6.8.11

Ghazal- Deepak Jatoi ਦੀਪਕ ਜੈਤੋਈ

ਦੀਪਕ ਜੈਤੋਈ: ਕਲਮਕਾਰ

ਜ਼ਿੰਦਗੀ ਕੀ ਹੈ ਹਸੀਂ ਧੋਖਾ ਹੈ ਬਾਕੀ ਕੁਝ ਨਹੀਂ |

ਮੌਤ ਵੀ ਬੰਦੇ ਲਈ ਹਊਆ ਹੈ ਬਾਕੀ ਕੁਝ ਨਹੀਂ |

ਇਸ਼ਕ ਕੀ ਹੈ ਯਾਰ ਦਾ ਜਲਵਾ ਹੈ ਬਾਕੀ ਕੁਝ ਨਹੀਂ |

ਹੁਸਨ ਵੀ ਛਿਣ ਭਰ ਦਾ ਹੀ ਸੁਪਨਾ ਹੈ ਬਾਕੀ ਕੁਝ ਨਹੀਂ |

ਪਿਆਰ ਕੀ ਹੈ ਰੂਹ ਦਾ ਨਗ਼ਮਾ ਹੈ ਬਾਕੀ ਕੁਝ ਨਹੀਂ |

ਦਰਦ ਵੀ ਤਾਂ ਦਿਲ ਦਾ ਹੀ ਵਿਰਸਾ ਹੈ ਬਾਕੀ ਕੁਝ ਨਹੀਂ |

ਦੌੜ ਦੌਲਤ ਵਾਸਤੇ, ਸ਼ੁਹਰਤ ਲਈ ਇਹ ਖਿੱਚ ਧੂਹ,

ਆਦਮੀ ਦੀ ਅਕਲ ਤੇ ਪਰਦਾ ਹੈ ਬਾਕੀ ਕੁਝ ਨਹੀਂ |

ਆਦਮੀ ਮਜ਼ਹਬ ਲਈ ਕਰਦਾ ਹੈ ਕਿਓਂ ਬੰਦੇ ਦਾ ਖ਼ੂਨ,

ਜਦ ਕਿ ਮਜ਼ਹਬ ਸਿਰਫ਼ ਇਕ ਰਸਤਾ ਹੈ ਬਾਕੀ ਕੁਝ ਨਹੀਂ |

ਰਿਸ਼ਤਿਆਂ ਦੇ ਚੱਕਰਾਂ ਵਿੱਚ ਘਿਰ ਗਏ ਦੀਵਾਨਿਓਂ!

ਆਦਮੀਅਤ ਹੀ ਬੜਾ ਰਿਸ਼ਤਾ ਹੈ ਬਾਕੀ ਕੁਝ ਨਹੀਂ |

ਸਿਰਫ਼ ਮਤਲਬ ਤਕ ਮੁੱਹਬਤ ਹੋ ਕੇ ਸੀਮਿਤ ਰਹਿ ਗਈ,

ਦੋਸਤੀ ਵੀ ਨਿਰਾ ਸੌਦਾ ਹੈ ਬਾਕੀ ਕੁਝ ਨਹੀਂ |

ਖ਼ੂਨ ਇੱਕੋ ਹੈ ਮਗਰ ਕਿਉਂ ਕਸ਼ਮਕਸ਼ ਆਪਸ ’ਚ ਹੈ?

ਭਾਵਨਾ ਤੇ ਹ਼ਉਮੈਂ ਦਾ ਗ਼ਲਬਾ ਹੈ ਬਾਕੀ ਕੁਝ ਨਹੀਂ |

ਨਾ ਮੁਹੱਬਤ ਨਾ ਮੁਰੱਵਤ ਨਾ ਅਦਬ ਨਾਹੀਂ ਖ਼ਲੂਸਾ,

ਆਦਮੀ ਹੁਣ ਸਿਰਫ਼ ਇੱਕ ਢਾਂਚਾ ਹੈ ਬਾਕੀ ਕੁਝ ਨਹੀਂ |

ਸ਼ਿਕਰਿਆਂ ਬਾਜ਼ਾਂ ਨੇ ਅੱਤ ਚੁੱਕੀ ਹੈ ਗੁਲਸ਼ਨ ਵਿੱਚ ਐ ਦੋਸਤ

ਬੁਲਬਲਾਂ ਚਿੜੀਆਂ ਦਾ ਰੱਬ ਰਾਖਾ ਹੈ ਬਾਕੀ ਕੁਝ ਨਹੀਂ |

ਦਿਲ ਜਲਾ ਕੇ ਜਿਸ ਨ ਰੱਖੀ, ਬਜ਼ਮ ਦੇ ਵਿੱਚ ਰੌਸ਼ਨੀ,

ਬਜ਼ਮ ਵਿੱਚ "ਦੀਪਕ" ਉਹੀ ਜਗਦਾ ਹੈ ਬਾਕੀ ਕੁਝ ਨਹੀਂ |

ਦੀਪਕ ਜੈਤੋਈ

No comments: