27.2.13

ਗ਼ਜ਼ਲ - ਸੁਖਵਿੰਦਰ ਅੰਮ੍ਰਿਤ



ਗ਼ਜ਼ਲ - ਸੁਖਵਿੰਦਰ ਅੰਮ੍ਰਿਤ
ਤਪਿਸ਼ ਆਖਣ ਜਾਂ ਲੋਅ ਆਖਣ ਉਨੂੰ ਇਤਰਾਜ਼ ਕਿਉਂ ਹੋਵੇ ।
ਕਿ ਅਗਨੀ ਜੁਗਨੂੰਆਂ ਦੇ ਬਿਆਨ ਦੀ ਮੁਹਤਾਜ ਕਿਉਂ ਹੋਵੇ ।

ਭੰਵਰਿਆਂ ਦੀ ਹਰ ਇਕ ਬੈਠਕ ਇਹੋ ਮੁੱਦਾ ਉਠਾਉਂਦੀ ਹੈ,
ਉਨ੍ਹਾਂ ਦੇ ਹੁੰਦਿਆਂ ਤਿਤਲੀ ਦੇ ਸਿਰ ‘ਤੇ ਤਾਜ ਕਿਉਂ ਹੋਵੇ ।

ਪਰਿੰਦੇ ਬੇਸੁਰੇ ਸਦੀਆਂ ਤੋਂ ਇਹ ਇਤਰਾਜ਼ ਕਰਦੇ ਨੇ,
ਕਿ ਬਾਗ਼ਾਂ ਵਿਚ ਕੋਇਲ ਦੀ ਕੋਈ ਆਵਾਜ਼ ਕਿਉਂ ਹੋਵੇ ।

ਤੂੰ ਇਹਨਾਂ ਸ਼ਿਕਰਿਆਂ ਦੇ ਵਾਸਤੇ ਬਣ ਕੇ ਚੁਣੌਤੀ ਰਹਿ,
ਝੁਕੇ ਕਿਉਂ ਸਿਰ ਤੇਰਾ ਨੀਵੀਂ ਤੇਰੀ ਪਰਵਾਜ਼ ਕਿਉਂ ਹੋਵੇ ।

ਅਦਾ ਤੇਰੀ ਵੀ ਹੋ ਸਕਦੀ ਹੈ ਉਸ ਨੂੰ ਚੀਰ ਕੇ ਲੰਘੇਂ,
ਕਿ ਤੈਨੂੰ ਮਸਲ ਕੇ ਜਾਣਾ ਉਦ੍ਹਾ ਅੰਦਾਜ਼ ਕਿਉਂ ਹੋਵੇ ।

ਤੇਰਾ ਹਰ ਨ੍ਰਿਤ ਹਰ ਨਗ਼ਮਾ ਜਦੋਂ ਪਰਵਾਨ ਹੈ ਏਥੇ,
ਤੇਰਾ ਹਰ ਰੋਸ ਹਰ ਸੁਪਨਾ ਨਜ਼ਰ ਅੰਦਾਜ਼ ਕਿਉਂ ਹੋਵੇ ।

ਸਿਤਮਗਰ ‘ਤੇ ਤਰਸ ਕਾਹਦਾ ਤੂੰ ਰੱਖ ਦੇ ਵਿੰਨ੍ਹ ਕੇ ਉਸ ਨੂੰ,
ਸਦਾ ਤੂੰ ਹੀ ਨਿਸ਼ਾਨਾ, ਉਹ ਨਿਸ਼ਾਨੇਬਾਜ਼ ਕਿਉਂ ਹੋਵੇ ।

ਇਹ ਮਰ ਮਰ ਕੇ ਜਿਉਣਾ ਛੱਡ, ਬਗ਼ਾਵਤ ਕਰ ਤੇ ਟੱਕਰ ਲੈ,
ਤੇਰੇ ਹਿੱਸੇ ਦੀ ਦੁਨੀਆਂ ‘ਤੇ ਕਿਸੇ ਦਾ ਰਾਜ ਕਿਉਂ ਹੋਵੇ ।


ਗ਼ਜ਼ਲ - ਸੁਖਵਿੰਦਰ ਅੰਮ੍ਰਿਤ
ਉਨ੍ਹਾਂ ਦੀ ਬਹਿਸ ਨਾ ਮੁੱਕੀ ਮੈਂ ਅਪਣੀ ਗੱਲ ਮੁਕਾ ਦਿੱਤੀ ।
ਹਨ੍ਹੇਰੇ ਦੇ ਸਫ਼ੇ ‘ਤੇ ਚੰਨ ਦੀ ਮੂਰਤ ਬਣਾ ਦਿੱਤੀ ।

ਹਨ੍ਹੇਰੇ ਦੀ ਹਕੂਮਤ ਸੀ ਤੇ ਦਿੱਲੀ ਦਾ ਚੌਰਾਹਾ ਸੀ,
ਉਨ੍ਹੇ ਸਿਰ ਵਾਰ ਕੇ ਅਪਦਾ ਸਦੀਵੀ ਲੋਅ ਜਗਾ ਦਿੱਤੀ ।

ਮੇਰੇ ਅਹਿਸਾਸ ਦੀ ਅਗਨੀ ਤੋਂ ਜਦ ਭੈਭੀਤ ਹੋ ਉੱਠੇ,
ਉਨ੍ਹਾਂ ਨੇ ਵਰਕ ‘ਤੇ ਉੱਕਰੀ ਮੇਰੀ ਕਵਿਤਾ ਜਲਾ ਦਿੱਤੀ ।

ਸੁਖਾਵੇਂ ਰਸਤਿਆਂ ‘ਤੇ ਤੋਰ ਮੇਰੀ ਬਹੁਤ ਧੀਮੀ ਸੀ,
ਭਲਾ ਕੀਤਾ ਤੁਸੀਂ ਜੋ ਅਗਨ ਰਾਹਾਂ ਵਿਚ ਵਿਛਾ ਦਿੱਤੀ ।

ਉਹ ਆਖ਼ਰ ਪਿਘਲਿਆ ਤੇ ਬਣ ਗਿਆ ਦਰਿਆ ਮੁਹੱਬਤ ਦਾ,
ਮੈਂ ਐਸੀ ਅੱਗ ਉਸ ਪਰਬਤ ਦੇ ਸੀਨੇ ਵਿਚ ਲਗਾ ਦਿੱਤੀ ।

ਖ਼ੁਦਾ ਦਾ ਗੀਤ ਸੀ ਉਹ ਉਸ ਨੇ ਹਰਫ਼ਾਂ ਵਿਚ ਉਤਰਨਾ ਸੀ,
ਮੈਂ ਕੋਰੇ ਵਰਕ ਵਾਂਗੂੰ ਜ਼ਿੰਦਗੀ ਅਪਣੀ ਵਿਛਾ ਦਿੱਤੀ ।

ਮੇਰੇ ਪੱਲੇ ‘ਚ ਪੈ ਗਏ ਤਾਰਿਆਂ ਦੇ ਫੁੱਲ ਕਿਰ ਕਿਰ ਕੇ,
ਕਿਸੇ ਨੇ ਰਾਤ ਦੇ ਰੁੱਖ ਦੀ ਕੋਈ ਟਾਹਣੀ ਹਿਲਾ ਦਿੱਤੀ ।

ਮੈਂ ਉਸ ਦੇ ਚਰਨ ਛੂਹ ਕੇ ਆਪਣੀ ਚੰਨੀ ਫੈਲਾ ਦਿੱਤੀ ।
”ਤੇਰੀ ਮਿੱਟੀ ‘ਚੋਂ ਮਹਿਕਣ ਫੁੱਲ” ਉਹਨੇ ਮੈਨੂੰ ਦੁਆ ਦਿੱਤੀ ।



ਗ਼ਜ਼ਲ - ਸੁਖਵਿੰਦਰ ਅੰਮ੍ਰਿਤ
ਬੜਾ ਮੈਂ ਸਾਂਭਿਆ ਉਸ ਨੂੰ ਉਹ ਇਕ ਦਿਨ ਟੁਟ ਗਿਆ ਆਖ਼ਰ ।
ਕੋਈ ਪੱਤਾ ਕਿਸੇ ਟਾਹਣੀ ‘ਤੇ ਕਦ ਤਕ ਠਹਿਰਦਾ ਆਖ਼ਰ ।

ਮੈਂ ਮਮਤਾ ਦੀ ਭਰੀ ਹੋਈ ਉਹ ਖ਼ਾਲੀ ਫ਼ਲਸਫ਼ਾ ਕੋਈ,
ਮੇਰੀ ਵਹਿੰਗੀ ਨੂੰ ਕਦ ਤਕ ਮੋਢਿਆਂ ‘ਤੇ ਚੁੱਕਦਾ ਆਖ਼ਰ ।

ਉਹ ਕੂਲ਼ੀ ਲਗਰ ਹੈ ਹਾਲੇ ਡੰਗੋਰੀ ਕਿਉਂ ਬਣੇ ਮੇਰੀ,
ਕਰੇ ਕਿਉਂ ਹੇਜ ਪੱਤਝੜ ਦਾ ਕੋਈ ਪੱਤਾ ਹਰਾ ਆਖ਼ਰ ।

ਮੈਂ ਉਸ ਦੀ ਜੜ੍ਹ ਨੂੰ ਅਪਣੇ ਖ਼ੂਨ ਸੰਗ ਲਬਰੇਜ਼ ਰੱਖਾਂਗੀ,
ਮਸਾਂ ਫੁੱਲਾਂ ‘ਤੇ ਆਇਆ ਹੈ ਉਹ ਮੇਰਾ ਲਾਡਲਾ ਆਖ਼ਰ ।

ਉਹ ਮੇਰੀ ਰੱਤ ‘ਤੇ ਪਲਿਆ ਸੀ, ਇਕ ਦਿਨ ਬਹੁਤ ਪਿਆਸਾ ਸੀ,
ਕਿ ਬਣ ਕੇ ਤੀਰ ਮੇਰੇ ਕਾਲਜੇ ਵਿਚ ਖੁਭ ਗਿਆ ਆਖ਼ਰ ।

ਮੈਂ ਖ਼ਾਰਾਂ ਤੋਂ ਤਾਂ ਵਾਕਿਫ਼ ਸੀ ਮਗਰ ਸੀ ਖ਼ੌਫ਼ ਫੁੱਲਾਂ ਦਾ,
ਤੇ ਜਿਸ ਦਾ ਖ਼ੌਫ਼ ਸੀ ਦਰਪੇਸ਼ ਹੈ ਉਹ ਹਾਦਿਸਾ ਆਖ਼ਰ ।

ਕਿਸੇ ਸਬਜ਼ੇ ਨੂੰ ਕੀ ਸਿੰਜੇ ਪਲੱਤਣ ਦਾ ਕੋਈ ਅੱਥਰੂ,
ਕਿ ਉਸ ਨੂੰ ਤੜਪ ਅਪਣੀ ਤੋਂ ਮੈਂ ਕਰ ਦਿੱਤਾ ਰਿਹਾ ਆਖ਼ਰ ।

ਕਿਹਾ ਪੁੱਤਰ ਨੇ ਇਕ ਦਿਨ, ਕਾਸ਼! ਮੈਂ ਰਾਜੇ ਦਾ ਪੁੱਤ ਹੁੰਦਾ
ਪਿਤਾ ਹੱਸਿਆ, ਬਹੁਤ ਹੱਸਿਆ ਤੇ ਫਿਰ ਪਥਰਾ ਗਿਆ ਆਖ਼ਰ ।







Thanks for Reading this. Like us on Facebook https://www.facebook.com/shivbatalvi and Subscribe to stay in touch.