22.7.11

ਅੰਮ੍ਰਿਤਾ ਪ੍ਰੀਤਮ ( Amrita Pritam ) Nazam

ਸਾਈਂ ! ਤੂੰ ਆਪਣੀ ਚਿਲਮ ਵਿਚੋਂ
ਮਾਸਾ ਕੁ ਅੱਗ ਦੇ ਦੇ !
ਮੈਂ ਤੇਰੀ ਅਗਰਬੱਤੀ ਹਾਂ
ਤੇ ਤੇਰੀ ਦਰਗਾਹ ਉੱਤੇ
ਮੈਂ ਘੜੀ ਬਲਣਾ ਹੈ ...

ਮੈਂ ਆਪਣੀ ਮਿੱਟੀ
ਤੇਰੇ ਇਸ਼ਕ ਵਿਚ ਗੁੰਨੀ
ਇਹ ਕਾਇਆ ਸੁਲਗ ਜਾਏਗੀ
ਤਾਂ ਇਕ ਧੂੰਆਂ ਜਿਹਾ ਉਠੇਗਾ
ਧੂੰਏਂ ਦਾ ਪਿੰਡਾ ਲਰਜ਼ ਜਾਏਗਾ
ਬੱਸ ਏਨੀ ਕੁ ਗੱਲ ਕਹੇਗਾ
ਕਿ ਜਿਹੜੀਆਂ ਵਾਵਾਂ
ਏਥੋਂ ਦੀ ਲੰਘਦੀਆਂ
ਤੇਰੇ ਸਾਹਵਾਂ ਨੂੰ ਛੋਹਦੀਆਂ
ਮੈਂ ਉਨ੍ਹਾਂ ਵਾਵਾਂ 'ਚ ਰਲਣਾ ਹੈ ........

ਸਾਂਈ ! ਤੂੰ ਆਪਣੀ ਚਿਲਮ ਵਿਚੋਂ
ਮਾਸਾ ਕੁ ਅੱਗ ਦੇ ਦੇ !
ਮੈਂ ਤੇਰੀ ਅਗਰਬੱਤੀ ਹਾਂ
ਤੇ ਤੇਰੀ ਦਰਗਾਹ ਉਤੇ
ਮੈਂ ਘੜੀ ਬਲਣਾ ਹੈ.....
ਨਹੀਂ ਮੈਂ ਕੁੱਝ ਨਹੀਂ ਕਹਿਣਾ
ਜਦ ਬੱਤੀ ਸੁਲਗ ਜਾਏਗੀ
ਕੁੱਝ ਹੌਲੀ ਜਹੀ ਕਹੇਗੀ
ਤੇ ਫੇਰ ਮੇਰੀ ਕਾਇਆ
ਇਕ ਰਾਖ ਜਿਹੀ ਹੋ ਕੇ
ਤੇਰੇ ਕਦਮ ਛੋਹੇਗੀ
ਉਸ ਤੇਰੀ ਦਰਗਾਹ ਦੀ
ਮਿੱਟੀ 'ਚ ਮਿਲਣਾ ਹੈ..............ਅੰਮ੍ਰਿਤਾ ਪ੍ਰੀਤਮ