ਧੰਨ ਕੌਰ ਦੀ ਕਿਹੜੀ ਕੋਈ ਬੁਢਾਪਾ ਪੈਨਸ਼ਨ ਆਉਂਦੀ ਸੀ ਜਾਂ ਕੋਈ ਜਾਇਦਾਦ ਉਹਦੇ ਨਾਂ ਸੀ ਕਿ ਸਾਰੇ ਜੀਅ ਉਹਦੇ ਅੱਗੇ ਪਿੱਛੇ ਤੁਰੇ ਫਿਰਦੇ। ਉਹਦੇ ਘਰਵਾਲੇ ਨੇ ਵੀ ਮਰਨ ਤੋਂ ਪਹਿਲਾਂ ਪੁੱਤ ਦੇ ਨਾਂ ਸਭ ਕੁਝ ਕਰ ਦਿੱਤਾ ਸੀ ਕਿ ਕਿਥੇ ਧੰਨ ਕੌਰ ਬਾਅਦ 'ਚ ਤਹਿਸੀਲਾਂ-ਕਚਹਿਰੀਆਂ 'ਚ ਤੁਰੀ ਫਿਰੂ ਪਰ ਹੁਣ ਤਾਂ ਬੁੱਢੇ ਵਾਰੇ ਹੇਠਲੀ ਉੱਪਰ ਆ ਗਈ ਸੀ। ਹੁਣ ਪੁੱਤ ਉਹ ਪੁੱਤ ਨਹੀਂ ਸੀ ਰਿਹਾ। ਇਸੇ ਲਈ ਨਾ ਉਹਦਾ ਹੁਣ ਚੱਜ ਦਾ ਜੀਣ ਰਿਹਾ ਨਾ ਮਰਨ। ਜਦੋਂ ਕਿ ਘਰ 'ਚ ਪਾਲਿਆ ਲਾਡਲਾ ਕੁੱਤਾ ਟਾਈਗਰ ਵੀ ਉਸ ਤੋਂ ਵਧੀਆ ਜ਼ਿੰਦਗੀ ਬਸਰ ਕਰ ਰਿਹਾ ਸੀ। ਨਿਆਣੇ-ਸਿਆਣੇ ਉਹਨੂੰ ਨਾਲ-ਨਾਲ ਲਈ ਫਿਰਦੇ। ਕੁੱਤਾ ਕੂਲਰਾਂ ਹੇਠ ਸੌਂਦਾ ਤੇ ਸਿਆਲਾਂ ਨੂੰ ਨਿਆਣਿਆਂ ਦੀਆਂ ਰਜਾਈਆਂ 'ਚ ਵੜਿਆ ਰਹਿੰਦਾ। ਜਿਵੇਂ ਉਹ, ਉਹਦੀ ਜਗ੍ਹਾ ਸਤਿਕਾਰਯੋਗ ਮੈਂਬਰ ਹੋਵੇ ਤੇ ਧੰਨ ਕੌਰ ਖੁਰਕ ਖਾਧੇ ਕੁੱਤੇ ਦੀ ਜੂਨੇ ਪਈ ਹੋਈ। ਪੁੱਤ ਜਦੋਂ ਦਾ ਨੂੰਹ ਦੀ ਗਊ ਬਣ ਗਿਆ ਸੀ ਉਦੋਂ ਤੋਂ ਹੀ ਨੂੰਹ ਨੇ ਧੰਨ ਕੌਰ ਨੂੰ ਸੂਲੀ 'ਤੇ ਟੰਗਿਆ ਹੋਇਆ ਸੀ। ਹੁਣ ਤਾਂ ਦਸਾਂ-ਬਾਰਾਂ ਸਾਲਾਂ ਦੇ ਪੋਤੇ ਵੀ ਮਾਂ ਦੀ ਸ਼ਹਿ ਨਾਲ ਦਾਦੀ ਨੂੰ ਲਾਡ ਕਰਨ ਦੀ ਜਗ੍ਹਾ ਦੰਦੀਆਂ ਝੁਕਾਉਂਦੇ, ਕੁਜਤਾਂ ਕਰਦੇ ਤੇ ਪਿਛੋਂ ਮੁੱਕੇ ਮਾਰ ਕੇ ਭੱਜ ਜਾਂਦੇ। ਉਹ ਮਿੱਟੀ ਹੋ ਜਾਂਦੀ। ਅੱਜ ਉਹਨੇ ਡੰਗੋਰੀ ਫੜ ਲਈ, ''ਮੈਂ ਤਾਂ ਚਲੀ ਜਾਣੈ ਘਰ ਛੱਡ ਕੇ ...।'''
