27.1.12

Shiv Kumar : Birha da Sultan -Mohan Bhandari



 ਪਰਮਜੀਤ ਕੌਰ ਨਿੱਝਰ ਜੀ ਵੱਲੋਂ ' ਯਾਦਾਂ ਜੁ ਆਈਆਂ ਤੇਰੀਆਂ 


" ਇਹ ਕਿਸ ਦੀ ਅੱਜ ਯਾਦ ਹੈ ਆਈ,
ਚੰਨ ਦਾ ਲੌਂਗ ਬੁਰਜੀਆਂ ਵਾਲਾ,
ਪਾ ਕੇ ਨੱਕ ਵਿਚ ਰਾਤ ਹੈ ਆਈ,
ਇਹ ਕਿਸ ਦੀ ਅੱਜ ਯਾਦ ਹੈ ਆਈ |"

ਜਦੋਂ ਇਹ ਗੀਤ ਸ਼ਿਵ ਨੇ ਮੇਰੀ ਅੰਮੜੀ ਦੇ ਵਿਹੜੇ ਵਿਚ ਬੈਠ ਕੇ ਗਾਇਆ ਸੀ ਤਾਂ ਉਸਦਾ ਖੱਬਾ ਹੱਥ ਸੀਨੇ ਤੇ ਸੀ ਤੇ ਸੱਜਾ ਹੱਥ ਮੱਥੇ ਤੇ ਸੀ | ਇਕ ਬਰੀਕ ਜਿਹੀ ਹੰਝੂਆਂ ਦੀ ਲੀਕ ਉਹਦੀਆਂ ਪਲਕਾਂ ਦੀ ਕੈਦ ਚੋਂ ਨਿਕਲ ਕੇ ਉਹਦੀ ਨੱਕ ਦੀ ਕੂਮਲੀ ਨੂੰ ਸਿੱਲੀ ਕਰਦੀ ਉਹਦੇ ਹੋਠਾਂ ਵਿਚ ਸਮਾ ਗਈ | ਸਭ ਤੋਂ ਪਹਿਲਾਂ ਦਿਲ ਮੇਰੀ ਮਾਂ ਦਾ ਪਸੀਜਿਆ ਜੋ ਉਸਦੇ ਸਾਹਵੇਂ ਬੈਠ ਨਾ ਸਕੀ | ਅੱਜ ਮੇਰੀ ਮਾਂ ਨਾ ਇਸ ਦੁਨੀਆਂ ਵਿਚ ਹੈ ਤੇ ਨਾ ਹੀ ਹੰਝੂਆਂ ਭਿੱਜੀ ਯਾਦ ਨੂੰ ਸੀਨੇ ਵਿਚ ਸਾਂਭ ਕੇ ਰੱਖਣ ਵਾਲਾ ਉਹ ਮਸਤ-ਮਲੰਗ , ਅਲਬੇਲਾ ਸ਼ਾਇਰ ਜਿਸਨੂੰ ਇਹ ਦੁਨੀਆਂ ਲਗਭਗ ਸਾਢੇ ਤਿੰਨ ਦਹਾਕੇ ਬੀਤ ਜਾਣ ਤੇ ਵੀ ਨਹੀਂ ਭੁੱਲ ਸਕੀ | 

ਜੀ ਹਾਂ ! ਮੈਂ ਗੱਲ ਕਰ ਰਹੀ ਹਾਂ ਸ਼ਿਵ ਕੁਮਾਰ ਬਟਾਲਵੀ ਦੀ , ਜਿਸਨੇ ਆਪਣੀ ਉਮਰ ਦੀ ਤਿੱਖੜ ਦੁਪਹਿਰ ਵੇਲੇ ਜੂਨ 1959 ਦੀ ਤਪਦੀ ਰੁੱਤੇ ' ਮੋਗੇ ' ਸ਼ਹਿਰ ਵਿਚ ਪੈਰ ਪਾਇਆ | ਉਸ ਦਿਨ ਦੀ ਸੁਰਮਈ ਸ਼ਾਮ ਡੀ.ਐਮ. ਕਾਲਜ ਮੋਗੇ ਦੀ ਪਹਿਲੀ ਸ਼ਾਮ ਸੀ , ਜਦੋਂ ਉਸਨੇ ਇਕ ਭਰਵੇਂ ਇਕੱਠ ਵਿਚ ' ਮਿਰਚਾਂ ਦੇ ਪੱਤਰ ' ਦੀ ਪੇਸ਼ਕਾਰੀ ਕੀਤੀ | ਉਸਦੇ ਤਰੰਨਮ ਤੇ ਆਵਾਜ਼ ਦੀ ਸੋਜ਼ ਨੇ ਨੌਜਵਾਨ ਦਿਲਾਂ ਦੀ ਧੜਕਣ ਤੇਜ਼ ਕਰ ਦਿਤੀ | ਅੱਲੜ ਕੰਵਾਰੀਆਂ ਦੇ ਸੀਨਿਆਂ ਵਿਚੋਂ ਹਉਕੇ ਉੱਠਣ ਲੱਗੇ | ਬਿਰਹੁੰ ਕੁੱਠੇ ਨੈਣਾਂ ਦੇ ਕੋਏ ਸਿੱਲੇ ਹੋਣ ਲੱਗੇ |ਸਟੇਜ ਤੇ ਬੈਠੇ ਸਿਰਮੌਰ ਕਵੀ ਵਿਧਾਤਾ ਸਿੰਘ ਤੀਰ , ਕਰਤਾਰ ਸਿੰਘ ਬਲੱਗਣ , ਨੰਦ ਲਾਲ ਨੂਰਪੁਰੀ ਉਸਦੇ ਮੂੰਹ ਵੱਲ ਵੇਖਦੇ ਭਵਿੱਖ ਵਿਚ ਉੱਠਣ ਵਾਲੀ ਲਹਿਰ ਤੋਂ ਹੈਰਾਨ-ਪਰੇਸ਼ਾਨ ਰਹਿ ਗਏ | ਉਸ ਦਿਨ ਸਟੇਜ ਤੇ ਹੋਰ ਕਿਸੇ ਕਵੀ ਨੂੰ ਸਰੋਤੇ ਸੁਣਨ ਲਈ ਤਿਆਰ ਨਹੀਂ ਸਨ | ਵਾਰ ਵਾਰ ' ਸ਼ਿਵ ' ਦੀ ਫਰਮਾਇਸ਼ ਹੋ ਰਹੀ ਸੀ | ਉਸ ਸਮੇਂ ਸਭ ਤੋਂ ਜ਼ਿਆਦਾ ਖੁਸ਼ ਬਰਕਤ ਰਾਮ ' ਯੁਮਨ ' ਸੀ ਜੋ ਉਸਦਾ ਉਸਤਾਦ ਸੀ | ਉਹ ਸ਼ਾਮ ' ਸ਼ਿਵ ' ਦੀ ਸ਼ਾਮ ਹੋ ਨਿੱਬੜੀ |

ਤੇ ਫੇਰ ' ਮੋਗਾ ' ਸ਼ਹਿਰ ਦੀਆਂ ਝੱਲੀਆਂ ਕੁੜੀਆਂ ਨੇ ਉਸਨੂੰ ਮੋਹ ਤੇ ਅਪਣੱਤ ਭਰੀ ਚਿੱਠੀ ਲਿਖੀ:
" ਵੀਰੇ ,
ਤੇਰੀਆਂ ਝੱਲੀਆਂ ਭੈਣਾਂ ਤੇਰੇ ਨਾਲ ਮਿਲ ਬੈਠਣ ਲਈ ਤਰਸਦੀਆਂ ਨੇ |

ਉਡੀਕਵਾਨ,
ਸਤਿੰਦਰ ਤੇ ਹਰਜੀਤ | "

ਤੇ ਉਹਨਾਂ ਝੱਲੀਆਂ ਭੈਣਾਂ ਦਾ ਓਦੂੰ ਵੀ ਵੱਧ ਝੱਲਾ ਵੀਰਾ , ਮੁੜਦੀ ਡਾਕੇ ਆਪ ਹੀ ਆ ਗਿਆ | ਮੈਂ ਮੋਗੇ ਦੇ ਨੇੜੇ ਫੇਰੂ ਸ਼ਹਿਰ ਵਿਖੇ ਸਰਵਿਸ ਕਰਦੀ ਸੀ | ਮੈਨੂੰ ਵੀ ਸੁਨੇਹਾ ਮਿਲਿਆ | ਉਹ ਵੀ ਜੂਨ 1959 ਦੀ ਇਕ ਭਖਦੀ ਦੁਪਹਿਰ ਸੀ | ਸਤਿੰਦਰ ਮੇਰੀ ਛੋਟੀ ਭੈਣ ਤੇ ਹਰਜੀਤ ਉਸਦੀ ਸਹੇਲੀ | ਉਹ ਦੋਵੇਂ ਉਸਨੂੰ ਬਸ ਸਟੈਂਡ ਤੋਂ ਸਾਡੇ ਘਰ ਲੈ ਆਈਆਂ | ਉਸਦੇ ਨਾਲ ਉਸਦਾ ਦੋਸਤ ਸੀ | ਦੋਵੇਂ ਇਕੋ ਜਿਹੇ ਲੰਮ-ਸਲੰਮੇ | ਦੋਵਾਂ ਦੇ ਹੀ ਚਿੱਟੇ ਲੰਬੇ ਬੰਗਾਲੀ ਕੁੜਤੇ ਤੇ ਖੁੱਲੇ ਜਿਹੇ ਚਿੱਟੇ ਪਜਾਮੇ | ਜਦੋਂ ਉਹ ਘਰ ਪਹੁੰਚੇ ਤਾਂ ਅਸੀਂ ਬੜੇ ਹੀ ਨਿੱਘ ਨਾਲ ਉਹਨਾਂ ਦਾ ਸਵਾਗਤ ਕੀਤਾ | ਵੇਖਦਿਆਂ ਵੇਖਦਿਆਂ ਸਾਡਾ ਘਰ ਕਾਲਜ ਦੀਆਂ ਕੁੜੀਆਂ ਨਾਲ ਟਹਿਕਣ ਲੱਗ ਪਿਆ | ਕਮਰੇ ਵਿਚ ਵਿਛੀ ਤਰਪਾਲ ਤੇ ਕੁੜੀਆਂ ਦੇ ਵਿਚਕਾਰ ਬੈਠਾ, ਉਹ ਬਹੁਤ ਖੁਸ਼ ਸੀ | ਵੀਰੇ ਵੀਰੇ ਦੀਆਂ ਆਵਾਜ਼ਾਂ ਨਾਲ ਕਮਰਾ ਗੂੰਜ ਉਠਿਆ | ਵੱਖੋ-ਵਖਰੀਆਂ ਫਰਮਾਇਸ਼ਾਂ ਹੋਣ ਲੱਗੀਆਂ | ਮੇਰੀ ਮਾਂ ਨੇ ਘੁਰਕੀ ਲਾਉਂਦਿਆਂ ਕਿਹਾ, " ਮਰ ਜਾਣੀਓਂ , ਉਹਨਾਂ ਨੂੰ ਪਹਿਲਾਂ ਚਾਹ-ਪਾਣੀ ਤਾਂ ਪੀ ਲੈਣ ਦਿਓ " | ਸਾਰੀਆਂ ਕੁੜੀਆਂ ਰਸੋਈ ਵਲ ਨੂੰ ਭੱਜ ਤੁਰੀਆਂ | ਕਿਸੇ ਦੇ ਹੱਥ ਪਾਣੀ ਵਾਲਾ ਗਿਲਾਸ , ਕਿਸੇ ਹੱਥ ਚਾਹ ਦੀ ਕੇਤਲੀ ,ਕਿਸੇ ਹੱਥ ਬਿਸਕੁਟਾਂ ਵਾਲੀ ਪਲੇਟ | ਫੇਰ ਸ਼ੋਰ-ਸ਼ਰਾਬਾ , " ਵੀਰੇ ਪਹਿਲਾਂ ਮੇਰੇ ਹੱਥੋਂ , ਪਹਿਲਾਂ ਮੇਰੇ ਕੋਲੋਂ " | ਉਹ ਇਸ ਸ਼ੋਰ-ਸ਼ਰਾਬੇ ਵਿਚ ਸਭ ਕੁਝ ਭੁੱਲਿਆ ਬੈਠਾ ਸੀ | ਬਹੁਤ ਖੁਸ਼ | ਅੰਤਾਂ ਦਾ ਖੁਸ਼ | ਤੇ ਮੈਂ ਸੋਚ ਰਹੀ ਸਾਂ ਕਿ ਕੁੜੀਆਂ ਤਾਂ ਕਹਿੰਦੀਆਂ ਸਨ ਕਿ ਉਹ ਗ਼ਮ ਦੇ ਗੀਤ ਗਾਉਂਦਾ ਹੈ | ਆਪ ਵੀ ਰੋਂਦਾ ਹੈ ਤੇ ਦੂਜਿਆਂ ਨੂੰ ਵੀ ਰਵਾਉਂਦਾ ਹੈ | ਮੈਂ ਮਹਿਸੂਸ ਕੀਤਾ ਕਿ ਗ਼ਮ ਤਾਂ ਉਹਦੇ ਨੇੜੇ-ਤੇੜੇ ਵੀ ਨਹੀਂ ਸੀ | ਉਹ ਇਕ ਨਖਰੇਲੋ ਨਾਰ ਵਾਂਗ ਹਰ ਇਕ ਨੂੰ ਲੁਭਾ ਰਿਹਾ ਸੀ | ਪਤਾ ਨਹੀਂ ਕਿਉਂ ? ਮੈਨੂੰ ਚੰਗਾ ਨਹੀਂ ਸੀ ਲੱਗ ਰਿਹਾ | ਤੇ ਮੈਂ ਉਸ ਮਹਿਫ਼ਲ ਚੋਂ ਪਰੇ ਹੀ ਰਹੀ | ਤਿੰਨ-ਚਾਰ ਘੰਟੇ ਬਾਅਦ ਉਹਨਾਂ ਜਾਣ ਦੀ ਤਿਆਰੀ ਕਰ ਲਈ | ਕੁੜੀਆਂ ਨੇ ਉਸਦੇ ਆਟੋਗਰਾਫ਼ ਲੈਣੇ ਸ਼ੁਰੂ ਕੀਤੇ | ਜਾਣ ਵੇਲੇ ਉਹ ਮੇਰੇ ਸਾਹਮਣੇ ਆ ਕੇ ਖੜ ਗਿਆ ਤੇ ਕਹਿਣ ਲੱਗਾ , " ਤੁਹਾਨੂੰ ਮੇਰੇ ਆਟੋਗਰਾਫ਼ ਨਹੀਂ ਚਾਹੀਦੇ ? " ਮੈਂ ਮੁਸਕੁਰਾ ਪਈ ਤੇ ਅਪਣੀ ਛੋਟੀ ਭੈਣ ਦੀ ਆਟੋਗਰਾਫ਼ ਬੁੱਕ ਉਸਦੇ ਅੱਗੇ ਕਰ ਦਿਤੀ | ਉਸਨੇ ਲਿਖਿਆ , " ਤੂੰ ਚੁੱਪ ਦਾ ਸਾਗਰ ਏਂ | ਪਰ ਡਾਹਢਾ ਸੁਆਦ ਏ ਤੇਰੀ ਚੁੱਪ ਵਿਚ | ਸ਼ਿਵ | " ਆਟੋ ਬੁੱਕ ਮੈਨੂੰ ਮੋੜਦਾ ਕਾਤਲਾਨਾ ਅਦਾ ਨਾਲ ਮੁਸਕਰਾ ਪਿਆ |

ਉਹ ਦਿਨ ਮੋਗੇ ਦੇ ਇਤਿਹਾਸ ਦਾ ਇਕ ਸੁਨਹਿਰੀ ਪੰਨਾ ਸੀ ਜੋ ਮੋਹ ਤੇ ਅਪਣੱਤ ਨਾਲ ਭਰਿਆ ਹੋਇਆ ਸੀ , ਜੋ ਉਸਨੂੰ ਮਿਲੇ ਪਿਆਰ , ਸਤਿਕਾਰ ਤੇ ਅਪਣੱਤ ਦਾ ਪਰਤੀਕ ਸੀ | ਮੋਗਾ ਸ਼ਹਿਰ ਉਸ ਬਾਝੋਂ ਜਿਉਂ ਨਹੀਂ ਸੀ ਸਕਦਾ | ਹਰ ਸਮਾਗਮ ਵਿਚ ਉਸਦੀ ਹਾਜ਼ਰੀ ਜਰੂਰ ਹੁੰਦੀ | ਬੇਸ਼ੁਮਾਰ ਲੋਕਾਂ ਦਾ ਇੱਕਠ ਉਹਨੂੰ ਸਿਰ ਤੇ ਚੁੱਕ ਲੈਂਦਾ | ਹਰ ਵਾਰ ਉਹ ਸਾਡੇ ਘਰ ਜ਼ਰੂਰ ਆਉਂਦਾ ਤੇ ਮੇਰੀ ਮਾਂ ਦੇ ਹੱਥਾਂ ਦੀਆਂ ਰੋਟੀਆਂ ਦੀਆਂ ਚੰਦ ਬੁਰਕੀਆਂ ਆਪਣੇ ਮੂੰਹ ਪਵਾ ਕੇ ਮੇਰੀ ਮਾਂ ਤੋਂ ਰੱਜਵਾਂ ਪਿਆਰ ਲੈਂਦਾ | ਕੁੜੀਆਂ ਨੂੰ ਪਤਾ ਨਹੀਂ ਕਿਵੇਂ ਸੂਹ ਲੱਗ ਜਾਂਦੀ ਤੇ ਉਹ ਮਿੰਟਾਂ-ਸਕਿੰਟਾਂ ਵਿਚ ਉਸ ਦੁਆਲੇ ਇਕੱਠੀਆਂ ਹੋ ਕੇ " ਚੀਂ....ਚੀਂ... ਕਰਦੀਆਂ | " ਇਕ ਵਾਰ ਉਸਨੇ ਮੈਨੂੰ ਕਿਹਾ , " ਪਰਮ , ਇਹ ਮੇਰੇ ਦੁਆਲਿਓਂ ਕਦੋਂ ਪਰੇ ਹੋਣਗੀਆਂ | ਚੀਂ ਚੀਂ ਕਰਕੇ ਮੇਰਾ ਸਿਰ ਖਾ ਜਾਂਦੀਆਂ ਨੇ | " ਮੈਂ ਬੋਲੀ , " ਇਹ ਕੁੜੀਆਂ ਤਾਂ ਚਿੜੀਆਂ ਨੇ | ਤੇਰੇ ਗੀਤਾਂ ਦਾ ਚੋਗਾ ਚੁਗਣ ਆਉਂਦੀਆਂ ਨੇ , ਚੋਗਾ ਖਾ ਕੇ ਉੱਡ ਜਾਣਗੀਆਂ | " ਤਾਂ ਉਸਨੇ ਕਿਹਾ , " ਇਹ ਕੁੜੀਆਂ ਤਾਂ ਮੇਰੇ ਯਾਰ ਨੇ , ਨਿਰੀਆਂ ਆਟੇ ਦੀਆਂ ਚਿੜੀਆਂ | ਮੈਂ ਇਹ ਨਜ਼ਮ ਮੋਗੇ ਦੀਆਂ ਕੁੜੀਆਂ ਤੇ ਲਿਖਾਂਗਾ | " ਸੋ ਉਸਨੇ ਪੂਰੀ ਕਿਤਾਬ ਹੀ ' ਆਟੇ ਦੀਆਂ ਚਿੜੀਆਂ ' ਲਿਖ ਦਿਤੀ | 

ਇਸ ਤੋਂ ਪਹਿਲਾਂ ਉਸਦੀ ਕਿਤਾਬ ' ਪੀੜਾਂ ਦਾ ਪਰਾਗਾ ' ਛਪ ਚੁੱਕੀ ਸੀ | ਉਹ ਬਹੁਤ ਖੁਸ਼ ਸੀ | ਉਹਨਾਂ ਦਿਨਾਂ ਵਿਚ ਉਹ ਪਟਵਾਰੀ ਲੱਗਿਆ ਹੋਇਆ ਸੀ | ਫੇਰ ਉਸਨੇ ਨੌਕਰੀ ਛੱਡ ਦਿਤੀ | ਪਹਿਲੀ ਕਿਤਾਬ ਉਸਨੇ ਆਪਣੀ ਪਹਿਲੀ ਪਰੇਮਿਕਾ ' ਮੀਨਾ ' ਨਾਮ ਦੀ ਕੁੜੀ ਨੂੰ ਸਮਰਪਤ ਕੀਤੀ ਹੋਈ ਸੀ ਜੋ ਛੇਤੀ ਹੀ ਉਸਦੇ ਜੀਵਨ ਤੋਂ ਦੂਰ , ਰੱਬ ਦੇ ਘਰ ਚਲੀ ਗਈ ਸੀ | ਦੂਜੀ ਵੇਰ ਫੇਰ ਮੁਹੱਬਤ ਦੇ ਸਾਏ ਨੇ ਉਸਨੂੰ ਜਕੜ ਲਿਆ | ਤੇ ਉਹ ਅਮੀਰ ਕੁੜੀ ' ਰਸ਼ੀਆ ' ਚਲੀ ਗਈ | ਉਹਨੀਂ ਦਿਨੀਂ ਸ਼ਿਵ ਬਹੁਤ ਖੁਸ਼ ਸੀ ਕਿ ਉਹ ਕੁੜੀ ਉਸਨੂੰ ਊਥੇ ਜਾ ਕੇ ਬੁਲਾ ਲਵੇਗੀ ਤੇ ਉਹ ਵਿਆਹ ਕਰਵਾ ਲੈਣਗੇ | ਤੇ ਫੇਰ ਸ਼ਿਵ ਉਡੀਕਦਾ ਉਡੀਕਦਾ ਥੱਕ ਗਿਆ | ਇਕ ਦਿਨ ਉਸਨੇ ਉਹਨਾਂ ਦੇ ਹੀ ਪਰਿਵਾਰਕ ਰਸਾਲੇ ਦੇ ਟਾਈਟਲ ਪੇਜ਼ ਤੇ ਫ਼ੋਟੇ ਛਪੀ ਹੋਈ ਵੇਖੀ ਜਿਸ ਵਿਚ ਉਸਨੇ ਕਿਸੀ ਵਿਦੇਸ਼ੀ ਨਾਲ ਵਿਆਹ ਕਰਵਾ ਲਿਆ ਸੀ | ਸ਼ਿਵ ਤੜਫਿਆ , ਲੁੱਛਿਆ ਤੇ ਮੇਰੀ ਮਾਂ ਦੀ ਝੋਲੀ ਵਿਚ ਸਿਰ ਰੱਖ ਕੇ ਗਾਉਣ ਲੱਗਿਆ :

ਮਾਏਂ ਨੀ ਮਾਏਂ , ਮੇਰੇ ਗੀਤਾਂ ਦੇ ਨੈਣਾਂ ਵਿਚ 
ਬਿਰਹੋਂ ਦੀ ਰੜਕ ਪਵੇ |

ਤੇ ਫੇਰ ਉੱਚੀ-ਉੱਚੀ ਰੋਣ ਲੱਗ ਪਿਆ | ਮੇਰੀ ਮਾਂ ਨੇ ਉਸਨੂੰ ਵਰਾਇਆ | ਮੈਂ ਵੀ ਉਸਨੂੰ ਕਾਰਨ ਪੁੱਛਣ ਲੱਗੀ | ਉਸ ਕੁਝ ਨਾ ਦੱਸਿਆ ਤੇ ਫੇਰ ਇਕ ਦਿਨ ਉਹ ਆਇਆ ਤੇ ਆਉਂਦਿਆਂ ਹੀ ਮੇਰੇ ਨਾਲ ਉਪਰੋਕਤ ਘਟਨਾ ਦਾ ਜ਼ਿਕਰ ਕਰਦਿਆਂ ਰੋ ਪਿਆ | ਮੈਂ ਉਸਨੂੰ ਬਹੁਤ ਦਿਲਾਸਾ ਦਿਤਾ | ਮੇਰੀ ਮਾਂ ਨੇ ਕਿਹਾ , " ਤੇਰੀ ਦੁਨੀਆਂ ਇਥੇ ਹੀ ਖ਼ਤਮ ਨਹੀਂ ਹੁੰਦੀ | ਜੋ ਤੇਰਾ ਨਹੀਂ ਹੋ ਸਕਿਆ , ਤੂੰ ਉਸ ਲਈ ਹੀਰਿਆਂ ਵਰਗੇ ਮੋਤੀ ਕਿਉਂ ਲੁਟਾਵੇਂ ? ਆਪਣੇ ਆਪ ਨੂੰ ਸੰਭਾਲ | ਕੀ ਪਤੈ ਜਿੰਦਗੀ ਦੀ ਕਿਹੜੀ ਸੁਨਹਿਰੀ ਕਿਰਨ ਤੇਰਾ ਇੰਤਜ਼ਾਰ ਕਰਦੀ ਹੋਵੇ | " ਤੇ ਫੇਰ ਇਕ ਦਿਨ ਮੇਰੀ ਮਾਂ ਨੇ ਸਮਝਾਇਆ , " ਖੁਸ਼ ਰਹਿਣ ਦਾ ਯਤਨ ਕਰ | ਏਸ ਸ਼ਹਿਰ ਦੀਆਂ ਕੁੜੀਆਂ ਕਿਵੇਂ ਵੀਰੇ ਵੀਰੇ ਕਰਕੇ ਤੈਨੂੰ ਸਿਰ ਤੇ ਬਿਠਾਉਂਦੀਆਂ ਨੇ | ਏਸ ਸ਼ਹਿਰ ਚੋਂ ਤੈਨੂੰ ਏਨੀਆਂ ਖੁਸ਼ੀਆਂ ਮਿਲਣਗੀਆਂ , ਤੈਥੋਂ ਸੰਭਾਲੀਆਂ ਨਹੀਂ ਜਾਣੀਆਂ | " ਤੇ ਮੇਰੀ ਮਾਂ ਦੀ ਇਹ ਭਵਿੱਖਬਾਣੀ ਸੱਚੀ ਹੋਈ | ਇਸ ਸ਼ਹਿਰ ਚੋਂ ਉਸਨੂੰ ਏਨੀਆਂ ਖੁਸ਼ੀਆਂ ਮਿਲੀਆਂ ਕਿ ਉਸ ਨੂੰ ਮਹਿਸੂਸ ਹੋਣ ਲੱਗ ਪਿਆ ਕਿ ਹੁਣ ਉਸਦਾ ਗ਼ਮ ਉੱਧਲ ਗਿਆ ਸੀ |

ਮੈਂ ਉਸਦੀ ਹਾਨਣ ਸਾਂ | ਮੇਰੀ ਉਹਦੀ ਦੁੱਖ-ਸੁੱਖ ਦੀ ਸਾਂਝ ਸੀ | ਇਕ ਭਾਵੁਕ ਜਿਹਾ ਰਿਸ਼ਤਾ ਬਣ ਚੁੱਕਾ ਸੀ | ਕਦੇ ਕਦੇ ਜਦੋਂ ਉਹ ਉਦਾਸ ਹੁੰਦਾ ਤਾਂ ਮੇਰੇ ਮੋਢੇ ਤੇ ਸਿਰ ਰੱਖ ਕੇ ਗੀਤ ਗਾਉਂਦਾ | ਅਨੇਕਾਂ ਹੀ ਉਹਦੇ ਸਿਰਜਣਾਤਮਕ ਪਲਾਂ ਵਿਚ ਮੈਂ ਉਸਦੇ ਕੋਲ ਹੁੰਦੀ | ਮੇਰੇ ਸ਼ਹਿਰ ਦੇ ਕੁਝ ਲੋਕਾਂ ਨੂੰ ਉਸਦਾ ਸਾਡੇ ਘਰ ਆਉਣਾ ਗਵਾਰਾ ਨਹੀਂ ਸੀ | ਇਕ ਵਾਰ ਕਿਸੇ ਸਿਰਫਿਰੇ ਨੇ ਉਸਨੂੰ ਤਾੜਨਾ ਕੀਤੀ ਕਿ ਉਹ ਉਹਨਾਂ ਦੇ ਸ਼ਹਿਰ ਨਾ ਆਵੇ | ਪਰ ਉਹ ਕਦੋਂ ਕਿਸੇ ਦੀ ਧੌਂਸ ਸਹਿਣ ਵਾਲਾ ਸੀ | ਉਸ ਕਿਹਾ , " ਕੋਈ ਮਾਈ ਦਾ ਲਾਲ ਉਸਨੂੰ ਰੋਕ ਨਹੀਂ ਸਕਦਾ | ਉਹ ਆਵੇਗਾ ਤੇ ਜ਼ਰੂਰ ਆਵੇਗਾ | " ਉਹ ਕੇਵਲ ਆਇਆ ਹੀ ਨਹੀਂ ਸਗੋਂ ਉਸਨੇ ਮੈਨੂੰ ਆਪਣੇ ਘਰ ਇਕ ਸਮਾਗਮ ਤੇ ਬੁਲਾਇਆ | ਉਸਦੀ ਮਾਂ ਦੀ ਨਿੱਘੀ ਬੁੱਕਲ ਦਾ ਪਿਆਰ ਅੱਜ ਵੀ ਮੇਰੇ ਰੋਮ-ਰੋਮ ਵਿਚ ਰਚਿਆ ਹੋਇਆ ਹੈ | ਉਸਦੇ ਪਰਿਵਾਰ ਤੇ ਰਿਸ਼ਤੇਦਾਰਾਂ ਦਾ ਪਿਆਰ ਅੱਜ ਵੀ ਮੇਰੇ ਚੇਤੇ ਵਿਚ ਬਰਕਰਾਰ ਹੈ ਜਿਸਨੂੰ ਉਸਨੇ ਇਕ ਗੀਤ " ਤੂੰ ਆਈ ਮੇਰੇ ਗਰਾਂ " ਵਿਚ ਵਾਰ ਵਾਰ ਗਾਇਆ ਹੈ | 

ਇਸ ਦੌਰਾਨ ਉਸਨੇ ਬਹੁਤ ਸਾਰੇ ਖੁਸ਼ੀਆਂ ਭਰੇ ਗੀਤ ਲਿਖੇ | 1960-61-62 ਦੀ ਉਸਦੀ ਕਵਿਤਾ ਗਵਾਹ ਹੈ | ਸ਼ਿਵ ਜ਼ਿੱਦੀ ਸੀ , ਹਠ ਪਿੱਟਦਾ ਸੀ | ਉਹ ਆਪਣੀਆਂ ਆਦਤਾਂ ਦਾ ਗੁਲਾਮ ਹੋ ਚੁੱਕਾ ਸੀ | ਉਸਨੇ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਉਹ ਸ਼ਰਾਬ ਤੇ ਸਿਗਰਟਾਂ ਛੱਡ ਦੇਵੇਗਾ | ਪਰ ਉਹ ਵਾਅਦਾ ਨਾ ਨਿਭਾ ਸਕਿਆ | ਯਾਰਾਂ-ਦੋਸਤਾਂ ਨੇ ਉਸਨੂੰ ਸ਼ਰਾਬ ਪਿਆ ਪਿਆ ਕੇ ਉਸਦਾ ਗ਼ੁਲਾਮ ਬਣਾ ਦਿਤਾ ਤੇ ਉਹੀ ਸ਼ਰਾਬ ਉਸਨੂੰ ਲੈ ਡੁੱਬੀ | ਅੰਤਲੇ ਦਿਨਾਂ ਵਿਚ ਵੀ ਜਦੋਂ ਉਹ ਇੰਗਲੈਂਡ ਗਿਆ ਤਾਂ ਉਸਨੂੰ ਉਥੇ ਮਣਾਂ ਮੂੰਹੀ ਸ਼ਰਾਬ ਪਿਆਈ ਗਈ | ਤੇ ਅਖ਼ੀਰ ਉਹੀ ਸ਼ਰਾਬ ਜ਼ਹਿਰ ਬਣਕੇ ਉਸ ਦੇ ਲਹੂ ਵਿਚ ਰਚ ਗਈ ਤੇ ਜਾਨ ਲੇਵਾ ਬਣੀਂ | 

ਉਸਦੀ ਜ਼ਿੰਦਗੀ ਬੜੀ ਤਲਖ਼ ਸੀ , ਤੱਤੀ ਸੀ | ਜਿਸਨੇ ਵੀ ਫੂਕਾਂ ਮਾਰਨ ਦੀ ਕੋਸ਼ਿਸ਼ ਕੀਤੀ ਉਸਦੇ ਬੁੱਲ ਸੜ ਗਏ | ਉਹ ਜੋ ਵੀ ਵਾਅਦਾ ਕਰਦਾ , ਉਹ ਉਸਦੇ ਸਿਗਰਟ ਦੇ ਧੂੰਏ ਵਾਂਗ ਉੱਡ ਜਾਂਦਾ | ਉਹ ਆਪਣੇ ਆਪ ਨੂੰ ਬਰਬਾਦ ਕਰਨ ਤੇ ਤੁਲਿਆ ਹੋਇਆ ਸੀ | ਪੈਸੇ ਦੀ ਘਾਟ ਉਸਨੂੰ ਹਮੇਸ਼ਾ ਰਹਿੰਦੀ | ਜਿੰਨੇ ਵੀ ਪੈਸੇ ਜੇਬ ਵਿਚ ਹੁੰਦੇ , ਉੜਾ ਦਿੰਦਾ | ਉਸਨੂੰ ਭਵਿੱਖ ਦੀ ਕੋਈ ਚਿੰਤਾ ਨਾ ਹੁੰਦੀ | ਇਹੀ ਕਹਿੰਦਾ ਰਹਿੰਦਾ ਕਿ ਉਸਨੇ ਛੇਤੀ ਤੁਰ ਜਾਣਾ ਹੈ | ਉਸਨੂੰ ਟੀ.ਬੀ. ਹੈ | ਉਸਦੇ ਫੇਫੜੇ ਛਲਣੀ ਹਨ | ਉਹਨੇ ਸੈਨੀਟੋਰੀਅਮ ਜਾਣਾ ਹੈ | ਇਕ ਵਾਰ ਮੈਂ ਉਸਨੂੰ ਝਿੜਕਿਆ ਕਿ ਜੇ ਉਹ ਇੰਜ ਹੀ ਡਰਾਮੇਬਾਜ਼ੀ ਕਰਦਾ ਰਿਹਾ ਤਾਂ ਲੋਕਾਂ ਨੇ ਨੇੜੇ ਹੋਣ ਦੀ ਬਜਾਏ ਉਸ ਤੋਂ ਦੂਰ ਹੋ ਜਾਣਾ ਹੈ | ਤੇ ਉਹ ਦੂਰੀਆਂ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਸੀ ਕਰ ਸਕਦਾ | ਇਸ ਗੱਲ ਦਾ ਅਹਿਸਾਸ ਉਸਨੂੰ ਬਾਅਦ ਵਿਚ ਹੋਇਆ | ਉਦੋਂ ਉਹਨੇ ਸਿਰਫ਼ ਆਪਣੀ ਕਵਿਤਾ ਬਾਰੇ ਡੁੰਘਿਆਈ ਨਾਲ ਸੋਚਣਾ ਸ਼ੁਰੂ ਕੀਤਾ | ਇਥੋਂ ਤਕ ਕਿ ਆਪਣੇ ਨਾਂ ਨਾਲੋਂ ਆਪਣਾ ਤਖ਼ੱਲਸ ' ਬਟਾਲਵੀ ' ਵੀ ਲਿਖਣੋਂ ਹਟ ਗਿਆ | 1962 ਵਿਚ ਮੁੜ ਉਸਨੇ ਸ. ਕਾਲਜ , ਨਾਭਾ ਵਿਖੇ ਦਾਖ਼ਲਾ ਲੈ ਲਿਆ | 

ਦਸੰਬਰ 1962 ਵਿਚ ਮੇਰੀ ਸ਼ਾਦੀ ਹੋ ਗਈ | ਉਹ ਮੇਰੇ ਪਤੀ ਨੂੰ ਜਾਣਦਾ ਸੀ | ਉਸਨੇ ਮੈਨੂੰ ਲਿਖਿਆ , " ਤੇਰਾ ਹੋਣ ਵਾਲਾ ਪਤੀ ਸੋਹਣਾ , ਸੁਨੱਖਾ ਤੇ ਜ਼ਹੀਨ ਹੈ | ਆਸ ਹੈ ਤੂੰ ਉਸਦੇ ਨਾਲ ਬਹੁਤ ਖੁਸ਼ ਰਹੇਂਗੀ | " ਮੇਰੇ ਪਤੀ ਰਾਮਗੜੀਆ ਕਾਲਜ , ਫਗਵਾੜਾ ਵਿਖੇ ਪਰੋਫ਼ੈਸਰ ਸਨ ਤੇ ਉਥੋਂ ਦੇ ਪੰਜਾਬੀ ਪਰੋਫ਼ੈਸਰ ਜਗਜੀਤ ਸਿੰਘ ਛਾਬੜਾ ਨਾਲ ਰਿਹਾ ਕਰਦੇ ਸਨ ਤੇ ਸ਼ਿਵ ਅਕਸਰ ਉਹਨਾਂ ਕੋਲ ਜਾਇਆ ਕਰਦਾ ਸੀ | ਮੇਰੇ ਵਿਆਹ ਵਾਲੀ ਰਾਤ ਜਦੋਂ ਮੇਰੀ ਬਰਾਤ ਮੇਰੇ ਬਾਬੁਲ ਦੇ ਵਿਹੜੇ ਵਿਚ ਬੈਠੀ ਸੀ , ਸ਼ਿਵ ਆਪਣੇ ਦੋਸਤ ਸ. ਦਲੀਪ ਸਿੰਘ ਅਸਿਸਟੈਂਟ ਡਾਇਰੈਕਟਰ , ਭਾਸ਼ਾ ਵਿਭਾਗ , ਪਟਿਆਲਾ ਦੇ ਨਾਲ ਸਾਡੇ ਘਰ ਆਇਆ | ਮੇਰਾ ਉਸਦਾ ਸਾਹਮਣਾ ਤਾਂ ਨਹੀਂ ਹੋਇਆ ਪਰ ਮੈਂ ਮਹਿਸੂਸ ਕੀਤਾ ਉਹ ਉਦਾਸ ਸੀ | ਤਕਰੀਬਨ ਅੱਧਾ ਘੰਟਾ ਠਹਿਰਿਆ , ਚਾਹ-ਪਾਣੀ ਪੀਤਾ | ਮੇਰੀ ਮਾਂ ਨੂੰ ਸ਼ਗਨ ਫੜਾਇਆ ਤੇ ਤੁਰ ਗਿਆ | ਉਸ ਰਾਤ ਉਹ ਮੇਰੇ ਸ਼ਹਿਰ ਵਿਚ ਹੀ ਸੀ | ਉਸਦੇ ਮੇਜ਼ਬਾਨ ਨੇ ਮੈਨੂੰ ਕਈ ਸਾਲਾਂ ਬਾਅਦ ਦੱਸਿਆ ਕਿ ਉਸ ਦਿਨ ਉਹ ਬਹਤ ਰੋਇਆ ਤੇ ਇਕ ਨਜ਼ਮ ' ਇਕ ਸ਼ਹਿਰ ਦੇ ਨਾਂ ' ਲਿਖੀ ਜਿਸ ਵਿਚ ਉਸਨੇ ਲਿਖਿਆ -" ਅੱਜ ਅਸੀਂ ਤੇਰੇ ਸ਼ਹਿਰ ਦੀ ਜੂਹ ਵਿਚ ਮੁਰਦਾ ਦਿਲ ਇਕ ਦੱਬਣ ਆਏ | " ਉਸ ਤੋਂ ਬਾਅਦ ਉਹ ਮੋਗੇ ਸ਼ਹਿਰ ਨਹੀਂ ਗਿਆ | 

ਫੇਰ ਉਹ ਇਕ ਦਿਨ ਸਾਨੂੰ ਸੰਗਰੂਰ ਮਿਲਣ ਆਇਆ | ਮੇਰੇ ਪਤੀ ਸ਼ਾਮ ਨੂੰ ਉਸਨੂੰ ਕਹਿਣ ਲੱਗੇ , " ਸ਼ਿਵ , ਮੈਂ ਸ਼ਰਾਬ ਨਹੀਂ ਪੀਂਦਾ ਪਰ ਤੇਰੇ ਲਈ ਲਿਆ ਸਕਦਾ ਹਾਂ | ਕੇਹੜੀ ਚੱਲਗੀ ? " ਸ਼ਿਵ ਨੇ ਇਕਦਮ ਗੱਲ ਟੋਕਦਿਆਂ ਕਿਹਾ , " ਸ਼ਿਵ ਸ਼ਰੀਫ਼ ਵੀ ਹੁੰਦੈ | ਤੂੰ ਮੈਂਨੂੰ ਫਗਵਾੜੇ ਵਾਲਾ ਸ਼ਿਵ ਨਾ ਸਮਝ | ਪਰਮ ਦੂਜੀਆਂ ਕੁੜੀਆਂ ਵਰਗੀ ਨਹੀਂ | ਇਹ ਮੇਰੀ ਮਾਂ ਵੀ ਏ , ਧੀ ਵੀ ਏ , ਦੋਸਤ ਵੀ ਤੇ ਮਹਿਰਮ ਵੀ | " ਇਹ ਕਹਿਕੇ ਉਸਨੇ ਚੁੱਪ ਵੱਟ ਲਈ ਤੇ ਮੈਂ ਰਸੋਈ ਵਿਚ ਖਾਣਾ ਬਣਾਉਣ ਵਿਚ ਰੁੱਝ ਗਈ | 

ਉਹਨਾਂ ਦਿਨਾਂ ਵਿਚ ਉਹ ਨਾਭੇ ਪੜਦਾ ਸੀ ਤੇ ਸੰਗਰੂਰ ਤੋਂ ਹੀ ਇਕ ਪਰੋਫ਼ੈਸਰ ਤਰਲੋਚਨ ਸਿੰਘ ਮਜੀਠੀਆ ਨਾਲ ਉਹਨਾਂ ਕੋਲ ਆਇਆ ਕਰਦਾ ਸੀ | ਤੇ ਫੇਰ ਉਹ ਸਾਨੂੰ ਮਿਲਣ ਆਉਂਦੇ ; ਸਾਡੇ ਕੋਲ ਛੱਡ ਜਾਂਦੇ | ਉਹ ਜਿੰਨੀ ਵਾਰ ਸੰਗਰੂਰ ਆਇਆ , ਸਾਡੇ ਕੋਲ ਹੀ ਠਹਿਰਦਾ | 1965 ਤਕ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਰਿਹਾ | ਇਸ ਦੌਰਾਨ ਉਹ ਬੰਬਈ ਫਿ਼ਲਮ ਇੰਡਸਟਰੀ ਵਿਚ ਚਲਾ ਗਿਆ ਤੇ ਉਸਨੇ ਇਕ-ਦੋ ਪੰਜਾਬੀ ਫਿ਼ਲਮਾਂ ਲਈ ਗੀਤ ਦਿੱਤੇ | ਉਸਨੂੰ ਰੁਝੇਵਾਂ ਮਿਲ ਗਿਆ | ਇਸ ਦੌਰਾਨ ਉਸਨੂੰ ਸਟੇਟ ਬੈਂਕ ਵਿਚ ਨੌਕਰੀ ਮਿਲ ਗਈ |

ਉਸਨੂੰ ਆਪਣੀਆਂ ਰਚਨਾਵਾਂ ਲਈ ਭਾਸ਼ਾ ਵਿਭਾਗ ਤੇ ਸਾਹਿਤ ਅਕੈਡਮੀ ਪੁਰਸਕਾਰ ਮਿਲੇ |

ਫੇਰ ! ਇਕ ਦਿਨ ਖ਼ਬਰ ਆਈ ਕਿ ਉਸਦਾ ਵਿਆਹ ਹੋ ਗਿਆ | ਉਹ ਉਸਦੇ ਭਟਕਦੇ ਮਨ ਲਈ ਬਹੁਤ ਜ਼ਰੂਰੀ ਸੀ | ਸਭ ਨੇ ਸੋਚਿਆ ਕਿ ਉਹ ਹੁਣ ਟਿਕ ਜਾਵੇਗਾ ਤੇ ' ਛੇਤੀ ਤੁਰ ਜਾਣ ਦੀ ' ਗੱਲ ਛੱਡ ਦੇਵੇਗਾ | ਜ਼ਿੰਦਗੀ ਮਿਹਰਬਾਨ ਸੀ | ਖ਼ੂਬਸੂਰਤ ਬੀਵੀ ਮਿਲੀ ਤੇ ਦੋ ਪਿਆਰੇ ਪਿਆਰੇ ਬੱਚੇ ਵੀ ਮਿਲ ਗਏ | ਪਰ ਇਹ ਸਭ ਕੁਝ ਵੀ ਉਸਨੂੰ ਰਿਝਾ ਨਾ ਸਕਿਆ | ਘਰ-ਗਰਹਿਸਥੀ ਦੀਆਂ ਜ਼ਿੰਮੇਵਾਰੀਆਂ ਉਸ ਦੇ ਬਿਰਹੋਂ ਦੇ ਸੇਕ ਨੂੰ ਮੱਠਿਆਂ ਨਾ ਕਰ ਸਕੇ | ਉਹ ਪੋਹਲੀ , ਭੱਖੜੇ ਤੇ ਕੰਡਿਆਲੀਆਂ ਥੋਹਰਾਂ ਦੇ ਗੀਤ ਗਾਉਂਦਾ, ਅੱਥਰੇ ਨਿਆਣੇ ਵਾਂਗ ਅੜੀਆਂ ਕਰਦਾ ਇਸ ਜਹਾਨ ਤੋਂ ਤੁਰ ਗਿਆ |

ਕਿੰਨੇ ਹੰਝੂਆਂ ਦੇ ਦਰਿਆ ਵਗੇ | ਕਿੰਨੀਆਂ ਯਾਦਾਂ ਦੇ ਸੀਨਿਆਂ ਚੋਂ ਲਹੂ ਸਿੰਮੇ | ਕਿੰਨੇ ਮਨ ਅੰਬਰ ਪਿੱਟ ਪਿੱਟ ਨੀਲੇ ਹੋਏ | ਕਿੰਨੀਆਂ ਆਤਮਾਵਾਂ ਉਹਦੇ ਨਾਲ ਮਰ ਗਈਆਂ | ਉਸਦੇ ਮਰਨ ਤੋਂ ਬਾਅਦ ਬਥੇਰੇ ਸ਼ੋਕ ਸਮਾਗਮ ਹੋਏ ਪਰ ਮੈਂ ਕਿਸੇ ਸ਼ੋਕ ਸਮਾਗਮ ਵਿਚ ਸ਼ਰੀਕ ਨਹੀਂ ਹੋਈ | ਕਿਉਂਕਿ ਮੇਰਾ ਦੁੱਖ ਮੇਰਾ ਅਪਣਾ ਸੀ | ਇਸਨੂੰ ਮੈਂ ਕਿਸੇ ਨਾਲ ਵੰਡਾ ਨਹੀਂ ਸੀ ਸਕਦੀ | ਮਰਨ ਤੋਂ ਪਹਿਲਾਂ ਉਸ ਮੈਨੂੰ ਇਕ ਛੋਟਾ ਜਿਹਾ ਪੋਸਟ ਕਾਰਡ ਲਿਖਿਆ | " ਜ਼ਿੰਦਗੀ ਹੱਥਾਂ ਚੋਂ ਕਿਰ ਰਹੀ ਹੈ | ਚੰਦ ਦਿਨਾਂ ਦਾ ਮਹਿਮਾਨ ਹਾਂ | ਤੁਸੀਂ ਸਾਰੇ ਸੁਖੀ ਵਸੋ | ਇਹ ਮੇਰੀ ਦੁਆ ਹੈ | ਤੇਰਾ ਸ਼ਿਵ | " 

ਉਘੜ-ਦੁਘੜ ਲਿਖਾਈ ਉਸਦੀ ਬੀਮਾਰੀ ਦਾ ਸਬੂਤ ਸੀ | ਮੈਂ ਵਾਪਸੀ ਡਾਕ ਲਿਖਿਆ ਕਿ ਉਹ ਘਬਰਾਵੇ ਨਾ , ਅਸੀਂ ਜਲਦੀ ਹੀ ਉਸਦਾ ਪਤਾ ਲੈਣ ਆਵਾਂਗੇ | ਇਲਾਜ ਖੁਣੋਂ ਅਸੀਂ ਉਸਨੂੰ ਜਾਣ ਨਹੀਂ ਦੇਵਾਂਗੇ | ਪਰ ਹੋਣੀ ਨੂੰ ਇਹ ਮਨਜ਼ੂਰ ਨਹੀਂ ਸੀ | ਤੇ ਇਕ ਦਿਨ ਉਹ ਇਸ ਸੰਸਾਰ ਤੋਂ ਵਿਦਾ ਹੋ ਗਿਆ | ਇਕ ਦਿਨ ਇਕ ਅਖ਼ਬਾਰ ਦੀ ਖ਼ਬਰ ਨਾਲ ਮੇਰਾ ਮਨ ਵਲੂੰਧਰਿਆ ਗਿਆ | ਖ਼ਬਰ ਨਾਲ ਕੁਝ ਫ਼ੋਟੋਆਂ ਵੀ ਛਪੀਆਂ ਸਨ | ਉਸ ਦੀ ਪਤਨੀ ਨੂੰ ਚਿੱਟੀ ਚਾਦਰ ਦੇ ਕੇ ਸਟੇਜ ਤੇ ਖੜਾ ਕੀਤਾ ਗਿਆ ਤੇ ਲੋਕਾਂ ਨੇ ਸਟੇਜ ਤੇ ਪੈਸੇ ਸੁੱਟਣੇ ਸ਼ੁਰੂ ਕੀਤੇ ਹੋਏ ਸਨ | ਮੇਰਾ ਮਨ ਬਹੁਤ ਦੁਖੀ ਹੋਇਆ , ਮੈਂ ਬੜਾ ਰੋਈ | ਆਪਣੇ ਮਨ ਵਿਚ ਉਹਨਾਂ ਲੋਕਾਂ ਨੂੰ ਬਹੁਤ ਲਾਹਣਤਾਂ ਪਾਈਆਂ ਕਿ ਜੇ ਬਟਾਲੇ ਦੇ ਲੋਕ ਏਨੇ ਹੀ ਪੈਸੇ ਸਿੱਟਣ ਵਾਲੇ ਅਮੀਰ ਲੋਕ ਸਨ ਤਾਂ ਉਹ ਉਸਦਾ ਇਲਾਜ ਕਿਉਂ ਨਹੀਂ ਕਰਾ ਸਕੇ ? 

ਦੋ-ਤਿੰਨ ਮਹੀਨੇ ਬਾਅਦ ਜਦੋਂ ਉਸਦੀ ਪਤਨੀ ਨੂੰ ਪੰਜਾਬੀ ਯੂਨੀਵਰਸਿਟੀ , ਪਟਿਆਲੇ ਵਿਖੇ ਨੌਕਰੀ ਮਿਲ ਗਈ ਤਾਂ ਮੈਂ ਉਸ ਨੂੰ ਹੌਸਲੇ ਵਾਲਾ ਸ਼ੋਕ ਪੱਤਰ ਲਿਖਿਆ | ਜਵਾਬ ਵਿਚ ਉਸਨੇ ਮੈਂਨੂੰ ਮਿਲਣ ਦੀ ਇੱਛਾ ਜਤਾਈ | ਅਸੀਂ ਪਟਿਆਲੇ ਉਸਨੂੰ ਮਿਲਣ ਗਏ | ਮੈਂ ਪਹਿਲੀ ਵੇਰਾਂ ਉਸਨੂੰ ਮਿਲ ਰਹੀ ਸਾਂ | ਉਸਦੇ ਮੂੰਹ ਵੱਲ ਵੇਖਿਆ ਨਹੀਂ ਸੀ ਜਾਂਦਾ | ਉਸਨੂੰ ਦਿਲਾਸਾ ਦਿੰਦਿਆਂ ਮੈਂ ਉਪਰੋਕਤ ਘਟਨਾ ਦਾ ਜ਼ਿਕਰ ਕੀਤਾ ਤਾਂ ਉਸ ਕਿਹਾ ਕਿ ਉਸਨੂੰ ਤਾਂ ਕੋਈ ਹੋਸ਼ ਨਹੀਂ ਸੀ ਕਿ ਕੌਣ ਕੀ ਕਰ ਰਿਹਾ ਹੈ | ਕਰਨ-ਕਰਾਉਣ ਵਾਲੇ ਹੀ ਖਾ-ਪੀ ਗਏ | ਦੁਪਹਿਰ ਹੋ ਗਈ | ਉਹ ਖਾਣਾ ਤਿਆਰ ਕਰੀ ਬੈਠੀ ਸੀ | ਮੈਂ ਵੇਖ ਕੇ ਕਿਹਾ , " ਤੂੰ ਏਨਾਂ ਕੁਝ ਕਿਉਂ ਬਣਾਇਆ ? ਮੈਂ ਸ਼ਿਵ ਦਾ ਅਫ਼ਸੋਸ ਕਰਨ ਆਈ ਹਾਂ ਕਿ ਦਾਅਵਤ ਖਾਣ | " ਉਸ ਕਿਹਾ , " ਜੇ ਅੱਜ ਸ਼ਿਵ ਜਿਉਂਦਾ ਹੁੰਦਾ ਤਾਂ ਉਸਨੇ ਇਹ ਸਭ ਕੁਝ ਚਲਾ ਕੇ ਮਾਰਨਾ ਸੀ ਕਿ ਪਰਮ ਆਈ ਏ ਤੇ ਤੂੰ ਇਹ ਬਣਾਇਐ | " ਕਹਿਕੇ ਉਸਨੇ ਅੱਖਾਂ ਭਰ ਲਈਆਂ ਤੇ ਮੈਂ ਡੱਸ ਡੱਸ ਕਰਕੇ ਰੋ ਪਈ | ਉਸ ਰਾਤ ਉਸਨੇ ਸਾਨੂੰ ਆਉਣ ਨਾ ਦਿਤਾ | ਕਿੰਨੀਆਂ ਗੱਲਾਂ ਅਸੀਂ ਕੀਤੀਆਂ | ਸ਼ਿਵ ਦੀ ਬੀਮਾਰੀ ਦੀਆਂ | ਅੰਤਲੇ ਸਮੇਂ ਦੀਆਂ |
ਮੈਂ ਤਾਂ ਸੋਚਿਆ ਸੀ ਕਿ ਉਹ ਆਪਣੀ ਵਿਆਹੁਤਾ ਜ਼ਿੰਦਗੀ ਵਿਚ ਬਹੁਤ ਖੁਸ਼ ਹੋਵੇਗਾ | ਪਰ ਨਹੀਂ | ਉਸਨੂੰ ਕੁਝ ਵੀ ਚੰਗਾ ਨਹੀਂ ਸੀ ਲਗਦਾ | ਉਸਦੀ ਤਰੇਹ ਸੀ ਕਿ ਬੁਝਣ ਦਾ ਨਾਂ ਨਹੀਂ ਸੀ ਲੈਂਦੀ | ਉਸਦੀ ਭਟਕਣਾ ਸੀ ਕਿ ਜਿਸਦਾ ਕੋਈ ਅੰਤ ਨਹੀਂ ਸੀ | ਉਸਨੂੰ ਭਰ ਜੋਬਨ ਰੁੱਤੇ ਜਾਣ ਦਾ ਚਾਅ ਸੀ; ਉਹ ਤੁਰ ਗਿਆ | ਉਸਦੇ ਕਹਿਣ ਅਨੁਸਾਰ " ਜੋਬਨ ਰੁੱਤੇ ਜੋ ਵੀ ਮਰਦਾ , ਫੁੱਲ ਬਣੇ ਜਾਂ ਤਾਰਾ | " ਇਹ ਤਾਂ ਉਹੀ ਜਾਣਦਾ ਹੈ ਕਿ ਉਹ ਫੁੱਲ ਬਣਿਆ ਹੈ ਕਿ ਤਾਰਾ | ਪਰ ਉਸਦੀਆਂ ਯਾਦਾਂ ਦੇ ਫੁੱਲਾਂ ਵਿਚ ਅੱਜ ਵੀ ਮਹਿਕ , ਮਹਿਕ ਰਹੀ ਹੈ ਜੋ ਰਹਿੰਦੀ ਦੁਨੀਆਂ ਤੱਕ ਕਾਇਮ ਰਹੇਗੀ , ਇਹ ਮੇਰਾ ਵਿਸ਼ਵਾਸ ਹੈ - ਆਮੀਨ |

Thanks for Reading this. Like us on Facebook https://www.facebook.com/shivbatalvi and Subscribe to stay in touch.

No comments: