3.7.12

ਬਾਲ ਕਹਾਣੀ ਕੰਜੂਸ -Surjeet

ਇੱਕ ਸ਼ਹਿਰ ਵਿੱਚ ਇੱਕ ਕੰਜੂਸ ਰਹਿੰਦਾ ਸੀ। ਉਹ ਇੰਨਾ ਕੰਜੂਸ ਸੀ ਕਿ ਚੁੱਲ੍ਹੇ ਦੀ ਸੁਆਹ ਤੱਕ ਚੁੱਕ ਕੇ ਬਾਹਰ ਨਹੀਂ ਸੀ ਸੁੱਟਦਾ। ਉਹਦੀ ਪਤਨੀ ਉਹਦੀ ਕੰਜੂਸੀ ਤੋਂ ਤੰਗ ਸੀ। ਉਹਨੂੰ ਭਰ ਪੇਟ ਖਾਣਾ ਵੀ ਨਹੀਂ ਸੀ ਨਸੀਬ ਹੁੰਦਾ।
ਇੱਕ ਦਿਨ ਕੰਜੂਸ ਨੇ ਆਪਣੇ ਇੱਕ ਮਿੱਤਰ ਨੂੰ ਖਾਣੇ ਲਈ ਬੁਲਾਇਆ। ਇਸ ਤੋਂ ਪਹਿਲਾਂ ਕੰਜੂਸ ਨੇ ਕਦੇ ਕਿਸੇ ਨੂੰ ਖਾਣੇ ਲਈ ਬੁਲਾਇਆ ਨਹੀਂ ਸੀ। ਜਦੋਂ ਗੁਆਂਢੀਆਂ ਨੂੰ ਇਹ ਪਤਾ ਲੱਗਿਆ ਤਾਂ ਉਹ ਚੌਂਕ ਗਏ। ਉਨ੍ਹਾਂ ਨੂੰ ਵਿਸ਼ਵਾਸ ਨਹੀਂ ਸੀ ਹੋਇਆ ਕਿ ਕੰਜੂਸ ਵੀ ਕਿਸੇ ਨੂੰ ਦਾਅਵਤ ਦੇ ਸਕਦਾ ਹੈ।
ਕੰਜੂਸ ਦਾ ਮਿੱਤਰ ਨਿਸ਼ਚਿਤ ਸਮੇਂ ਉਹਦੇ ਘਰ ਪੁੱਜਿਆ। ਕੰਜੂਸ ਦੇ ਘਰ ਤਾਂ ਹਾਲੇ ਚੁੱਲ੍ਹਾ ਵੀ ਨਹੀਂ ਸੀ ਬਲਿਆ। ਮਿੱਤਰ ਇਹ ਵੇਖ ਕੇ ਪ੍ਰੇਸ਼ਾਨ ਹੋਇਆ। ਉਹਦੀ ਸਮਝ ਵਿੱਚ ਨਹੀਂ ਆਇਆ ਕਿ ਇਹ ਖਵਾਏਗਾ ਕੀ? ਮਿੱਤਰ ਕੁਝ ਦੇਰ ਤੱਕ ਤਾਂ ਇੱਧਰ-ਉਧਰ ਤਾਂਕ-ਝਾਂਕ ਕਰਦਾ ਰਿਹਾ। ਜਦੋਂ ਉਹਨੂੰ ਨਿਸ਼ਚਾ ਹੋ ਗਿਆ ਕਿ ਉੱਥੇ ਖਾਣ ਲਈ ਕੁਝ ਵੀ ਨਹੀਂ ਏ ਤਾਂ ਉਹਨੇ ਹੈਰਾਨ ਹੋ ਕੇ ਕੰਜੂਸ ਵੱਲ ਵੇਖਿਆ। ਕੰਜੂਸ ਸਾਰੀ ਗੱਲ ਸਮਝ ਗਿਆ। ਉਹਨੇ ਮੁਸਕਰਾ ਕੇ ਕਿਹਾ, ”ਮਿੱਤਰ! ਘਰ ਵਿੱਚ ਭੋਜਨ ਚੰਗਾ ਨਹੀਂ ਬਣਦਾ। ਕਿਉਂ ਨਾ ਬਾਜ਼ਾਰ ਚੱਲ ਕੇ ਭੋਜਨ ਕੀਤਾ ਜਾਵੇ। ਆਓ, ਚੱਲੋ, ਬਾਜ਼ਾਰ ਚੱਲੀਏ।”