''ਜਾਂਦੀ ਨਹੀਂ ... ਇਵੇਂ ਕਹਿੰਦੀ ਹੀ ਰਹਿੰਦੀ ਏ ...ਜਾ ਤਾਂ ਦੇਖੀਏ ਤੇਰੀ ਹਿੰਮਤ ...।'' ਨੂੰਹ ਬੋਲੀ ਜਾ ਰਹੀ ਸੀ। ਧੰਨ ਕੌਰ ਦੀਆਂ ਅੱਖਾਂ 'ਚੋਂ ਹੰਝੂ ਵਹਿ ਰਹੇ ਸਨ। ਜਦੋਂ ਲਾਗੇ ਖੜ੍ਹਾ ਪੁੱਤ ਵੀ ਉਹਨੂੰ ਰੋਕ ਨਹੀਂ ਸੀ ਰਿਹਾ। ਬਸ ਨਜ਼ਰਾਂ ਚੁਰਾ ਰਿਹਾ ਸੀ। ਉਹ ਲੰਗ ਮਾਰਦੀ ਚਲ ਪਈ। ਨੂੰਹ ਨੇ ਕੁੱਤੇ ਨੂੰ ਸ਼ਿਸ਼ਕਾਰਿਆ, ''ਟਾਈਗਰ ਚਲ ਬੁੜ੍ਹੀ ਨੂੰ ਪਿੰਡੋਂ ਬਾਹਰ ਕੱਢ ਕੇ ਆ...।'' ਮਾਲਕਣ ਦੇ ਇਸ਼ਾਰੇ ਨੂੰ ਸਮਝਦਾ ਕੁੱਤਾ ਭੌਂਕਦਾ, ਧੰਨ ਕੌਰ ਦੇ ਮਗਰੇ-ਮਗਰ ਭੱਜਿਆ। ਉਹ ਲੰਗਾਉਂਦੀ ਤੇ ਕੁੱਤੇ ਤੋਂ ਡਰਦੀ ਇਵੇਂ ਚੱਲ ਰਹੀ ਸੀ ਜਿਵੇਂ ਉਹਨੂੰ ਭੂੰਡ ਲੜ ਰਹੇ ਹੋਣ। ''ਬੁੜ੍ਹੀ ਦੇਖ ਕਿਵੇਂ ਡਾਂਸ ਕਰਦੀ ਜਾਂਦੀ ਏ...।'' ਇਕ ਪੋਤਾ ਗੁਟਕਦਾ ਹੋਇਆ ਬੋਲਿਆ ਤੇ ਬਾਕੀ ਜਣੇ ਖਿੜ-ਖਿੜਾ ਕੇ ਹੱਸਣ ਲੱਗ ਪਏ। ਏਨੇ ਵਿਚ ਧੰਨ ਕੌਰ ਤੇ ਕੁੱਤਾ ਗਲੀ ਦਾ ਮੋੜ ਮੁੜ ਗਏ ਸਨ। ਦੂਜਾ ਪੋਤਾ ਤਾੜੀਆਂ ਮਾਰਦਾ ਬੋਲਿਆ, ''ਮੰਮੀ ... ਮਜ਼ਾ ਆ ਗਿਆ... ਅੱਜ ਤਾਂ ਟਾਈਗਰ ਨੇ ਦਾਦੀ ਦਾ ਚੰਗਾ ਜਲਵਾ ਕੀਤਾ... ਹੱਸ... ਹੱਸ ਵੱਖੀਆਂ ਦੋਹਰੀਆਂ ਹੋ ਗਈਆਂ... ਮੰਮੀ ਜਦੋਂ ਤੂੰ ਵੀ ਦਾਦੀ ਵਾਂਗੂੰ ਬੁੜ੍ਹੀ ਹੋਈ ਨਾ ਉਦੋਂ ਆਪਾਂ ਫਿਰ ਜਲਵਾ ਕਰਾਂਗੇ ... ਤੇਰੇ ਮਗਰੇ ਵੀ ਇਵੇਂ ਹੀ ਟਾਈਗਰ ਲਾ ਕੇ ਘਰੋਂ ਕੱਢਾਂਗੇ ... ਬੜਾ ਸੁਆਦ ਆਊ ਏਸ ਖੇਡ 'ਚ ...।'' ਦੋਵੇਂ ਪਤੀ-ਪਤਨੀ ਅਵਾਕ ਹੀ ਰਹਿ ਗਏ। ''ਦੁਰ ਫਿੱਟੇ ਮੂੰਹ ਤੁਹਾਡੇ ... ਮੈਨੂੰ ਕਹਿਣ ਡਹੇ ਹੋ ... ਮੈਂ ਮਾਂ ਆਂ ਤੁਹਾਡੀ ... ਤੁਹਾਨੂੰ ਜੰਮਣ ਵਾਲੀ ...ਡੁੱਬ ਮਰੋ ਕਿਤੇ...।
- ਡਾ. ਕਰਮਜੀਤ ਸਿੰਘ ਨਡਾਲਾ
ਸਾਡੇ ਨਾਲ ਜੁੜਨ ਲਈ ਸ਼ੁਕਰੀਆ ! ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ I ਤੁਸੀਂ ਸਾਡੇ ਨਾਲ ਫੇਸਬੁਕ ਤੇ ਵੀ ਜੁੜ ਸਕਦੇ ਹੋ https://www.facebook.com/shivbatalvi
No comments:
Post a Comment