7.8.11

"PHULL"- By Gurpreet Singh

"ਫੁੱਲ"

ਅਸੀਂ ਫੁੱਲ ਬਹਾਰਾਂ ਦੇ, ਲੋਕੋ ਖਿੜੇ ਸਦਾ ਨਾ ਰਹਿਣਾ,
ਮੌਸਮ ਦੇ ਨਾਲ ਜਿੰਦੜੀ ਸਾਡੀ, ਸਦਾ ਨਾ ਜਿਉਂਦੇ ਰਹਿਣਾ,

ਅਪਣਾ ਬੇਗਾਨਾ ਨਾ ਤੱਕੀਏ, ਮਹਿਕ ਇਕੌ ਜਿਹੀ ਵੰਡੀਏ,
ਹਰ ਦਿਲ ਦੇ ਵਿਚ ਖੁਸ਼ੀਆ ਖੇੜੇ, ਭਰ ਭਰ ਕੇ ਨਾ ਥੱਕੀਏ,
ਫਲ ਅਪਣੀ ਕਿਰਤ ਕਮਾਈ ਦਾ,ਅਸੀਂ ਨਾ ਲਿੱਤਾ ਨਾ ਲੈਣਾ,
ਅਸੀਂ ਫੁੱਲ ਬਹਾਰਾਂ ਦੇ, ਲੋਕੋ ਖਿੜੇ ਸਦਾ ਨਾ ਰਹਿਣਾ।

ਕੁਦਰਤ ਨੇ ਕਰ ਚਿੱਤਰਕਾਰੀ, ਸਾਡੇ ਰੰਗ ਬਣਾਏ ਨੇ,
ਸ਼ੋਹਣੇ ਚਮਕੀਲੇ ਕਾਲੇ ਪੀਲੇ , ਸਾਡੇ ਚਾਚੇ ਤਾਏ ਨੇ,
ਰਲ ਮਿਲ ਰਹਿਣਾ ਸਿੱਖ ਲੋ ਸਾਥੋਂ, ਮੰਨ ਕੇ ਸਾਡਾ ਕਹਿਣਾ,
ਅਸੀਂ ਫੁੱਲ ਬਹਾਰਾਂ ਦੇ, ਲੋਕੋ ਖਿੜੇ ਸਦਾ ਨਾ ਰਹਿਣਾ।

ਕੰਡਿਆਂ ਦੇ ਨਾਲ ਸਾਡੀ ਯਾਰੀ, ਇਹ ਤਾਂ ਸਾਡੇ ਰਾਖੇ ਨੇ,
ਜੱਗ ਭਾਣੇ ਇਹ ਸਾਡੇ ਵੈਰੀ, ਜਿਹੜੇ ਫੈਲੇ ਆਸੇ ਪਾਸੇ ਨੇ,
ਇਹ ਨਾ ਹੋਵਣ ਤਾਂ ਸੋਚੋ , ਭਲਾ ਸਾਨੂੰ ਸੋਹਣੇ ਕਿਸ ਕਹਿਣਾ,
ਅਸੀਂ ਫੁੱਲ ਬਹਾਰਾਂ ਦੇ, ਲੋਕੋ ਖਿੜੇ ਸਦਾ ਨਾ ਰਹਿਣਾ।

ਲੋਕੀਂ ਟਾਹਣੀਉਂ ਤੋੜ ਕੇ ਸਾਨੂੰ, ਅਣਿਆਈ ਮੌਤੇ ਮਾਰ ਜਾਂਦੇ,
ਇਹ ਜਾਲਿਮ ਬਿਨਾ ਕਸੂਰੋਂ ਸਾਨੂੰ ਐਵੇਂ ਹੀ ਸੂਲੀ ਚ੍ਹਾੜ ਜਾਂਦੇ,
ਅਸਾਂ ਨਿਮਾਣਿਆਂ ਇਹ ਜ਼ੁਲਮ ਵੀ, ਖੁਸ਼ੀ ਖੁਸ਼ੀ ਹੈ ਸਹਿਣਾ,
ਅਸੀਂ ਫੁੱਲ ਬਹਾਰਾਂ ਦੇ, ਲੋਕੋ ਖਿੜੇ ਸਦਾ ਨਾ ਰਹਿਣਾ।

"ਪ੍ਰੀਤ" ਨੇ ਕਰ ਕੇ ਹਮਦਰਦੀ, ਸਾਡੀ ਗੱਲ ਸੁਣਾਈ ਏ,
ਸਾਡੇ ਜੀਵਨ ਵਾਲੀ ਕਹਾਣੀ, ਜੱਗ ਤੇ ਆਖ ਸੁਣਾਈ ਏ,
ਸ਼ਇਦ ਕੋਈ ਸਿੱਖ ਲਵੇ, ਕਿੰਞ ਦੁੱਖ ਸੁੱਖ ਹੱਸ ਕੇ ਸਹਿਣਾ,
ਅਸੀਂ ਫੁੱਲ ਬਹਾਰਾਂ ਦੇ, ਲੋਕੋ ਖਿੜੇ ਸਦਾ ਨਾ ਰਹਿਣਾ।

No comments: