ਸੋਚਦਾ ਕੁਝ ਹੋਰ ਹਾਂ ਮੈਂ ਬੋਲਦਾ ਕੁਝ ਹੋਰ ਹਾਂ
ਵਸਤ ਕਿਧਰੇ ਹੋਰ ਗੁੰਮ ਹੈ ,ਫੋਲਦਾ ਕੁਝ ਹੋਰ ਹਾਂ
ਕੁਫ਼ਰ ਦਾ ਹਟਵਾਣੀਆਂ ਹਾਂ ਦੇ ਰਿਹਾਂ ਖ਼ੁਦ ਨੂੰ ਫ਼ਰੇਬ
ਵੇਚਦਾ ਕੁਝ ਹੋਰ ਹਾਂ ਮੈਂ ਤੋਲਦਾ ਕੁਝ ਹੋਰ ਹਾਂ
ਹੋਸ਼ ਤੇ ਮਸਤੀ ਮੇਰੀ ਇਕਮਿਕ ਨਹੀਂ ਹੋਈਆਂ ਅਜੇ
ਯਤਨ ਸੰਭਲਣ ਦਾ ਕਰਾਂ ਤਾਂ ਡੋਲਦਾ ਕੁਝ ਹੋਰ ਹਾਂ
ਕੁਝ ਕੁ ਤੇਰੀ ਅੱਖ ਵਿਚ ਵੀ ਫ਼ਰਕ ਹੈ ,ਮੈਂ ਵੀ ਤਾਂ ਪਰ
ਦੂਰ ਦਾ ਕੁਝ ਹੋਰ ਹਾਂ ਤੇ ਕੋਲ ਦਾ ਕੁਝ ਹੋਰ ਹਾਂ
ਮੈਂ ਮੁਨਾਖਾ ਹੀ ਨਹੀਂ ਮੈਂ ਅਕਲ ਦਾ ਅੰਨ੍ਹਾ ਵੀ ਹਾਂ
ਮੈਂ ਗਵਾਇਆ ਹੋਰ ਕੁਝ ਹੈ ,ਟੋਲਦਾ ਕੁਝ ਹੋਰ ਹਾਂ