22.7.11

ਗ਼ਜ਼ਲ-ਤਰਲੋਕ 'ਜੱਜ'

ਗ਼ਜ਼ਲ

ਰੰਗ ਸਾਜ਼ਾਂ ਵੱਲ ਵਿਹੰਦੇ ਵਿਹੰਦੇ ਐਵੇਂ ਬੇਰੰਗ ਹੋ ਬੈਠੇ ਹਾਂ |

ਸ਼ੋਖ ਜਿਹੇ ਰੰਗਾਂ ਦੀ ਭਾਲ 'ਚ ਅਸਲੀ ਰੰਗਤ ਖੋ ਬੈਠੇ ਹਾਂ |



ਮਿਰਚ, ਕਰੇਲੇ, ਅੰਗੂਰਾਂ ਦੀ ਮਹਿਕ ਭੁਲਾ ਕੇ ਮਨ ਮੰਦਿਰ 'ਚੋਂ

ਪੋਸਤ ਦੇ ਖੇਤਾਂ ਵਿਚ ਜਾ ਕੇ, ਆਪਣਾ ਮੁੜ੍ਹਕਾ ਚੋ ਬੈਠੇ ਹਾਂ |



ਖਸਖਸ, ਮਗਜ਼ ਤੇ ਸੌਗੀ ਵਰਗੇ, ਮੇਵੇ ਦੀ ਵਰਤੋਂ ਭੁੱਲ ਚੁੱਕੇ,

ਛਿੱਲ ਕੇ ਡੋਡੇ ਪੱਕਣੋਂ ਪਹਿਲਾਂ, ਖਾਣ ਦੇ ਆਦੀ ਹੋ ਬੈਠੇ ਹਾਂ |



ਚਰਸ, ਅਫੀਮ, ਸਮੈਕ ਤੇ ਗਾਂਜਾ, ਹੱਡਾਂ ਵਿਚ ਘਰ ਕਰ ਚੁੱਕਿਆ ਹੈ,

ਜੀਵਨ ਦੇ ਵਿਚ ਤੁਰਨ ਫਿਰਨ ਲਈ, ਨਸ਼ੇ ਤੇ ਨਿਰਭਰ ਜੋ ਬੈਠੇ ਹਾਂ |



ਕੱਚ ਕੁਆਰੇ ਰਿਸ਼ਤੇ ਗੰਧਲੇ, ਕਰਨਾ ਸਾਡੀ ਫਿਤਰਤ ਹੋ ਗਈ,

ਸਿਹਰੇ ਬਨ੍ਹ ਕੇ ਥੀਵਣ ਵਾਲੇ, ਕਾਜ ਤੋਂ ਮੁਨਕਰ ਹੋ ਬੈਠੇ ਹਾਂ |





ਜੀਣਾ ਤਾਂ ਹੁਣ ਸਿਰਫ ਜੀਣ ਦਾ ਮਕਸਦ ਹੈ ਮਾਨਣ ਦਾ ਨਹੀਂ ਏ

ਕਰਕੇ ਸਾਹਾਂ ਦੀ ਅਣਮੁੱਲੀ ਦਾਤ ਦੇ ਨਾਲ ਧਰੋ ਬੈਠੇ ਹਾਂ



ਤਰਲੋਕ 'ਜੱਜ' 30-4-2011

No comments: