(1)
ਅੱਥਰੂ ਜਾਂ ਗੀਤ ਕੋਈ ਤਾਂ ਤਰਜੁਮਾਨ ਹੋਵੇ
ਸਾਡੀ ਵੀ ਮੁਫ਼ਲਿਸੀ ਦੀ ਕੋਈ ਜ਼ੁਬਾਨ ਹੋਵੇ
ਸਾਡੀ ਵੀ ਮੁਫ਼ਲਿਸੀ ਦੀ ਕੋਈ ਜ਼ੁਬਾਨ ਹੋਵੇ
ਦੁਨੀਆਂ ਦੇ ਨਕਸ਼ਿਆਂ ’ਤੇ ਮਹਿਲਾਂ ਦੇ ਚਿੰਨ੍ਹ ਚਮਕਣ
ਕੁੱਲੀਆਂ ਦਾ ਪਰ ਨਾ ਕਿਧਰੇ ਕੋਈ ਨਿਸ਼ਾਨ ਹੋਵੇ
ਕੁੱਲੀਆਂ ਦਾ ਪਰ ਨਾ ਕਿਧਰੇ ਕੋਈ ਨਿਸ਼ਾਨ ਹੋਵੇ
ਉੱਚਿਆਂ ਦੀ ਪਹੁੰਚ ਅੰਦਰ, ਸਭ ਧਰਮ ਤੇ ਅਡੰਬਰ
ਮਿੱਟੀ ’ਚ ਰੁਲਦਿਆਂ ਦਾ ਕਾਹਦਾ ਈਮਾਨ ਹੋਵੇ
ਮਿੱਟੀ ’ਚ ਰੁਲਦਿਆਂ ਦਾ ਕਾਹਦਾ ਈਮਾਨ ਹੋਵੇ
ਅਗਨੀ ’ਚੋਂ ਗੁਜ਼ਰ ਕੇ ਮੈਂ ਸੱਚ ਦਾ ਸਬੂਤ ਦੇਵਾਂ
ਜੀਵਨ ਦੇ ਹਰ ਪੜਾਅ ’ਤੇ ਹੀ ਇਮਤਿਹਾਨ ਹੋਵੇ
ਜੀਵਨ ਦੇ ਹਰ ਪੜਾਅ ’ਤੇ ਹੀ ਇਮਤਿਹਾਨ ਹੋਵੇ
ਔੜਾਂ ’ਚ ਜੀ ਰਿਹਾਂ ਲਈ, ਧੁੱਪਾਂ ’ਚ ਤਪਦਿਆਂ ਲਈ
ਕੋਈ ਹਵਾ ਦਾ ਝੋਂਕਾ ਹੀ ਮਿਹਰਬਾਨ ਹੋਵੇ
ਕੋਈ ਹਵਾ ਦਾ ਝੋਂਕਾ ਹੀ ਮਿਹਰਬਾਨ ਹੋਵੇ
ਤੂੰ ਹੈਂ ਵਿਸ਼ਾਲ ਅੰਬਰ, ਮੈਂ ਧਰਤ ਹਾਂ ਨਿਮਾਣੀ
ਸੁੰਨਾ ਖਲਾਅ ਹੀ ਆਪਣੇ ਬੱਸ ਦਰਮਿਆਨ ਹੋਵੇ
ਸੁੰਨਾ ਖਲਾਅ ਹੀ ਆਪਣੇ ਬੱਸ ਦਰਮਿਆਨ ਹੋਵੇ
ਸਾਹਾਂ ਨੂੰ ਬੋਚ ਲੈਂਦੇ ਨੇ ਹਉਕਿਆਂ ਦੇ ਨੇਜ਼ੇ
ਪੀੜਾਂ ਦੇ ਪਹਿਰ ਅੰਦਰ ਮੁਸ਼ਕਲ ’ਚ ਜਾਨ ਹੋਵੇ
ਪੀੜਾਂ ਦੇ ਪਹਿਰ ਅੰਦਰ ਮੁਸ਼ਕਲ ’ਚ ਜਾਨ ਹੋਵੇ
(2)
ਤਪ ਰਹੀ ਹਾਂ, ਪਰ ਘਟਾ ਬਰਸਣ ਦੀ ਪੂਰੀ ਆਸ ਹੈ
ਰੇਤ ਹਾਂ, ਤੇਹਾਂ ਦੀ ਤਾਕਤ ’ਤੇ ਬੜਾ ਵਿਸ਼ਵਾਸ ਹੈ
ਰੇਤ ਹਾਂ, ਤੇਹਾਂ ਦੀ ਤਾਕਤ ’ਤੇ ਬੜਾ ਵਿਸ਼ਵਾਸ ਹੈ
ਸੁਣ ਹਵਾਏ! ਹੌਸਲਾ ਨਾ ਪਰਖ ਸਾਡਾ ਕਮਲੀਏ,
ਨ੍ਹੇਰੀਆਂ ਵਿੱਚ ਵੀ ਅਸਾਂ ਨੂੰ ਜਗਣ ਦਾ ਅਭਿਆਸ ਹੈ
ਨ੍ਹੇਰੀਆਂ ਵਿੱਚ ਵੀ ਅਸਾਂ ਨੂੰ ਜਗਣ ਦਾ ਅਭਿਆਸ ਹੈ
ਦੇਖ ਤੇਰਾ ‘ਅੱਜ’ ਝਿਲਮਿਲ ਤਾਰਿਆਂ ਦੇ ਅਕਸ ’ਚੋਂ
ਡੁੱਬ ਗਏ ਪੱਥਰ ਤਾਂ ਬੀਤੇ ‘ਕੱਲ੍ਹ’ ਦਾ ਇਤਿਹਾਸ ਹੈ
ਡੁੱਬ ਗਏ ਪੱਥਰ ਤਾਂ ਬੀਤੇ ‘ਕੱਲ੍ਹ’ ਦਾ ਇਤਿਹਾਸ ਹੈ
ਕਰਮ ਦੇ ਸਾਗਰ ’ਚ ਮੇਰਾ ਜਿਸਮ ਹੀ ਤਰਦਾ ਦਿਖੇ
ਦਿਲ ਤਾਂ ਮੇਰਾ ਤੜਪਦੇ ਹੋਏ ਜਜ਼ੀਰੇ ਪਾਸ ਹੈ
ਦਿਲ ਤਾਂ ਮੇਰਾ ਤੜਪਦੇ ਹੋਏ ਜਜ਼ੀਰੇ ਪਾਸ ਹੈ
ਜਿਹੜੇ ਰੁੱਖ ਦੀ ਡਾਲ ’ਤੇ ਸੀ ਰੂਹ ਦਾ ਫੁੱਲ ਖਿੜਿਆ ਕਦੇ
ਓਸ ਦੇ ਕੰਡਿਆਂ ’ਚੋਂ ਹਾਲੇ ਤਕ ਆਉਂਦੀ ਬਾਸ ਹੈ
ਓਸ ਦੇ ਕੰਡਿਆਂ ’ਚੋਂ ਹਾਲੇ ਤਕ ਆਉਂਦੀ ਬਾਸ ਹੈ
ਚੋਗ ਲਈ ਸੁਪਨੇ ’ਚ ਵੀ ਪਰਵਾਸ ਨਾ ਦੇਵੀਂ ਖ਼ੁਦਾ!
ਵਿਛੜ ਕੇ ਬੋਟਾਂ ਤੋਂ ਰੋਂਦੀ ਕੂੰਜ ਦੀ ਅਰਦਾਸ ਹੈ
ਵਿਛੜ ਕੇ ਬੋਟਾਂ ਤੋਂ ਰੋਂਦੀ ਕੂੰਜ ਦੀ ਅਰਦਾਸ ਹੈ
ਸੋਚਦੀ ਹਾਂ ਕਿਸ ਤਰ੍ਹਾਂ ਮਰਹਮ ਬਣਾਂ ਓਹਨਾਂ ਲਈ
ਮੈਨੂੰ ਮਜ਼ਲੂਮਾਂ ਦੇ ਰਿਸਦੇ ਜ਼ਖ਼ਮ ਦਾ ਅਹਿਸਾਸ ਹੈ
ਮੈਨੂੰ ਮਜ਼ਲੂਮਾਂ ਦੇ ਰਿਸਦੇ ਜ਼ਖ਼ਮ ਦਾ ਅਹਿਸਾਸ ਹੈ
ਆਰੀਆਂ ਚੱਲਣ ਦਾ ਦਿਲ ’ਤੇ ਦਰਦ ਵੀ ਮਹਿਸੂਸ ਕਰ
ਬੀਜ ਬਣ ਕੇ ਧਰਤ ’ਚੋਂ ਫੁੱਟਣ ਦਾ ਜੇ ਅਹਿਸਾਸ ਹੈ
ਬੀਜ ਬਣ ਕੇ ਧਰਤ ’ਚੋਂ ਫੁੱਟਣ ਦਾ ਜੇ ਅਹਿਸਾਸ ਹੈ
(3)
ਸਾਹਾਂ ਦੀ ਲਾਟ ਬਲਦੀ ਖ਼ਤਰੇ ’ਚ ਪਾਉਣ ਲੱਗੇ
ਦੀਵੇ ਹਵਾ ਦੀ ਤਾਕਤ ਨੂੰ ਅਜ਼ਮਾਉਣ ਲੱਗੇ
ਦੀਵੇ ਹਵਾ ਦੀ ਤਾਕਤ ਨੂੰ ਅਜ਼ਮਾਉਣ ਲੱਗੇ
ਖ਼ੁਸ਼ ਹੋ ਰਹੇ ਸਿੰਘਾਸਣ ’ਤੇ ਰੱਖ ਕੇ ਖੜਾਵਾਂ
ਉਹ ਵਾਰਿਸਾਂ ਨੂੰ ਵਣ ਦੇ ਵਾਸੀ ਬਣਾਉਣ ਲੱਗੇ
ਉਹ ਵਾਰਿਸਾਂ ਨੂੰ ਵਣ ਦੇ ਵਾਸੀ ਬਣਾਉਣ ਲੱਗੇ
’ਨ੍ਹੇਰੇ ਦਾ ਰਾਜ ਹੈ ਤੇ ਰੱਤ ਨੇ ਹੀ ਤੇਲ ਹੋਣਾ
ਸਭ ਜਾਣ ਕੇ ਵੀ ਲੋਕੀਂ ਦੀਵੇ ਬਣਾਉਣ ਲੱਗੇ
ਸਭ ਜਾਣ ਕੇ ਵੀ ਲੋਕੀਂ ਦੀਵੇ ਬਣਾਉਣ ਲੱਗੇ
ਪੁਹੰਚੀ ਹੈ ਕਿਸ ਪੜਾਅ ’ਤੇ ਤਖ਼ਤਾਂ ਦੀ ਜਾਲਸਾਜ਼ੀ
ਸੱਚ ਕਤਲ ਕਰਕੇ ਤੁਹਮਤ ਸੂਲੀ ’ਤੇ ਲਾਉਣ ਲੱਗੇ
ਸੱਚ ਕਤਲ ਕਰਕੇ ਤੁਹਮਤ ਸੂਲੀ ’ਤੇ ਲਾਉਣ ਲੱਗੇ
ਘਰ ਦੇ ਬਗੀਚਿਆਂ ਦੀ ਖ਼ੁਸ਼ਬੋ ਦੀ ਖ਼ੈਰ ਖ਼ਾਤਰ
ਫੁੱਲ ਡਾਲੀਆਂ ਤੋਂ ਲੁੱਟ ਕੇ ਮੰਦਰੀਂ ਸਜਾਉਣ ਲੱਗੇ
ਫੁੱਲ ਡਾਲੀਆਂ ਤੋਂ ਲੁੱਟ ਕੇ ਮੰਦਰੀਂ ਸਜਾਉਣ ਲੱਗੇ
ਕੈਸਾ ਹੈ ਇਹ ਹੁਨਰ ਜੋ ਮਾਸੂਮ ਮਛਲੀਆਂ ਨੂੰ
ਪਾਣੀ ਤੋਂ ਮੁਕਤ ਕਰਕੇ ਜੀਣਾ ਸਿਖਾਉਣ ਲੱਗੇ
ਪਾਣੀ ਤੋਂ ਮੁਕਤ ਕਰਕੇ ਜੀਣਾ ਸਿਖਾਉਣ ਲੱਗੇ
Thanks for Reading this. Like us on Facebook https://www.facebook.com/shivbatalvi and Subscribe to stay in touch.