14.11.11

Geet- Paramjit Chumber


Paramjit Chumber


ਨਾ ਤੂੰ ਤੋੜੇ ਮੇਰੇ ਤੀਰ
ਆਏ ਵੀਰ ਨਾ ਸ਼ਮੀਰ
ਨਾ ਤੂੰ ਸਾਹਿਬਾਂ ਦੀ ਏਂ ਭੈਣ
ਨਾ ਮੈਂ ਮਿਰਜ਼ੇ ਦਾ ਵੀਰ
ਰੋਸੇ, ਮਿਹਣੇ ਨਾ ਸ਼ਿਕਾਇਤਾਂ, ਗਿਲੇ ਸ਼ਿਕਵੇ ਨਾ ਕੋਈ
ਮੈਂ ਵੀ ਲੁਕ ਲੁਕ ਰੋਇਆ, ਤੂੰ ਵੀ ਲੁਕ ਲੁਕ ਰੋਈ
ਭੈਣਾਂ ਤਰਲੇ ਨਾ ਕੀਤੇ, ਮਾਰੇ ਭਾਬੀਆਂ ਨਾ ਤਾਹਨੇ
ਲੈ ਕੇ ਆ ਗਈ ਮਜ਼ਬੂਰੀ, ਸਾਨੂੰ ਦੇਸ ਬੇਗਾਨੇ
ਆਪਾਂ ਦੋਵੇਂ ਜੁਦਾ ਹੋਏ, ਪੀੜਾਂ ਦਿਲਾਂ ‘ਚ ਲਕੋਈ
ਮੈਂ ਵੀ ਲੁਕ ਲੁਕ ਰੋਇਆ, ਤੂੰ ਵੀ ਲੁਕ ਲੁਕ ਰੋਈ
ਕਰਜ਼ੇ ਦੇ ਜੰਡ ਹੇਠਾਂ, ਹੁੰਦੇ ਪਿਆਰ ਨਾ ਆਬਾਦ
ਦੱਸ ਲੈ ਕੇ ਜਾਂਦਾ ਫੇਰ, ਤੈਨੂੰ ਕੇਹੜੇ ਦਾਨਾਬਾਦ
ਬੱਕੀ ਵੇਚ ਕੇ ਵਿਆਜ ਦੀ, ਕਿਸ਼ਤ ਪੂਰੀ ਹੋਈ
ਮੈਂ ਵੀ ਲੁਕ ਲੁਕ ਰੋਇਆ, ਤੂੰ ਵੀ ਲੁਕ ਲੁਕ ਰੋਈ
ਥੁੜਾਂ ਮਾਰੀ ਜਿੰਦਗੀ ‘ਚ, ਇਸ਼ਕ ਹੁੰਦੈ ਕਮਜ਼ੋਰ
ਤੈਨੂੰ ਮਿਲ ਗਿਆ ਹੋਣਾ, ਮੇਰੇ ਵਰਗਾ ਕੋਈ ਹੋਰ
“ਪੰਮੀ” ਪੱਲੇ ਬੰਨ੍ਹੀ ਬੈਠਾ, ਬੱਸ ਤੇਰੀ ਖੁਸ਼ਬੋਈ
ਮੈਂ ਵੀ ਲੁਕ ਲੁਕ ਰੋਇਆ, ਤੂੰ ਵੀ ਲੁਕ ਲੁਕ ਰੋਈ