਸਾਈਂ ਬਾਬੇ ਦੇ ਥਰਕਦੇ ਬੋਲਾਂ ਵਿਚੋਂ ਝੜਦੇ ਇਕਰਾਰ ਦੀ
ਗੂੰਜ ਸੁਣ ਕੇ , ਬਹਾਦਰ ਅਤੇ ਮੀਕੇ ਦੇ ਹੰਭੇ ਕਦਮਾਂ ਨੂੰ ਇਉਂ ਜਾਪਿਆ ਜਿਵੇਂ ਉਹਨਾਂ ਦੀ ਵਾਟ
ਉੱਪਰ ਤੁਰਦੇ ਬ੍ਰਿਖ ਦੀਆਂ ਹਰੀਆਂ-ਕਚੂਰ ਟਾਹਣੀਆਂ ਨੀਲੇ ਆਕਾਸ਼ ਦੇ ਫੈਲਾਂ ਵਾਂਗ ਉਹਨਾਂ ਦੇ ਸਿਰਾਂ
ਉੱਪਰ ਫੈਲ ਗਈਆਂ ਹੋਣ ।
----------------------------------------------------
ਕਹਾਣੀਕਾਰ ਲਾਲ ਸਿੰਘ
ਨੇੜੇ ਐਸ.ਡੀ.ਐਮ. ਕੋਰਟ,ਦਸੂਹਾ,
ਜਿਲ੍ਹਾ : ਹੁਸ਼ਿਆਰਪੁਰ(ਪੰਜਾਬ)
(091-94655-74866)