ਮਿੱਤਰ ਨੇ ਇਹ ਸੁਣਿਆ ਤਾਂ ਉਹਦੇ ਮੂੰਹ ਵਿੱਚ ਵੀ ਬਾਜ਼ਾਰ ਦੀਆਂ ਚਟਪਟੀਆਂ, ਗਰਮ ਤੇ ਸੁਆਦਲੀਆਂ ਚੀਜ਼ਾਂ ਨੂੰ ਯਾਦ ਕਰ ਕੇ ਪਾਣੀ ਭਰ ਆਇਆ। ਉਹ ਕੰਜੂਸ ਨਾਲ ਚੱਲ ਪਿਆ। ਚਲਦੇ-ਚਲਦੇ ਉਹ ਇੱਕ ਹਲਵਾਈ ਦੀ ਦੁਕਾਨ ‘ਤੇ ਪਹੁੰਚੇ। ਕੰਜੂਸ ਨੇ ਕਿਹਾ, ”ਮਿੱਤਰ, ਜਿਹੜੀ ਚੀਜ਼ ਪਸੰਦ ਹੋਵੇ, ਖਾ ਲਓ।”
ਉਸ ਸਮੇਂ ਹਲਵਾਈ ਗਰਮ-ਗਰਮ ਪੂਰੀਆਂ ਕੱਢ ਰਿਹਾ ਸੀ। ਮਿੱਤਰ ਨੇ ਪੂਰੀਆਂ ਵੱਲ ਇਸ਼ਾਰਾ ਕੀਤਾ। ਕੰਜੂਸ ਨੇ ਹਲਵਾਈ ਨੂੰ ਪੁੱਛਿਆ, ”ਬਈ, ਤੇਰੀਆਂ ਪੂਰੀਆਂ ਕਿਹੋ ਜਿਹੀਆਂ ਨੇ?”
ਹਲਵਾਈ ਨੇ ਦੋ-ਤਿੰਨ ਪੂਰੀਆਂ ਕੰਜੂਸ ਨੂੰ ਵਿਖਾਉਂਦੇ ਹੋਏ ਕਿਹਾ, ”ਮੇਰੀਆਂ ਪੂਰੀਆਂ ਮੱਖਣ ਵਰਗੀਆਂ ਮੁਲਾਇਮ ਤੇ ਨਰਮ ਨੇ। ਕਿੰਨੀਆਂ ਦੇਵਾਂ, ਸੇਠ ਜੀ?”
ਕੰਜੂਸ ਨੇ ਮੁਸਕਰਾਉਂਦੇ ਹੋਏ ਕਿਹਾ, ”ਬਈ, ਅਸੀਂ ਤਾਂ ਵਧੀਆ ਚੀਜ਼ ਖਾਣ ਆਏ ਹਾਂ। ਤੂੰ ਪੂਰੀਆਂ ਨੂੰ ਮੱਖਣ ਵਰਗੀਆਂ ਦੱਸਿਆ। ਇਹਦਾ ਅਰਥ ਹੈ, ਮੱਖਣ ਪੂਰੀਆਂ ਨਾਲੋਂ ਵਧੀਆ ਹੋਇਆ। ਹੁਣ ਤਾਂ ਅਸੀਂ ਮੱਖਣ ਹੀ ਖਾਵਾਂਗੇ। ਆਓ ਮਿੱਤਰ, ਮੱਖਣ ਦੀ ਦੁਕਾਨ ‘ਤੇ ਚਲੀਏ।” ਇੰਨਾ ਕਹਿ ਕੇ ਕੰਜੂਸ ਅੱਗੇ ਚੱਲ ਪਿਆ। ਉਹ ਮੱਖਣ ਵਾਲੇ ਦੀ ਦੁਕਾਨ ‘ਤੇ ਪੁੱਜੇ। ਕੰਜੂਸ ਨੇ ਪੁੱਛਿਆ, ”ਬਈ, ਤੇਰਾ ਮੱਖਣ ਕਿਹੋ ਜਿਹਾ ਏ?”
ਮੱਖਣ ਵਾਲੇ ਨੇ ਕਿਹਾ, ”ਮੇਰਾ ਮੱਖਣ ਬਿਲਕੁਲ ਤਾਜ਼ਾ ਏ। ਵੇਖੋ, ਕਿਵੇਂ ਬਰਫ਼ ਵਾਂਗ ਚਮਕ ਰਿਹਾ ਏ।”
ਕੰਜੂਸ ਨੇ ਹੱਸ ਕੇ ਕਿਹਾ, ”ਬਈ, ਅਸਾਂ ਤਾਂ ਵਧੀਆ ਚੀਜ਼ ਦੇ ਗਾਹਕ ਹਾਂ। ਤੂੰ ਬਰਫ਼ ਨਾਲ ਮੱਖਣ ਦੀ ਤੁਲਨਾ ਕੀਤੀ ਏ। ਹੁਣ ਅਸੀਂ ਬਰਫ਼ ਹੀ ਖਾਵਾਂਗੇ।”
ਮਿੱਤਰ ਨੂੰ ਗੁੱਸਾ ਤਾਂ ਆਇਆ ਪਰ ਕਹਿੰਦਾ ਕੀ? ਚੁੱਪ-ਚਾਪ ਕੰਜੂਸ ਨਾਲ ਚੱਲ ਪਿਆ। ਕੁਝ ਦੂਰ ਜਾ ਕੇ ਕੰਜੂਸ ਨੇ ਕਿਹਾ, ”ਮਿੱਤਰ! ਅੱਜ-ਕੱਲ੍ਹ ਸਰਦੀਆਂ ਦਾ ਮੌਸਮ ਏ। ਬਾਜ਼ਾਰ ਵਿੱਚ ਬਰਫ਼ ਕਿੱਥੇ ਮਿਲੇਗੀ? ਮੇਰੀ ਪਤਨੀ ਹਰ ਰੋਜ਼ ਰਾਤ ਨੂੰ ਪਰਾਤ ਵਿੱਚ ਪਾਣੀ ਭਰ ਕੇ ਮਕਾਨ ਦੀ ਛੱਤ ‘ਤੇ ਰੱਖ ਦਿੰਦੀ ਏ। ਸਵੇਰ ਹੋਣ ਤੱਕ ਉਹ ਪਾਣੀ ਬਰਫ਼ ਬਣ ਜਾਂਦਾ ਏ। ਆਓ, ਘਰ ‘ਤੇ ਉਹੀ ਬਰਫ਼ ਖਾਵਾਂਗੇ।”
ਕੰਜੂਸ ਨੇ ਘਰ ਆ ਕੇ ਧੁੱਪ ਵਿੱਚ ਮੰਜੀ ਵਿਛਾ ਦਿੱਤੀ। ਉਹਨੇ ਪਤਨੀ ਨੂੰ ਆਵਾਜ਼ ਦਿੱਤੀ, ”ਜ਼ਰਾ, ਪਰਾਤ ਵਿੱਚ ਜੰਮੀ ਬਰਫ਼ ਤਾਂ ਲੈ ਆ।” ਉਹਦੀ ਪਤਨੀ ਉਹ ਬਰਫ਼ ਪਹਿਲਾਂ ਹੀ ਖਾ ਚੁੱਕੀ ਸੀ। ਕੰਜੂਸ ਨੇ ਇਹ ਸੁਣਿਆ ਤਾਂ ਝੱਟ ਬੋਲਿਆ, ”ਮਿੱਤਰ, ਬਰਫ਼ ਵੀ ਕੁਝ ਦੇਰ ਵਿੱਚ ਪਾਣੀ ਹੀ ਬਣ ਜਾਂਦੀ ਏ। ਫਿਰ ਕਿਉਂ ਨਾ ਪਾਣੀ ਹੀ ਪੀਤਾ ਜਾਵੇ।”
ਮਿੱਤਰ ਦੇ ਢਿੱਡ ਵਿੱਚ ਭੁੱਖ ਦੇ ਮਾਰੇ ਚੂਹੇ ਕੁੱਦ ਰਹੇ ਸਨ। ਉਹ ਕੰਜੂਸ ਤੋਂ ਕਿਸੇ ਤਰ੍ਹਾਂ ਆਪਣਾ ਪਿੱਛਾ ਛੁਡਾਉਣਾ ਚਾਹੁੰਦਾ ਸੀ। ਉਹਨੇ ਮਰੀ ਆਵਾਜ਼ ਵਿੱਚ ਕਿਹਾ, ”ਠੀਕ ਏ, ਪਾਣੀ ਹੀ ਪਿਆ ਦਿਓ।”
ਕੰਜੂਸ ਨੇ ਘੜੇ ਵਿੱਚੋਂ ਪਾਣੀ ਦਾ ਗਿਲਾਸ ਭਰਿਆ ਤੇ ਮੁਸਕਰਾ ਕੇ ਆਪਣੇ ਮਿੱਤਰ ਨੂੰ ਫੜਾ ਦਿੱਤਾ। ਮਿੱਤਰ ਭੁੱਖਾ ਤਾਂ ਸੀ ਹੀ ਪਰ ਬਾਜ਼ਾਰ ਦੀ ਖਾਕ ਛਾਣਦੇ ਹੋਏ ਉਹਦਾ ਗਲ ਵੀ ਸੁੱਕ ਗਿਆ ਸੀ। ਉਹ ਗਟਾਗਟ ਪਾਣੀ ਪੀ ਗਿਆ। ਪਾਣੀ ਪੀ ਕੇ ਉਹ ਬਿਨਾਂ ਕੁਝ ਕਹੇ ਬਾਹਰ ਨਿਕਲਿਆ। ਗੁਆਂਢੀਆਂ ਨੇ ਉਹਨੂੰ ਘੇਰ ਲਿਆ। ਉਹ ਪੁੱਛਣਾ ਚਾਹੁੰਦੇ ਸਨ ਕਿ ਕੰਜੂਸ ਨੇ ਉਹਨੂੰ ਕੀ-ਕੀ ਖੁਆਇਆ? ਜਦੋਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਕੰਜੂਸ ਨੇ ਪਾਣੀ ਹੀ ਪਿਆਇਆ ਤਾਂ ਉਹ ਹੱਸ ਪਏ। ਉਸ ਵੇਲੇ ਭੀੜ ਵਿੱਚੋਂ ਕੋਈ ਬੋਲਿਆ, ”ਹੱਸਦੇ ਹੋ? ਕੰਜੂਸ ਨੇ ਪਾਣੀ ਪਿਆ ਦਿੱਤਾ। ਇਹ ਵੀ ਛੋਟੀ ਗੱਲ ਨਹੀਂ।” ਕੰਜੂਸ ਇਹ ਸੁਣ ਰਿਹਾ ਸੀ ਪਰ ਉਹਦੇ ਉੱਤੇ ਅਸਰ ਕੀ ਹੋਣਾ ਸੀ। ਕਾਲੇ ਕੰਬਲ ਨੂੰ ਧੋਣ ਨਾਲ ਉਹ ਚਿੱਟਾ ਥੋੜ੍ਹਾ ਹੀ ਹੋ ਜਾਂਦਾ ਏ।


Thanks for Reading this. Like us on Facebook https://www.facebook.com/shivbatalvi and Subscribe to stay in touch.