ਜਦ ਵੀ ਸੁਪਨੇ ਦੇ ਵਿਚ ਆਵਣ ਮਾਂ ਤੇ ਬਾਪੂ।
ਮੇਰੇ ਸਿਰ 'ਤੇ ਹੱਥ ਰਖ ਜਾਵਣ ਮਾਂ ਤੇ ਬਾਪੂ।
ਜਦ ਕਿਧਰੇ ਵੀ ਮੁਸ਼ਕਿਲ ਕੋਈ ਬਣ ਆਈ ਹੈ,
ਖੁਸ਼ੀਆਂ ਲੈ ਕੇ ਫੇਰਾ ਪਾਵਣ ਮਾਂ ਤੇ ਬਾਪੂ।
ਪੁੱਤ ਹਮੇਸ਼ਾ ਚੰਗੇ ਕਾਰਜ ਸ਼ੋਭਾ ਮਿਲਦੀ,
ਕੋਲ ਬਿਠਾ ਕੇ ਫਿਰ ਸਮਝਾਵਣ ਮਾਂ ਤੇ ਬਾਪੂ।
ਚੇਤੇ ਜਦ ਵੀ ਮੈਨੂੰ ਮੇਰਾ ਬਚਪਨ ਆਏ,
ਮਿੱਠੀ ਲੋਰੀ ਨਾਲ ਸੁਆਵਣ ਮਾਂ ਤੇ ਬਾਪੂ।
ਪੱਖੀ ਝੱਲਣ ਮੇਰੇ ਮੂੰਹ ਵਿਚ ਬੁਰਕੀ ਪਾ ਕੇ,
ਮੈਂ ਖਾਵਾਂ ਤੇ ਫਿਰ ਉਹ ਖਾਵਣ ਮਾਂ ਤੇ ਬਾਪੂ।
ਘਰ ਦੇ ਸਾਰੇ ਆਂਗਨ ਦੇ ਵਿਚ ਸ਼ਾਂਤੀ ਹੋਵੇ,
ਤੜਕੇ ਜਦ ਗੁਰਬਾਣੀ ਗਾਵਣ ਮਾਂ ਤੇ ਬਾਪੂ।
ਘਰ ਦੀਆਂ ਖੁਸ਼ੀਆਂ ਖਾਤਰ ਢਿੱਡ ਨੂੰ ਗੰਢ ਦੇ ਕੇ,
ਵਾਧੂ ਹੁੰਦਾ ਖਰਚ ਬਚਾਵਣ ਮਾਂ ਤੇ ਬਾਪੂ।
ਕ੍ਰਿਸ਼ਨ ਯਸ਼ੋਦਾ ਵਰਗੇ ਰਿਸ਼ਤੇ ਹੋਵਣ ਐਪਰ,
ਹਰਨਾਕਸ਼ ਵਰਗੇ ਨਾ ਆਵਣ ਮਾਂ ਤੇ ਬਾਪੂ।
ਚੰਗੇ ਨੇ ਜਾਂ ਮਾੜੇ ਪੂਜੋ ਮੰਦਿਰ ਵਾਂਗੂੰ,
ਜਦ ਵੀ ਵਿਚ ਬੁਢਾਪੇ ਜਾਵਣ ਮਾਂ ਤੇ ਬਾਪੂ।
ੲ ਬਲਵਿੰਦਰ ਬਾਲਮ ੲ
-ਉਂਕਾਰ ਨਗਰ, ਗੁਰਦਾਸਪੁਰ (ਪੰਜਾਬ)।
ਮੋਬਾਈਲ : 98156-25409.
-ਉਂਕਾਰ ਨਗਰ, ਗੁਰਦਾਸਪੁਰ (ਪੰਜਾਬ)।
ਮੋਬਾਈਲ : 98156-25409.
Thanks for Reading this. Like us on Facebook https://www.facebook.com/shivbatalvi and Subscribe to stay in touch.