ਇਹ ਪੰਡ ਗ਼ਮਾਂ ਦੀ ਭਾਰੀ ਹੈ |
ਦਿਲ ਚੁੱਕਣ ਤੋਂ ਇਨਕਾਰੀ ਹੈ |
ਫੁੱਲਾਂ ਦੇ ਕਿੱਦਾਂ ਖ਼ਾਬ ਲਵਾਂ,
ਮੌਸਮ 'ਤੇ ਬੇ -ਇਤਬਾਰੀ ਹੈ |
ਲੁਕ -ਲੁਕ ਰੋਂਦਾ ਹੈ ਚਾਨਣ ਵੀ ,
ਇੰਝ ਨੇਰ੍ਹੇ ਦੀ ਸਰਦਾਰੀ ਹੈ |
ਸਭ ਰਿਸ਼ਤੇ ਨਾਤੇ ਪੈਸੇ ਦੇ ,
ਪੈਸੇ ਦੀ ਦੁਨੀਆਂ ਸਾਰੀ ਹੈ |
ਦੁਖ,ਦਰਦ,ਤਸੀਹੇ ਸਹਿ-ਸਹਿ ਕੇ,
ਸੱਜਣਾ ਇਹ ਉਮਰ ਗੁਜ਼ਾਰੀ ਹੈ |
ਨਾ ਦਾਗ਼ ਹਿਜਰ ਦੇ ਧੋ ਹੋਏ ,
ਹੰਝੂਆਂ ਨੇ ਬਾਜ਼ੀ ਹਾਰੀ ਹੈ |
ਤੇਰੇ ਬਿਨ ਇਹ ਜੀਵਨ ਮੇਰਾ ,
ਦੁੱਖਾਂ ਦੀ ਇੱਕ ਪਟਾਰੀ ਹੈ |
ਜੰਗਲ ਹੈ ਦੁਨੀਆਂਦਾਰੀ ਦਾ ,
ਵਿਚ ਜਾਨ ਇਕੱਲੀਕਾਰੀ ਹੈ|
Thanks for Reading this. Like us on Facebook and Subscribe to stay in touch.