27.9.11

Bhai Manna Singh (Gursharan Singh Ji) Passed away

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 27 ਸਤੰਬਰ

ਉੱਘੇ ਰੰਗਕਰਮੀ ਅਤੇ ਪੰਜਾਬ ਵਿੱਚ ਤਰਕਸ਼ੀਲ ਲਹਿਰ ਦੇ ਧੁਰੇ ਗੁਰਸ਼ਰਨ ਸਿੰਘ ‘ਭਾਅ ਜੀ’ ਦਾ ਅੱਜ  ਰਾਤ ਦੇਹਾਂਤ ਹੋ ਗਿਆ। ਉਹ 82 ਵਰ੍ਹਿਆਂ ਦੇ ਸਨ। ਪਰਿਵਾਰਕ ਹਲਕਿਆਂ ਅਨੁਸਾਰ ਉਹ ਸ਼ਾਮ ਤੱਕ ਠੀਕ-ਠਾਕ ਸਨ ਅਤੇ 9 ਵਜੇ ਤੱਕ ਆਪਣੇ ਸਨੇਹੀਆਂ ਨਾਲ ਫ਼ੋਨ ’ਤੇ ਗੱਲਬਾਤ ਵੀ ਕਰਦੇ ਰਹੇ। 11 ਵਜੇ ਦੇ ਆਸ-ਪਾਸ ਉਨ੍ਹਾਂ ਦੀ ਸਿਹਤ ਵਿੱਚ ਵਿਗਾੜ ਪੈਦਾ ਹੋਇਆ ਅਤੇ ਕੁਝ ਹੀ ਪਲਾਂ ਵਿੱਚ ਉਹ ਦਮ ਤੋੜ ਗਏ।
ਹਰ ਸਮੇਂ ਚੜ੍ਹਦੀਆਂ ਕਲਾਂ ਵਿੱਚ ਰਹਿਣ ਵਾਲੇ ਗੁਰਸ਼ਰਨ ਭਾਅ ਜੀ ਗੁਰਦਿਆਂ ਵਿੱਚ ਨੁਕਸ ਪੈਣ ਕਾਰਨ ਪਿਛਲੇ ਛੇ ਕੁ ਮਹੀਨਿਆਂ ਤੋਂ ਡਾਇਲੈਸਿਸ ’ਤੇ ਸਨ। ਉਨ੍ਹਾਂ ਦੇ ਚਲਾਣੇ ਸਮੇਂ ਉਨ੍ਹਾਂ ਦੀ ਪਤਨੀ ਡਾ. ਕੈਲਾਸ਼ ਕੌਰ ਅਤੇ ਦੋ ਧੀਆਂ ਡਾ. ਨਵਸ਼ਰਨ ਅਤੇ ਡਾ. ਅਰੀਤ ਉਨ੍ਹਾਂ ਦੇ ਕੋਲ ਸਨ। ਦੂਰਦਰਸ਼ਨ ਤੋਂ ਭਾਈ ਮੰਨਾ ਸਿੰਘ ਦੇ ਕਿਰਦਾਰ ਰਾਹੀਂ ਸਮਾਜਿਕ ਕੁਰੀਤੀਆਂ ਅਤੇ ਫਿਰਕੂਵਾਦ ਵਿਰੁੱਧ ਨਿਰੰਤਰ ਆਵਾਜ਼ ਬੁਲੰਦ ਕਰਨ ਵਾਲੇ ਗੁਰਸ਼ਰਨ ਸਿੰਘ ਦਾ ਪੂਰਾ ਜੀਵਨ, ਲੋਕਾਈ ਨੂੰ ਜਾਗ੍ਰਿਤ ਕਰਨ ਪ੍ਰਤੀ ਸਮਰਪਿਤ ਰਿਹਾ। ਸਮਤਾ ਤੇ ਸਮਾਨਤਾ ਨੂੰ ਜੀਵਨ ਜਾਚ ਬਨਾਉਣ ਵਾਲੇ ਇਸ ਜੁਝਾਰੂ ਨੇ ਪੇਸ਼ੇ ਵਜੋਂ ਇੰਜੀਨੀਅਰ ਹੋਣ ਅਤੇ ਇਕ ਸਮੇਂ ਸਰਕਾਰੀ ਨੌਕਰੀ ਵਿੱਚ ਹੋਣ ਦੇ ਬਾਵਜੂਦ ਹੁਕਮਰਾਨਾਂ ਦੀਆਂ ਵਧੀਕੀਆਂ ਖਿਲਾਫ਼ ਆਵਾਜ਼ ਉਠਾਉਣ ਨੂੰ ਆਪਣਾ ਖ਼ਾਸਾ ਬਣਾਇਆ ਅਤੇ ਨਾਟ ਕਲਾ ਨੂੰ ਜਨ ਚੇਤਨਾ ਵਿਕਸਿਤ ਕਰਨ ਦੇ ਮਾਧਿਅਮ ਵਜੋਂ ਚੁਣਿਆ। ਇਸ ਦਾ ਖਮਿਆਜ਼ਾ ਉਨ੍ਹਾਂ ਨੂੰ 1975 ਵਿੱਚ ਐਮਰਜੈਂਸੀ ਦੌਰਾਨ ਸਰਕਾਰੀ ਨੌਕਰੀ ਤੋਂ ਬਰਖਾਸਤਗੀ ਦੇ ਰੂਪ ਵਿੱਚ ਭੁਗਤਣਾ ਪਿਆ। ਆਪਣੀ ਨਾਟ ਮੰਡਲੀ ਰਾਹੀਂ ਉਨ੍ਹਾਂ ਨੇ ਜਿਨ੍ਹਾਂ ਨਾਟਕਾਂ ਨੂੰ ਪੰਜਾਬੀ ਅਵਾਮ ਦੀ ਰੂਹਾਨੀ ਖ਼ੁਰਾਕ ਬਣਾਇਆ, ਉਨ੍ਹਾਂ ਵਿੱਚ ‘ਧਮਕ ਨਗਾਰੇ ਦੀ’, ‘ਚਾਂਦਨੀ ਚੌਕ ਤੋਂ ਸਰਹਿੰਦ ਤੱਕ’, ‘ਬਾਬਾ ਬੋਲਦਾ ਹੈ’, ‘ਕੁਰਸੀ ਮੋਰਚਾ ਅਤੇ ਹਵਾ ’ਚ ਲਟਕਦੇ ਲੋਕ’ ਅਤੇ ‘ਕੰਮੀਆਂ ਦਾ ਵਿਹੜਾ’ ਆਦਿ ਉਚੇਚੇ ਤੌਰ ’ਤੇ ਜ਼ਿਕਰਯੋਗ ਹਨ। ਪੰਜਾਬ ਵਿੱਚ ਅਤਿਵਾਦ ਦੇ ਕਾਲੇ ਦਿਨਾਂ ਦੌਰਾਨ ਵੀ ਉਹ ਬੇਖੌਫ਼ ਹੋ ਕੇ ਲੋਕਾਂ ਵਿੱਚ ਵਿਚਰਦੇ ਰਹੇ ਅਤੇ ਮਜ਼੍ਹਬੀ ਇੰਤਹਾਪਸੰਦੀ ਤੋਂ ਇਲਾਵਾ ਸਰਕਾਰੀ ਜਬਰ ਵਿਰੁੱਧ ਵੀ ਦਲੇਰਾਨਾ ਢੰਗ ਨਾਲ ਆਵਾਜ਼ ਉਠਾਉਂਦੇ ਰਹੇ