ਸਿਆਸੀ
ਚੋਣਾਂ ਆਈਆਂ ਹੀ ਰਹਿੰਦੀਆਂ ਹਨ। ਕਦੇ ਵਿਧਾਨ ਸਭਾ, ਕਦੇ ਲੋਕ ਸਭਾ, ਕਦੇ ਪੰਚਾਇਤ ਦੀਆਂ ਤੇ ਕਦੇ ਕੋਈ ਹੋਰ। ਪੀਤੂ ਅਮਲੀ ਦੀ ਵੋਟ ਨੂੰ ਲੰਬੜਦਾਰ ਆਪਣੀ ਮੁੱਠੀ ‘ਚ ਬੰਦ ਸਮਝਦਾ ਹੈ ਪਰ ਐਤਕੀਂ ਪੀਤੂ ਅਮਲੀ ਬਦਲਿਆ-ਬਦਲਿਆ ਲੱਗਦਾ ਸੀ। ਉਹ ਪਿੰਡ ਵੋਟਾਂ ਮੰਗਣ ਆਏ ਲੀਡਰਾਂ ਦੀਆਂ ਤਕਰੀਰਾਂ ਸੁਣਨ ਲਈ ਚੋਣ ਜਲਸੇ ‘ਚ ਜਾਂਦਾ ਤੇ ਝੰਡੀ ਫੜ ਕੇ ਆਪਣੀ ਵਿਹੜੇ ਵਿਚਲੀ ਧਰੇਕ ਉਪਰ ਬੰਨ੍ਹ ਦਿੰਦਾ। ਦਿਨਾਂ ‘ਚ ਹੀ ਧਰੇਕ ਉਪਰ ਰੰਗ-ਬਰੰਗੀਆਂ ਵੱਖ-ਵੱਖ ਸਿਆਸੀ ਦਲਾਂ ਦੀਆਂ ਝੰਡੀਆਂ ਦੀ ਭਰਮਾਰ ਹੋ ਗਈ। ”ਉਏ ਅਮਲੀਆ ਕਿਸੇ ਇੱਕ ਪਾਰਟੀ ਦਾ ਬਣ ਜਾ?” ਲੋਕ ਉਸ ਨੂੰ ਟਿੱਚਰਾਂ ਕਰਦੇ। ਪੀਤੂ ਅੱਗਿਓਂ ਕਹਿੰਦਾ, ”ਨਹੀਂ ਜੀ! ਹੁਣ ਆਪਾਂ ਸਿਆਸੀ ਹੋ ਗਏ।”
- ਭੋਲਾ ਸਿੰਘ ਟਿੱਬਾ
ਸੰਪਰਕ: 94173-07335
- ਭੋਲਾ ਸਿੰਘ ਟਿੱਬਾ
ਸੰਪਰਕ: 94173-07335
ਮਦਾਰੀ ਅਤੇ ਲੀਡਰ
ਪੋਤਰਾ ਆਪਣੇ ਦਾਦੇ ਨਾਲ ਪਿੰਡੋਂ ਸ਼ਹਿਰ ਬੂਟ ਵਗੈਰਾ ਖ਼ਰੀਦਣ ਆਇਆ ਹੋਇਆ ਸੀ। ਇੱਕ ਥਾਂ ‘ਤੇ ਵੋਟਾਂ ਮੰਗਣ ਖ਼ਾਤਰ ਕਿਸੇ ਪਾਰਟੀ ਨੇ ਇਕੱਠ ਕੀਤਾ ਹੋਇਆ ਸੀ। ਪੋਤਰੇ ਨੇ ਆਪਣੇ ਦਾਦੇ ਨੂੰ ਇਕੱਠ ਸਬੰਧੀ ਪੁੱਛਿਆ। ਦਾਦੇ ਨੇ ਦੱਸਿਆ, ”ਪੁੱਤ ਅੱਜ ਆਪਾਂ ਸ਼ਹਿਰ ਵਿੱਚ ਇੱਕ ਥਾਂ ਮਦਾਰੀ ਦਾ ਤਮਾਸ਼ਾ ਦੇਖਿਆ ਸੀ। ਉੱਥੇ ਲੋਕਾਂ ਦੇ ਇਕੱਠ ਵਿਚਕਾਰ ਮਦਾਰੀ ਨੇ ਇੱਕ ਕੱਪੜੇ ਦਾ ਸੱਪ ਬਣਾ ਕੇ ਰੱਖਿਆ ਹੋਇਆ ਸੀ, ਜਿਸ ਬਾਰੇ ਉਹ ਲੋਕਾਂ ਨੂੰ ਤਮਾਸ਼ੇ ਦੇ ਅਖ਼ੀਰ ਵਿੱਚ ਅਸਲੀ ਸੱਪ ਵਿੱਚ ਬਦਲਣ ਬਾਰੇ ਦੱਸ ਰਿਹਾ ਸੀ। ਤਮਾਸ਼ਾ ਖ਼ਤਮ ਹੋ ਗਿਆ। ਲੋਕਾਂ ਤੋਂ ਪੈਸੇ ਇਕੱਠੇ ਕਰਕੇ ਮਦਾਰੀ ਤੁਰਦਾ ਹੋਇਆ ਪਰ ਉਹ ਕੱਪੜਾ ਅਸਲੀ ਸੱਪ ਨਾ ਬਣਿਆ। ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਸਨ। ਇਸੇ ਤਰ੍ਹਾਂ ਇਹ ਲੀਡਰ ਵੀ ਫੋਕੀਆਂ ਟਾਹਰਾਂ ਮਾਰ ਕੇ ਲੋਕਾਂ ਤੋਂ ਵੋਟਾਂ ਲੈਣਗੇ ਪਰ ਲੀਡਰਾਂ ਦੀਆਂ ਟਾਹਰਾਂ ਵੋਟਾਂ ਤੋਂ ਬਾਅਦ ਕੱਪੜੇ ਦਾ ਸੱਪ ਹੀ ਸਿੱਧ ਹੋਣਗੀਆਂ। ਫ਼ਰਕ ਏਨਾ ਹੀ ਹੈ ਕਿ ਮਦਾਰੀ ਢਿੱਡ ਭਰਨ ਖ਼ਾਤਰ ਝੂਠ ਬੋਲਦੈ, ਲੀਡਰ ਘਰ ਭਰਨ ਖ਼ਾਤਰ।”
-ਗੁਰਜੰਟ ਸਿੰਘ ਜੰਟੀ
ਸੰਪਰਕ: 94170-80111
-ਗੁਰਜੰਟ ਸਿੰਘ ਜੰਟੀ
ਸੰਪਰਕ: 94170-80111
ਵੋਟਾਂ ਅਤੇ ਭਵਿੱਖ
ਰੋਜ਼ ਵਾਂਗ ਮੈਂ ਸਵੇਰੇ ਰੇਲਗੱਡੀ ਰਾਹੀਂ ਆਪਣੀ ਜੌਬ ‘ਤੇ ਜਾ ਰਿਹਾ ਸੀ। ਮੇਰੇ ਸਾਹਮਣੇ ਵਾਲੀ ਸੀਟ ‘ਤੇ ਚਾਰ ਬਜ਼ੁਰਗ ਬੈਠੇ ਸਨ। ਉਨ੍ਹਾਂ ਨਾਲ ਖਿੜਕੀ ਵਾਲੇ ਪਾਸੇ ਕਾਲਜ ਦਾ ਇੱਕ ਵਿਦਿਆਰਥੀ ਬੈਠਾ ਸੀ। ਚੋਣਾਂ ਦਾ ਮੌਸਮ ਹੋਣ ਕਰਕੇ ਸਾਰੇ ਪਾਸੇ ਵੋਟਾਂ ਦੀ ਹੀ ਚਰਚਾ ਸੀ। ਮੇਰੇ ਸਾਹਮਣੇ ਵਾਲੀ ਸੀਟ ਦੇ ਬਜ਼ੁਰਗ ਵੀ ਇਹੀ ਗੱਲਾਂ ਕਰਨ ਲੱਗੇ। ਉਨ੍ਹਾਂ ਨੂੰ ਗੱਲਾਂ ਕਰਦੇ ਦੇਖ ਮੇਰੀ ਵੀ ਦਿਲਚਸਪੀ ਵਧਣ ਲੱਗੀ। ਸੋ ਮੈਂ ਉਨ੍ਹਾਂ ਦੀਆਂ ਗੱਲਾਂ ਧਿਆਨ ਨਾਲ ਸੁਣਨ ਲੱਗਿਆ। ਬਜ਼ੁਰਗ ਅਗਲੀ ਸਰਕਾਰ ਤੇ ਦੇਸ਼ ਦੇ ਭਵਿੱਖ ਨੂੰ ਲੈ ਕੇ ਫ਼ਿਕਰਮੰਦ ਸਨ। ਇਸ ਸਭ ਤੋਂ ਬੇਫ਼ਿਕਰ ਅਤੇ ਬੇਖ਼ਬਰ ਦੇਸ਼ ਦਾ ਭਵਿੱਖ ਖਿੜਕੀ ਵਾਲੇ ਪਾਸੇ ਮੂੰਹ ਕਰੀ ਮੋਬਾਈਲ ‘ਤੇ ਗਾਣੇ ਸੁਣ ਰਿਹਾ ਸੀ।
- ਮੋਹਿਤ ਕੁਮਾਰ ਸਿੰਗਲਾ
- ਮੋਹਿਤ ਕੁਮਾਰ ਸਿੰਗਲਾ
Source-Punjabi Tribune
ਸਾਡੇ ਨਾਲ ਜੁੜਨ ਲਈ ਸ਼ੁਕਰੀਆ ! ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ I ਤੁਸੀਂ ਸਾਡੇ ਨਾਲ ਫੇਸਬੁਕ ਤੇ ਵੀ ਜੁੜ ਸਕਦੇ ਹੋ https://www.facebook.com/shivbatalvi
No comments:
Post a Comment